*ਬੁੱਧ ਬਾਣ*

 *ਮਿੱਤਰਾਂ ਦੇ ਫੁਲਕੇ ਨੂੰ ਚਿੱਟੇ ਦਾ ਪਲੇਥਣ ਲਾਵਾਂ!*
ਬੁੱਧ ਸਿੰਘ ਨੀਲੋੰ
(ਸਮਾਜ ਵੀਕਲੀ) ਗੱਲਾਂ  ਮਿੱਤਰਾਂ ਦੀਆਂ ਹੀ ਨਹੀਂ, ਦੁਸ਼ਮਣਾਂ ਦੀਆਂ ਵੀ ਕਰਨ ਵਾਲੀਆਂ ਹਨ। ਗੱਲਾਂ ਤਾਂ ਬਹੁਤ ਹਨ, ਕਰਨ ਤੇ ਕਰਾਉਣ ਵਾਲੀਆਂ, ਆਪਣਾ ਪੱਲਾ ਚੁੱਕਿਆ, ਆਪਣਾ ਹੀ ਢਿੱਡ ਨੰਗਾ ਹੁੰਦਾ ਹੈ। ਪਰ ਸੱਚ ਦੀ ਦੇਲ੍ਹੀ ਕੌਣ ਲੰਘੇ? ਗੱਲਾਂ ਤੇ ਸਭ ਪਰਦੇ ਵਾਲੀਆਂ ਹਨ।  ਪਰਦਾ ਚੁੱਕਿਆ ਸਭ ਕੁੱਝ ਨੰਗਾ ਹੋ ਜਾਂਦਾ ਹੈ। ਜਿਹੇ ਕੁੱਜੇ ਉਹੋ ਜਿਹੇ ਆਲੇ, ਜਿਹੇ ਜੀਜੇ ਉਹੇ ਜਿਹੇ ਸਾਲੇ, ਕਰਗੇ ਘਾਲੇ ਮਾਲੇ।
 ਹੁਣ ਵਿਆਹ ਦੇ ਇਹਨਾਂ ਗੀਤਾਂ ਨੂੰ ਕੌਣ ਯਾਦ ਕਰੇ? ਹੁਣ ਤੇ ਰੋਟੀ ਦੇ ਲਾਲੇ ਪੈ ਗਏ ਲੋਕਾਂ ਨੂੰ.!
ਪਰ ਮਨ ਕਿਥੇ ਟਿੱਕਦਾ ਹੈ, ਕੁੱਝ ਨ ਕੁੱਝ ਬੋਲੀ ਜਾਂਦਾ ਹੈ। ਤੁਸੀਂ ਵੀ ਸੁਣ ਲੋ ਤੇ ਯਾਦ ਕਰੋ! ਦੇਖੋ ਕਿ ਪਰਦਾ ਹਿਲਦਾ ਹੈ ? ਅਖੇ ! ਮੇਰੀ ਲੱਗਦੀ ਕਿਸੇ ਨਾ ਦੇਖੀ, ਟੁੱਟ ਗਈ ਨੂੰ ਜਗ ਜਾਣਦਾ। ਹਰ ਕੋਈ ਜਾਣਦਾ ਤੇ ਸਮਝਦਾ ਤਾਂ ਹੁੰਦਾ ਪਰ ਸ਼ਰਮ ਮਾਰ ਜਾਂਦੀ ਐ। ਲੋਕ ਕੀ ਕਹਿਣਗੇ ?  ਲੋਕਾਂ ਦਾ ਕੋਈ ਮੂੰਹ ਨਹੀਂ ਫੜ ਸਕਦਾ। ਲੋਕ ਆਪ ਕੀ ਕਰਦੇ ਐ ਕੀ ਇਹ ਲੋਕ ਨਹੀਂ ਜਾਣਦੇ?ਜਾਣਦੇ ਤੇ ਪਛਾਣਦੇ ਤਾਂ ਸਭ ਕੁੱਝ ਐ। ਪਰ ਮੂੰਹ ਤੇ ਨਹੀਂ ਪਿੱਠ ਪਿੱਛੇ ਬੋਲਣਗੇ। ਸਾਲਾ ਚਵਲ ਪੂਰਾ ਐ! ਇਹ ਬੋਲੀਆਂ ਮੈਂ ਤੇ ਨਹੀਂ ਬਣਾਈਆਂ। ਇਹ ਸਦੀਆਂ ਤੋਂ ਚਲੀਆਂ ਆ ਰਹੀ ਆਂ ਹਨ। ਡੋਲੀ ਦੇ ਵਿਦਾ ਹੋਣ ਵੇਲੇ ਸ਼ਰੀਕੇ ਦੀਆਂ ਧੀਆਂ ਨੂੰਹਾਂ  ਇਹ ਬੋਲੀ ਉਚੀ ਕਰਕੇ ਬੋਲਦੀ ਆਂ ਹਨ। ਪਰ ਰੋਲੇ ਗੋਲੇ ਵਿੱਚ ਕਿਸੇ ਦੇ ਕੰਨ ਵਿੱਚ ਪੈਦੀ ਐ ਜਾਂ ਨਹੀਂ । ਪਤਾ ਨਹੀਂ ?
ਲੋਕ ਬੋਲੀ – ਆਉਂਦੀ ਕੁੜੀਏ, ਜਾਂਦੀ ਕੁੜੀਏ
ਨੀ ਚਕ ਲਿਆ ਬਜ਼ਾਰ ਵਿਚੋਂ ਆਂਡੇ
ਨੀ ਰਸ ਪੀ ਗਏ ਪਿੰਡ ਦੇ ਮੁੰਡੇ
ਲਈ ਜਾਨਾਂ ਤੂ ਕੜਬ ਦੇ ਟਾਂਡੇ
ਨੀ ਰਸ ਪੀਗੇ ਪਿੰਡ ਦੇ ਮੁੰਡੇ।
ਪੱਲਾ ਮਾਰ ਕੇ ਬੁਝਾ ਗਈ ਦੀਵਾ
ਤੇ ਅੱਖ ਨਾਲ ਗੱਲ ਕਰ ਗਈ।
 ਤੁਰ ਚੱਲੇ, ਖਾਲੀ ਢਿੱਡ, ਪੈਰ ਪਾਟੈ, ਨੈਣੀ ਗਿੱਡ।
ਆਉਂਦੀ ਕੁੜੀਏ, ਜਾਂਦੀ ਕੁੜੀਏ
ਨੀ ਚੱਕ ਲਿਆ ਬਾਜ਼ਾਰ ਵਿਚੋਂ ਲੋਈ
ਨੀ ਪਹਿਲਾ ਮੁੰਡਾ ਮਿੱਤਰਾਂ ਦਾ,,,,,,,,!
ਲਾਵਾਂ ਵਾਲੇ ਦਾ ਉਜ਼ਰ ਨਾ ਕੋਈ
ਨੀ ਪਹਿਲਾ ਮੁੰਡਾ,,,,,,!
ਇਹ ਲੋਕ ਬੋਲੀਆਂ ਨੇ ਜੋ ਵਿਆਹ ਮੌਕੇ ਨਵੀਂ ਵਹੁਟੀ ਦੇ ਮੱਥਾ ਟਿਕਾਉਣ ਵੇਲੇ ਵਾਰ ਵਾਰ ਬੋਲੀਆਂ ਜਾਂਦੀਐ। ਦਾਦਕੀਆਂ ਤੇ ਨਾਨਕੀਆਂ ਜਿੱਦੋ  ਜਿੱਦੀ ਬੋਲੀਆਂ ਪਾਉਦੀਆਂ ਹਨ ਪਰ ਵਿਆਹ ਦੇ ਚਾਅ ਵਿੱਚ ਇਸ ਦੇ ਅਰਥ ਡੂੰਘੇ ਹੋ ਜਾਂਦੇ ਹਨ। ਕਿਸੇ ਦੇ ਗੇੜ ਵਿੱਚ ਨਹੀਂ ਆਉਦੇ। ਉਸਤਾਦ  ਸ਼ਾਇਰ ਤੇ ਭਾਸ਼ਾ ਵਿਗਿਆਨੀ ਸੁਰਜੀਤ ਖ਼ੁਰਸ਼ੀਦੀ ਆਖਿਆ ਕਰਦੇ ਸੀ ” ਜਿਸ ਦੇ ਮਿੱਤਰ ਹੋਣਗੇ ਤੇ ਉਸਦੇ ਦੁਸ਼ਮਣ ਵੀ ਬਨਣਗੇ। ਕਿਉਂਕਿ ਮਿੱਤਰਾਂ ਨੇ ਹੀ ਦੁਸ਼ਮਣ ਬਣ ਕੇ ਡੰਗ ਮਾਰਨਾ ਹੁੰਦਾ ।” ਮਿੱਤਰ ਮਾਰ ਹਰ ਇਕ ਨਾਲ ਕਦੇ ਨਾ ਕਦੇ ਹੁੰਦੀ ਐ। ਇਹ ਬੁੱਕਲ ਦੇ ਉਹ ਸੱਪ ਹੁੰਦੇ ਹਨ, ਜਿਹੜੇ ਜਦੋਂ ਵੀ ਦਾਅ ਲੱਗਿਆ ਡੰਗ ਮਾਰਦੇ ਹਨ। ਕੁਲਵੰਤ ਨੀਲੋਂ ਦਾ ਸ਼ਿਅਰ ਚੇਤੇ ਆ ਗਿਆ।
ਮੈਂ ਆਪਣਿਆਂ ਦਾ ਪੱਟਿਆ ਅਜੇ ਤੱਕ ਤਾਬ ਨਹੀਂ ਆਇਆ,
ਮੇਰੇ ਦੁਸ਼ਮਣ ਵੀ ਇਹਨਾਂ ਨਾਲ ਰਲ ਜਾਂਦੇ ਤਾਂ ਕੀ ਬਣਦਾ।
” ਘਰ ਦਾ ਭੇਤੀ ਲੰਕਾ ਢਾਹੇ” ਇਸੇ ਹੀ ਤਰ੍ਹਾਂ ਦੇ ਬੁੱਕਲ ਦੇ ਸੱਪਾਂ ਤੋਂ ਬਚਾਓ ਕਰਨਾ ਅਸੰਭਵ ਹੁੰਦਾ ਪਰ ਵਿਗਿਆਨਿਕ ਤੌਰ ਤੇ ਅਸੰਭਵ ਕੁੱਝ ਵੀ ਨੀ ਹੁੰਦਾ ..ਬਹੁਤ ਨੇ ਜਿਹਨਾਂ ਨੇ ਇਸ ਅਸੰਭਵ ਸ਼ਬਦ ਦੇ ਅਰਥ ਬਦਲੇ ਹਨ ਕਿਉਂਕਿ ਕੁੱਝ ਬਦਲਣ ਦੇ ਲਈ ਬਹੁਤ ਕੁੱਝ ਤਿਆਗ ਕਰਨਾ ਪੈਂਦਾ । ਤਿਆਗ ਉਹ ਕਰ ਸਕਦਾ ਜਿਸ ਕੋਲ ਹੁੰਦਾ ਹੈ, ਜਿਸਦੇ ਕੋਲ ਤਿਆਗ ਹੈ ਈ ਨਹੀਂ ਕਰਨ ਲਈ ਨਹੀਂ ਉਹ ਕੀ ਕਰੂ ? ਤਾਂ ਹੀ ਕਿਹਾ ਐ ” ਨੰਗੀ ਕੀ ਨਾਹੂ ਤੇ ਕੀ ਨਿਚੋੜ ਲਊ.।” ਪਰ ਇਹ ਨਹੀਂ ਕਿ ਹਰ ਕੋਈ ਨੰਗੀ ਵਾਂਗ ਹੈ ? ਪਰ ਮੋਦੀ ਨੇ ਨੰਗ ਜਰੂਰ ਕਰ ਦਿੱਤੇ । ਖੈਰ ਇਹ ਵੀ ਨਹੀਂ, ਸਾਡੇ ਕੋਲ ਪੰਜ ਪੱਕੇ ਮਿੱਤਰ ਤੇ ਦੁਸ਼ਮਣ ਹਨ ਜੇ ਸਹਿਜ ਦੇ ਨਾਲ਼ ਵਰਤਿਆ ਜਾਵੇ ਤਾਂ ਉਹ ਮਿੱਤਰ ਹਨ, ਨਹੀਂ ਫਿਰ ਉਹੀ ਦੁਸ਼ਮਣ ਹੈ, ਕਾਮ, ਕਰੋਧ, ਲੋਭ, ਮੋਹ ਤੇ ਹੰਕਾਰ, ਲਿਖਿਆ-ਪੜ੍ਹਿਆ ਤੇ ਸੁਣਿਆ ਤਾਂ ਸਭ ਨੇ ਹੈ ਪਰ ਕਦੇ  ਕਿਸੇ ਨੇ ਅਮਲ ਨਹੀਂ ਕੀਤਾ। ਕਿਸੇ ਵਸਤੂ ਦਾ ਅਮਲ ਕਰਨ ਨਾਲ ਬੰਦਾ ਅਮਲੀ ਬਣ ਜਾਂਦਾ ਐ। ਸਮਾਜ ਵਿੱਚ ਨਕਲੀ ਤੇ ਅਸਲੀ ਦਾ ਫਰਕ ਮਿੱਟ ਗਿਆ ਹੈ। ਨਸ਼ਾ ਮੁਕਤੀ ਦਾ ਕੈਂਪ ਲਗਾਇਆ, ਭੁੱਕੀ ਵੰਡ ਕੇ ਇਕੱਠ ਵਧਾਇਆ। ਚਾਰੇ ਪਾਸੇ ਅਮਲੀਆਂ ਦੀ ਭੀੜ ਵੱਡੀ ਹੋ ਰਹੀ ਹੈ..ਭੀੜ ਹੁਣ ਕਦੇ ਵੀ ਕਿਸੇ ਉਤੇ ਵੀ ਅਚਿੰਤੇ ਬਾਜ਼ ਵਾਂਗ ਪੈ ਰਹੀ ਹੈ ਕਿਉਂਕਿ ਭੀੜ ਦੇ ਪ੍ਰਿਤਪਾਲਕਾਂ ਦਾ ਉਹਨਾਂ ਦੇ ਸਿਰ ਉਤੇ ਹੱਥ ਹੈ। ਭਾਵੇਂ ਹੱਥੀਂ ਪਾਈਆਂ ਗੰਢਾਂ ਦੰਦਾਂ ਦੇ ਨਾਲ ਹੀ ਕਿਉਂ ਨਾ ਖੋਲ੍ਹਣੀਆਂ ਪੈਣ, ਤਾਕਤਵਰ ਸ਼ਾਤਰ ਇਹ ਗੰਢਾਂ ਲੋਕਮਨਾਂ ਦੇ ਵਿੱਚ ਪਾ ਰਹੇ ਹਨ ਇਸ ਕਰਕੇ ਹੁਣ ਭੀੜ ਤੇ ਲੋਕ ਸਮੂਹ ਦੇ ਅਰਥ ਰਲਗੱਡ ਹੋ ਗਏ ਹਨ। ਹੁਣ ਲੋਕਤੰਤਰ ਭੀੜਤੰਤਰ ਬਣ ਗਿਆ ਤੇ ਲੋਕਾਈ ਵੀਚਾਰੀ ਬਣ ਕੇ  ਦਿਨ ਕੱਟ ਰਹੀ ਹੈ। ਧਰਮ ਤੇ ਸ਼ਰਮ ਖੰਭ ਲਾ ਕੇ ਉਡ ਗਏ ਹਨ। ਭਾਵੇਂ ਚਹੁੰ ਕੂੰਟਾਂ ਵਿੱਚ ਬੇਧਰਮੀਆਂ ਦੀ ਭੀੜ ਹੜ੍ਹ ਵਾਂਗ ਵੱਡੀ ਹੋ ਰਹੀ ਹੈ…ਸਰਪੰਚਾਂ ਦਾ ਕਿਹਾ ਸਿਰ ਮੱਥੇ ਪਰਨਾਲਾ ਉਥੇ ਦਾ ਉਥੇ, ਵਰਗੇ ਹਾਲਾਤ ਬਣ ਰਹੇ ਹਨ। ਦੁਸ਼ਮਣ ਮਿੱਤਰ ਬਣ ਗਏ ਹਨ ਤੇ ਮਿੱਤਰ ਰੇਤ ਦੀ ਮੁੱਠੀ ਵਾਂਗ ਕਿਰ ਗਏ ਹਨ। ਵਗਦੀ ਦੀ ਹਨੇਰੀ ਵਿੱਚ ਤੂੜੀ ਦੀ ਪੰਡ ਕੌਣ ਬੰਨ੍ਹੇ ? ਕੁਲਵੰਤ ਵਿਰਕ ਦੀ ਕਹਾਣੀ ” ਤੂੜੀ ਦੀ ਪੰਡ ” ਚੇਤੇ ਆਉਦੀ ਹੈ। ਮੋਹਨ ਭੰਡਾਰੀ ਦੀ ਕਹਾਣੀ ਪਾੜ ਚੇਤੇ ਆ ਗਈ ਹੈ, ਸਮਾਜ ਵਿੱਚ ਵਧਦੇ ਪਾੜੇ ਨੂੰ ਭਰਨ ਲਈ, ਕਿਹੜਾ ਸਿਰ ਦੇਵੇ। ਚੇਤੇ ਦੀ ਚੰਗੇਰ ਵਿੱਚ ਤੇ ਸੱਜਰੀ ਸਵੇਰ ਵਿੱਚ ਹੁਣ ਅੰਤਰ ਮਿੱਟ ਗਿਆ ਹੈ। ਬਸ ਹੁਣ ਤਾਂ ਲੋਕਾਂ ਨੂੰ ਰੋਟੀ ਦੇ ਲਾਲੇ ਪਏ ਹਨ, ਭੁੱਖਾ ਮਰਦਾ ਕੀ ਨੀ ਕਰਦਾ ਦੇ ਅਰਥ ਬਦਲ ਰਹੇ ਹਨ। ਸਮਾਜ ਵਿੱਚ ਸ਼ਬਦਾਂ ਦੇ ਤਾਂ ਅਰਥ ਬਦਲ ਰਹੇ ਹਨ ਜੇ ਕੁੱਝ ਬਦਲ ਨਹੀਂ ਰਿਹਾ ਤਾਂ ਲੋਕਾਂ ਦਾ ਜੀਵਨ..ਨਹੀਂ .ਭਾਵੇਂ ਹੁਣ ਰਹਿਣ ਸਹਿਣ, ਬੋਲ-ਚਾਲ, ਖਾਣ -ਪੀਣ ਤੇ ਪਹਿਰਾਵਾ ਬਦਲ ਗਿਆ ਹੈ। ਘਰ ਕੱਚਿਆਂ ਤੋਂ ਪੱਕੇ ਹੋ ਗਏ ਪਰ ਲੋਕ ਮਨ ਦੇ ਕੱਚੇ ਹੋ ਗਏ। ਸਮਾਜ ਬਦਲ ਵੀ ਰਿਹਾ ਤੇ ਕਿਰ ਵੀ ਰਿਹਾ। ਜੁੜ ਵੀ ਰਿਹਾ ਤੇ ਰੁੜ੍ਹ  ਵੀ ਰਿਹਾ, ਕੁੜ੍ਹ ਵੀ ਰਿਹਾ। ਹਰ ਕੋਈ ਬੁੜ-ਬੁੜ ਤਾਂ  ਕਰਦਾ ਹੈ ਪਰ ਕਿਸੇ ਨੂੰ ਸਮਝ ਨਹੀਂ  ਪੈਂਦੀ ਕਿ ਬੰਦਾ ਕੀ ਕਰਦਾ ਹੈ। ਹੁਣ ਸਮਝ ਤਾਂ ਆਵੇਗੀ ਜੇ ਗਿਆਨ ਹੋਵੇਗਾ । ਗਿਆਨ ਹਾਸਲ ਕਰਨ ਲਈ ਸਿਖਿਆ ਲੈਣੀ ਪਵੇਗੀ, ਹੁਣ ਸਿੱਖਿਆ ਮੁੱਲ ਮਿਲਦੀ ਹੈ। ਹੁਣ ਮੁੱਲ ਦੀ ਸਿਖਿਆ ਤਾਂ ਲਈ ਜਾ ਸਕਦੀ ਹੈ ਪਰ ਗਿਆਨ ਹਾਸਲ ਨਹੀਂ ਕੀਤਾ ਜਾ ਸਕਦਾ। ਗਿਆਨ ਹਾਸਲ ਕਰਨ ਲਈ ਧਿਆਨ ਤੇ ਅਧਿਐਨ ਕਰਨਾ ਪਵੇਗਾ, ਪੜ੍ਹਨਾ ਪਵੇਗਾ ਕਿਤਾਬਾਂ, ਗ੍ਰੰਥਾਂ ਨੂੰ ਪਰ ਬੰਦਿਆਂ ਕੋਲ ਪੜ੍ਹਨ ਲਈ ਹੋਰ ਬਹੁਤ ਕੁੱਝ ਹੈ। ਧਰਤੀ ਹੋਰ ਪਰੇ  ਹੋਰ ਵਾਲੀ ਗੱਲ ਹੈ। ਗੱਲ ਤਾਂ ਮਿੱਤਰਾਂ ਦੇ ਰਿਣ ਦੀ ਸੀ। ਮਿੱਤਰਾਂ ਦੇ ਨੂਣ ਦੀ ਡਲੀ ਨੀ ਤੂੰ ਸ਼ਰਬਤ ਵਰਗੀ ਜਾਣੀ ਵਾਲੀ ਗੱਲਬਾਤ ਨਹੀਂ । ਹੁਣ ਤਾਂ ਮਸਲੇ ਬਦਲ ਗਏ ਹਨ..”ਜਿਸ ਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ ।” ਹੁਣ ਗਿਆਨਵਾਨ ਹੋਣਾ ਸਰਮਾਏਦਾਰ ਹੋਣਾ ਹੈ। ਸਰਮਾਇਆ ਕੱਠਾ ਕਰਨ ਲਈ ਮਿਹਨਤ ਨਹੀਂ  ਲੋਕਾਂ ਦੇ ਗਲੇ ਵੱਢਣ ਦੀ ਲੋੜ ਹੁੰਦੀ ਹੈ। ਹੁਣ ਲੋੜ ਕਾਢ ਦੀ ਮਾਂ ਨਹੀਂ । ਹੁਣ ਤੇ ਗਊ ਸਾਡੀ ਮਾਂ ਹੈ.ਠੰਡੀ ਕੋਠੀ ਦੀ ਛਾਂ ਐ ਪਰ..ਰੁੱਖਾਂ ਦੀ ਨਹੀਂ, ਏ ਸੀ ਦੀ ਠੰਡ ਹੈ। ਹੁਣ ਸਭ ਦੀ ਇਕੋ ਮੰਗ ਹੈ। ਕਿਉਂ ਘਰਾਂ ਦੇ ਵਿੱਚ ਭੁੱਜਦੀ ਭੰਗ ਹੈ ! ਇਸ ਦਾ ਇੱਕੋ ਇੱਕ ਹਲ ਸਾਂਝੀ ਲੋਕ ਜੰਗ ਹੈ…ਹੁਣ ਚਾਰੇ ਪਾਸੇ ਕੌਰਵ ਹਨ। ਪਾਂਡਵ ਬਨਵਾਸ ਤੇ ਜਾ ਰਹੇ ਹਨ, ਕਿ੍ਸ਼ਨ ਕੌਰਵਾਂ ਦੇ ਨਾਲ ਰਲ ਗਿਆ ਹੈ। ਕੂੜ ਫਿਰੇ ਪ੍ਰਧਾਨ ਵੇ ਲਾਲੋ..ਬਾਬਰ ਨੂੰ ਜਾਬਰ ਆਖਣ ਵਾਲਾ ਕੋਈ  ਬਾਬਾ ਨਾਨਕ ਨਹੀਂ ਰਿਹਾ .ਭਾਵੇਂ ” ਕੁਰਸੀ ਉਤੇ ਪਹਿਰਾ” ਦੇਣ ਵਾਲਿਆਂ ਦੀ “ਭੀੜ ” ਦਿਨੋਂ ਦਿਨ ਵੱਡੀ ਹੋ ਰਹੀ ਹੈ! ਗੱਲ ਤੇ ਮਿੱਤਰਾਂ ਦੇ ਰਿਣ ਦੀ ਸੀ ਜਿਹੜਾ ਰੂੜ੍ਹੀ ਵਾਂਗ ਵਧਣ ਦੀ ਵਜਾਏ, ਘੱਟ ਰਿਹਾ, ਕੋਈ ਮਿੱਤਰ ਨਹੀਂ ਰਿਹਾ,ਸਭ ਪੈਸੇ ਦੇ ਪੀਰ ਤੇ ਸਕੇ  ਵੀਰ ਨੇ ਹੁਣ ” ਪੱਗ-ਵੱਟ ਭਰਾ ਨਹੀਂ ਪੈਗ-ਵੱਟ ਯਾਰ” ਨੇ। ਹੁਣ ਯਾਰੀ ਤੂਤ ਦਾ ਮੋਛਾ ਨਹੀਂ ..ਤੂਤ ਦੀ ਲਗਰ ਹੈ..ਜਿਹੜੀ ਵਕਤ ਪਵੇ ਤੇ ਲੰਗਾਰ ਵੀ ਲਾਉਣ ਤੋਂ ਝਿਜਕਦੀ ਨਹੀਂ। ਹੁਣ ਡੋਲੇ ਨਹੀਂ ਫਰਕਦੇ…ਸਗੋ ਕੰਧਾਂ ਕੰਬਦੀਆਂ ਹਨ ਜਦੋ ਅੱਖਾਂ ਬਦਲਦੀਆਂ ਹਨ…ਹੁਣ ਅੱਖਾਂ ਮਿਲਾਉਣ ਵਾਲੇ ਨਹੀਂ ਸਗੋ ਅੱਖਾਂ ਦਿਖਾਉਣ ਵਾਲਿਆਂ ਦਾ ਬੋਲਬਾਲਾ ਹੈ…ਨਾ ਪਤਾ ਕੌਣ ਜੀਜਾ ਤੇ ਕੌਣ ਸਾਲਾ ਹੈ…ਲਾਲਸਾ ਨੇ ਲੋਕਾਈ ਦੀਆਂ ਅੱਖਾਂ ਹੀ ਨਹੀਂ ਅਕਲ ਵੀ ਅੰਨ੍ਹੀ ਕਰ ਦਿੱਤੀ ਹੈ। ਹੁਣ ਔਲਾਦ ਨੂੰ ਵੀ ਕਿਸੇ ਬਜ਼ੁਰਗ ਦਾ ਖਿਆਲ ਨਹੀਂ ਪਰ ਅੰਨ੍ਹੀ ਮਾਂ ਨੂੰ ਮਮਤਾ ਮਾਰਦੀ ਰਹੀ ਹੈ…ਬਾਪ ਕੌਣ ਐ ? ਉਹਦੇ ਪੁੱਤ ਦਾ ਬਾਪ ਕੌਣ ਹੈ.? ਪੁੱਤ ਦੇ ਬਾਪ ਦਾ ਮਾਂ ਨੂੰ ਪਤਾ ਹੁੰਦੇ ਕਿ ਇਸ ਦਾ ਬਾਪ ਕੌਣ ਹੈ ? ਬੱਚਾ ਜੰਮਣ ਤੇ ਪਾਰਖੂ ਅੱਖਾਂ ਨਕਸ਼ ਪਛਾਣ ਲੈਂਦੇ ਹਨ।
ਨਾਨਕਿਆਂ ਦਾ ਜਾਂ ਫਿਰ ਇਹ ਦਾਦਕਿਆਂ ਦਾ ਮੜੰਗਾ ਪੈਂਦਾ  ਜਾ ਫਿਰ.!
ਹੁਣ ਜੇ ਮਿੱਤਰ ਦਾ ਰਿਣ ਮੋੜਦਾਂ ਤਾਂ  ਮਿੱਤਰਤਾ ਟੁੱਟ ਜਾਵੇਗੀ.ਤੇ ਜੇ.ਨਹੀਂ ਤੇ..ਫਿਰ ਮਨ ਤੇ ਫੁੱਲ ਜਿੰਨਾਂ ਭਾਰ ਰਹੇਗਾ, ਬੰਦਾ ਬੀਮਾਰ ਰਹੇਗਾ।
ਅਖੈ ਮਰਦੀ ਨੇ ਅੱਕ ਚੱਬਿਆ ਨੀ ਮੈਂ ਹਾਰ ਕੇ ਜੇਠ ਨਾਲ ਲਾਈਆਂ ।
ਹੁਣ ਕਿਸ ਨੇ ਕਿਸਦੇ ਨਾਲ਼ ਲਾਈਆਂ ਹਨ।ਕਿਧਰੇ ਸਾਈਆਂ ਨੇ ਤੇ ਕਿਧਰੇ ਵਧਾਈਆਂ ਨੇ। ਅੰਨ੍ਹੀ ਪੀਹਦੀ ਤੇ ਕੁੱਤੇ ਚੱਟਦੇ ਆ, ਚਾਰੇ ਪਾਸੇ ਘੋੜੇ ਵਾਲਾ ਫਿਰ ਗਿਆ ਤੇ ਕਸਮਾਂ ਖਾ ਕੇ ਗੁਟਕੇ ਨੂੰ ਹੱਥ ਲਾ ਕੇ ਵੋਟਾਂ ਬੋਝੇ ਵਿੱਚ ਪਾ ਕੇ ਮੁਕਰ ਗਏ ਹਨ..ਭਲਾ ਜੇ ਮਿੱਤਰਾਂ ਦੀਆਂ ਆਈਆਂ ਕਿਤਾਬਾਂ ਤੇ ਨਾ ਲਿਖਿਆ ਕੀ ਕਰ ਲੈਣਗੇ। ਜਿਵੇਂ ਹੁਣ ਹਾਕਮਾਂ ਦੀ ਝੂਠੀ ਹੋਗੀ ਸਹੁੰ ਦਾ ਨੀ ਲੋਕ ਕੁੱਝ ਕਰ ਸਕੇ? ਕੀ ਹੋ ਗਿਆ ਹੈ ਲੋਕਮਤ ਨੂੰ ? ਕਿਥੇ ਗਏ ਭਾਜੀਆਂ ਮੋੜਨ ਵਾਲੇ….? ਕਦੇ ਜੋੜ ਮੰਜੀਆਂ ਨਾ ਡਾਹੀਆਂ ਜਦੋਂ  ਦੀ ਜੰਗੀਰੋ ਜੰਮ ਪਈ…ਅਰੂਸਾ ਕੌਣ ਐ? ਕੌਣ ਸਾਹਿਬ ਨੂੰ ਆਖੇ ਕਿ ਇੰਝ ਨਹੀਂ ਇੰਝ ਕਰ ਭਾਈ ਸਾਹਿਬ ਜੰਗੀਰੋ ਤਾਂ ਹੁਣ ਆਪ ਜ਼ਮਾਨਤ ਤੇ ਹੈ। ਲੋਕ ਵੀ ਬਹੁਤ ਕੱਬੇ ਹਨ ਕਿ ਗੱਲ ਭੂੰਜੇ ਨੀ ਪੈਣ ਦੇਂਦੇ। ਪਰ ਹੁਣ ਸੱਦੀ ਹੋਈ ਮਿੱਤਰਾਂ ਦੀ ..ਪੈਰ ਜੁੱਤੀ ਨਾ ਪਾਵਾਂ …ਵਰਗੇ..ਨੀ.ਮਿੱਤਰ …ਹੁਣ ਤੇ ਸੁਣ ਮਿੱਤਰਾ ਪੈਰ ਦਿਆ ਛਿੱਤਰਾ  ਵੇ ਘਸ ਟੁੱਟ ਜਾਏਗਾ। ਹੁਣ ਬੱਗੀ ਤਿੱਤਰੀ ਕਮਾਦ ਵਿੱਚੋਂ ਨਹੀਂ ਹੋਟਲਾਂ ਵਿੱਚੋਂ ਨਿਕਲਦੀ ਹੈ…ਹੁਣ ਬਾਜ਼ ਨੀ ਪੈਂਦਾ ਸਗੋਂ ਬਾਜ਼ਾਂ ਕੋਲ ਆਪ ਜਾਂਦੀ ਐ। ਚਿੜੀਆਂ, ਗਟਾਰਾਂ, ਕਬੂਤਰੀਆਂ ਤੇ  ਬਿੱਲੀਆਂ ਘਰਾਂ ਵਿੱਚ ਭੁਜਦੀ ਭੁੱਖ ਨੂੰ ਝੁਲਕਾ ਦੇਣ ਲਈ ਦੇਹ ਵੇਚਣ ਜਾਂਦੀਆਂ ਹਨ। ਹੁਣ ਅਣਖ ਨਹੀਂ  ਨੰਗ ਭੁੱਖ ਲਲਕਾਰੇ ਮਾਰਦੀ ਹੈ…ਹੁਣ ਪਹਿਲਾ ਮੁੰਡਾ ਮਿੱਤਰਾਂ ਦਾ ਨੀ..ਲਾਵਾਂ ਵਾਲੇ ਦਾ ਉਜ਼ਰ ਨਾ ਕੋਈ, ਰਸ ਪੀ ਗਏ ਪਿੰਡ ਦੇ ਮੁੰਡੇ, ਲਈ ਜਾਨੈ ਤੂੰ ਕੜਬ ਦੇ ਟਾਂਡੇ। ਹੁਣ ਤੇ ਨਾ ਮੱਕੀ ਹੈ ਤੇ ਨਾ ਹੀ । ਕੱਢ ਕੇ ਕਾਲਜਾ ਲੈ ਕੇ ਜਾਣ ਵਾਲੇ / ਵਾਲੀਆਂ ਹਨ। ਹੁਣ ਤੇ ਭਾਈ ਕੋਈ ਪਰਲੋ ਈ ਆਊ ਲੋਕਾਂ ਦਾ ਮੱਚ ਮਰ ਗਿਆ ਹੈ। ਹੁਣ ਉਹ ਆਪ ਹੀ ਆਪਣੀ ਅੱਗ ਦੇ ਭਾਂਬੜ ਬਾਲ ਕੇ ਬੈਠੇ ਐ।ਇਸੇ ਕਰਕੇ ਹੁਣ ਗਲੀਐ ਚਿੱਕੜ…ਵੱਧ ਰਿਹਾ…ਹੁਣ ਤੇ ਮਿੱਤਰਾਂ ਦੇ ਫੁਲਕੇ ਨੂੰ ਨੀ ਮੈਂ ਖੰਡ ਦਾ ਨੀ ਚਿੱਟੇ ਦਾ ਪਲੇਥਣ ਲਾਵਾਂ ਹੁਣ ਕੀ ਲੈਣਾ ਲਾਵਾਂ ਵਾਲੇ ਤੋਂ , ਫੱਤੋ ਦੇ ਯਾਰ ਵਥੇਰੇ…ਮਿੱਤਰਾਂ ਦਾ ਰਿਣ ਸਿਰ ਮੱਥੇ ..!
ਬੁੱਧ ਸਿੰਘ ਨੀਲੋੰ
9464370823
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article‘ਰੰਗਲਾ ਪੰਜਾਬ …ਕਿਧਰ ਤੁਰ ਪਿਆ ‘
Next article” ਵੋਟਾਂ “