ਗ਼ਜ਼ਲ

ਜਗਦੀਸ਼ ਰਾਣਾ
ਲੇਖਕ -ਜਗਦੀਸ਼ ਰਾਣਾ
ਹਜ਼ਾਰ ਵਾਰ ਭੁਲਾਵਾਂ ਭੁਲਾ ਨਹੀਂ ਹੁੰਦਾ।
ਤੇਰੀ ਤਰ੍ਹਾਂ ਹੀ ਕਿਤੇ ਦਿਲ ਲਗਾ ਨਹੀਂ ਹੁੰਦਾ।
ਸਦਾ ਜ਼ੁਬਾਨ ਦਾ ਮਿੱਠਾ, ਫ਼ਰੇਬ ਦੇਵੇ ਪਰ,
ਬੁਰਾ ਜ਼ੁਬਾਨ ਦਾ, ਦਿਲ ਦਾ ਬੁਰਾ ਨਹੀਂ ਹੁੰਦਾ।
ਜ਼ਮੀਰ ਵੇਚ ਜਗੀਰਾਂ ਬਣਾ ਰਹੇ ਜਿਹੜੇ,
ਇਨ੍ਹਾਂ ਦਾ ਅੰਤ ਬੁਰਾ ਹੈ, ਭਲਾ ਨਹੀਂ ਹੁੰਦਾ।
ਸਮਾਂ ਵਿਚਾਰ ਲਵੇ ਜੋ, ਸਮਾਂ ਬਦਲ ਦੇਵੇ,
ਬੁਰਾ ਸਮਾਂ ਹੀ ਕਿਸੇ ਤੇ, ਸਦਾ ਨਹੀਂ ਹੁੰਦਾ।
ਮੜ੍ਹੀ ਮਜ਼ਾਰ ‘ਤੇ ਉਹ ਸੀਸ ਕਿਉਂ ਝੁਕਾਉੰਦੈੰ,ਜਦ
ਮੜ੍ਹੀ ਮਜ਼ਾਰ ‘ਤੇ ਕੋਈ, ਖ਼ੁਦਾ ਨਹੀਂ ਹੁੰਦਾ।
ਖ਼ਰੇ ਕਦੋਂ ਉਹ ਇਹ ਸਮਝੂ ਜਣੇ-ਖਣੇ ਉੱਤੋਂ,
ਮੁਹੱਬਤਾਂ ਦਾ ਖਜ਼ਾਨਾ,ਲੁਟਾ ਨਹੀਂ ਹੁੰਦਾ।
ਹਰੇਕ ਵਾਰ ਹੀ ਉਸ ਨੇ,ਦਗ਼ਾ ਕਮਾਇਆ ਹੈ,
ਯਕੀਨ ਓਸ ਤੇ ਹੁਣ ਤਾਂ, ਜ਼ਰਾ ਨਹੀਂ ਹੁੰਦਾ।
ਹਬੀਬ ਭੇਦ ਨਾ ਦੇਵੇ,ਰਕੀਬ ਨੂੰ ਜੇਕਰ,
ਰਕੀਬ ਵਾਰ ਕਰੇ ਹੌਸਲਾ ਨਹੀਂ ਹੁੰਦਾ।
ਉਹ ਲਾਭ ਭਾਲ ਰਿਹਾ ਹੈ ਹਰੇਕ ਰਿਸ਼ਤੇ ਚੋੰ,
ਅਜੇਹਾ ਸ਼ਖ਼ਸ ਕਿਸੇ ਦਾ,ਸਕਾ ਨਹੀਂ ਹੁੰਦਾ।
ਤਬੀਬ ਕੋਲ ਨਹੀਂ ਹੈ,ਇਲਾਜ਼ ਕੌਣ ਕਰੇ,
ਸਮਾਂ ਹਰੇਕ ਵਬਾ ਦੀ ਦਵਾ ਨਹੀਂ ਹੁੰਦਾ।
ਸੋਫ਼ੀ ਪਿੰਡ,ਜਲੰਧਰ ਛਾਉਣੀ-24
9872630635
Previous articleਜੱਸੀ ਬੰਗਾ ਤੇ ਹੋਰਾਂ ਦੇ ਸਹਿਯੋਗ ਨਾਲ ਸਰਬ ਨੌਜਵਾਨ ਸਭਾ ਨੇ ਕਰਵਾਇਆ 8 ਜੋੜਿਆਂ ਦਾ ਸਮੂਹਿਕ ਆਨੰਦ ਕਾਰਜ
Next articleਕੋਈ ਕੰਮ ਛੋਟਾ ਵੱਡਾ ਨਹੀਂ ਹੁੰਦਾ।