(ਸਮਾਜ ਵੀਕਲੀ)
ਅੰਨ੍ਹੀ ਸ਼ਰਧਾ ਜਦ ਮਨ ਭਾਉਂਦੀ।
ਅਜਬ ਗਜਬ ਹੈ ਰੰਗ ਵਿਖਾਉਂਦੀ।
ਟਾਨਿਕ ਕਿਤੇ ਦਵਾਈ ਦੱਸ ਕੇ,
ਡੰਗਰਾਂ ਦਾ ਹੈ ਮੂਤ ਪਿਆਉਂਦੀ।
ਪੋਸ਼ਕ ਤੱਤਾਂ ਵਾਲ਼ੇ ਨਾਰੀਅਲ,
ਨਹਿਰਾਂ, ਨਾਲਿਆਂ ਵਿੱਚ ਸਿਟਵਾਉਂਦੀ
ਭਰ ਭਰ ਚੂਲ਼ੇ ਮਾਰ ਸੜੂਕੇ,
ਮੈਲ਼ ਵਾਲਾ ਹੈ ਜਲ ਛਕਵਾਉਂਦੀ।
ਪੱਥਰਾਂ, ਟਾਈਲਾਂ, ਲੋਹਿਆਂ ਨੂੰ,
ਇਸ਼ਨਾਨ ਇਹ ਦੁੱਧ ਦੇ ਕਰਵਾਉਂਦੀ।
ਮੁਸ਼ਕ ਮਾਰਦੀਆਂ ਰਾਹਾਂ ਦੇ ਵਿੱਚ,
ਫੁੱਲ ਕਿਤੇ ਕਲੀਆਂ ਵਿਛਵਾਉਂਦੀ।
ਦੱਸਣ ਦੇ ਲਈ ਸ਼ਾਂਤੀ-ਮਾਰਗ,
ਸਭ ਤੋਂ ਵੱਧ ਅੜ੍ਹਾਟ ਪਵਾਉਂਦੀ।
ਲਾਈਟਾਂ ਲੱਗੀਆਂ, ਸੈਂਟ ਛਿੜਕਿਆ,
ਪਰ ਜੋਤਾਂ, ਥੂਫਾਂ ਜਗਵਾਉਂਦੀ।
ਸਭ ਤੋਂ ਖਤਰਨਾਕ ਪਰ ਰੋਮੀ,
ਜਦ ਹੈ ਵੋਟ-ਬੈਂਕ ਅਖਵਾਉਂਦੀ।
ਫੇਰ ਸਿਆਸੀ ਆਕਾਵਾਂ ਤੋਂ,
ਨਵੀਂ ਕੋਈ ਧਾਰਾ ਬਣਵਾਉਂਦੀ।
ਪਿੰਡ ਘੜਾਮੇਂ ਮੂੰਹ ਤੇ ਜਿੰਦਰੇ,
ਕਲਮਾਂ ਖੂੰਜਿਆਂ ਵਿੱਚ ਰਖਵਾਉਂਦੀ।
ਐਪਰ ਸੱਚ ਨਾ ਲੁਕੇ ਲੁਕਾਇਆਂ,
ਜਦ ਆਮਦ ਕੋਈ ਧੁਰ ਤੋਂ ਆਉਂਦੀ।
ਰੋਮੀ ਘੜਾਮਾਂ।
98552-81105