ਲੁਧਿਆਣਾ, (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.)- ਅੱਜ ਪਿੰਗਲਵਾੜਾ ਸੁਸਾਇਟੀ ਆਫ ਉਨਟਾਰੀਉ ਅਤੇ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ (ਰਜਿ:) ਅੰਮ੍ਰਿਤਸਰ ਵੱਲੋਂ ਸਾਂਝੇ ਪ੍ਰਾਜੈਕਟ ਅਧੀਨ ਚਲਾਏ ਜਾ ਰਹੇ ਭਗਤ ਪੂਰਨ ਸਿੰਘ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਮਾਨਾਂਵਾਲਾ ਕਲਾਂ ਵਿਖੇ ਵਿਸਤਾਰ ਕੀਤੀ ਗਈ ਕੰਪਿਊਟਰ ਲੈਬ ਦਾ ਉਦਘਾਟਨ ਪਿੰਗਲਵਾੜਾ ਸੁਸਾਇਟੀ ਆਫ ਉਨਟਾਰੀਉ ਦੇ ਪ੍ਰਧਾਨ ਮੈਡਮ ਅਬਿਨਾਸ਼ ਕੌਰ ਅਤੇ ਪਿੰਗਲਵਾੜਾ ਸੰਸਥਾ ਦੇ ਮੁੱਖ ਸੇਵਾਦਾਰ ਡਾ: ਇੰਦਰਜੀਤ ਕੌਰ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ। ਇਸ ਮੌਕੇ ਕਨੇਡਾ ਦੇ ਉਚੇਚੇ ਤੌਰ ਤੇ ਪੁੱਜੇ ਮੈਡਮ ਅਬਿਨਾਸ਼ ਕੌਰ ਦਾ ਸਮੂਹ ਮੈਨੇਜਮੈਂਟ ਅਤੇ ਸਾਰੇ ਸਕੂਲਾਂ ਦੇ ਸਟਾਫ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਸਕੂਲ ਦੇ ਬੱਚਿਆ ਵੱਲੋਂ ਆਏ ਹੋਏ ਮੁੱਖ ਮਹਿਮਾਨਾਂ ਨੂੰ ਬੁੱਕੇ ਦੇ ਕੇ ਸਵਾਗਤ ਕੀਤਾ ਗਿਆ। ਇਸ ਮੌਕੇ ਡਾ: ਇੰਦਰਜੀਤ ਕੌਰ ਵੱਲੋਂ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਉਹਨ੍ਹਾਂ ਕਿਹਾ ਕਿ ਪਿੰਗਲਵਾੜਾ ਸੰਸਥਾ ਦੇ ਇਸ ਚੱਲ ਰਹੇ ਪ੍ਰਜੈਕਟ ਤਹਿਤ ਵਿਦਿਅਕ ਅਦਾਰੇ ਬੜੇ ਵਧੀਆ ਢੰਗ ਨਾਲ ਚੱਲ ਰਹੇ ਹਨ ਅਤੇ ਉਹਨ੍ਹਾਂ ਕਿਹਾ ਕਿ ਇਹ ਸਭ ਕੁੱਝ ਸੁਚੱਜੇ ਢੰਗ ਨਾਲ ਤਾਂ ਹੀ ਸੰਭਵ ਹੋ ਰਿਹਾ ਹੈ ਕਿ ਸੰਗਤਾਂ ਪਿੰਗਲਵਾੜਾ ਸੰਸਥਾ ਨੂੰ ਦਿਲ ਖੋਲ੍ਹ ਕੇ ਸੇਵਾ ਲਈ ਦਾਨ ਦੇਸ਼ ਵਿਦੇਸ਼ ਤੋਂ ਭੇਜਦੀਆਂ ਹਨ। ਉਨ੍ਹਾਂ ਕਿਹਾ ਕਿ ਸੰਗਤਾਂ ਦਾ ਇੱਕ ਇੱਕ ਪੈਸਾ ਜੋ ਸੰਸਥਾ ਨੂੰ ਭੇਜਿਆ ਜਾਂਦਾ ਹੈ ਦੀ ਸਹੀ ਥਾਂ ਵਰਤੋਂ ਮਨੁੱਖਤਾ ਦੀ ਭਲਾਈ ਲਈ ਹੋ ਰਹੀ ਹੈ ਜਿਸ ਲਈ ਉਹ ਸਮੂਹ ਪਿੰਗਲਵਾੜਾ ਸੰਸਥਾ ਲਈ ਕੰਮ ਕਰਦੇ ਦੇਸ਼ ਵਿਦੇਸ਼ ਦੇ ਸੇਵਾਦਾਰਾਂ ਤੇ ਸੰਗਤਾਂ ਦੇ ਰਿਣੀ ਹਨ ਜੋ ਪਿੰਗਲਵਾੜਾ ਪਰਿਵਾਰ ਦਾ ਦੂਰ ਬੈਠਿਆਂ ਵੀ ਫਿਕਰ ਰੱਖਦੇ ਹਨ। ਉਨ੍ਹਾਂ ਕਿਹਾ ਕਿ ਕੰਪਿਊਟਰ ਲੈਬ ਦਾ ਵਿਸਤਾਰ ਕਰਕੇ ਜੋ ਨਵੇਂ ਕੰਪਿਊਟਰ ਬੱਚਿਆਂ ਦੀ ਸਿਖਲਾਈ ਲਈ ਲਗਾਏ ਗਏ ਹਨ, ਇਹ ਸਕੂਲ ਦੀ ਲੰਬੇ ਸਮੇਂ ਤੋਂ ਮੰਗ ਸੀ, ਜੋ ਅੱਜ ਨੇਪਰੇ ਚੜੀ ਹੈ। ਇਸ ਮੌਕੇ ਮੈਡਮ ਅਬਿਨਾਸ਼ ਕੌਰ ਨੇ ਸੰਬੋਧਨ ਕਰਦੇ ਹੋਏ ਹੋਏ ਕਿਹਾ ਕਿ ਸੇਵਾ ਦਾ ਇਸ ਕੁੰਭ ਵਿੱਚ ਸੰਗਤਾਂ ਦੇ ਸਹਿਯੋਗ ਨਾਲ ਉਹ ਜੋ ਵੀ ਸੇਵਾ ਕਰ ਰਹੇ ਹਨ, ਉਸ ਵਿੱਚ ਅਜਿਹੇ ਨਵੇਂ ਪ੍ਰਾਜੈਕਟ ਦੇ ਮੁਕੰਮਲ ਹੋਣ ਤੇ ਉਨ੍ਹਾਂ ਨੂੰ ਇੱਕ ਨਵਾਂ ਉਤਸ਼ਾਹ ਮਿਲਦਾ ਹੈ। ਇਸ ਵਾਸਤੇ ਉਨ੍ਹਾਂ ਸਾਰੇ ਸਟਾਫ ਨੂੰ ਵਧਾਈ ਦਿੱਤੀ ਕਿ ਉਹ ਆਪਣੀਆਂ ਸੇਵਾਵਾਂ ਤਨਦੇਹੀ ਨਾਲ ਨਿਭਾਅ ਰਹੇ ਹਨ। ਇਸ ਮੌਕੇ ਡਾ: ਜਗਦੀਪਕ ਸਿੰਘ, ਰਾਜਬੀਰ ਸਿੰਘ, ਤੇਜਿੰਦਰ ਭਾਨ ਸਿੰਘ ਬੇਦੀ, ਡਾ: ਅਮਰਜੀਤ ਸਿੰਘ ਗਿੱਲ, ਨਰਿੰਦਰਪਾਲ ਸਿੰਘ ਸੋਹਲ, ਜੈ ਸਿੰਘ, ਮੈਡਮ ਹਰਭਜਨ ਸਿੰਘ (ਯੂ.ਕੇ. ਵਾਲੇ), ਰਜਿੰਦਰਪਾਲ ਸਿੰਘ, ਗੁਰਨਾਇਬ ਸਿੰਘ, ਪ੍ਰਿੰਸੀਪਲ ਨਰੇਸ਼ ਕਾਲੀਆ, ਪ੍ਰਿੰਸੀਪਲ ਅਨੀਤਾ ਬਤਰਾ, ਸੁਨੀਤਾ ਨਈਅਰ, ਸਮੂਹ ਸਕੂਲ ਸਟਾਫ਼ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly