ਪਾਣੀ ਵਾਲਾ ਘੜਾ (ਕੋਰੜਾ ਛੰਦ)

ਖੁਸ਼ੀ ਮੁਹੰਮਦ "ਚੱਠਾ"
(ਸਮਾਜ ਵੀਕਲੀ)
ਪਾਣੀ ਵਾਲੇ ਘੜੇ ਦੀ ਸੁਣਾਵਾਂ ਗੱਲ ਜੀ
ਇਹਦੇ ਨਾਲੋਂ ਸਾਫ ਨਹੀਂ, ਕੋਈ ਜਲ ਜੀ
ਕਰੂ ਇਹਦੀ ਰੀਸ, ਪਾਣੀ ਕੀ ਬਾਜ਼ਾਰ ਦਾ
ਠੰਡਾ ਠੰਡਾ ਪਾਣੀ ਸੀਨਾ ਜਾਵੇ ਠਾਰਦਾ…
ਚੌਂਕੇ ਵਾਲੇ ਖੂੰਜੇ ‘ਚ ਸੀ, ਟੋਆ ਪੁੱਟ ਕੇ
ਟੋਏ ਵਿਚ ਪਾਣੀ ਵਾਲੀ ਰੇਤਾ ਸੁੱਟ ਕੇ
ਉਹਦੇ ਉੱਤੇ ਪਿਆ ਘੜਾ ਸੀ ਸ਼ਿੰਗਾਰਦਾ
ਠੰਡਾ ਠੰਡਾ ਪਾਣੀ ਸੀਨਾ ਜਾਵੇ ਠਾਰਦਾ…
ਟਾਂਵੇਂ ਟਾਵੇਂ ਰਹਿਗੇ ਕਿਤੇ ਸਾਂਝੇ ਥਾਵਾਂ ‘ਤੇ
ਕੁੱਝ  ਘੜਵੰਜੀਆਂ ‘ਤੇ,  ਰੱਖੇ  ਰਾਵ੍ਹਾਂ ‘ਤੇ
ਊਂਚ ਨੀਚ ਮੇਟ, ਹੋਕਾ ਦਿੰਦਾ ਪਿਆਰ ਦਾ
ਠੰਡਾ ਠੰਡਾ ਪਾਣੀ ਸੀਨਾ ਜਾਵੇ ਠਾਰਦਾ…
ਫਰਿੱਜ ਵਾਲੀ ਗੱਲ ਕਿੱਥੇ ਸੀ ਨਸੀਬਾਂ ਦੀ
ਘੜਾ ਹੀ ਫਰਿੱਜ ਹੁੰਦੀ ਸੀ ਗਰੀਬਾਂ ਦੀ
ਹੁੰਦਾ ਸੀ  ਚਹੇਤਾ, ਸਾਰੇ  ਪਰਿਵਾਰ  ਦਾ
ਠੰਡਾ ਠੰਡਾ ਪਾਣੀ ਸੀਨਾ ਜਾਵੇ ਠਾਰਦਾ…
ਫਰਿੱਜਾਂ ਲੈ , ਘੜੇ ਨੂੰ ਬੇਚਾਰਾ ਕਰ ਗਏ
ਕੁਦਰਤੀ ਚੀਜ਼ਾਂ  ਤੋਂ  ਕਿਨਾਰਾ  ਕਰ ਗਏ
ਚੰਗਾ ਭਲ਼ਾ ਧੰਦਾ ਵੀ ਸੀ ਘੁਮਿਆਰ ਦਾ
ਠੰਡਾ ਠੰਡਾ ਪਾਣੀ ਸੀਨਾ ਜਾਵੇ ਠਾਰਦਾ…
ਪਿਓ  ਦਾਦੇ  ਇਹਨੂੰ  ਮੰਨਦੇ  ਖ਼ਵਾਜ਼ਾ ਸੀ
ਮਿੱਟੀ ਦਿਆਂ ਭਾਂਡਿਆਂ ਦਾ ਹੁੰਦਾ ਰਾਜਾ ਸੀ
ਪੁੱਛੇ ਨਾ ਕੋਈ ਅੱਜ “ਖੁਸ਼ੀ”,  ਧਾਹਾਂ ਮਾਰਦਾ
ਠੰਡਾ ਠੰਡਾ ਪਾਣੀ ਸੀਨਾ ਜਾਵੇ ਠਾਰਦਾ…
ਖੁਸ਼ੀ ਮੁਹੰਮਦ “ਚੱਠਾ”
ਪਿੰਡ ਤੇ ਡਾਕ:  ਦੂਹੜੇ (ਜਲੰਧਰ)
ਮੋਬ/ਵਟਸਐਪ:  9779025356
Previous articleਭਵਸਾਗਰ ਤਰ ਜਾਵੇਂਗਾ….
Next articleਧੀ ਤੋਰ ਦਿੱਤੀ।