ਤਲ਼ੀ ਤੇ ਧਰੀ ਕਵਿਤਾ

ਬੌਬੀ ਗੁਰ ਪਰਵੀਨ

(ਸਮਾਜ ਵੀਕਲੀ) 

ਤੂੰ ਜਦੋਂ ਵੀ
ਮੇਰੇ ਕੋਲ ਆਉਂਦਾ ਐਂ
ਮੇਰੇ ਨਾਲ ਮੇਰੀ
ਮੁਲਾਕਾਤ ਕਰਵਾਉਂਦਾ ਐਂ
ਬੜੀ ਖੁਸ਼ੀ ਹੁੰਦੀ ਐ
ਮੈਨੂੰ ਮੇਰੇ ਨਾਲ ਮਿਲ ਕੇ
ਤੇ ਤੈਨੂੰ
ਮੇਰੇ ਨਾਲ ਮੈਨੂੰ ਮਿਲਾ ਕੇ
ਸਿਰ ਤੇ ਲੱਦੀ
ਦੁਨੀਆਦਾਰੀ ਦੀ ਪੰਡ ਦਾ ਭਾਰ
ਮਹਿਸੂਸ ਹੋਣਾ
ਬੰਦ ਹੋ ਜਾਂਦਾ ਐ
ਜਦੋਂ ਤੂੰ ਮੇਰੇ ਕੋਲ ਹੁੰਦਾ ਐਂ
ਮੈਂ ਆਪਣੇ ਆਪ ਨੂੰ
ਘੁੱਟ ਘੁੱਟ ਜੱਫੀਆਂ
ਪਾਉਂਦੀ ਆਂ
ਕਦੇ ਖਿੜ ਖਿੜ
ਹੱਸਦੀ ਆਂ
ਕਦੇ ਆਪਣੇ ਮੋਢੇ ਤੇ
ਸਿਰ ਸੁੱਟ
ਭੁੱਬਾਂ ਮਾਰ ਮਾਰ ਰੋਂਦੀ ਆਂ
ਕੀ ਦੱਸਾਂ
ਕਿੰਨੀ ਠੰਡ ਪੈਂਦੀ ਐ
ਮੈਨੂੰ ਤੇ ਤੈਨੂੰ
ਜਦੋਂ ਤੂੰ ਮੇਰੇ ਕੋਲ ਹੁੰਦਾ ਐਂ
ਤੇ ਮੈਂ
ਆਪਣੇ ਆਪ ਕੋਲ ਹੁੰਦੀ ਆਂ
ਜਦੋੰ ਤੂੰ ਆਉਂਦਾ ਐਂ
ਤਾਂ ਹਵਾ ਵਿੱਚ ਤੈਰਦੇ ਸ਼ਬਦ
ਮੇਰੇ ਅਹਿਸਾਸ ਜਗਾਉਣ ਲੱਗਦੇ ਨੇ
ਤੂੰ ਪੋਲੇ ਜਿਹੇ
ਇੱਕ ਕਵਿਤਾ
ਮੇਰੀ ਤਲ਼ੀ ਤੇ ਧਰ ਦੇਂਦਾ ਐਂ
ਮੈਂ ਮੁਸਕਰਾਉਣ ਲੱਗਦੀ ਆਂ
ਤੂੰ ਵੀ
ਖੱਚਰਾ ਜਿਹਾ ਹਾਸਾ
ਹੱਸਦਾ ਐਂ
ਮੈਂ ਅੰਦਰ ਤੱਕ
ਭਰ ਜਾਂਦੀ ਆਂ ਜ਼ਿੰਦਗੀ ਨਾਲ
ਖੁੱਭ ਜਾਂਦੀ ਆਂ
ਨਵੀਂ ਕਵਿਤਾ ਦੇ ਸ਼ਬਦ ਜੋੜਾਂ ਵਿੱਚ
ਤੂੰ ਬਿਨਾਂ ਅਲਵਿਦਾ ਆਖੇ
ਚਲਾ ਜਾਂਦਾ ਐਂ
ਮੈਂ ਟੋਲਦੀ ਆਂ ਤੈਨੂੰ
ਟੋਹਦੀਂ ਆਂ ਤੇਰੇ ਵਜੂਦ ਨੂੰ
ਪਰ ਤੂੰ ਉੱਥੇ ਨਹੀਂ ਹੁੰਦਾ
ਪੁੱਛਦੀ ਆਂ ਆਪਣੇ ਆਪ ਨੂੰ
ਕਿ ਤੂੰ ਆਇਆ ਸੀ
ਕਿ ਬਸ
ਭਰਮ ਸੀ ਮੇਰਾ
ਸਿਰ ਤੇ ਰੱਖੀ ਪੰਡ
ਮੁੜ ਭਾਰੀ ਹੋਣ ਲੱਗਦੀ ਐ
ਮੈਂ ਉਲਝਣਾਂ ਵਿੱਚ ਘਿਰ ਜਾਂਦੀ ਆਂ
ਤੇ ਮੇਰਾ ਆਪਣਾ ਆਪ
ਤੈਨੂੰ ਤੇ ਤੇਰੇ ਨਾਲ
ਕਿਸੇ ਸੱਜਰੀ ਕਵਿਤਾ ਨੂੰ
ਉਡੀਕਣ ਲੱਗਦਾ ਐ!

ਬੌਬੀ ਗੁਰ ਪਰਵੀਨ

Previous articleਕਵਿਤਾ
Next articleਪਿੰਡ ਸਹੂੰਗੜਾ ਦੇ ਵੋਟਰਾਂ ਨੇ 458 ਵੋਟਾਂ ਕੇ ਡਾਕਟਰ ਹਰਭਜਨ ਸਿੰਘ ਨੂੰ ਦੂਸਰੀ ਵਾਰ ਸਰਪੰਚ ਚੁਣਿਆ