ਕੰਪਿਊਟਰ, ਸਮਾਰਟਫੋਨ ਨੂੰ ਪ੍ਰਯੋਗ ਕਰਦੇ ਸਮੇਂ ਹਰ 20 ਮਿੰਟਾਂ ਵਿੱਚ 20 ਸਕਿੰਟਾਂ ਦਾ ਬ੍ਰੇਕ ਲਓ ਅਤੇ 20 ਫੁੱਟ ਦੂਰ ਕਿਸੇ ਵਸਤੂ ਨੂੰ ਦੇਖੋ: ਸਿਵਲ ਸਰਜਨ ਡਾ ਪਵਨ ਕੁਮਾਰ ਸ਼ਗੋਤਰਾ

ਫੋਟੋ ਅਜਮੇਰ ਦੀਵਾਨਾ
ਹੁਸ਼ਿਆਰਪੁਰ (ਸਮਾਜ ਵੀਕਲੀ)  (ਤਰਸੇਮ ਦੀਵਾਨਾ )  ਵਿਸ਼ਵ ਦ੍ਰਿਸ਼ਟੀ ਦਿਵਸ ਮੌਕੇ ਸਿਹਤ ਵਿਭਾਗ ਹੁਸ਼ਿਆਰਪੁਰ ਵਲੋਂ ਸਿਵਲ ਸਰਜਨ ਡਾ.ਪਵਨ ਕੁਮਾਰ ਸ਼ਗੋਤਰਾ  ਦੀ ਪ੍ਰਧਾਨਗੀ ਹੇਠ ਪ੍ਰਿੰਸੀਪਲ ਸ਼੍ਰੀਮਤੀ ਰਮਨਦੀਪ ਕੌਰ ਦੇ ਸਹਿਯੋਗ ਨਾਲ “ ਬੱਚਿਓ, ਆਪਣੀਆਂ ਅੱਖਾਂ ਨੂੰ ਪਿਆਰ ਕਰੋ” ਥੀਮ ਦੇ ਤਹਿਤ ਇਕ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁਆਸ ਪੁਰਹੀਰਾਂ ਵਿਖੇ ਕੀਤਾ ਗਿਆ। ਇਸ ਸੈਮੀਨਾਰ ਵਿੱਚ ਸਿਹਤ ਵਿਭਾਗ ਵੱਲੋਂ ਅੱਖਾਂ ਦੇ ਮਾਹਿਰ ਡਾ. ਮੀਨੂੰ ਸਿੱਧੂ, ਡਿਪਟੀ ਮਾਸ ਮੀਡੀਆ ਅਫਸਰ ਡਾ ਤ੍ਰਿਪਤਾ ਦੇਵੀ, ਡਿਪਟੀ ਮਾਸ ਮੀਡੀਆ ਅਫ਼ਸਰ ਰਮਨਦੀਪ ਕੌਰ ਅਤੇ ਭੁਪਿੰਦਰ ਸਿੰਘ ਸ਼ਾਮਿਲ ਹੋਏ।
ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਡਾ.ਪਵਨ ਕੁਮਾਰ ਨੇ ਕਿਹਾ ਕਿ ਅੱਖਾਂ ਬਿਨ੍ਹਾਂ ਇਸ ਸੁੰਦਰ ਦੁਨੀਆਂ ਦਾ ਆਨੰਦ ਨਹੀਂ ਮਾਣਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਇੱਕ ਸਰਵੇ ਮੁਤਾਬਕ ਭਾਰਤ ਵਿੱਚ ਸਭ ਤੋਂ ਜਿਆਦਾ ਅਨ੍ਹੇਪਨ੍ਹ ਨਾਲ ਸ਼ਿਕਾਰ ਲੋਕ ਰਹਿੰਦੇ ਹਨ ਜਦ ਕਿ ਸੱਚਾਈ ਇਹ ਹੈ ਕਿ 80 ਫੀਸਦੀ ਮਾਮਲਿਆਂ ਵਿੱਚ ਸਮੇਂ ਰਹਿੰਦਿਆਂ ਇਲਾਜ ਕਰਵਾਕੇ ਇਸ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਦਿਨ ਨੂੰ ਮਣਾਉਣ ਦਾ ਉਦੇਸ਼ ਲੋਕਾਂ ਨੂੰ ਅੱਖਾਂ ਦੀਆਂ ਬੀਮਾਰੀਆਂ ਤੋਂ ਬਚਾਅ ਪ੍ਰਤੀ ਜਾਗਰੂਕ ਕਰਨਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਡਿਜ਼ੀਟਲ ਵਿਜ਼ਨ ਸਿੰਡ੍ਰੋਮ ਤੋਂ ਬਚਣ ਲਈ 20-20-20 ਦਾ ਰੂਲ ਅਪਣਾਇਆ ਜਾਵੇ। ਕੰਪਿਊਟਰ, ਸਮਾਰਟਫੋਨ ਨੂੰ ਪ੍ਰਯੋਗ ਕਰਦੇ ਸਮੇਂ ਹਰ 20 ਮਿੰਟਾਂ ਵਿੱਚ 20 ਸਕਿੰਟਾਂ ਦਾ ਬ੍ਰੇਕ ਲਓ ਅਤੇ 20 ਫੁੱਟ ਦੂਰ ਕਿਸੇ ਵਸਤੂ ਨੂੰ ਦੇਖੋ।
ਅੱਖਾਂ ਦੇ ਮਾਹਿਰ ਡਾ ਮੀਨੂ ਸਿੱਧੂ ਨੇ ਵਿਦਿਆਰਥੀਆਂ ਨੂੰ ਸੰਤੁਲਤ ਭੋਜਨ ਦਾ ਸੇਵਨ ਕਰਨ, ਖਾਣੇ ਵਿੱਚ ਵਿਟਾਮਿਨ ਏ ਯੁਕਤ ਭੋਜਨ ਸ਼ਾਮਿਲ ਕਰਨ, ਅੱਖਾਂ ਨੂੰ ਸੂਰਜ ਦੀ ਸਿੱਧੀ ਰੋਸ਼ਨੀ ਤੋਂ ਬਚਾਉਣ, ਖਤਰਨਾਕ ਕੰਮ ਵਾਲੀਆਂ ਥਾਵਾਂ ਤੇ ਅੱਖਾਂ ਨੂੰ ਬਚਾਉਣ ਲਈ ਸੁਰੱਖਿਆ ਚਸ਼ਮਾ ਪਾਉਣ, ਸਮੇਂ-ਸਮੇਂ ‘ਤੇ ਡਾਕਟਰੀ ਜਾਂਚ ਕਰਵਾਉਣ ਲਈ ਪ੍ਰੇਰਿਆ। ਉਹਨਾ ਦੱਸਿਆ ਕਿ ਇਸ ਦਿਨ ਨੂੰ ਮਨਾਉਣ ਦਾ ਮੁੱਖ ਮੰਤਵ ਡਿਜੀਟਲ ਉਪਕਰਣਾਂ ਤੇ ਨਿਰਭਰਤਾ ਕਾਰਣ ਅੱਖਾਂ ਦੀ ਸਿਹਤ ਨੂੰ ਹੋ ਰਹੇ ਨੁਕਸਾਨ ਤੋਂ ਬਚਣ ਲਈ ਪ੍ਰੇਰਿਤ ਕਰਨਾ ਹੈ। ਡਾ ਸਿੱਧੂ ਨੇ ਆਪਣੇ ਸੁਝਾਵੀ ਭਾਸ਼ਣ ਵਿਚ ਬੋਲਦਿਆਂ ਕਿਹਾ ਕਿ ਵਧੀਆ ਖਾਣ-ਪੀਣ ਅਤੇ ਰੋਜ਼ਮੱਰ੍ਹਾ ਦੀਆਂ ਗਤੀਵਿਧੀਆਂ ਵਿਚ ਥੋੜ੍ਹੀ ਜਿਹੀ ਚੌਕਸੀ ਵਰਤ ਕੇ ਅਸੀਂ ਆਪਣੀਆਂ ਅੱਖਾਂ ਨੂੰ ਤੰਦਰੁਸਤ ਰੱਖ ਸਕਦੇ ਹਾਂ।
ਡਿਪਟੀ ਮਾਸ ਮੀਡੀਆ ਅਫਸਰ ਡਾ. ਤ੍ਰਿਪਤਾ ਦੇਵੀ ਨੇ ਕਿਹਾ ਕਿ ਵਿਦਿਆਰਥੀ ਵਰਗ ਲਈ ਪੜ੍ਹਾਈ ਦੇ ਚੱਲਦੇ ਅੱਖਾਂ ਦੀ ਤੰਦਰੁਸਤੀ ਬਹੁਤ ਅਹਿਮੀਅਤ ਰੱਖਦੀ ਹੈ। ਸਾਨੂੰ ਅੱਖਾਂ ਦੀ ਤੰਦਰੁਸਤੀ ਲਈ ਹਰ ਰੋਜ਼ ਅੱਖਾਂ ਦੇ ਡੇਲਿਆਂ ਨੂੰ ਘੁਮਾਉਣਾ, ਅੱਖਾਂ ਦੀਆਂ ਪਲਕਾਂ ਨੂੰ ਬਾਰ-ਬਾਰ ਖੋਲ੍ਹਣਾ ਤੇ ਬੰਦ ਕਰਨਾ ਆਦਿ ਕਸਰਤ ਕਰਨੀ ਚਾਹੀਦੀ ਹੈ। ਉਨ੍ਹਾਂ ਸਲਾਦ ਦੀ ਵਰਤੋਂ ਅਤੇ ਹਰੀਆਂ ਪੱਤੇਦਾਰ ਸਬਜੀਆਂ ਨੂੰ ਭੋਜਨ ਦਾ ਅਨਿੱਖੜਵਾਂ ਅੰਗ ਬਣਾਉਣ ਦੀ ਸਲਾਹ ਵੀ ਦਿੱਤੀ।
ਇਸ ਮੌਕੇ ਵਿਦਿਆਰਥੀਆਂ ਦੇ ਪੋਸਟਰ ਮੇਕਿੰਗ ਮੁਕਾਬਲੇ ਵੀ ਕਰਵਾਏ ਗਏ ਅਤੇ ਵਿਦਿਆਰਥੀਆਂ ਨੂੰ ਸਿਹਤ ਵਿਭਾਗ ਵੱਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਸ੍ਰੀਮਤੀ ਰਮਨਦੀਪ ਕੌਰ ਵੱਲੋਂ ਸਿਹਤ ਵਿਭਾਗ ਵੱਲੋਂ ਵਿਦਿਆਰਥੀਆਂ ਨਾਲ ਵੱਡਮੁੱਲੀ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ ਕੀਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleSAMAJ WEEKLY = 11/10/2024
Next articleਰਾਸ਼ਟਰੀ ਸਵੈ-ਇਛੁੱਕ ਖੂਨਦਾਨ ਦਿਵਸ ਦੇ ਰਾਜ ਪੱਧਰੀ ਸਮਾਗਮ ਮੌਕੇ ਖੂਨਦਾਨੀ ਸਿੱਧੂ ਜੋੜਾ ਸਿਹਤ ਮੰਤਰੀ ਪੰਜਾਬ ਡਾ ਬਲਬੀਰ ਸਿੰਘ ਵਲੋਂ ਸਨਮਾਨਿਤ।