ਕਵਿਤਾਵਾਂ

ਮੂਲ ਚੰਦ ਸ਼ਰਮਾ
(ਸਮਾਜ ਵੀਕਲੀ) 
ਹਿੰਮਤ ਵਾਲ਼ੇ ਲੋਕ 
ਸ਼ਕਲੋਂ ਸੂਰਤੋਂ ਬੰਦਾ ਨਾ ਹੋਵੇ ਸੋਹਣਾ ,
ਸੋਹਣੇ ਹੁੰਦੇ ਨੇ ਬੰਦੇ ਦੇ ਕੰਮ ਬਾਬਾ ।
ਮੁੱਲ ਗੁਣਾਂ ਦਾ ਵਿੱਚ ਸੰਸਾਰ ਪੈਂਦਾ ,
ਚਿੱਟਾ ਵੇਖਦਾ ਕੋਈ ਨਾ ਚੰਮ ਬਾਬਾ ।
ਉਨ੍ਹਾਂ ਦੱਸ ਕੀ ਮੰਜ਼ਿਲਾਂ ਪਾਉਣੀਆਂ ਨੇ,
ਸੁੱਤੇ ਰਹਿਣ ਜੋ ਮੰਨੀਆਂ ਝੰਮ ਬਾਬਾ ।
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ ,
ਦਿੰਦੇ ਹਿੰਮਤੀ ਨ੍ਹੇਰੀਆਂ ਥੰਮ੍ਹ ਬਾਬਾ ।
ਬੰਦਾ ਅਤੇ ਬੰਦਗੀ 
——————–
ਰੰਗ ਰੂਪ ਨਾਲ਼ ਕੋਈ ਨਾ ਫ਼ਰਕ ਪੈਂਦਾ ,
ਭਾਵੇਂ ਹੋਵੇ ਕਾਲ਼ਾ ਤੇ ਭਾਵੇਂ ਹੋਵੇ ਭੂਰਾ ।
ਨਾਓਂ ਨਾਲ਼ ਨੀਂ ਕੋਈ ਵੀ ਫ਼ਰਕ ਪੈਂਦਾ ,
ਭਾਵੇਂ ਹੋਵੇ ਨੂਰੀ ਤੇ ਭਾਵੇਂ ਹੋਵੇ ਨੂਰਾ ।
ਪਿੰਡ ਸ਼ਹਿਰ ਨਾ ਕੋਈ ਨੀਂ ਫ਼ਰਕ ਪੈਂਦਾ,
ਭਾਵੇਂ ਹੋਵੇ ਧੂਰੀ ਤੇ ਭਾਵੇਂ ਹੋਵੇ ਧੂਰਾ ।
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ ,
ਬੰਦਾ ਓਹੀ ਜੋ ਬੰਦਗੀ ਦਾ ਹੋਵੇ ਪੂਰਾ ।
ਦਾਤੇ ਭਗਤ ਤੇ ਸੂਰਮੇ 
———————-
ਬਹੁਤੇ ਯਾਰ ਕੀ ਫੋੜੇ ‘ਤੇ ਰਗੜ ਲਾਉਂਣੇ ,
ਯਾਰ ਓਹੀ ਜੋ ਬੰਦੇ ਦੇ ਕੰਮ ਆਉਂਦੇ ।
ਰੋਂਦੇ ਚਿਹਰਿਆਂ ਨੂੰ ਕੋਈ ਨਾ ਮੂੰਹ ਲਾਵੇ ,
ਮਿਲਣ ਉਨ੍ਹਾਂ ਨੂੰ ਰਹਿਣ ਜੋ ਮੁਸਕਰਾਉਂਦੇ ।
ਅਪਣੇ ਲੋਕਾਂ ਲਈ ਜਿਹੜੇ ਕੁੱਝ ਕਰ ਜਾਂਦੇ ,
ਲੋਕੀਂ ਮਗਰੋਂ ਵੀ ਉਨ੍ਹਾਂ ਦੇ ਗੀਤ ਗਾਉਂਦੇ ।
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ  ,
ਦਾਤਾ ਭਗਤ ਤੇ ਸੂਰਮੇ ਸਦਾ ਜਿਉਂਦੇ  ।
( ਕਾਵਿ ਸੰਗ੍ਰਹਿ ” ਪੱਥਰ ‘ਤੇ ਲਕੀਰਾਂ ” ਵਿੱਚੋਂ )
 ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037
Previous articleਰਾਜ ਪੱਧਰੀ ਸੱਭਿਆਚਾਰਕ ਮੁਕਾਬਲਿਆਂ ਚੋਂ ਜੇਤੂ ਮਾਡਲ ਟਾਊਨ ਸਕੂਲ ਦੀਆਂ ਦੋ ਵਿਦਿਆਰਥਣਾਂ ਦਾ ਵਿਸ਼ੇਸ਼ ਸਨਮਾਨ
Next articleਡਰਾਈ ਡੇ ਐਕਟੀਵਿਟੀ ਨਾਲ ਲੋਕਾਂ ਨੂੰ ਡੇਂਗੂ ਬੁਖਾਰ ਤੋਂ ਬਚਾਅ ਪ੍ਰਤੀ ਜਾਗਰੂਕ ਕੀਤਾ