❣️ ਕੰਜਕਾਂ ❣️

ਸ਼ਿੰਦਾ ਬਾਈ 
(ਸਮਾਜ ਵੀਕਲੀ)
ਅੱਸੂ ਅਤੇ ਚੇਤ  ਦੇ ਨਰਾਤੇ  ਅੱਠਵੇਂ
ਘਰ ਘਰ ਕੰਜਕਾਂ ਬਿਠਾਵਣ ਲੋਕੀ,
ਬੜੀਆਂ ਹੀ ਔਖੀਆਂ ਕੰਜਕਾਂ ਲੱਭਣ
ਘੇਰ  ਘੇਰ  ਕੇ  ਲਿਆਵਣ  ਲੋਕੀ ,
ਸਾਲ ‘ਚ  ਦੋ ਵਾਰ  ਪੂਜਾ ਕਰਕੇ
ਸੁਰਖ਼  ਰੂਹ  ਹੋ  ਜਾਵਣ  ਲੋਕੀ ,
ਚਰਣ ਪਖਾਰ ਕੇ ਸੀਸ ਨਿਵਾ ਕੇ
ਡਾਹ੍ਢਾ  ਪੁੰਨ  ਕਮਾਵਣ  ਲੋਕੀ ,
ਪੂਜ ਕੇ ਕੰਜਕਾਂ ਭਲਾ ਕੀ ਮੰਗਦੇ ?
ਪੁੱਤਰਾਂ  ਨੂੰ  ਹੀ  ਚਾਹਵਣ  ਲੋਕੀ ,
ਖ਼ੁਦ  ਜੰਮਣ  ਤੋਂ  ਅਜੇ ਵੀ ਡਰਦੇ
ਵੱਡੀ  ਵਿਪਤ  ਸਦਾਵਣ  ਲੋਕੀ ,
ਧੀਅ ਜੰਮੀਂ ਹਾਏ ਪੱਥਰ ਜੰਮਿਆ
ਹਾਲ  ਦੁਹਾਈ  ਪਾਵਣ  ਲੋਕੀ ,
ਰੁੱਖੀਆਂ ਖਾ ਕੇ ਪਲ਼ ਜਾਂਦੀਆਂ ਨੇ
ਫਿਰ ਕਿਉਂ ਕਹਿਰ ਕਮਾਵਣ ਲੋਕੀ ?
ਜੇ ਕੋਈ ਵਹਿਸ਼ੀ ਰੋਲ਼ ਦਵੇ ਪੱਤ
ਧੀਅ ‘ਤੇ ਦੋਸ਼ ਹੀ ਲਾਵਣ ਲੋਕੀ ,
ਜਦ ਇਹ ਕੰਜਕਾਂ ਮਸਲੀਆਂ ਜਾਵਣ
ਕਿਉਂ ਸੁੱਸਰੀ ਹਾਰ ਸੌਂ ਜਾਵਣ ਲੋਕੀ ?
ਕਿਉਂ ਨਹੀਂ ਉੱਠਕੇ ਗਾਟਾ ਲਾਹੁੰਦੇ
ਜ਼ੇਰਾ  ਕਿੱਥੋਂ  ਲਿਆਵਣ  ਲੋਕੀ ,
‘ ਮਨੂਵਾਦੀ ‘ ਜਦ ਨਿਆਂ ਦੇਸ਼ ਦਾ
ਨੀਂਦ ਕਿਉਂ ਸੁਖ ਦੀ ਪਾਵਣ ਲੋਕੀ ।
                  <>
ਸ਼ਿੰਦਾ ਬਾਈ ✍️
Previous articleਬੁੱਧ ਚਿੰਤਨ
Next articleਬਾਬਾ ਫ਼ਰੀਦ ਜੀ ਬਲੱਡ ਸੇਵਾ ਸੁਸਾਇਟੀ (ਰਜਿ) ਫ਼ਰੀਦਕੋਟ ਦੇ ਹਿੱਸੇ ਆਏ ‘ 10 ਸਟੇਟ ਅਵਾਰਡ’ :- ਸੁਖਵੀਰ ਸਿੰਘ ਜਰਨਲ ਸਕੱਤਰ