ਸਫ਼ਰ ਚ ਮਿਲੇ ਤੇ ਵਿਛੜੇ ਦੋਸਤ

ਗੁਰਨਾਮ ਸਿੰਘ ਬਾਵਾ
 (ਸਮਾਜ ਵੀਕਲੀ) ਮੈਨੂੰ  ਲਗਾਤਾਰ ਸਫਰ ਕਰਦਿਆਂ ਜ਼ਿਆਦਾ ਨਹੀ ਤਾਂ ਵੀਹ ਸਾਲ ਤੋਂ ਉਪਰ ਤਾਂ ਹੋ ਗਏ ਹਨ । ਪਰ ਸਫ਼ਰ ਅਜੇ ਵੀ ਜਾਰੀ ਹੈ । ਸਫ਼ਰ ਤਾਂ  ਮੈਨੂੰ ਜ਼ਿਆਦਾਤਰ ਆਪਣੀ ਰੋਜ਼ੀ ਰੋਟੀ ਕਮਾਉਣ ਲਈ ਕਰਨਾ ਪੈਂਦਾ ਹੈ । ਦੋ ਹਜਾਰ ਤਿੱਨ ਤੋਂ ਤਾਂ ਮੈਂ ਲਗਾਤਾਰ ਸਫਰ ਵਿਚ ਆ।  ਉਸ ਤੋਂ ਪਹਿਲਾਂ ਵੀ।  ਮੈਂ ਕਾਫ਼ੀ ਸਫ਼ਰ ਕਰ ਚੁੱਕਾ । ਮੇਰੇ ਜ਼ਿਆਦਾ ਸਫਰ ਬੱਸ , ਰੇਲ ਗੱਡੀ ਅਤੇ ਕਈ ਵਾਰ ਟਰੱਕ ਦੀ ਲਿਫਟ ਲੈ ਕੇ ਵੀ ਪੂਰੇ ਹੋਏ ਹਨ । ਇਨ੍ਹਾਂ ਸਫ਼ਰ ਦੌਰਾਨ ਬੱਸ ਵਿੱਚ ਬੈਠਿਆ ਨਾਲ ਸੀਟ ਤੇ ਕੋਈ ਨਾ ਕੋਈ ਐਸਾ ਇਨਸਾਨ ਮਿਲ ਹੀ ਜਾਂਦਾ ਹੈ । ਜਿਸ ਨਾਲ ਗੱਲਾਂ ਬਾਤਾਂ ਕਰਦਿਆਂ ਮੇਰਾ ਅਤੇ ਉਹਦਾ ਸਫ਼ਰ ਬੜਾ ਵਧੀਆ ਪੂਰਾ ਹੋ ਜਾਂਦਾ ।
  ਅੱਜ ਉਸੇ ਤਰ੍ਹਾਂ ਦੇ ਕੁਝ ਕਿੱਸੇ ਮੈਨੂੰ ਅੱਜ ਵੀ ਯਾਦ ਨੇ, ਸਫਰ ਦੌਰਾਨ ਦੋਸਤੀ ਵੀ ਬੜੇ ਅਨੋਖੇ ਢੰਗ ਨਾਲ ਹੁੰਦੀ ਹੈ। ਕਈ ਵਾਰ ਉਸ ਨੂੰ ਤੁਹਾਡੀ ਜ਼ਰੂਰਤ ਹੁੰਦੀ ਹੈ।  ਕਈ ਵਾਰ ਤੁਹਾਨੂੰ ਉਸ ਦੀ ਜ਼ਰੂਰਤ ਹੈ ।
         ਦੋ ਹਜਾਰ ਤੇਰਾਂ ਦੇ ਵਿਚ ਮੈਂ ਇਕ ਕੰਪਨੀ ਵਿਚ ਇੰਟਰਵਿਊ ਦੇਣ ਲਈ ਤ੍ਰਿਪੁਰ(ਤਾਮਿਲਨਾਡੂ ) ਜਾਣਾ ਸੀ । ਤ੍ਰਿਪੁਰ ਜਾਣ ਲਈ ਇਕੋ ਹੀ ਰੇਲ ਗੱਡੀ ਨਵੀਂ ਦਿੱਲੀ ਸਟੇਸ਼ਨ ਤੋਂ ਜਾਂਦੀ ਹੈ।  ਮੈਂ ਉਸ ਚ ਜਾਣ ਦੀ ਟਿਕਟ ਬੁੱਕ ਕਰਵਾ ਲਈ ਸੀ।  ਪਰ  ਉਸ ਚ ਸੀਟ ਕਨਫਰਮ ਨਾ ਹੋਈ । ਹੁਣ  ਮੈਂ ਰਿਜ਼ਰਵੇਸ਼ਨ ਵਾਲੇ ਡੱਬੇ ਚ ਸਫਰ ਕਰ ਸਕਦਾ ਸੀ ।ਪਰ ਸੀਟ ਮਿਲਣ ਦੀ ਕੋਈ ਗਾਰੰਟੀ ਨਹੀਂ ਸੀ। ਉਥੇ ਪੁੱਜਣ ਲਈ ਮੈਨੂੰ  ਦੋ ਦਿਨ ਤੇ ਦੋ ਰਾਤਾਂ ਲੱਗਣੀਆਂ ਸੀ । ਦੂਜੀ ਰਾਤ ਮੈਂ ਕੋਈ ਤੜਕੇ ਪੰਜ ਵਜੇ ਤ੍ਰਿਪੁਰ ਪਹੁੰਚਣਾ ਸੀ।  ਖ਼ੈਰ ਮੈਂ ਅੰਬਾਲੇ ਤੋਂ ਸਵੇਰੇ ਟ੍ਰੇਨ ਫਡ਼ ਕੇ  ਨਵੀਂ ਦਿੱਲੀ ਸਟੇਸ਼ਨ ਪਹੁੰਚ ਗਿਆ । ਟਰੇਨ ਆਪਣੇ ਪਲੇਟਫਾਰਮ  ਸ਼ਾਇਦ ਅੱਠ ਨੰਬਰ ਪਲੇਟਫਾਰਮ ਤੋਂ ਚੱਲਣੀ ਸੀ। ਪੱਕਾ ਯਾਦ ਨਹੀ ।ਸਾਰੇ ਡੱਬਿਆਂ ਦੇ ਵਿਚ ਪੂਰੀ ਭੀੜ ਸੀ। ਮੈਂ ਹਿੰਮਤ ਕਰਕੇ ਇਕ ਬੋਗੀ ਵਿਚ ਸਵਾਰ ਹੋ ਗਿਆ।
        ਰੇਲ ਗਾਡੀ ਆਪਣੇ ਸਮੇਂ ਦੇ ਚੱਲ ਪਈ !ਗਾਰਡ ਨੇ ਹਰੀ ਝੰਡੀ ਦਿੱਤੀ। ਅੱਗੋਂ ਡਰਾਈਵਰ ਨੇ ਵੀ ਹਰੀ ਝੰਡੀ ਦਿਖਾਈ ਸੀ । ਰੇਲ ਗੱਡੀ ਪਲੇਟਫਾਰਮ ਤੋਂ ਖਿਸਕਣੀ ਸ਼ੁਰੂ ਹੋ ਗਈ ।ਮੈਂ ਦਰਵਾਜ਼ੇ ਕੋਲ  ਜਗ੍ਹਾ ਬਣਾ ਕੇ ਖੜ੍ਹਾ ਹੋ ਗਿਆ ।
              ਇੰਨੀ ਦੇਰ ਨੂੰ ਮੈਨੂੰ ਆਵਾਜ਼ ਆਈ ।”ਸਰਦਾਰ ਜੀ ਕਿੱਥੇ ਜਾਣਾ ਹੈ “? ਮੈਂ ਉਸ ਨੂੰ ਕਿਹ‍ਾ,” ਤ੍ਰਿਪੁਰ ਜਾਣਾ “। ਓੁਸਨੇ ਕਿਹਾ , “ਅੱਛਾ ਜੀ”।” ਤੁਸੀਂ ਕਿੱਥੋਂ? ਉਸਨੂੰ ਦਿੱਤਾ” ਮੈਂ ਅੰਬਾਲੇ ਤੋ “। ਉਹ ਬੋਲਿਆ!” ਮੈਂ ਕਰਨਾਲ ਤੌਂ ਆ, ਕੀ ਗੱਲ ਸੀਟ ਕਨਫਰਮ ਨਹੀ ਹੋਈ ਤੁਹਾਡੀ “। ਮੈ ਕਿਹਾ “ਉ ਨਹੀ ਭਰਾ ਇਕ ਵੇਟਿੰਗ ਤੇ ਰੁਕ ਗਈ ਹੈ “। ਉਸ  ਬੜੇ ਪਿਆਰ ਨਾਲ ਕਿਹਾ “ਚਲੋ,  ਕੋਈ ਨਹੀ ਸਾਮਾਨ ਕਿਥੇ ਤੁਹਾਡਾ?  ਆਪਣੇ ਕੋਲ “ਪਿੱਠੂ ਬੈਗ ” ਸੀ।”  ਫਿਰ ਉਸਨੇ ਆਪ ਹੀ ਕਿਹਾ “ਮੇਰੀ ਸੀਟ  ਉਹ ਇੱਕ ਪਾਸੇ ਉੱਪਰ  ਅੱਠ ਨੰਬਰ  ਉਸ ਤੇ ਜਾ ਕੇ ਬੈਗ ਰਖੋ” ।ਮੈਨੂੰ ਥੋੜ੍ਹਾ ਜਿਹਾ ਹੌਸਲਾ ਹੋ ਗਿਆ। ਚਲ ਹੋਰ ਨ੍ਹੀਂ ਕੁੱਝ ਤਾਂ , ਰਾਤ ਨੂੰ ਬੈਠਣ  ਨੂੰ ਤਾਂ ਥਾਂ ਬਣੀ ।
    ਉਹ ਵੀ ਮੇਰੇ ਪਿਛੇ  ਪਿਛੇ ਸੀਟ ਤੇ ਆ ਗਿਆ।  ਮੈਂ  ਉਸ ਦਾ ਨਾਮ ਪੁੱਛਿਆ , ਉਸਨੇ ਆਪਣਾ ਨਾਂ ਰਾਹੁਲ ਦੱਸਿਆ । ਫੇਰ, ਇਕ ਆਮ ਸਾਧਾਰਨ ਗੱਲ ਜ਼ਰੂਰ ਹੁੰਦੀ ਹੈ । ਉਨ੍ਹਾਂ ਮੈਨੂੰ ਪੁੱਛਿਆ ਤੁਸੀਂ “ਕਿੱਥੇ ਜਾ ਰਹੇ ਹੋ ਤੇ  ਕਿਓੁ ਜਾ ਰਹੇ ਹੋ”? ਮੈਂ ਕਿਹਾ, “ਮੇਰੀ ਇਕ ਕੰਪਨੀ ਦੇ ਵਿਚ ਉਥੇ ਇੰਟਰਵਿਊ ਹੈ”। ਨੌਕਰੀ ਲਈ ਤ੍ਰਿਪੁਰ ਜਾ ਰਿਹਾ ਹਾਂ “।   ਮੈਂ ਵੀ ਇਹੋ ਸਵਾਲ ਉਸਨੂੰ ਕੀਤਾ “ਤੁਸੀ ਕਿਥੇ ਜਾ ਰਹੇ ਓ ” ?  । ਉਸਨੇ ਜਵਾਬ ਦੇਂਦੇ ਕਿਹਾ  “ਮੈ ਧਾਗਾ ਕੰਪਨੀ ਚ ਕੰਮ ਕਰਦਾ ਹਾਂ। ਕਿਓਮਬੇਟੂਰ ਧਾਗੇ ਦਾ ਬਹੁਤ ਵੱਡਾ ਹੱਬ ਹੈ । ਮੈ ਉਥੇ  ਜਾ ਰਿਹਾ ਹਾਂ ” । ਖ਼ੈਰ ਉਹ ਵੀ ਆਪਣੀ ਡਿਊਟੀ ਤੇ ਹੀ ਜਾ ਰਿਹਾ ਸੀ।
     ਕਾਫੀ ਦੇਰ ਇਧਰ ਉਧਰ ਦੀਆਂ ਗੱਲਾਂ ਕਰਦੇ ਰਹੇ! ਫਿਰ ਚਾਹ ਵਾਲਾ ਆ ਗਿਆ। ਉਸ ਨੇ ਦੋ ਕੱਪ ਲਏ! ਮੇਰੇ ਮਨ੍ਹਾ ਕਰਨ ਤੇ ਵੀ ਉਸ ਨੇ ਮੇਰੇ ਪੈਸੇ ਵੀ ਦੇ ਦਿੱਤੇ। ਰੇਲ ਆਪਣੀ ਚਾਲੇ ਚੱਲਦੀ ਗਈ। ਅਸੀਂ ਉੱਪਰ ਬੈਠੇ ਗੱਲਾਂ ਚ ਮਸਤ ! ਰੇਲ ਆਗਰੇ ਦੇ ਸਟੇਸ਼ਨ  ਜਾ ਕੇ ਰੁੱਕੀ ।ਉਹ ਮੈਨੂੰ ਕਹਿਣ ਲੱਗਾ,” ਘੁੱਟ ਘੁੱਟ ਲਾ ਲੈਣੇ ਉ”? ਮੈ ਕਿਹਾ,”ਲਾ ਲਈ ਦੀ ਏ! ਪਰ ਹੁਣ ਹੈ ਨਹੀ ਆਪਣੇ ਕੋਲ “। ਫਿਰ ਮੈ ਉਸਨੂੰ ਪੁੱਛ ਲਿਆ “ਤੁਹਾਡੇ ਕੋਲ ਹੈ”? ਉਸ ਨੇ ਵੀ ਜਵਾਬ ਦੇਂਦੇ ਕਿਹਾ ” ਮੇਰੇ ਕੋਲ ਸੀ। ਉਹ ਮੈਂ ਦਿਲੀ ਸਟੇਸ਼ਨ ਤੇ ਆਕੇ … ਹੁਣ ਫਿਰ ਕਿਵੇਂ ਕਰਨੀ ਆਂ”? ਓੁਹ ਬੋਲ ਕੇ ਚੁੱਪ ਹੋ ਗਿਆ। ਮੈ ਹਸਕੇ ਕਿਹਾ   ” ਇਹ ਦਾ ਵੀ ਇੰਤਜ਼ਾਮ ਕਰ ਲੈਂਦੇ  ਆਂ” । ” ਚਲਦੀ ਗਾਡੀ ਚ ਕਿੱਦਾਂ” ? ਓੁਸਨੇ ਹੈਰਾਨ ਹੋ ਕੇ ਪੁੱਛਿਆ ।
        ਮੈਂ ਆਪਣੇ ਤਜਰਬੇ ਅਨੁਸਾਰ ਰੇਲ ਗੱਡੀ ਦੇ ਨਾਲ ਚੱਲ ਰਹੇ, ਰਸੋਈ ਡੱਬੇ ਵਿਚੋਂ ਆਏ।  ਵੈਂਡਰ ਜੋ ਪਾਣੀ ਦੀਆਂ ਬੋਤਲਾਂ ਵੇਚ ਰਿਹਾ ਸੀ।  ਉਸ ਨੂੰ ਵਾਜ ਮਾਰੀ । ਉਹ ਆ ਗਿਆ। ਹਿੰਦੀ  ਚ ਬੋਲਿਆ ,”ਬੋਲੇ ਸਰਦਾਰ ਜੀ”। ਮੈ ਹੱਥ ਦੇ ਇਸ਼ਾਰੇ ਨਾਲ ਇਸ਼ਾਰਾ ਕੀਤਾ। ਮਿਲਜੂ? ਉਹ ਅਗੋ ਬੋਲਿਆ ” ਹਾਂ ਜੀ”  ਮਿਲ ਜੂ ! ਪਰ ਹਾਫ ਮਿਲੂਗਾ। । ਮੈ ਕਿਹਾ ” ਕੋਈ ਨਹੀ ”  । ਪਰ ਉਸ ਨੇ ਕਿਹਾ “ਗਵਾਲੀਅਰ ਜਾਕੇ ਮਿਲੂ “। ਮੈ ਕਿਹਾ ” ਕੋਈ ਗੱਲ ਨੀ ” । ਗਵਾਲੀਅਰ ਤੋ ਜਦ ਰੇਲ ਚੱਲਣ ਲੱਗੀ ਤਾਂ! ਉਹ ਲਿਫ਼ਾਫ਼ੇ ਵਿੱਚ ਪਾ ਕੇ ਸਾਨੂੰ ਸਰਾਬ ਦਾ ਫੜਾ ਗਿਆ। ਰਾਹੁਲ ਵੀ ਖੁਸ਼ ਹੋ ਕੇ ਬੋਲਿਆ , ” ਸਰਦਾਰ ਜੀ ਬੜਾ ਤਜਰਬਾ ਤੁਹਾਨੂੰ”। ਮੈਂ ਕਿਹਾ ,”ਯਾਰ ਪਤਾ ਨਹੀਂ ਕਿੰਨੇ ਸਾਲ ਤਾਂ ਹੋ ਗਏ ਚਲਦਿਆਂ ਜੇਬ ਚ ਪੈਸੇ ਹੋਣ ਮੂੰਹ ਚ ਜ਼ਬਾਨ ਤਾਂ ਹਰ ਚੀਜ ਸਫ਼ਰ ਚ ਮਿਲ ਜਾਂਦੀ ਹੈ”। ਫਿਰ ਮੈ ਕਿਹਾ, “ਹੁਣ ਕਰਨਾ ਕਿਵੇਂ ਹੈ”?ਉਹ ਬੋਲਿਆ “ਕੋਈ ਗੱਲ ਨਹੀਂ ਉਸ ਦਾ ਵੀ ਇੰਤਜ਼ਾਮ ਹੈ ” ।  ਬੈਗ ਦੇ ਵਿੱਚੋਂ ਉਸਨੇ   ਦੋ ਸਟੀਲ ਦੇ ਗਲਾਸ ਕੱਢੇ ਪਾਣੀ ਦੀ ਬੋਤਲ ਵੈੰਡਰ ਕੋਲੋਂ ਲੈ ਲਈ ਸੀ। ਰੋਟੀ ਦਾ ਆਰਡਰ ਵੀ ਉਹ ਸਾਡੇ ਤੋਂ ਲਿਖ ਕੇ ਲੈ ਗਿਆ ਸੀ ।  ਆਮ ਹੀ ਵੈੰਡਰ ਖਾਣਾ ਬੁੱਕ ਕਰ ਲੈੰਦੇ ਹਨ। ਤਾਂ ਕੀ ਪੈਕਿੰਗ ਫਾਲਤੂ ਨਾ ਹੋਵੇ।
     ਰਾਹੁਲ ਨਮਕੀਨ ਤੇ ਗਲਾਸ ਸਾਰਾ ਇੰਤਜ਼ਾਮ ਕਰਕੇ ਬੈਠਾ ਹੋਇਆ ਸੀ। ਖੈਰ ਅਸੀਂ ਹਲਕਾ ਹਲਕਾ ਪੈੱਗ ਲਾਉਣਾ ਸ਼ੁਰੂ ਕਰ ਦਿੱਤਾ ।  ਦੱਸ ਵੱਜੇ ਹੋਣਗੇ! ਰਾਤ ਦੇ ਤਾਂ। ਮੈਂ ਉਸ ਨੂੰ ਕਿਹਾ,” ਹੁਣ ਰੋਟੀ ਖਾ ਲਈਏ ਰੱਖ ਲੈ ਕੱਲ੍ਹ ਸਵੇਰੇ ਵੀ ਕੰਮ ਆਊ”।  ਉਹ ਬੋਲਿਆ,” ਰੱਖਣਾ ਕੀ ਹੈ ਏ ਨਿੱਬੜ ਗਿਆ”।  ਮੈਨੂੰ ਖਾਲੀ ਬੋਤਲ ਦਿਖਾਉਂਦਾ ਹੱਸਣ ਲੱਗ ਪਿਆ। ਖ਼ੈਰ ਅਸੀਂ ਰੋਟੀ ਖਾ ਕੇ। ਇੱਕ ਦੂਜੇ ਵਲ ਲੱਤਾਂ ਕਰਕੇ,  ਸੀਟ ਤੇ ਵਿੰਗੇ ਟੇਢੇ ਹੋ ਗਏ ।
    ਮੈਂ ਵੀ ਸਾਰੀ ਰਾਤ ਸਫਰ ਕਰਕੇ ਆਇਆ ਸੀ। ਘਰੋ ਤਾਂ ਬਸ ਕੱਪੜੇ ਹੀ ਚੁਕੇ ਤੇ, ਦਿੱਲੀ ਨੂੰ ਤੁਰ ਪਿਆ ਸੀ ।ਥਕਾਵਟ ਹੋਣ ਕਰਕੇ, ਕੁਝ ਨਸ਼ੇ ਦੀ ਲੋਰ ਨੇ ਪਤਾ ਨਹੀਂ ਲੱਗਿਆ। ਕੱਦ ਨੀੰਦ ਆ ਗਈ ।ਅਗਲੇ ਦਿਨ ਸਵੇਰੇ ਬਾਥਰੂਮ ਕੋਲ ਪੂਰੀ ਚਹਲ ਪਹਲ ਸੀ। ਕੋਈ ਦੰਦਾਂ ਨੂੰ ਸਾਫ ਕਰ ਰਿਹਾ ਸੀ। ਕੋਈ ਮੂੰਹ ਹੱਥ ਧੋ ਕੇ ਕੱਪੜੇ ਬਦਲ ਕੇ ਤਿਆਰ ਹੋ ਰਿਹਾ ਸੀ ।
    ਏਸੇ ਤਰ੍ਹਾਂ ਅਗਲੀ ਰਾਤ ਵੀ ਆ ਗੀ। “ਅੱਜ ਕਿਵੇਂ ਕਰਨੀ”? ਰਾਹੁਲ ਨੇ ਪੁੱਛਿਆ । ਮੈ ਕਿਹਾ , “ਨਹੀਂ  ਯਾਰ ਅੱਜ ਨਹੀਂ ।ਤੜਕੇ ਤਿੰਨ ਵਜੇ ਤ੍ਰਿਪੁਰ ਆ ਜਾਣਾ ਜੇ ਨ ਉਠਿਆ ਗਿਆ । ਔਖਾ ਹੋ ਜਾਣਾ”। ” ਠੀਕ ਹੈ।ਆਪਣਾ ਮੋਬਾਇਲ ਨੰਬਰ ਤਾਂ ਦਿਓ”  ਰਾਹੁਲ ਨੇ ਮੈਨੂੰ ਕਿਹਾ। ਅਸੀ ਇੱਕ  ਦੂਜੇ ਦਾ ਨੰਬਰ ਲੈ ਲਿਆ । ਪਤਾ ਨਹੀਂ ਚੱਲਿਆ , ਗੱਲਾਂ ਬਾਤਾਂ ਚ ਕਦ ਤ੍ਰਿਪੁਰ ਆ ਗਿਆ ।
  ਮੈਨੂੰ ਕੰਪਨੀ ਵੱਲੋਂ ਸਟੇਸ਼ਨ ਤੋਂ ਲੈਣ ਲਈ ਕਾਰ ਭੇਜੀ ਗਈ ਸੀ । ਉਸ ਦਾ ਡਰਾਈਵਰ ਮੇਰਾ ਨਾਮ ਲਿਖੀ ਤਖ਼ਤੀ ਚੁੱਕੀ,ਪਲੇਟਫਾਰਮ ਤੇ ਖੜ੍ਹਾ ਸੀ । ਵੈਸੇ ਮੈਨੂੰ ਮੋਬਾਇਲ ਤੇ ਡਰਾਈਵਰ ਦਾ ਨਾਮ ਤੇ ਨੰਬਰ ਵੀ ਮੈਸਜ ਆਇਆ  ਹੋਇਆ ਸੀ। ਕੰਪਨੀ ਵੱਲੋ ।
 ਰਾਹੁਲ ਤੇ ਮੈਂ ਗੱਡੀ ਤੋਂ  ਉਤਰ ਕੇ ਇੱਕ ਦੂਜੇ ਨੂੰ ਗਲ ਲੱਗ ਕੇ ਮਿਲੇ । ਮੇਰੀ ਰਾਹੁਲ ਨਾਲ ਉਸ ਤੋਂ ਬਾਅਦ ਵੀ ਦੋ ਕੁ ਸਾਲ ਗੱਲ ਹੁੰਦੀ ਰਹੀ ।  ਉਸ ਤੋਂ ਬਾਅਦ ਪਤਾ ਨੀ! ਕੀ ਕਾਰਨ ਬਣਿਆ। ਸਾਡੀ ਆਪਸ ਚ ਕੋਈ ਗੱਲ ਨ੍ਹੀਂ ਹੋਈ। ਅੱਜ ਕਿੰਨੇ ਸਾਲਾਂ ਬਾਅਦ  , ਜਦ ਮੈ ਆਪਣੇ ਸਫ਼ਰ ਦੌਰਾਨ ਹੋਈਆਂ , ਮੁਲਾਕਾਤਾਂ ਤੇ ਘਟਨਾਵਾਂ ਲਿਖਣ ਲਗਾ । ਤਾਂ ,ਮੈਨੂੰ ਉਸ ਦੀ ਯਾਦ ਆ ਰਹੀ ਹੈ ।
ਸਮਾਪਤ
ਗੁਰਨਾਮ ਸਿੰਘ ਬਾਵਾ
ਅੰਬਾਲਾ
83073 64301
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਨਿਰੋਗੀ ਜੀਵਨ ਤੇ ਲੰਬੀ ਉਮਰ (ਤੀਜਾ ਅੰਕ)
Next articleਸ਼ੁਭ ਸਵੇਰ ਦੋਸਤੋ