ਖਰੀਆਂ ਖਰੀਆਂ

ਅਮਨ ਕਾਨੂੰਨ ਦੀ ਸਥਿਤੀ ਹੋਈ ਨਾਜ਼ੁਕ!
 ਬੁੱਧ ਸਿੰਘ ਨੀਲੋਂ 
(ਸਮਾਜ ਵੀਕਲੀ) ਇਸ ਸਮੇਂ ਪੰਜਾਬ ਬੜੇ ਹੀ ਗੰਭੀਰ ਅਤੇ ਨਾਜ਼ਕ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਆਰਥਿਕ ਤੌਰ ਤੇ ਤਾਂ ਪੰਜਾਬ ਕਮਜ਼ੋਰ ਹੋ ਹੀ ਰਿਹਾ ਹੈ । ਦੂਜੇ ਪਾਸੇ ਸਮਾਜ ਵਿੱਚ ਜਿਸ ਤਰ੍ਹਾਂ ਦੀ ਅਫਰਾ ਤਫਰੀ ਫੈਲੀ ਹੋਈ ਹੈ। ਇਸ ਨੂੰ ਵੇਖਦਿਆਂ ਲੱਗਦਾ ਹੈ ਕਿ ਜਿਸ ਤਰ੍ਹਾਂ ਪੰਜਾਬ ਦਾ ਕੋਈ ਵਾਲੀ ਵਾਰਸ ਨਾ ਹੋਵੇ। ਪੰਜਾਬ ਵਿੱਚ ਅਜੇ ਤੱਕ ਕੋਈ ਪੱਕਾ ਡੀਜੀਪੀ ਨਹੀਂ ਲਗਾਇਆ ਗਿਆ ਜਿਸ ਕਰਕੇ ਪੰਜਾਬ ਪੁਲਿਸ ਦੇ ਬਹੁਤ ਸਾਰੇ ਮੁਲਾਜ਼ਮ ਆਪਣੀਆਂ ਮਨਮਾਨੀਆਂ ਕਰ ਰਹੇ ਹਨ ਪਿਛਲੇ ਕਈ ਦਿਨਾਂ ਤੋਂ ਪੁਲਿਸ ਮੁਲਾਜ਼ਮਾਂ ਉੱਪਰ ਰਿਸ਼ਵਤ ਅਤੇ ਨਸ਼ਾ ਤਸਕਰੀ ਕਰਨ ਦੇ ਦੋਸ਼ ਲੱਗਦੇ ਆ ਰਹੇ ਹਨ। ਪੰਜਾਬ ਵਿੱਚ ਪਿਛਲੇ ਦਿਨੀ ਕਾਂਗਰਸ ਪਾਰਟੀ ਨੇ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਥਾਣਿਆਂ ਨੂੰ ਘੇਰਿਆ ਸੀ। ਉਸ ਸਮੇਂ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਇਹ ਦੋਸ਼ ਲਗਾਉਂਦੇ ਆ ਆਖਿਆ ਸੀ ਕਿ ਜਿਸ ਸੂਬੇ ਦਾ ਮੁੱਖ ਮੰਤਰੀ ਸੁਰੱਖਿਆ ਤੇ ਨਹੀਂ ਉਸ ਸੂਬੇ ਦੇ ਆਮ ਲੋਕਾਂ ਦਾ ਕੀ ਹਾਲ ਹੋਵੇਗਾ ਉਹਨਾਂ ਨੇ ਕਿਹਾ ਸੀ ਕਿ 15 ਅਗਸਤ ਨੂੰ ਪੰਜਾਬ ਦੇ ਮੁੱਖ ਮੰਤਰੀ ਨੇ ਬੁੱਲਟ ਪਰੂਫ ਕੈਵਿਨ ਵਿੱਚ ਖੜ ਕੇ ਪੰਜਾਬ ਦੇ ਵਾਸੀਆਂ ਨੂੰ ਆਜ਼ਾਦੀ ਦੀਆਂ ਵਧਾਈਆਂ ਦਿੱਤੀਆਂ ਸਨ। ਜਿਸ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਕਿਸ ਹੱਦ ਤੱਕ ਵਿਗੜ ਗਈ ਹੈ। ਪੰਜਾਬ ਵਿੱਚ ਲਗਾਤਾਰ ਹੋ ਰਹੇ ਕਤਲਾਂ ਅਤੇ ਸ਼ਰੇਆਮ ਚਲਦੀਆਂ ਗੋਲੀਆਂ ਨੇ ਆਮ ਲੋਕਾਂ ਦਾ ਜਿਉਣਾ ਦੁਬਰ ਕਰ ਦਿੱਤਾ ਹੈ। ਪੰਜਾਬ ਵਿੱਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਤਾਂ ਐਨੀਆਂ ਵੱਧ ਗਈਆਂ ਹਨ ਕਿ ਹਰ ਦਿਨ ਲੋਕਾਂ ਨੂੰ ਦਿਲ ਦਿਹਾੜੇ ਲੁਟੇਰੇ ਲੁੱਟ ਕੇ ਲੈ ਜਾਂਦੇ ਹਨ। ਪੰਜਾਬ ਦੇ ਲੋਕਾਂ ਨੇ ਕਾਂਗਰਸ ਅਤੇ ਅਕਾਲੀਆਂ ਤੋਂ ਦੁਖੀ ਹੋ ਕੇ ਆਮ ਆਦਮੀ ਪਾਰਟੀ ਵਾਲਿਆਂ ਨੂੰ ਸੱਤਾ ਸੰਭਾਲੀ ਸੀ ਪਰ  ਇਹਨਾਂ ਨੇ ਲੋਕਾਂ ਦੀਆਂ ਭਾਵਨਾਵਾਂ ਨੂੰ ਨਜ਼ਰ ਅੰਦਾਜ਼ ਕਰਕੇ ਆਪਣੀਆਂ ਝੋਲੀਆਂ ਭਰਨ ਤੇ ਜ਼ੋਰ ਦਿੱਤਾ ਹੋਇਆ ਹੈ। ਪੰਜਾਬ ਵਿੱਚ ਉਸੇ ਤਰ੍ਹਾਂ ਰੇਤ ਮਾਫੀਆ, ਟਰਾਂਸਪੋਰਟ ਮਾਫੀਆ, ਨਸ਼ਿਆਂ ਦੇ ਤਸ਼ਕਰ ਅਤੇ ਗੈਂਗ ਸਟਰ ਸ਼ਰੇਆਮ ਲੋਕਾਂ ਨੂੰ ਚੁਣੌਤੀਆਂ ਦੇ ਰਹੇ ਹਨ। ਜੇਕਰ ਸਕੂਲਾਂ ਦੀ ਗੱਲ ਕੀਤੀ ਜਾਵੇ ਤਾਂ ਪ੍ਰਾਇਮਰੀ ਸਕੂਲ ਤੋਂ ਯੂਨੀਵਰਸਿਟੀ ਤੱਕ ਅਧਿਆਪਕਾਂ ਦੀ ਕਮੀ ਪਾਈ ਜਾ ਰਹੀ ਹੈ। ਪੰਜਾਬ ਵਿੱਚ ਇਸ ਵਕਤ 15 ਯੂਨੀਵਰਸਿਟੀਆਂ ਹਨ ਜਿਨ੍ਹਾਂ ਵਿੱਚੋਂ 10 ਵਿੱਚ ਵਾਈਸ ਚਾਂਸਲਰ ਦੀਆਂ ਪੋਸਟਾਂ ਖਾਲੀ ਹਨ। ਇਸੇ ਤਰ੍ਹਾਂ ਸਿੱਖਿਆ ਵਿਭਾਗ ਦੇ ਵਿੱਚ ਪਿਛਲੇ 25 ਸਾਲ ਤੋਂ ਕੋਈ ਵੀ ਪੱਕੀ ਭਰਤੀ ਨਹੀਂ ਹੋਈ ਜਿਸ ਕਾਰਨ ਸਰਕਾਰੀ ਕਾਲਜ ਪੱਕੇ ਅਧਿਆਪਕਾਂ ਤੋਂ ਵਿਹੂਣੇ ਹੋ ਰਹੇ ਹਨ। ਪੰਜਾਬ ਸਰਕਾਰ ਨੇ ਉਨਾ ਪੈਸਾ ਪੰਜਾਬ ਦੇ ਵਿਕਾਸ ਉੱਤੇ ਨਹੀਂ ਖਰਚੇ ਆ ਜਿੰਨਾ ਇਹ ਉਹਨਾਂ ਨੇ ਇਸ਼ਤਿਹਾਰਬਾਜ਼ੀ ਉੱਤੇ ਖਰਚ ਦਿੱਤਾ ਹੈ। ਪੰਜਾਬ ਕਰਜ਼ੇ ਦੀ ਪੰਡ ਹੇਠ ਆਇਆ ਹੋਇਆ ਹੈ। ਪੰਜਾਬ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਜਿਹੜੇ ਵਾਅਦੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨਾਲ ਕੀਤੇ ਸੀ ਉਹਨਾਂ ਨੂੰ ਦੂਰ ਨਹੀਂ ਪਿਆ ਨਾ ਹੀ ਪੰਜਾਬ ਵਿੱਚੋਂ ਨਸ਼ਿਆਂ ਦੇ ਤਸਕਰ ਫੜੇ ਗਏ ਹਨ ਤੇ ਨਾ ਹੀ ਰੇਤ ਬੱਜਰੀ ਦੀ ਮਾਈਨਿੰਗ ਕਰਨ ਵਾਲੇ ਗਰੋਹ ਸਰਗਰਮ ਹਨ। ਪੰਜਾਬ ਸਰਕਾਰ ਨੇ ਪਿਛਲੇ ਦਿਨੀ ਕੇਂਦਰ ਸਰਕਾਰ ਨੂੰ ਚਿੱਠੀ ਲਿਖ ਕੇ ਕਰਜੇ ਦੀ ਲਿਮਟ ਵਧਾਉਣ ਦੀ ਮੰਗ ਕੀਤੀ ਹੈ ਪੰਜਾਬ ਸਰਕਾਰ ਇਸ ਮੌਕੇ 34 ਲੱਖ ਕਰੋੜ ਰੁਪਿਆ ਕੇਂਦਰ ਸਰਕਾਰ ਤੋਂ ਲੈ ਚੁੱਕੀ ਹੈ ਤੇ 10 ਲੱਖ ਕਰੋੜ ਰੁਪਿਆ ਹੋਰ ਮੰਗ ਰਹੀ ਹੈ। ਪੰਜਾਬ ਵਿੱਚ ਪਿਛਲੇ ਢਾਈ ਸਾਲ ਤੋਂ ਲਗਾਤਾਰ ਕਰਜ਼ਾ ਲੈ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਇਸ਼ਤਿਹਾਰਬਾਜ਼ੀ ਉਪਰ ਖਰਚ ਕਰ ਰਹੀ ਹੈ। ਪੰਜਾਬ ਵਿੱਚ ਸਰਕਾਰੀ ਦਫਤਰ ਠੇਕੇ ਦੀ ਭਰਤੀ ਅਤੇ ਡੇਲੀ ਵੇਜ਼ ਮੁਲਾਜ਼ਮਾਂ ਦੇ ਸਿਰ ਉੱਤੇ ਚਲਦੇ ਹਨ। ਸਰਕਾਰੀ ਦਫਤਰਾਂ ਵਿੱਚੋਂ ਹਰ ਸਾਲ ਹਜ਼ਾਰਾਂ ਮੁਲਾਜ਼ਮ ਸੇਵਾ ਮੁਕਤ ਹੋ ਰਹੇ ਹਨ। ਪੰਜਾਬ ਸਰਕਾਰ ਨੇ ਪਿਛਲੇ ਦਿਨੀ 10 ਕਾਲਜਾਂ ਨੂੰ ਪ੍ਰਾਈਵੇਟ ਹੱਥਾਂ ਦੇ ਵਿੱਚ ਸੌਂਪਣ ਦੀ ਯੋਜਨਾ ਉਲੀਕੀ ਸੀ ਜਿਸ ਨੂੰ ਵਿਰੋਧ ਹੋਣ ਦੇ ਬਾਵਜੂਦ ਵਾਪਸ ਲੈ ਲਿਆ ਸੀ। ਪੰਜਾਬ ਦਾ ਮੁੱਖ ਮੰਤਰੀ ਇਸ ਵਕਤ ਦਿੱਲੀ ਜੇਰੇ ਇਲਾਜ ਅਧੀਨ ਹੈ । ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਦਿਨੋਂ ਦਿਨ ਵਿਗੜਦੀ ਜਾ ਰਹੀ ਹੈ ਜੇਕਰ ਇਸ ਨੂੰ ਨਾ ਸੰਭਾਲਿਆ ਤਾਂ ਪੰਜਾਬ ਵਿੱਚ ਫਿਰ ਤੋਂ ਕੇਂਦਰ ਸਰਕਾਰ ਨੂੰ ਦਖਲ ਦੇਣ ਤੋਂ ਰੋਕਿਆ ਨਹੀਂ ਜਾ ਸਕਦਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਪੱਥਰ
Next articleਸ਼ੋਸ਼ਲ ਮੀਡੀਆ ਤੇ ਸਮਾਜ