ਹਰਪ੍ਰੀਤ ਕੌਰ ਸੰਧੂ
(ਸਮਾਜ ਵੀਕਲੀ) ਮਨੋਵਿਗਿਆਨ ਕਹਿੰਦਾ ਹੈ ਕਿ ਅਸੀਂ ਜਦੋਂ ਵੀ ਕਿਸੇ ਚੀਜ਼ ਨੂੰ ਵੇਖਦੇ ਹਾਂ ਤਾਂ ਉਸਨੂੰ ਪੂਰਨ ਤੌਰ ਤੇ ਦੇਖਦੇ ਹਾਂ। ਮਿਸਾਲ ਦੇ ਤੌਰ ਤੇ ਜੇਕਰ ਅਸੀਂ ਕਿਸੇ ਦਾ ਚਿਹਰਾ ਵੇਖਦੇ ਹਾਂ ਤਾਂ ਉਸਨੂੰ ਪੂਰੇ ਚਿਹਰੇ ਦੀ ਤਰ੍ਹਾਂ ਹੀ ਦੇਖਿਆ ਜਾਂਦਾ ਹੈ ਉਸ ਦਿਨ ਨੱਕ ਕੰਨ ਅੱਖਾਂ ਅਲੱਗ ਅਲੱਗ ਕਰਕੇ ਨਹੀਂ ਦੇਖਦੇ। ਇਹ ਹਰ ਇੱਕ ਚੀਜ਼ ਦੇ ਲਾਗੂ ਹੁੰਦਾ ਹੈ।
We proceed things as a whole.
ਅਸੀਂ ਕਿਸੇ ਫੁੱਲ ਨੂੰ ਵੇਖਦੇ ਹਾਂ ਤਾਂ ਉਸ ਦੀ ਇੱਕ ਇੱਕ ਪੰਖੜੀ ਵੱਲ ਧਿਆਨ ਨਹੀਂ ਦਿੰਦੇ ਉਸ ਤੋਂ ਪੂਰੇ ਫੁੱਲ ਵਜੋਂ ਹੀ ਦੇਖਿਆ ਜਾਂਦਾ ਹੈ।
ਪਰ ਪਤਾ ਨਹੀਂ ਕਿਉਂ ਕਿਸੇ ਮਨੁੱਖ ਦੀ ਸ਼ਖਸੀਅਤ ਨੂੰ ਵੇਖਦਿਆਂ ਅਸੀਂ ਉਸ ਦੇ ਟੁਕੜੇ ਕਰਕੇ ਵੇਖਦੇ ਹਾਂ। ਅਸੀਂ ਉਸਦੇ ਸੁਭਾਅ ਨੂੰ ਵੱਖ ਵੱਖ ਨਜਰੀਆਂ ਤੋਂ ਵੇਖਦੇ ਹਾਂ। ਵੇਖਣ ਦੀ ਗੱਲ ਛੱਡੋ ਜੇ ਆਪਾਂ ਅਪਣਾਉਣ ਦੀ ਗੱਲ ਕਰੀਏ ਤਾਂ ਅਸੀਂ ਉਸਨੂੰ ਇੱਕ ਪੂਰਨ ਸ਼ਖਸ ਵਜੋਂ ਨਹੀਂ ਅਪਣਾਉਂਦੇ।
ਹਰ ਵਿਅਕਤੀ ਆਪਣੇ ਆਪ ਵਿੱਚ ਇੱਕ ਸੰਪੂਰਨ ਸ਼ਖਸੀਅਤ ਹੈ। ਉਸ ਵਿੱਚ ਕੁਝ ਚੰਗਿਆਈਆਂ ਤੇ ਕੁਝ ਬੁਰਾਈਆਂ ਹੋਣਗੀਆਂ। ਕੋਈ ਵੀ ਮਨੁੱਖ ਬੁਰਾਈਆਂ ਤੋਂ ਰਹਿਤ ਨਹੀਂ ਹੋ ਸਕਦਾ ਅਤੇ ਚੰਗਿਆਈਆਂ ਵੀ ਉਸ ਵਿੱਚ ਜਰੂਰ ਹੁੰਦੀਆਂ ਹਨ। ਅਸੀਂ ਉਸ ਦੇ ਚਿਹਰੇ ਨੂੰ ਤਾਂ ਪੂਰਨ ਚਿਹਰੇ ਦੀ ਤਰ੍ਹਾਂ ਦੇਖਦੇ ਹਾਂ ਪਰ ਉਸਦੀ ਸ਼ਖਸੀਅਤ ਨੂੰ ਪੂਰਨ ਤੌਰ ਤੇ ਨਹੀਂ ਅਪਣਾਉਂਦੇ।
ਉਸਦੇ ਜੋ ਗੁਣ ਸਾਨੂੰ ਚੰਗੇ ਲੱਗਦੇ ਹਨ ਅਸੀਂ ਉਹਨਾਂ ਨੂੰ ਅਪਣਾ ਲੈਂਦੇ ਹਾਂ ਪਰ ਜੋ ਗੱਲਾਂ ਸਾਨੂੰ ਚੰਗੀਆਂ ਨਹੀਂ ਲੱਗਦੀਆਂ ਉਹਨਾਂ ਨੂੰ ਅਸੀਂ ਬਦਲਣ ਦੀ ਕੋਸ਼ਿਸ਼ ਕਰਨ ਲੱਗਦੇ ਹਾਂ। ਅਸੀਂ ਵਾਰ-ਵਾਰ ਉਸਨੂੰ ਇਹ ਅਹਿਸਾਸ ਤੋਂ ਆਉਂਦੇ ਹਾਂ ਕਿ ਇਹ ਗੱਲਾਂ ਤੇਰੇ ਵਿੱਚ ਗਲਤ ਹਨ। ਬਾਰ-ਬਾਰ ਇਹ ਗੱਲਾਂ ਸੁਣ ਕੇ ਉਹ ਵਿਅਕਤੀ ਕਿਤੇ ਹੀਣ ਭਾਵਨਾ ਦਾ ਸ਼ਿਕਾਰ ਹੋ ਜਾਂਦਾ ਹੈ ਜਾਂ ਸਾਡੇ ਤੋਂ ਪਰੇ ਹੋ ਜਾਂਦਾ ਹੈ।
ਇਹ ਵਰਤਾਰਾ ਸਾਡੀ ਜ਼ਿੰਦਗੀ ਵਿੱਚ ਆਮ ਵਾਪਰਦਾ ਹੈ। ਘਰਾਂ ਵਿੱਚ ਹੀ ਵੇਖ ਲਓ ਪਤੀ ਪਤਨੀ ਇੱਕ ਦੂਜੇ ਦੇ ਗੁਣਾਂ ਨੂੰ ਤਾਂ ਅਪਣਾ ਲੈਂਦੇ ਹਨ ਪਰ ਉਸਦੇ ਔਗੁਣਾਂ ਤੇ ਹਰ ਵੇਲੇ ਟਿੱਪਣੀ ਕਰਦੇ ਰਹਿੰਦੇ ਹਨ। ਜੋ ਗੱਲਾਂ 25-30 ਸਾਲ ਤੋਂ ਕਿਸੇ ਦੇ ਸੁਭਾਅ ਦਾ ਹਿੱਸਾ ਬਣ ਚੁੱਕੀਆਂ ਹਨ ਉਹਨਾਂ ਨੂੰ ਰਾਤੋ ਰਾਤ ਬਦਲਿਆ ਨਹੀਂ ਜਾ ਸਕਦਾ। ਇਹ ਜਰੂਰੀ ਵੀ ਨਹੀਂ ਕਿ ਜਿਸ ਤਰ੍ਹਾਂ ਸਾਨੂੰ ਪਸੰਦ ਹੈ ਦੂਸਰਾ ਉਸੇ ਤਰ੍ਹਾਂ ਦਾ ਹੋ ਜਾਵੇ। ਇਹ ਉਮੀਦ ਕਰਨਾ ਹੀ ਗਲਤ ਹੈ।
ਕਿਸੇ ਵੀ ਵਿਅਕਤੀ ਨੂੰ ਜਦ ਤੱਕ ਆਪਣੇ ਆਪ ਇਹ ਅਹਿਸਾਸ ਨਾ ਹੋਵੇ ਕਿ ਉਸ ਅੰਦਰ ਕੁਝ ਗੱਲਾਂ ਬਦਲਣ ਵਾਲੀਆਂ ਹਨ ਉਹ ਨਹੀਂ ਬਦਲਦਾ। ਬਦਲ ਸਕਦਾ ਹੀ ਨਹੀਂ। ਅਸੀਂ ਹਰ ਕਿਸੇ ਨੂੰ ਆਪਣੇ ਮੁਤਾਬਕ ਢਾਲਣ ਦੀ ਕੋਸ਼ਿਸ਼ ਕਰਨ ਲੱਗਦੇ ਹਾਂ। ਮਨੁੱਖੀ ਜ਼ਿੰਦਗੀ ਦੀ ਸਭ ਤੋਂ ਵੱਡੀ ਸਮੱਸਿਆ ਹੀ ਇਹ ਹੈ ਕਿ ਉਹ ਹਰ ਦੂਜੇ ਸ਼ਖਸ ਨੂੰ ਆਪਣੇ ਅਨੁਸਾਰ ਢਾਲ ਲੈਣਾ ਚਾਹੁੰਦਾ ਹੈ। ਮਜ਼ੇ ਦੀ ਗੱਲ ਇਹੀ ਹੈ ਕਿ ਸਾਹਮਣੇ ਵਾਲਾ ਵੀ ਇਹੀ ਤਵੱਕੋ ਕਰਦਾ ਹੈ। ਬਸ ਇਸੇ ਕਸ਼ਮਕਸ਼ ਵਿੱਚ ਜ਼ਿੰਦਗੀ ਗੁਜ਼ਰ ਜਾਂਦੀ ਹੈ।
ਜਦੋਂ ਅਸੀਂ ਕਿਸੇ ਨੂੰ ਸਵੀਕਾਰ ਕਰਦੇ ਹਾਂ ਤਾਂ ਉਸਨੂੰ ਪੂਰਨ ਤੌਰ ਤੇ ਸਵੀਕਾਰ ਕਰਨਾ ਚਾਹੀਦਾ ਹੈ। ਉਸਦੇ ਗੁਣ ਅਤੇ ਔਗੁਣਾਂ ਦੇ ਨਾਲ। ਉਸਨੂੰ ਦੱਸਿਆ ਜਾ ਸਕਦਾ ਹੈ ਤਰਕ ਦੇ ਅਧਾਰ ਤੇ ਦਲੀਲ ਦੇ ਅਧਾਰ ਤੇ ਕਿ ਕਿੱਥੇ ਉਸਨੂੰ ਬਦਲਣ ਦੀ ਜਰੂਰਤ ਹੈ। ਪਰ ਉਸਨੂੰ ਬਦਲ ਜਾਣ ਲਈ ਮਜਬੂਰ ਕਰਨਾ ਸਹੀ ਨਹੀਂ। ਇਸ ਤਰ੍ਹਾਂ ਨਾਲ ਅਸੀਂ ਆਪਣੇ ਸੰਬੰਧਾਂ ਵਿੱਚ ਦਰਾੜ ਪਾ ਲੈਂਦੇ ਹਾਂ।
ਸੋਚਣ ਵਾਲੀ ਗੱਲ ਹੈ ਕਿ ਜੇ ਕਿਸੇ ਨੂੰ ਆਪਣੇ ਅੰਦਰ ਕੋਈ ਕਮੀ ਮਹਿਸੂਸ ਨਹੀਂ ਹੋ ਰਹੀ ਤਾਂ ਤੁਹਾਡੇ ਲੱਖ ਕਹਿਣ ਦੇ ਬਾਵਜੂਦ ਵੀ ਉਹ ਆਪਣੇ ਆਪ ਨੂੰ ਬਦਲੇਗਾ ਕਿਉਂ? ਜਦੋਂ ਉਹ ਨਹੀਂ ਬਦਲੇਗਾ ਤਾਂ ਤੁਹਾਨੂੰ ਚੰਗਾ ਨਹੀਂ ਲੱਗੇਗਾ। ਇਸ ਤਰ੍ਹਾਂ ਖਿਚਾਅ ਵੱਧਦਾ ਜਾਏਗਾ ਤੇ ਅਖੀਰ ਵਿੱਚ ਇਹ ਦੂਰੀ ਵਿੱਚ ਤਬਦੀਲ ਹੋ ਜਾਵੇਗਾ।
ਅਸੀਂ ਮਨੁੱਖੀ ਰਿਸ਼ਤਿਆਂ ਵਿੱਚ ਇੱਕ ਦੂਜੇ ਨਾਲ ਮੁਹੱਬਤ ਕਰਨ ਦੀ ਦੁਹਾਈ ਦਿੰਦੇ ਹਾਂ। ਦਾਅਵੇ ਕਰਦੇ ਹਾਂ ਕਿ ਅਸੀਂ ਦੂਸਰੇ ਨੂੰ ਬਹੁਤ ਪਿਆਰ ਕਰਦੇ ਹਾਂ ਫਿਰ ਉਹ ਰਿਸ਼ਤਾ ਕੋਈ ਵੀ ਹੋਵੇ। ਪਰ ਅਸੀਂ ਉਹਨਾਂ ਨੂੰ ਅਪਣਾਉਣ ਨੂੰ ਤਿਆਰ ਨਹੀਂ ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਦੇ ਉਹ ਹਨ। ਸਾਡੀ ਉਮੀਦ ਸਾਡੇ ਪਿਆਰ ਤੇ ਭਾਰੂ ਹੋ ਜਾਂਦੀ ਹੈ। ਅਸੀਂ ਭੁੱਲ ਜਾਦੇ ਹਾਂ ਕਿ ਹਰ ਸ਼ਖਸ ਦਾ ਆਪਣਾ ਕਿਰਦਾਰ ਹੈ। ਉਸ ਦੀ ਆਪਣੀ ਸੋਚਣੀ ਹੈ ਆਪਣੀ ਸਮਝ ਹੈ। ਹਰ ਕਿਸੇ ਨੇ ਆਪਣੇ ਸੁਭਾਅ ਤੇ ਸੋਚ ਮੁਤਾਬਕ ਹੀ ਵਿਹਾਰ ਕਰਨਾ ਹੈ।
ਇੱਕ ਗੱਲ ਇਹ ਵੀ ਹੈ ਕਿ ਜਦ ਅਸੀਂ ਕਿਸੇ ਲਈ ਨਹੀਂ ਬਦਲਦੇ ਤਾਂ ਕੋਈ ਸਾਡੇ ਲਈ ਕਿਉਂ ਬਦਲੇ। ਅਸੀਂ ਇਹ ਉਮੀਦ ਹੀ ਕਿਉਂ ਕਰੀਏ ਕਿ ਕੋਈ ਸਾਡੇ ਲਈ ਬਦਲੇ। ਜੇਕਰ ਸਾਡੇ ਮਨ ਵਿੱਚ ਕਿਸ ਦੇ ਰਿਸ਼ਤੇ ਵਿੱਚ ਲਗਾਅ ਜਾਂ ਕੋਈ ਅਪਣੱਤ ਹੈ ਤਾਂ ਸਾਨੂੰ ਚਾਹੀਦਾ ਹੈ ਕਿ ਉਹ ਜਿਵੇਂ ਦਾ ਹੈ ਉਸਨੂੰ ਉਸੇ ਤਰ੍ਹਾਂ ਅਪਣਾਈਏ। ਸੁਖਾਵੇ ਰਿਸ਼ਤਿਆਂ ਲਈ ਇਹ ਬਹੁਤ ਜਰੂਰੀ ਹੈ।
ਕੋਈ ਵੀ ਦੋ ਮਨੁੱਖ ਇੱਕੋ ਜਿਹੇ ਨਹੀਂ ਹੋ ਸਕਦੇ। ਇੱਕੋ ਮਾਂ ਦੀ ਕੁੱਖ ਚੋਂ ਜੰਮੇ ਦੋ ਬੱਚੇ ਵੀ ਇੱਕੋ ਜਿਹੇ ਨਹੀਂ ਹੁੰਦੇ। ਇਥੋਂ ਤੱਕ ਕਿ ਇੱਕੋ ਸਮੇਂ ਪੈਦਾ ਹੋਏ ਜੁੜਵਾ ਬੱਚੇ ਵੀ ਇੱਕੋ ਜਿਹੇ ਨਹੀਂ ਹੁੰਦੇ। ਉਹਨਾਂ ਦੇ ਸੁਭਾਅ ਵਿੱਚ ਵੀ ਕਈ ਵਾਰ ਬਹੁਤ ਅੰਤਰ ਹੁੰਦਾ ਹੈ। ਫਿਰ ਅਸੀਂ ਦੂਜਿਆਂ ਤੋਂ ਇਸ ਗੱਲ ਦੀ ਉਮੀਦ ਕਿਉਂ ਰੱਖੀਏ।
ਸਾਡੀ ਪਰੇਸ਼ਾਨੀ ਦਾ ਸਬੱਬ ਦਰ ਅਸਲ ਸਾਡੀਆਂ ਉਮੀਦਾਂ ਹੀ ਹਨ। ਉਮੀਦਾਂ ਜਿਨਾਂ ਤੇ ਅਸੀਂ ਖੁਦ ਪੂਰਾ ਨਹੀਂ ਉਤਰਨਾ ਚਾਹੁੰਦੇ ਪਰ ਚਾਹੁੰਦੇ ਹਾਂ ਕਿ ਦੂਜੇ ਪੂਰਾ ਉਤਰਨ। ਰਿਸ਼ਤਿਆਂ ਵਿੱਚ ਜਰੂਰਤ ਹੁੰਦੀ ਹੈ ਦੂਜੇ ਨੂੰ ਸਵੀਕਾਰ ਕਰਨ ਦੀ। ਕਿਸੇ ਨੂੰ ਅਪਣਾਉਣਾ ਹੋਵੇ ਤਾਂ ਉਸਨੂੰ ਪੂਰਨ ਤੌਰ ਤੇ ਅਪਣਾਓ। ਉਸ ਦੇ ਗੁਣ ਔਗੁਣ ਸਭ ਕੁਝ ਅਪਣਾਉਣਾ ਪਵੇਗਾ।
ਜਿਸ ਰਿਸ਼ਤੇ ਵਿੱਚ ਬਿਨਾਂ ਕਿਸੇ ਸ਼ਰਤ ਤੋਂ ਸਵੀਕਾਰ ਕੀਤਾ ਜਾਵੇ ਉਹ ਰਿਸ਼ਤਾ ਹੀ ਨਿਭਦਾ ਹੈ। ਜਿੱਥੇ ਸ਼ਰਤਾਂ ਰੱਖੀਆਂ ਜਾਣ ਉਹ ਰਿਸ਼ਤੇ ਬਹੁਤੇ ਦਿਨ ਨਹੀਂ ਨਿਭਦੇ।
ਸਿਰਫ ਇਸ ਲਈ ਕਿ ਸਾਨੂੰ ਕਿਸੇ ਦਾ ਸੁਭਾਅ ਪਸੰਦ ਨਹੀਂ ਹੈ ਜਾਂ ਸਾਡੇ ਅਨੁਸਾਰ ਨਹੀਂ ਹੈ ਸਾਨੂੰ ਉਸਨੂੰ ਨੀਵਾਂ ਦਿਖਾਉਣ ਦਾ ਕੋਈ ਹੱਕ ਨਹੀਂ। ਹਰ ਮਨੁੱਖ ਦੀ ਆਪਣੀ ਜ਼ਿੰਦਗੀ ਹੈ।
ਗ੍ਰਹਸਤੀ ਵਿੱਚ ਦੋ ਜੀਅ ਇਕੱਠੇ ਰਹਿ ਕੇ ਵੀ ਦੋ ਵੱਖ ਵੱਖ ਸ਼ਖਸੀਅਤਾਂ ਹੀ ਰਹਿੰਦੇ ਹਨ। ਇਹ ਬਹੁਤ ਜਰੂਰੀ ਵੀ ਹੈ। ਸਾਡਾ ਇੱਕ ਦੂਜੇ ਨੂੰ ਅਪਣਾ ਲੈਣਾ ਹੀ ਮੁਹੱਬਤ ਹੈ। ਅਸੀਂ ਆਪਣੀ ਮੁਹੱਬਤ ਦੀ ਦੁਹਾਈ ਦੇ ਕੇ ਜਦੋਂ ਦੂਜੇ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉਹ ਵਪਾਰ ਬਣ ਜਾਂਦੀ ਹੈ। ਇਹ ਹਰ ਰਿਸ਼ਤੇ ਵਿੱਚ ਵਾਪਰਦਾ ਹੈ।
ਮਾਂ, ਪਿਓ, ਭੈਣ, ਭਰਾ, ਸਾਥੀ, ਦੋਸਤ, ਪ੍ਰੇਮੀ, ਪ੍ਰੇਮਿਕਾ, ਪਤੀ, ਪਤਨੀ ਹਰ ਰਿਸ਼ਤੇ ਵਿੱਚ ਇਹੀ ਹੁੰਦਾ ਹੈ।
ਇਸ ਲਈ ਉਮੀਦ ਛੱਡ ਕੇ ਸਵੀਕਾਰ ਕਰਨ ਦੀ ਆਦਤ ਪਾਓ। ਜੇ ਤੁਹਾਡੇ ਮਨ ਵਿੱਚ ਕਿਸੇ ਲਈ ਕੋਈ ਭਾਵਨਾਵਾਂ ਹਨ ਜਾਂ ਤੁਸੀਂ ਕਿਸੇ ਨੂੰ ਆਪਣਾ ਸਮਝਦੇ ਹੋ ਤਾਂ ਉਹ ਜਿਵੇਂ ਦਾ ਹੈ ਉਸਨੂੰ ਅਪਣਾਓ। ਉਸ ਨੂੰ ਬਦਲਣ ਤੇ ਬਜ਼ਿੱਦ ਹੋਣ ਦੀ ਲੋੜ ਨਹੀਂ। ਅਜਿਹਾ ਕਰਕੇ ਤੁਸੀਂ ਉਸਨੂੰ ਗਵਾ ਲਵੋਗੇ। ਉਮੀਦ ਨਾਲ ਰਿਸ਼ਤੇ ਵਿੱਚ ਮਿਠਾਸ ਘਟਦੀ ਹੈ ਤੇ ਕੁੜੱਤਣ ਵੱਧਦੀ ਹੈ। ਅਪਣਾ ਲੈਣ ਨਾਲ ਕੁੜੱਤਣ ਖਤਮ ਹੋ ਜਾਂਦੀ ਹੈ ਤੇ ਮਿਠਾਸ ਵੱਧਦੀ ਹੈ।
ਬਸ ਇਹੀ ਫਰਕ ਹੁੰਦਾ ਉਮੀਦ ਤੇ ਸਵੀਕ੍ਰਿਤੀ ਵਿੱਚ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly