ਆਮ ਆਦਮੀ ਦੀ ਆਮ ਜਿਹੀ ਜ਼ਿੰਦਗੀ

ਹਰਪ੍ਰੀਤ ਕੌਰ ਸੰਧੂ
ਹਰਪ੍ਰੀਤ ਕੌਰ ਸੰਧੂ
(ਸਮਾਜ ਵੀਕਲੀ) ਆਮ ਆਦਮੀ ਹੋਣਾ ਕੋਈ ਸੌਖਾ ਨਹੀਂ। ਖਾਸ ਹੋ ਜਾਣਾ ਬੇਸ਼ਕ ਸੌਖਾ ਹੈ। ਖਾਸ ਹੋਣ ਲਈ ਮਿਹਨਤ ਕਰਨੀ ਪੈਂਦੀ। ਪਰ ਆਮ ਹੋਣ ਲਈ ਆਮ ਜਿਹਾ ਹੀ ਰਹਿਣਾ ਪੈਂਦਾ। ਆਪਣੀ ਸਾਰੀ ਲਿਆਕਤ ਆਪਣੀ ਤਾਕਤ ਨੂੰ ਆਪਣੇ ਘਰੇਲੂ ਜ਼ਿੰਦਗੀ ਵਿੱਚ ਝੋਕ ਕੇ, ਆਪਣੇ ਰੁਜ਼ਗਾਰ ਵਿੱਚ ਲਗਾ ਕੇ, ਆਪਣੇ ਪਰਿਵਾਰ ਦੀਆਂ ਛੋਟੀਆਂ ਛੋਟੀਆਂ ਖੁਸ਼ੀਆਂ ਲਈ ਮਿਹਨਤ ਕਰ, ਨਿੱਕੀਆਂ ਨਿੱਕੀਆਂ ਪ੍ਰਾਪਤੀਆਂ ਤੇ ਖੁਸ਼ ਹੋ, ਰਿਸ਼ਤੇਦਾਰਾਂ ਦੇ ਵਿਆਹਾਂ ਵਿੱਚ ਖੀਵੇ ਹੋਣ ਨੱਚ, ਕਿਸੇ ਦੇ ਸੁੱਖ ਦੁੱਖ ਵਿੱਚ ਰੋ ਰੋ ਬੁਰਾ ਹਾਲ ਕਰ ਲੈਣ, ਕਿਸੇ ਗੁਆਂਡੀ ਦੀ ਮਦਦ ਕਰਨ, ਕਿਸੇ ਚੀਜ਼ ਲਈ ਤਰਸਣ, ਕਿਸੇ ਇੱਛਾ ਨੂੰ ਦਬਾ ਲੈਣ, ਕਿਸੇ ਇਰਾਦੇ ਨੂੰ ਸਿਰਫ ਇਸ ਲਈ ਛੱਡ ਦੇਣ ਕਿ ਉਸਨੂੰ ਪੂਰਾ ਕਰਨਾ ਸੰਭਵ ਨਹੀਂ, ਤੰਗੀਆਂ ਤੁਰਸ਼ੀਆਂ ਨਾਲ ਨਿਪਟ, ਹਰ ਰੋਜ਼ ਥੱਕ ਕੇ ਸੌ ਜਾਣ, ਸਵੇਰੇ ਫਿਰ ਤਰੋਤਾਜਗੀ ਨਾਲ ਉੱਠ ਕੰਮ ਵਿੱਚ ਜੁੱਟ ਜਾਣ ਨਾਲ ਹੀ ਬੰਦਾ ਆਮ ਹੁੰਦਾ ਹੈ।
ਇਹ ਵੇਖਣ ਨੂੰ ਬੇਸ਼ਕ ਬਹੁਤ ਸੌਖਾ ਜਾਪੇ ਪਰ ਸੌਖਾ ਹੈ ਨਹੀਂ। ਕੁਦਰਤ ਨੇ ਹਰ ਕਿਸੇ ਨੂੰ ਹੁਨਰ ਬਖਸ਼ਿਆ ਹੈ। ਬਹੁਤਿਆਂ ਨੂੰ ਇਹ ਬਲ ਵੀ ਬਖਸ਼ਿਆ ਹੈ ਕਿ ਆਪਣੇ ਹੁਨਰ ਨੂੰ ਇਸਤੇਮਾਲ ਕਰ ਆਮ ਤੋਂ ਖਾਸ ਹੋ ਜਾਂਦੇ ਹਨ। ਪਰ ਜਿਹੜੇ ਆਮ ਹੀ ਰਹਿ ਜਾਂਦੇ ਹਨ ਉਹ ਕਿਵੇਂ ਨਿਪਟਦੇ ਹਨ ਆਪਣੀਆਂ ਇੱਛਾਵਾਂ ਨਾਲ ਇਹ ਕੋਈ ਨਹੀਂ ਜਾਣਦਾ। ਇਕ ਆਮ ਆਦਮੀ ਲਈ ਉਸਦਾ ਰੁਜ਼ਗਾਰ ਕਿੰਨਾ ਮਹੱਤਵਪੂਰਨ ਹੈ ਇਹ ਉਸੇ ਨੂੰ ਪਤਾ ਹੈ। ਦਫਤਰੋਂ ਪੰਜ ਮਿੰਟ ਲੇਟ ਹੋ ਜਾਣ ਤੇ ਅਫਸਰ ਦੀ ਟੇਢੀ ਜਿਹੀ ਅੱਖ ਜੋ ਉਸਨੂੰ ਵੇਖਦੀ ਹੈ ਉਸ ਨੂੰ ਸਿਰਫ ਉਹੀ ਜਾਣਦਾ ਹੈ। ਡੱਬੇ ਵਿੱਚ ਪਾ ਦਫਤਰ ਲਜਾਇਆ ਗਿਆ ਖਾਣਾ ਖਾਣ ਦਾ ਸਵਾਦ ਬਸ ਉਸ ਨੂੰ ਪਤਾ ਹੈ।
ਆਪਣੇ ਬੱਚਿਆਂ ਦੀਆਂ ਨਿੱਕੀਆਂ ਨਿੱਕੀਆਂ ਖਾਹਿਸ਼ਾਂ ਨੂੰ ਪੂਰਾ ਕਰਨ ਦੀ ਜੀ ਤੋੜ ਮਿਹਨਤ ਕਰਨ ਦਾ ਸਵਾਦ ਉਹੀ ਜਾਣਦਾ ਹੈ। ਇੱਕ ਪੈਂਸਿਲ ਬਾਕਸ ਖਰੀਦ ਕੇ ਘਰ ਲੈ ਜਾਣ ਤੇ ਬੱਚੇ ਦੇ ਚਿਹਰੇ ਤੇ ਆਈ ਖੁਸ਼ੀ ਨੂੰ ਉਹੀ ਸਮਝ ਸਕਦਾ ਹੈ। ਕਿਸੇ ਸੁਆਣੀ ਵੱਲੋਂ ਇੱਕ ਸੂਟ ਨੂੰ ਧੋ ਲੈਣਾ ਤੇ ਇੱਕ ਨੂੰ ਪਾ ਲੈਣਾ ਸੁਖਾਲਾ ਨਹੀਂ ਹੁੰਦਾ। ਇਹ ਇਛਾਵਾਂ ਬਹੁਤ ਹੁੰਦੀਆਂ ਹਨ। ਪਰ ਉਹਨਾਂ ਨੂੰ ਦਬਾ ਲੈਣਾ ਤੇ ਖੁਸ਼ ਰਹਿਣਾ ਇਹ ਵੀ ਸੌਖਾ ਨਹੀਂ। ਕਿਸੇ ਰਿਸ਼ਤੇਦਾਰ ਦੇ ਵਿਆਹ ਲਈ ਕਈ ਮਹੀਨੇ ਪਹਿਲਾਂ ਤੋਂ ਜੋੜ ਜੋੜ ਕੇ ਪੈਸੇ ਰੱਖਣੇ ਕਿ ਕੋਈ ਨਵਾਂ ਸੂਟ ਲੈਣਾ ਹੈ ਸੌਖਾ ਕੰਮ ਨਹੀਂ। ਆਪਣੇ ਬੱਚਿਆਂ ਨੂੰ ਕੁਛ ਨਵਾਂ ਦਵਾਉਣ ਲਈ ਆਪ ਤੰਗੀ ਕੱਟਣੀ ਆਮ ਗੱਲ ਹੁੰਦੀ ਆਮ ਆਦਮੀ ਦੀ ਜ਼ਿੰਦਗੀ ਵਿੱਚ।
ਆਮ ਆਦਮੀ ਲਈ ਇੱਕ ਸਕੂਟਰ ਵੀ ਗੱਡੀ ਹੁੰਦਾ। ਉਸ ਨੂੰ ਵੀ ਉਹ ਝਾੜਦਾ ਪੂੰਝਦਾ ਸਵਾਰਦਾ। ਉਸ ਲਈ ਸਾਈਕਲ ਵੀ ਬਹੁਤ ਵੱਡੀ ਪ੍ਰਾਪਤੀ ਹੁੰਦੀ। ਤੁਸੀਂ ਦੇਖਿਆ ਹੀ ਹੋਣਾ ਕਰੋਨਾ ਦੇ ਸਮੇਂ ਵਿੱਚ ਇੱਕ ਵੀਰ ਸਾਈਕਲ ਲੈ ਕੇ ਆਇਆ ਤੇ ਉਸ ਦੀ ਪਤਨੀ ਨੇ ਤੇਲ ਚੋਅ ਕੇ ਸਾਈਕਲ ਨੂੰ ਅੰਦਰ ਲੰਘਾਇਆ। ਇਸ ਖੁਸ਼ੀ ਦਾ ਮੁਕਾਬਲਾ ਵੱਡੀਆਂ ਵੱਡੀਆਂ ਕਾਰਾਂ ਵੀ ਨਹੀਂ ਕਰ ਸਕਦੀਆਂ।
ਆਮ ਜਿਹਾ ਰੋਟੀ ਪਾਣੀ ਖਾਣ ਦਾ ਵੀ ਆਪਣਾ ਹੀ ਮਜ਼ਾ ਹੈ। ਜਿਸ ਦਿਨ ਕੁਝ ਖਾਸ ਖਾਣ ਨੂੰ ਮਿਲ ਜਾਵੇ ਉਸ ਦਿਨ ਇੰਜ ਲੱਗਦਾ ਜਿਵੇਂ ਪਤਾ ਨਹੀਂ ਕੀ ਪ੍ਰਾਪਤ ਕਰ ਲਿਆ। ਉਹਨਾਂ ਦੇ ਨਿੱਕੇ ਨਿੱਕੇ ਚਾਹ ਨਿੱਕੇ ਨਿੱਕੀਆਂ ਖੁਸ਼ੀਆਂ ਤੇ ਨਿੱਕੀਆਂ ਨਿੱਕੀਆਂ ਜਰੂਰਤਾਂ ਉਹਨਾਂ ਨੂੰ ਜ਼ਿੰਦਗੀ ਵਿੱਚ ਤੋਰੀ ਰੱਖਦੀਆਂ। ਉਹ ਦੂਜਿਆਂ ਵੱਲ ਦੇਖ ਕੁਝ ਪਲ ਲਈ ਤਰਸਦੇ ਜਰੂਰ ਪਰ ਫਿਰ ਆਪਣੀ ਹੀ ਦੁਨੀਆਂ ਵਿੱਚ ਖੁਸ਼ ਹੋ ਜਾਂਦੇ।
ਆਮ ਆਦਮੀ ਦੀ ਜ਼ਿੰਦਗੀ ਵਿੱਚ ਸਭ ਕੁਝ ਆਮ ਹੁੰਦਾ ਉਸ ਨੂੰ ਖਾਸ ਬਣਨ ਦੀ ਕੋਈ ਇੱਛਾ ਵੀ ਨਹੀਂ ਹੁੰਦੀ। ਉਸਦੇ ਕੋਲੋਂ ਕੋਈ ਵੀ ਗੱਡੀ ਹੂਟਰ ਵਜਾਉਂਦੀ ਲੰਘ ਜਾਵੇ ਕੋਈ ਵੱਡੀ ਕਾਰ ਚੋਂ ਲੰਘ ਜਾਵੇ ਉਸ ਨੂੰ ਕੋਈ ਫਰਕ ਨਹੀਂ ਪੈਂਦਾ। ਉਸ ਨੂੰ ਫਿਕਰ ਹੁੰਦਾ ਹੈ ਤਾਂ ਸਾਈਕਲ ਦੇ ਕੈਰੀਅਰ ਤੇ ਟੰਗੇ ਆਪਣੇ ਰੋਟੀ ਵਾਲੇ ਡੱਬੇ ਦਾ। ਉਸ ਨੂੰ ਫਿਕਰ ਹੁੰਦਾ ਹੈ ਤਾਂ ਘਰੇ ਮੂੰਹ ਚੁੱਕ ਉਡੀਕ ਰਹੇ ਜਵਾਕਾਂ ਦਾ।
ਆਮ ਜਿਹੀ ਜ਼ਿੰਦਗੀ ਬੜੀ ਹੀ ਖਾਸ ਹੁੰਦੀ। ਜਿੱਥੇ ਕਿਸੇ ਨੂੰ ਤੁਹਾਡੇ ਤੋਂ ਕੋਈ ਉਮੀਦ ਨਹੀਂ ਹੁੰਦੀ। ਤੁਸੀਂ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਦੇ।
ਖਾਸ ਬੰਦਿਆਂ ਦੀਆਂ ਤਾਂ ਜਰੂਰਤਾਂ ਹੀ ਪੂਰੀਆਂ ਨਹੀਂ ਹੁੰਦੀਆਂ। ਉਹਨਾਂ ਦੀਆਂ ਉਮੀਦਾਂ ਦੇ ਢੇਰ ਇੰਨੇ ਵੱਡੇ ਹੋ ਜਾਂਦੇ ਹਨ ਕਿ ਉਹ ਉਸ ਵਿੱਚ ਹੀ ਗੁਆਚੇ ਰਹਿੰਦੇ ਹਨ। ਖਾਸ ਬੰਦਿਆਂ ਦੀ ਗੱਲ ਫਿਰ ਕਿਸੇ ਦਿਨ ਸਹੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਤਿਓੁਹਾਰਾਂ ਦੇ ਮੌਸਮ *ਚ ਮਿਲਾਵਟ ਦੀ ਖੇਡ
Next articleਹੁਣ ਉਤਰਾਖੰਡ ‘ਚ ਫੌਜ ਦਾ ਸਾਮਾਨ ਲੈ ਕੇ ਜਾ ਰਹੀ ਟਰੇਨ ਨੂੰ ਪਲਟਣ ਦੀ ਸਾਜ਼ਿਸ਼, ਟ੍ਰੈਕ ‘ਤੇ ਮਿਲਿਆ ਸਿਲੰਡਰ