ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸਮਾਗਮ ਵਿੱਚ ਉਮੜੀਆਂ ਸੈਂਕੜੇ ਸੰਗਤਾਂ
ਲੰਗਰ ਸੇਵਾ ਸਥਾਨ ਪੁਰਹੀਰਾਂ ਚ ਕਰਵਾਇਆ ਗਿਆ ਵਿਸ਼ਾਲ ਸਮਾਗਮ
ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)-ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧੰਨ ਗੁਰੂ ਰਾਮਦਾਸ ਸਾਹਿਬ ਜੀ ਲੰਗਰ ਸੇਵਾ ਸਥਾਨ ਪੁਰਹੀਰਾਂ (ਹੁਸ਼ਿਆਰਪੁਰ) ਵਲੋਂ ਸਾਲਾਨਾ ਗੁਰਮਤਿ ਸਮਾਗਮ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ। ਇਸ ਮੌਕੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ ਪੁਰਬ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਭੋਗ ਉਪਰੰਤ ਕੀਰਤਨ ਦਰਬਾਰ ਸਜਾਇਆ ਗਿਆ। ਜਿਸ ਦੌਰਾਨ ਸ੍ਰੀ ਗੁਰਦੁਆਰਾ ਸਾਹਿਬ ਮਿੱਠਾ ਮਿੱਠਾ ਟਿਵਾਣਾ ਸਾਹਿਬ ਦੇ ਕੀਰਤਨੀ ਜਥਾ ਸੰਤ ਅਨੂਪ ਸਿੰਘ ਊਨਾ ਸਾਹਿਬ ਵਾਲੇ, ਭਾਈ ਜੋਗਿੰਦਰ ਸਿੰਘ ਰਿਆੜ, ਭਾਈ ਤਜਿੰਦਰ ਸਿੰਘ ਖੰਨੇ ਵਾਲੇ, ਭਾਈ ਲਖਵਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਮਹਿਤਾਬ ਸਿੰਘ ਜਲੰਧਰ ਵਾਲੇ, ਭਾਈ ਅਮਨਦੀਪ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਸੁਰਦੀਪ ਸਿੰਘ ਯੂ.ਐਸ.ਏ. ਵਾਲੇ ਤੇ ਬੀਬੀ ਰਵਿੰਦਰ ਕੌਰ ਪਟਿਆਲਾ ਵਾਲਿਆਂ ਨੇ ਸੰਗਤਾਂ ਨੂੰ ਮਨੋਹਰ ਕਥਾ-ਕੀਰਤਨ ਰਾਹੀਂ ਨਿਹਾਲ ਕੀਤਾ । ਸਮਾਗਮ ਦੌਰਾਨ ਸਿੱਖ ਪੰਥ ਦੇ ਮਹਾਨ ਵਿਦਵਾਨ ਗਿਆਨੀ ਪਿੰਦਰਪਾਲ ਸਿੰਘ ਨੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਗੁਰੂ ਡੰਮ੍ਹ ਤੋਂ ਦੂਰ ਰਹਿੰਦਿਆਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਸਾਨੂੰ ਆਪਣੀਆਂ ਆਉਣ ਵਾਲੀਆਂ ਨਵੀਆਂ ਪੀੜ੍ਹੀਆਂ ਨੂੰ ਸਿੱਖਾਂ ਦੇ ਲਾਸਾਨੀ ਅਤੇ ਗੌਰਵਮਈ ਇਤਿਹਾਸ ਤੋਂ ਜਾਣੂ ਕਰਵਾਉਣਾ ਸਮੇਂ ਦੀ ਮੁੱਖ ਲੋੜ ਹੈ ਤਾਂ ਤੋਂ ਸਿੱਖੀ ਦਾ ਹੋਰ ਵੀ ਵੱਡੇ ਪੱਧਰ ਤੇ ਵਿਸਥਾਰ ਹੋ ਸਕੇ । ਉਹਨਾਂ ਨੂੰ ਕਿਹਾ ਕਿ ਗੁਰੂ ਸਾਹਿਬ ਜੀ ਦੇ ਉਪਦੇਸ਼ਾਂ ਸਬੰਧੀ ਉਨ੍ਹਾਂ ਨੂੰ ਦੱਸਣਾ ਚਾਹੀਦਾ ਹੈ, ਤਾਂ ਜੋ ਸਿੱਖ ਧਰਮ ਦੀ ਨੀਂਹ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਇਸ ਮੌਕੇ ਵੱਡੀ ਗਿਣਤੀ ‘ਚ ਸੰਗਤਾਂ ਹਾਜ਼ਰ ਸਨ ਜਿਨਾਂ ਦਾ ਲੰਗਰ ਸੇਵਾ ਸਥਾਨ ਪੁਰਹੀਰਾਂ ਦੀ ਸਮੁੱਚੀ ਪ੍ਰਬੰਧਕ ਕਮੇਟੀ ਨੇ ਧੰਨਵਾਦ ਕੀਤਾ । ਇਸ ਮੌਕੇ ਸਹਿਯੋਗੀ ਸੱਜਣਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ । ਜ਼ਿਕਰਯੋਗ ਹੈ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਸਥਾਨ ਪੁਰਹੀਰਾਂ ਵਿੱਚ ਧੰਨ ਧੰਨ ਸ਼੍ਰੀ ਗੁਰੂ ਰਾਮ ਦਾਸ ਜੀ ਦੇ ਨਾਮ ਤੇ ਇਹ ਜੋ ਲੰਗਰ ਸਥਾਨ ਆਪਣੀਆਂ ਸੇਵਾਵਾਂ ਦੇ ਜਰੀਏ ਅੱਜ ਵਿਸ਼ਵ ਪੱਧਰ ਤੇ ਆਪਣਾ ਨਾਂਅ ਚਮਕਾਇਆ ਹੈ ਉਹ ਆਪਣੇ ਆਪ ਵਿੱਚ ਇੱਕ ਵੱਡੀ ਮਿਸਾਲ ਹੈ । ਇਹ ਸੰਸਥਾ ਜ਼ਿਲ੍ਹੇ ਅੰਦਰ ਮਹਾਨ ਸੇਵਾ ਕਰਕੇ ਹਰ ਲੋੜਵੰਦ ਦੀ ਮਦਦ ਕਰ ਰਹੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly