ਮਿਲੇ ਸੱਜਣ

(ਸਮਾਜ ਵੀਕਲੀ)

ਸੱਜਣ ਮਿਲੇ ਦੁਆਵਾਂ ਵਰਗੇ,

ਪਿੰਡ ਨੂੰ ਜਾਂਦੀਆਂ ਰਾਹਾਂ ਵਰਗੇ।
ਸੀਤ ਹਵਾ ਦੇ ਬੁੱਲ੍ਹੇ ਵਰਗੇ,
ਠੰਡੀਆਂ ਮਿੱਠੀਆਂ ਛਾਵਾਂ ਵਰਗੇ।
ਸੱਜਣ ਮਿਲੇ ਦੁਆਵਾਂ ਵਰਗੇ।
ਸੱਜਣ ਮਿਲੇ ਬਹਾਰਾਂ ਵਰਗੇ,
ਫੁੱਲਾਂ ਦੀਆਂ ਕਤਾਰਾਂ ਵਰਗੇ।
ਪੌਣਾਂ  ਵਿੱਚ ਸੁਗੰਧੀਆਂ ਵੰਡਣ,
ਵਹਿੰਦੇ ਆਬਸਾ਼ਰਾਂ  ਵਰਗੇ।
ਸੱਜਣ ਮਿਲੇ ਬਹਾਰਾਂ ਵਰਗੇ।
ਸੱਜਣ ਮਿਲੇ ਤਬੀਬਾਂ ਵਰਗੇ,
ਮਹਿਰਮ ਯਾਰ ਹਬੀਬਾਂ ਵਰਗੇ।
ਦਿਲ ਦੀਆਂ ਰਮਜਾਂ ਬੁੱਝਣ ਵਾਲੇ,
ਚੰਗੇ ਭਾਗ, ਨਸੀਬਾਂ ਵਰਗੇ,
ਸੱਜਣ ਮਿਲੇ ਤਬੀਬਾਂ ਵਰਗੇ।
ਸੱਜਣ ਮਿਲੇ ਨੇ ਨਾਦਾਂ ਵਰਗੇ,
ਮਿੱਠੀ ਲੋਰ ਵਿਸਮਾਦਾਂ ਵਰਗੇ,
 ਰੂਹ ਦੀ ਤ੍ਰਿਪਤੀ, ਦਿਲ ਦਾ ਚਾਨਣ,
ਮੂੰਹ ਮੰਗੀਆਂ ਮੁਰਾਦਾਂ ਵਰਗੇ।
ਸੱਜਣ ਮਿਲੇ ਨੇ ਨਾਦਾਂ ਵਰਗੇ।
ਸਤਨਾਮ ਕੌਰ ਤੁਗਲਵਾਲਾ
Previous articleਭਾਰਤ ਦੇ 100 ਸਭ ਤੋਂ ਅਮੀਰ ਲੋਕਾਂ ਦੀ ਦੌਲਤ 1 ਟ੍ਰਿਲੀਅਨ ਡਾਲਰ ਤੋਂ ਪਾਰ, ਦੂਜੇ ਨੰਬਰ ‘ਤੇ ਗੌਤਮ ਅਡਾਨੀ।
Next articleਕਰਮ (ਮਿੰਨੀ ਕਹਾਣੀ)