ਜਦੋਂ ਧਰਤੀ ਕੰਬੀ ਸੀ

ਗੁਰਨਾਮ ਬਾਵਾ
ਗੁਰਨਾਮ ਬਾਵਾ
(ਸਮਾਜ ਵੀਕਲੀ)  “ਮਾਂ ਮੈ ਜਦ ਦੀ ਹੋਸ਼ ਸੰਭਾਲੀ ਹੈ ਤੁਸੀ ਮੈਨੂੰ ਕਦੀ ਵੀ ਨਾਨੀ ਘਰ ਨਹੀ ਲੈਕੇ ਗਏ ਜਿਵੇੰ ਚਾਚੀ ਰਮਨ ਨੂੰ ਹਰ ਸਾਲ ਛੁੱਟੀਆਂ ਚ ਲੈ ਕੇ ਜਾਂਦੀ ਹੈ ਨਾ ਹੀ ਕੋਈ ਮਾਮਾ ਜਾਂ ਮਾਸੀ ਸਾਡੇ ਕੋਲ ਕਦੀ ਆਏ ਨੇ, ਕਿਉ?” ਜੀਤ ਦੇ ਮਨ ਵਿੱਚ ਇਹ ਸਵਾਲ  ਬਹੁਤ ਦੇਰ ਦਾ ਉਠਦਾ ਆ ਰਿਹਾ ਸੀ।ਜੋ ਅੱਜ ਉਸਨੇ ਆਪਣੀ ਤੋਂ ਮਾਂ ਨੂੰ ਪੁੱਛ ਹੀ ਲਿਆ।
“ਜੀਤ ਪੁੱਤ ਜੇਕਰ ਮਾਂ ਦੇ ਪੇਕੇ ਹੋਣ ਤਾਂ ਬੱਚਿਆਂ ਦੇ ਵੀ ਨਾਨਕੇ  ਹੁੰਦੇ ਹਨ ” ਕਹਿੰਦਿਆਂ ਰਾਣੀ ਨੇ ਅੱਖਾਂ ਪੁੰਝੀਆਂ ਤੇ ਫਿਰ ਵਿਹਡ਼ੇ ਚ ਬੋਕਰ ਫੇਰਨ ਲਗੀ। ਮਾਂ ਦਾ ਜਵਾਬ ਸੁਣਕੇ ਜੀਤ ਦੀ ਤਸੱਲੀ ਨਾ ਹੋਈ ਤਾਂ ਉਹ ਫਿਰ ਬੋਲਿਆ ” ਮਾਂ ਤੂੰ ਸਿੱਧੀ ਗੱਲ ਦੱਸ ਬੁਝਾਰਤਾਂ ਨਾ ਪਾ “। ਇਹ ਸਵਾਲ ਨੂੰ ਸੁਣਕੇ ਰਾਣੀ ਖਿਝ ਕੇ ਬੋਲੀ ” ਜਾ ਪੁੱਤ ਅੰਦਰ ਜਾ ਕੇ ਪੜ੍ਹ ਤੇਰਾ ਕਲ ਪੇਪਰ ਹੈ ਤੇ ਮੈਨੂੰ ਵੀ ਕੰਮ ਕਰ ਲੈਣ ਦੇ “।
ਜੀਤ ਨੇ ਬਚਪਨ ਤੋਂ ਮਾਂ ਨੂੰ ਉਦਾਸ ਤੇ ਕਈ ਵਾਰ ਇੱਕਲੀ ਨੂੰ ਚੋਰੀ ਚੋਰੀ ਰੋਂਦਿਆਂ ਵੇਖਿਆ ਸੀ। ਅੱਜ ਉਹ ਮਾਂ ਦੇ ਅੰਦਰ ਦਾ ਗੁਬਾਰ ਬਾਹਰ ਕੱਢਣਾ ਚਾਹੁੰਦਾ ਸੀ।ਹੁਣ ਉਹ ਵੀ ਜਵਾਨੀ ਚ ਪੈਰ ਰੱਖ ਰਿਹਾ ਸੀ ਤੇ ਸਾਰੀ ਗੱਲ ਸਮਝਦਾ ਸੀ।
   ਜੀਤ ਨੇ ਪਿਆਰ ਨਾਲ ਮਾਂ ਦੇ ਹੱਥੋ ਬੋਕਰ ਫੜ ਲਈ ਤੇ ਉਹਨੂੰ ਪਿਆਰ ਨਾਲ ਕਲਾਵੇ ਚ ਲੈ ਮੰਜੀ ਤੇ ਲਿਆ ਬੈਠਾ। ” ਮਾਂ ਦੱਸ ਕੁੱਛ ਤਾਂ ਦੱਸ ਮੇਰੇ ਨਾਨਕੇ ਕਿਥੇ ਨੇ? ” ਇਹ ਸਵਾਲ ਸੁਣਕੇ ਰਾਣੀ ਅੱਖਾਂ ਨੀਵੀਂ ਪਈ ਬੋਲੀ ” ਪੁੱਤ ਉਹ ਤਾਂ ਹਰ ਵੇਲੇ ਮੇਰੀਆਂ ਯਾਦਾਂ ਚ ਮੇਰੇ ਨਾਲ ਨੇ ਪਰ ਪੁੱਤ ਸਰੀਰ ਤਾਂ ਉਹਨਾਂ ਦੇ ਕਦੋ ਦੇ ਮੁੱਕ ਗਏ ਹਨ ” ਹੁਣ ਰਾਣੀ ਦੀ ਭੁੱਬ ਨਿਕਲ ਗਈ। ” ਮਾਂ ਨਾ ਰੋ ਮੈ ਨਹੀ ਪੁੱਛਦਾ ਅੱਜ ਬਾਅਦ ਤੇਰੇ ਤੋਂ ਕੋਈ ਵੀ ਸਵਾਲ ਉਨ੍ਹਾਂ ਬਾਰੇ ਪਲੀਜ ਹੁਣ ਤੂੰ ਚੁੱਪ ਹੋ ਜਾ ” ਜੀਤ ਉਸਦੀਆਂ ਅੱਖਾਂ ਦੇ ਹੰਝੂ ਪੂੰਝਦਾ ਕਹਿ ਰਿਹਾ ਸੀ। ਹੁਣ ਦੋਵੇਂ ਪਾਸੇ ਚੁੱਪ ਪਸਰ ਗਈ ਜਿਵੇੰ ਸਮੁੰਦਰ ਚ ਤੁਫਾਨ ਆਉਣ ਤੋਂ ਪਹਿਲਾਂ ਦੀ ਸ਼ਾਂਤੀ।
ਦੱਸ ਕੁ ਮਿੰਟ ਬਾਅਦ ਰਾਣੀ ਨੇ ਚੁੱਪ ਨੂੰ ਤੋਡ਼ਦਿਆ ਬੋਲਣਾ ਸ਼ੁਰੂ ਕੀਤਾ ” ਜਾ ਪੁੱਤ ਪਾਣੀ ਦਾ ਗਲਾਸ ਲਿਆ ਕੇ ਦੇ ਮੈ ਦਸਦੀ ਹਾਂ ਸਾਰੀ ਗੱਲ ਤੈਨੂੰ ਤੇਰਿਆਂ ਨਾਨਕੇ ਬਾਰੇ “। ਜੀਤ ਨੇ ਪਾਣੀ ਦਾ ਗਲਾਸ ਲਿਆ ਰਾਣੀ ਨੂੰ ਫੜਾ ਦਿੱਤਾ ਤਾਂ ਰਾਣੀ ਨੇ ਪਾਣੀ ਦਾ ਗਲਾਸ ਮੂੰਹ ਨਾਲ ਲਾ ਪਾਣੀ ਇੰਝ ਅੰਦਰ ਸੁਟਿਆ ਜਿਵੇੰ ਅੰਦਰ ਬਲ ਰਹੇ ਅੱਗ ਦੇ ਭੰਬੜ ਨੂੰ ਸ਼ਾਂਤ ਕਰਨਾ ਚਾਹੁੰਦੀ ਹੋਵੇ। ਪਾਣੀ ਪੀ ਕੇ ਰਾਣੀ ਨੇ ਬੋਲਣਾ ਸ਼ੁਰੂ ਕੀਤਾ ” ਜੀਤ ਤੇਰੇ ਨਾਨਾ ਜੋਗਿੰਦਰ ਸਿੰਘ ਜੀ ਟਰਾਂਸਪੋਰਟ ਦਾ ਕਾਰੋਬਾਰ ਕਰਦੇ ਸਨ ਤੇਰਾ ਮਾਮਾ ਮਨਜੀਤ ਸਿੰਘ ਮੇਰੇ ਤੋਂ ਤਿੰਨ ਸਾਲ ਵੱਡਾ ਸੀ ਉਹਨੇ ਦਸਵੀਂ ਤੋਂ ਬਾਅਦ ਪੜ੍ਹਾਈ ਛੱਡ ਦਿੱਤੀ ਸੀ ਤੇ ਭਾਪਾ ਜੀ ਨਾਲ ਕੰਮ ਤੇ ਜਾਣਾ ਸ਼ੁਰੂ ਕਰ ਦਿੱਤਾ ਸੀ ਤੇ ਫਿਰ ਤੇਰੇ ਮਾਮੇ ਨੇ ਟਰੱਕ ਸਪੇਅਰ ਪਾਰਟਸ ਦੀ ਦੁਕਾਨ ਖੋਲ ਲਈ ਸੀ ਮੈ ਵੀ ਉਸ ਵੇਲੇ ਦਸਵੀਂ ਕਰ ਗਿਆਰ੍ਹਵੀਂ ਵਿੱਚ ਹੋ ਗਈ ਸਾਂ ਤੇਰੀ ਨਾਨੀ ਜਗੀਰ ਕੌਰ ਬੜੀ ਸਿਆਣੀ ਤੇ ਸਾਉ ਸੁਭਾਅ ਦੀ ਸੀ ਸਮਝ ਲੈ ਖੁਸ਼ਹਾਲ ਪਰਿਵਾਰ ਸੀ ਸਾਡਾ ਅਸੀਂ ਬਕਾਰੋਂ ਦੇ ਚਾਸ ਵਿੱਚ ਰਹਿੰਦੇ ਸੀ ਉਸ ਵੇਲੇ ਸਾਰਾ ਬਿਹਾਰ ਸੀ ਆ ਝਾਰਖੰਡ ਨਹੀ ਸੀ ਬਣਿਆ “। ਰਾਣੀ ਇਕੋ ਸਾਹ ਚ ਸਭ ਕੁਝ ਬੋਲ ਰਹੀ ਸੀ ਹੁਣ ਉਹ ਥੋੜ੍ਹਾ ਚੁੱਪ ਹੋਈ ਤਾਂ ਜੀਤ ਫਿਰ ਬੋਲ ਪਿਆ ” ਅੱਛਾ! ਫਿਰ ਤਾਂ ਨੇੜੇ ਹੀ ਸਨ ਨਾਨਕੇ ਮੇਰੇ ” ਪਰ ਜੀਤ ਅਗੋ ਕੁਝ ਹੋਰ ਪੁੱਛਦਾ ਰਾਣੀ ਆਪ ਹੀ ਦੱਸਣ ਲੱਗ ਪਈ ” ਪੁੱਤ ਇੱਕ ਦਿਨ ਚਾਲ੍ਹੀ ਕੁ ਸਾਲ ਪਹਿਲਾਂ ਆਪਣੇ ਦੇਸ਼ ਦਾ ਇੱਕ ਵੱਡਾ ਦਰੱਖਤ ਡਿਗਿਆ ਤੇ ਉਸ ਨਾਲ ਸਾਰੇ ਮੁਲਕ ਦੀ ਧਰਤੀ ਕੰਬੀ ਹੀ ਨਹੀ ਸੀ ਸਗੋ ਇੱਕ ਨਫ਼ਰਤ ਦੀ ਅੱਗ ਦਾ ਹੜ ਹੀ ਆ ਗਿਆ ਸੀ ਚਾਰੋ ਪਾਸਿਓਂ ਇਹੋ ਅਵਾਜਾਂ ਆ ਰਹੀਆ ਸਨ ਵੋਹ ਆ ਗਿਆ ਸਿੱਖੜਾਂ ਮਾਰੋ ਸਾਲੇ ਕੋ, ਖੂਨ ਕਾ ਬਦਲਾ ਖੂਨ, ਉਸ ਅੱਗ ਤੋਂ ਭਾਪਾ ਜੀ ਅਤੇ ਵੀਰ ਨੂੰ ਬਚਾਉਂਦਿਆਂ ਬੀਬੀ ਵੀ ਉਸ ਅੱਗ ਚ ਸੁਆਹ ਹੋ ਗਈ, ਭੀੜ ਨੱਚ ਰਹੀ ਸੀ ” ਹੁਣ ਚੁੱਪ ਹੁੰਦਿਆਂ ਰਾਣੀ ਦੀਆਂ ਅੱਖਾਂ ਚ ਹੰਝੂ ਨਹੀ ਅੱਗ ਦੀਆਂ ਲਪਟਾ ਸਨ।
ਜੀਤ ਦੇ ਇਹ ਪੁੱਛਣ ਤੋਂ ਪਹਿਲਾ ਕਿ ਮਾਂ ਤੂੰ ਉਸ ਵੇਲੇ ਕਿਥੇ ਸੀ? ਰਾਣੀ ਨੇ ਆਪ ਹੀ ਫਿਰ ਦੱਸਣਾ ਸ਼ੁਰੂ ਕੀਤਾ ” ਪੁੱਤ ਮੈ ਅਭਾਗਣ  ਉਸ ਵੇਲੇ ਲਾਲਾ ਪਿਸ਼ੋਰੀ ਲਾਲ ਦੇ ਘਰ ਗੁਆਂਢ ਚ ਉਸਦੀ ਧੀ ਤੇ ਆਪਣੀ ਸਹੇਲੀ ਅਨੀਤਾ ਨੂੰ ਮਿਲਣ ਗਈ ਸੀ ਜਦੋ ਮਾਹੌਲ ਚ ਕੁਝ ਸ਼ਾਂਤੀ ਹੋਈ ਤਾਂ ਲਾਲਾ ਜੀ ਮੈਨੂੰ ਪੰਜਾਬ ਮੇਰੀ ਭੂਆ ਜੀ ਕੋਲ ਛੱਡ ਆਏ ਸਨ ਫਿਰ ਦੋ ਕੁ ਸਾਲ ਬਾਅਦ ਭੂਆ ਜੀ ਨੇ ਮੇਰਾ ਵਿਆਹ ਕਰ ਦਿੱਤਾ ਤੇ ਤੇਰਾ ਬਾਪੂ ਮੈਨੂੰ ਫਿਰ ਇਥੇ ਟਾਟਾਨਗਰ ਲੈ ਆਇਆ “
ਗੁਰਨਾਮ ਬਾਵਾ
ਅੰਬਾਲਾ
8307364301
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article65ਵੀਂ ਆਲ ਇੰਡੀਆ ਰੇਲਵੇ ਰੈਸਲਿੰਗ ਚੈਂਪੀਅਨਸ਼ਿਪ ਰੇਲ ਕੋਚ ਫੈਕਟਰੀ, ਕਪੂਰਥਲਾ ਵਿਖੇ ਸ਼ੁਰੂ
Next articleਰੀਜ਼ਰਵ ਸਰਪੰਚ