ਚੁਗ਼ਲੀਆਂ ਕਰਨੀਆਂ ਤੇ ਸੁਣਨੀਆਂ ਮਿੱਠੀਆਂ ਪਰ ਇਨਸਾਨੀਅਤ ਦੀਆਂ ਘਾਤਕ

ਰਮੇਸ਼ਵਰ ਸਿੰਘ
ਰਮੇਸ਼ਵਰ ਸਿੰਘ
(ਸਮਾਜ ਵੀਕਲੀ) ਚੁਗਲੀਆਂ ਕਰਨਾ ਵੀ ਇੱਕ ਹੁਨਰ ਹੈ ਤੇ ਇਨ੍ਹਾਂ ਵਿੱਚ ਮੁਹਾਰਤ ਰੱਖਣ ਵਾਲਿਆਂ ਨੂੰ ਚੁਗਲਖੋਰ ਵਜੋਂ ਜਾਣਿਆ ਜਾਂਦਾ ਹੈ। ਉਂਝ ਚੁਗਲਖੋਰਾਂ ਬਾਰੇ ਕਹਾਵਤ ਮਸ਼ਹੂਰ ਹੈ,
‘ਚੁਗਲਖੋਰ ਨਾ ਚੁਗਲੀਓਂ ਬਾਜ਼ ਆਉਂਦੇ ਗੱਲ ਕਹਿੰਦਿਆਂ ਕਹਿੰਦਿਆਂ ਕਹਿ ਜਾਂਦੇ’ ਆਮ ਹੀ ਵਰਤੀ ਜਾਂਦੀ ਹੈ। ਚੁਗਲਖੋਰਾਂ ਦਾ ਕੰਮ ਹਮੇਸ਼ਾਂ ਦੋ ਧਿਰਾਂ ਨੂੰ ਲੜਾਉਣਾ ਅਤੇ ਆਪ ਚੰਗਾ ਬਣਨਾ ਹੁੰਦਾ ਹੈ। ‘ਅੱਛੋਂ ਕੋ ਬੁਰਾ ਸਾਬਤ ਕਰਨਾ ਦੁਨੀਆ ਕੀ ਪੁਰਾਨੀ ਆਦਤ ਹੈ” l ਚੁਗਲਖੋਰਾਂ ਦੀ ਚੁਗਲੀਆਂ ਕਰਨ ਦੀ ਆਦਤ ਇੰਨੀ ਪੱਕ ਜਾਂਦੀ ਹੈ ਕਿ ਜਿੰਨਾ ਚਿਰ ਉਹ ਇੱਕ-ਦੋ ਚੁਗਲੀਆਂ ਕਰ ਨਾ ਲੈਣ, ਉਨ੍ਹਾਂ ਨੂੰ ਰੋਟੀ ਹਜ਼ਮ ਨਹੀਂ ਹੁੰਦੀ। ਚੁਗਲੀਆਂ ਬਹੁਤ ਮਿੱਠੀਆਂ ਲੱਗਦੀਆਂ ਹਨl ਕਿਸੇ ਦੀਆਂ ਚੁਗਲੀਆਂ ਕਰਕੇ ਆਪਣੀਆਂ ਕਮਜ਼ੋਰੀਆਂ ਤੇ ਪਰਦਾ ਪਾਉਣ ਦਾ ਵੀ ਇਹ ਤਰੀਕਾ ਹੈl ਸਮਾਜ ਵਿੱਚ ਵਿਚਰਦਿਆਂ ਆਪਣੇ ਆਲੇ-ਦੁਆਲੇ ਵਿੱਚ ਆਪਾਂ ਨੂੰ ਕੁਝ ਪੱਕੇ ਚੁਗਲਖੋਰ ਜ਼ਰੂਰ ਲੱਭ ਜਾਂਦੇ ਹਨ।
ਚੁਗਲੀਆਂ ਕਰਨਾ ਵੀ ਇੱਕ ਕਲਾ ਹੈ। ਇਸ ਕਲਾ ਨੂੰ ਨਿਭਾਉਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ। ਜਿਸ ਕੋਲ ਚੁਗਲੀ ਕਰਨੀ ਹੋਵੇ, ਉਸ ਬੰਦੇ ਨੂੰ ਆਪਣੇ ਵਿਸ਼ਵਾਸ ਵਿੱਚ ਇਸ ਤਰ੍ਹਾਂ ਲੈਣਾ ਪੈਂਦਾ ਹੈ ਜਿਵੇਂ ਬੱਸ ਉਹ ਹੀ ਦੁਨੀਆ ਵਿੱਚ ਉਸ ਦਾ ਭਲਾ ਚਾਹੁਣ ਵਾਲਾ ਵਿਅਕਤੀ ਹੈl ਚੁਗਲਖੋਰਾਂ ਦੀ ਮਿਹਨਤ ਸਦਕਾ ਕੰਮਕਾਜੀ ਥਾਵਾਂ ’ਤੇ ਤਰੱਕੀਆਂ ਪਾ ਜਾਂਦੇ ਹਨ,  ਮਿਹਨਤੀ ਲੋਕ ਨੌਕਰੀਆਂ ਤੋਂ ਵੀ ਹੱਥ ਧੋ ਬੈਠਦੇ ਹਨ। ਕਿਸੇ ਘਰ ਵੜ ਜਾਣ ਤਾਂ ਭਰਾਵਾਂ ਵਿੱਚ ਬਟਵਾਰੇ ਕਰਵਾ ਦਿੰਦੇ ਹਨ, ਪਤੀ ਪਤਨੀ ਵਿੱਚ ਤਲਾਕ ਕਰਵਾਉਣ ਦੀ ਨੌਬਤ ਲਿਆ ਦਿੰਦੇ ਹਨ, ਗੁਆਂਢੀਆਂ ਦੇ ਸਿਰ ਪੜਵਾ ਦਿੰਦੇ ਹਨl ਰਿਸ਼ਤੇਦਾਰੀਆਂ ਵਿੱਚ ਕਈ ਪੀੜ੍ਹੀਆਂ ਦੇ ਪਿਆਰ ਨੂੰ ਦੁਸ਼ਮਣੀ ਵਿੱਚ ਬਦਲ ਦਿੰਦੇ ਹਨ। ਜਿਸ ਕੋਲ ਚੁਗਲੀਆਂ ਕੀਤੀਆਂ ਜਾਂਦੀਆਂ ਹਨ, ਇਹ ਤਾਂ ਉਸ ’ਤੇ ਹੀ ਨਿਰਭਰ ਕਰਦਾ ਹੈ ਕਿ ਉਹ ਹਜ਼ਮ ਕਰਦਾ ਹੈ ਜਾਂ ਫਿਰ ਲੜਾਈਆਂ ਕਰਵਾਉਂਦਾ ਹੈ। ਕਹਿੰਦੇ ਨੇ ਜ਼ਬਾਨ ਅੰਦਰੋਂ ਗੱਲ ਕੱਢੀ ਗਈ ਬਾਹਰ ਵਖਤ ਪਾ ਦਿੰਦੀ ਹੈ l
 ਅੱਜਕੱਲ੍ਹ  ਚੁਗਲਖੋਰਾਂ ਵੱਲੋਂ ਸਭ ਤੋਂ ਵੱਧ ਵਰਤੀ ਜਾਣ ਵਾਲੀ ਤਕਨੀਕ ਮੋਬਾਈਲ ਫੋਨ ਹੈ। ਇਸ ਨੇ ਚੁਗਲਖੋਰਾਂ ਦੁਆਰਾ ਕੀਤੀ ਜਾਂਦੀ ਕਰੜੀ ਮਿਹਨਤ ਨੂੰ ਕਾਫ਼ੀ ਸੌਖਾ ਕਰ ਦਿੱਤਾ ।
ਇਸ ਤਰ੍ਹਾਂ ਰਿਸ਼ਤਿਆਂ ਵਿੱਚ ਪਾੜੇ ਪਾਉਣ ਲਈ, ਅਫ਼ਸਰ ਕੋਲ ਸਾਥੀ ਕਰਮਚਾਰੀਆਂ ਦੀ ਸ਼ਿਕਾਇਤ ਲਾਉਣ ਜਾਂ ਹੋਰ ਅਨੇਕਾਂ ਜਗ੍ਹਾ ’ਤੇ ਵੀ ਚੁਗਲਖੋਰ ਇਸ ਤਕਨੀਕ ਦੀ ਬਹੁਤ ਵਧੀਆ ਤਰੀਕੇ ਨਾਲ ਵਰਤੋਂ ਕਰ  ਲੈਂਦੇ ਹਨ। ਜਿਹੜੀਆਂ ਸੂਚਨਾਵਾਂ ਦਫ਼ਤਰ ਵਿੱਚ ਸਭ ਦੇ ਸਾਹਮਣੇ ਨਹੀਂ ਦਿੱਤੀਆਂ ਜਾ ਸਕਦੀਆਂ, ਚਮਚਿਆਂ ਜਾਂ ਚੁਗਲਖੋਰਾਂ ਦੁਆਰਾ ਉਹ ਘਰੋਂ  ਫ਼ੋਨ ਕਰ ਕੇ ਸਹਿਜ ਸੁਭਾਅ ਹੀ ਦਿੱਤੀਆਂ ਜਾ ਸਕਦੀਆਂ ਹਨ।
 ਗੱਲ ਇਹ ਹੈ ਕਿ ਜੇ ਜ਼ਮਾਨਾ ਬਦਲ ਰਿਹਾ ਹੈ ਤਾਂ ਹਰ ਮਨੁੱਖ ਵਿਗਿਆਨ ਦੀਆਂ ਕਾਢਾਂ ਨੂੰ ਸੁੱਖ ਸਹੂਲਤਾਂ ਵਜੋਂ ਵਰਤ ਕੇ ਫ਼ਾਇਦਾ ਉਠਾ ਰਿਹਾ ਹੈ। ਚੁਗਲਖੋਰ ਨੇ ਆਪਣਾ ਕੰਮ ਕਰ ਦੇਣਾ ਹੈ ਪਰ ਲੋੜ ਹੈ ਕਿ ਅਸੀਂ ਉਸ ਦੀਆਂ ਗੱਲਾਂ ਵਿੱਚ ਨਾ ਆਈਏl
 ਰਮੇਸ਼ਵਰ ਸਿੰਘ ਸੰਪਰਕ-9914880392
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸਫਲਤਾ ਅਸਫ਼ਲਤਾ ਤੇ ਸਬਰ
Next articleਭਰੋਸਾ ਜਿਤ ਕੇ~ ਨਰਿੰਦਰ ਲੜੋਈ ਵਾਲਾ