ਖਤਾ ਨਹੀ ਸੀ

ਸਤਨਾਮ ਕੌਰ ਤੁਗਲਵਾਲਾ
(ਸਮਾਜ ਵੀਕਲੀ)
ਉਹ ਜੋ ਤੈਥੋਂ ਦੱਸ ਨਹੀਂ ਹੋਇਆ,
ਉਹ ਜੋ ਮੈਨੂੰ ਪਤਾ ਨਹੀਂ ਸੀ,
ਉਸ ਲਮਹੇ ਦਾ ਦੋਸ਼ ਏ ਸਾਰਾ,
ਤੇਰੀ ਮੇਰੀ ਖਤਾ ਨਹੀ  ਸੀ।
ਉਹ ਜੋ ਪਲ  ਲਹਿਰਾਂ ਸੰਗ ਵਹਿ ਗਏ,
ਸਮੇਂ ਸਮੁੰਦਰ ਦੇ ਵਿੱਚ ਬਹਿ ਗਏ,
ਉਹਨਾਂ ਪਲਾਂ ਵਿੱਚ  ਕਿੰਨੀਆਂ ਰਮਜ਼ਾਂ,
ਪਲ ਪਲ ਮੌਤ ਮਜ਼ਾ ਨਹੀ ਸੀ।
ਉਸ ਲਮਹੇ ਦਾ ਦੋਸ਼ ਏ ਸਾਰਾ,
ਤੇਰੀ ਮੇਰੀ ਖਤਾ ਨਹੀਂ ਸੀ।
ਸੁਪਨਿਆਂ ਵਾਲੇ ਬਾਗ ਲਗਾਏ,
ਸੱਧਰਾਂ ਦੇ ਸੀ ਪਾਣੀ ਪਾਏ।
ਬੋਲਾਂ ਦੇ ਵਿੱਚ ਨਿੱਘ ਬੜਾ ਸੀ।
ਵਾਦਿਆਂ ਵਿਚ ਪਰ ਵਫ਼ਾ ਨਹੀ ਸੀ,
ਉਸ ਲਮਹੇ ਦਾ ਦੋਸ਼ ਏ ਸਾਰਾ,
ਤੇਰੀ ਮੇਰੀ ਖਤਾ ਨਹੀਂ ਸੀ।
ਡੂੰਘੀ ਵੇਦਨ ਸੀਨੇ ਲਹਿ ਗਈ,
ਮਿ੍ਗ ਤ੍ਰਿਸ਼ਨਾ ਜਿਹੀ ਭਟਕਣ ਪੈ ਗਈ।
ਵਸਲ ਦੇ ਸੁੱਚੇ ਮੋਤੀ ਚੁਗਦਿਆਂ,
ਸੂਲਾਂ ਦੀ ਪਰਵਾਹ ਨਹੀ ਸੀ।
ਉਸ ਲਮਹੇ ਦਾ ਈ ਦੋਸ਼ ਏ ਸਾਰਾ,
ਤੇਰੀ ਮੇਰੀ ਖਤਾ ਨਹੀਂ ਸੀ।
ਸਤਨਾਮ ਕੌਰ ਤੁਗਲਵਾਲਾ
Previous articleਰੰਗ ਪਿਆਰ ਦਾ
Next articleਜ਼ਿਲ੍ਹਾ ਸਿੱਖਿਆ ਵਿਭਾਗ ਵੱਲੋਂ ਪਰਾਲੀ ਨੂੰ ਅੱਗ ਤੋਂ ਬਚਾਉਣ ਲਈ ਜ਼ਿਲ੍ਹੇ ਦੇ ਸਮੂਹ ਸਕੂਲਾਂ ਵਿੱਚ ਸੁੰਹ ਚੁੱਕ ਸਮਾਗਮ ਕਰਵਾਇਆ ਗਿਆ