ਸੁਖਦੇਵ ਸਿੰਘ ਭੁੱਲੜ
(ਸਮਾਜ ਵੀਕਲੀ) ਔਰੰਗਜ਼ੇਬ, ਸ਼ਾਹਜਹਾਂ ਦਾ ਤੀਸਰਾ ਪੁੱਤਰ ਸੀ। ਇਸ ਦਾ ਪੂਰਾ ਨਾਮ ‘ਅਬੂ ਜ਼ਫ਼ਰ ਮਹੀਉਦੀਨ-ਮੁਹੰਮਦ ਔਰੰਗਜ਼ੇਬ’ ਸੀ।ਇਹ ਆਪਣੇ ਨਾਂ ਨਾਲ ‘ਆਲਮਗੀਰ’ ਦਾ ਖਿਤਾਬ ਵੀ ਵਰਤਦਾ ਸੀ।ਆਪਣੇ-ਆਪ ਨੂੰ ਈਮਾਨਦਾਰ, ਵਿਦਵਾਨ ਤੇ ਮਿਹਨਤੀ, ਸੁੰਨੀ ਮੱਤ ਦਾ ਪੱਕਾ ਮੁਸਲਮਾਨ, ਇਸਲਾਮ ਦਾ ਰਾਖਾ, ਰਾਜ ਪ੍ਰਬੰਧ ਕਰਨ ਵਿੱਚ ਚਤੁਰ, ਦਸਾਂ ਨਹੁੰਆਂ ਦੀ ਕਿਰਤ ਕਰਨ ਵਾਲਾ, ਪ੍ਰਹੇਜ਼ਗਾਰ ਨਿਮਾਜ਼ੀ ਸਮਝਦਾ ਸੀ।ਔਰੰਗਜ਼ੇਬ ਸਾਦੇ ਕੱਪੜੇ ਪਹਿਨਦਾ ਸੀ।ਸ਼ਰਾਬ ਜਾਂ ਹੋਰ ਕੋਈ ਨਸ਼ਾ ਬਿਲਕੁਲ ਨਹੀਂ ਵਰਤਦਾ ਸੀ।ਇਸ ਨੇ ਆਪਣੇ ਨਿੱਜੀ ਖਰਚੇ ਬਹੁਤ ਘਟਾਏ ਸਨ। ਵਿਹਲੇ ਸਮੇਂ ਵਿੱਚ ਆਪਣੇ ਹੱਥੀਂ ਟੋਪੀਆਂ ਬਨਾਉਣ ਜਾਂ ਕੁਰਾਨ ਦੀਆਂ ਖ਼ੁਸ਼ਖਤ ਨਕਲਾਂ ਕਰਨ ਦਾ ਕੰਮ ਕਰਦਾ ਸੀ। ਇਸਲਾਮ ਤੋਂ ਬਿਨਾਂ ਹੋਰ ਧਰਮਾਂ ਨੂੰ ਘਿਰਣਾ ਕਰਨੀ, ਉਸ ਦਾ ਮੁੱਖ ਕੰਮ ਸੀ।
ਔਰੰਗਜ਼ੇਬ ਨੇ ਦਿੱਲੀ ਦਾ ਤਖ਼ਤ ਗਾਜਰਾਂ-ਮੂਲੀਆਂ ਵੇਚ ਕੇ ਹਾਸਲ ਨਹੀਂ ਸੀ ਕੀਤਾ। ਇਹਦੇ ਲਈ ਉਸ ਬੜੇ ਜ਼ਫ਼ਰ ਜਾਲੇ ਸਨ।ਆਪਣਿਆਂ-ਬਿਗਾਨਿਆਂ ਦਾ ਰੱਜ ਕੇ ਲਹੂ ਵਹਾਇਆ ਸੀ। ਸਿੱਧੇ ਜਿਹੇ ਲਫ਼ਜ਼ਾਂ ਵਿੱਚ ਉਸ ਨੇ ਲਹੂ ਦਾ ਦਰਿਆ ਪਾਰ ਕੀਤਾ ਸੀ ਤੇ ਫਿਰ ਕਿਤੇ ਜਾ ਕੇ ਦਿੱਲੀ ਦਾ ਤਖ਼ਤ ਨਸੀਬ ਹੋਇਆ ਸੀ। ਇਸ ਤਖ਼ਤ ਦੀ ਭਾਰੀ ਕੀਮਤ ਤਾਰਨੀ ਪਈ। ਲਗਾਤਾਰ 6 ਸਾਲਾਂ ਦੀ ਜਦੋ-ਜਹਿਦ ਨੇ ਉਹਨੂੰ ਪੱਕੇ ਪੈਰੀਂ ਕਰ ਦਿੱਤਾ। ਈਰਾਨ ਦੇ ਬਾਦਸ਼ਾਹ ਸ਼ਾਹ ਅੱਬਾਸ ਨੇ ਉਹ ਦੀਆਂ ਕਰਤੂਤਾਂ ਦੀ ਨਿਖੇਧੀ ਕੀਤੀ। ਔਰੰਗਜ਼ੇਬ ਨੇ ਇਸਲਾਮ ਦੇ ਧਾਰਮਿਕ ਆਗੂਆਂ (ਕਾਜ਼ੀ, ਮੌਲਵੀ, ਮੁਫ਼ਤੀ ਆਦਿ) ਨੂੰ ਧਨ-ਦੌਲਤ ਦੇ ਖੁੱਲ੍ਹੇ ਗੱਫੇ ਦੇ ਕੇ ਆਪਣੇ ਵੱਲ ਕਰ ਲਿਆ।ਮੌਕੇ ਦੇ ਵੱਡੇ ਮੁਫ਼ਤੀ ਨੇ ਪਹਿਲਾਂ ਤਾਂ ਉਹਦੇ ਮਾੜੇ ਕਰਮਾਂ ‘ਤੇ ਇਤਰਾਜ਼ ਕਰਦਿਆਂ ਭੇਟਾ ਲੈਣੋਂ ਇਨਕਾਰ ਕਰ ਦਿੱਤਾ, ਪਰ ਮਗਰੋਂ ‘ਇਸਲਾਮ ਦਾ ਰਾਖਾ’ ਕਹਿ ਕੇ ਸਨਮਾਨਿਤ ਕੀਤਾ ਗਿਆ।
ਔਰੰਗਜ਼ੇਬ ਇੱਕ ਪੱਥਰ-ਦਿਲ, ਬੇਰਹਿਮ, ਬੇਕਿਰਕ ਤੇ ਜ਼ਾਲਮ ਬਾਦਸ਼ਾਹ ਸੀ। ਦਿੱਲੀ ਦੇ ਤਖ਼ਤ ਤੱਕ ਪਹੁੰਚਣ ਲਈ ਉਸ ਕਿੰਨ੍ਹਾਂ-ਕਿੰਨ੍ਹਾਂ ਦੀ ਬਲੀ ਦਿੱਤੀ ? ਇਸ ਲਿਸ਼ਟ ‘ਤੇ ਇੱਕ ਪੰਛੀ-ਝਾਤ ਮਾਰਦੇ ਜਾਓ-
1.ਸਭ ਤੋਂ ਪਹਿਲਾਂ ਉਸ ਨੇ ਆਪਣੇ ਪਿਤਾ ਸ਼ਾਹ ਜਹਾਨ ਨੂੰ ਆਗਰੇ ਦੇ ਕਿਲ੍ਹੇ ਵਿੱਚ ਕੈਦ ਕਰ ਲਿਆ। ਜਿਸ ਕਮਰੇ ਵਿੱਚ ਉਹ ਕੈਦ ਸੀ, ਉਸ ਕਮਰੇ ਦੀ ਇੱਕ ਬਾਰੀ (ਖਿੜਕੀ) ਜਮਨਾ ਦਰਿਆ ਵੱਲ ਖੁੱਲ੍ਹਦੀ ਸੀ, ਜਿਸ ਥਾਣੀਂ ਉਹ ਵਗਦੀ ਜਮਨਾ ਦਾ ਦ੍ਰਿਸ਼ ਦੇਖਦਾ ਸੀ। ਇਹਦਾ ਪਤਾ ਲੱਗਣ ‘ਤੇ ਔਰੰਗਜ਼ੇਬ ਨੇ ਉਹ ਬਾਰੀ ਵੀ ਬੰਦ ਕਰਵਾ ਦਿੱਤੀ। ਏਥੇ ਹੀ ਬੱਸ ਨਹੀਂ ਕੀਤੀ, ਸਗੋਂ ਆਪਣੇ ਹਕੀਮ ਮੁਕੱਰਮ ਖਾਂ ਰਾਹੀਂ ਦਵਾਈ ਦੀ ਥਾਂ ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ, ਪਰ ਹਕੀਮ ਮੁਕੱਰਮ ਖਾਂ ਨੇ ਇਹ ਕੁਕਰਮ ਕਰਨ ਦੀ ਬੀਜਾਇ ਉਹ ਜ਼ਹਿਰ ਆਪ ਹੀ ਪੀ ਲਿਆ।
2.ਫਿਰ ਵਾਰੀ-ਵਾਰੀ ਆਪਣੇ ਭਰਾਵਾਂ ਦਾ ਖਾਤਮਾ ਕੀਤਾ। ਵੱਡੇ ਭਰਾ ਦਾਰਾ ਸ਼ਿਕੋਹ ਨੂੰ ਕਾਜ਼ੀਆਂ ਤੋਂ ਫਤਵਾ ਲੁਵਾ ਕੇ, ਦਿੱਲੀ ਵਿੱਚ ਕਤਲ ਕਰਾ ਦਿੱਤਾ। ਛੋਟਾ ਭਰਾ ਮੁਰਾਦ ਦਿੱਲੀ ਤਖ਼ਤ ਦਾ ਚਾਹਵਾਨ ਸੀ। ਉਹਨੂੰ ਆਪਣੇ ਛਲ-ਕਪਟ ਭਰੇ ਸ਼ਬਦ ਜਾਲ ਵਿੱਚ ਫਸਾ ਕੇ ਆਖਿਆ-‘ਮੈਂ ਬਾਦਸ਼ਾਹੀ ਨਹੀਂ ਚਾਹੁੰਦਾ, ਸਿਰਫ ਕਾਫ਼ਰ ਦਾਰੇ ਨੂੰ ਮਾਰ ਕੇ, ਤਾਜ ਤੇਰੇ ਸਿਰ ‘ਤੇ ਰੱਖ, ਮੈਂ ਮੱਕੇ ਨੂੰ ਚਲਾ ਜਾਵਾਂਗਾ।’ ਬਦ-ਕਿਸਮਤ ਮੁਰਾਦ ਕਪਟੀ ਔਰੰਗਜ਼ੇਬ ਦੇ ਛਲ-ਕਪਟ ਦਾ ਸ਼ਿਕਾਰ ਬਣ ਗਿਆ ਤੇ ਉਸ ਨਾਲ ਮਿਲ ਕੇ ਦਾਰਾ ਸ਼ਿਕੋਹ ਦੀ ਹਾਰ ਦਾ ਕਾਰਨ ਬਣਿਆ। ਔਰੰਗਜ਼ੇਬ ਨੇ ਜੰਗ ਜਿੱਤ ਕੇ ਬਹੁਤ ਵੱਡਾ ਜਸ਼ਨ ਮਨਾਇਆ ਤੇ ਮੁਰਾਦ ਨੂੰ ਸ਼ਰਾਬ ਵਿੱਚ ਮਸਤ ਕਰਕੇ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਕਰ ਦਿੱਤਾ। ਤਿੰਨ ਸਾਲ ਕੈਦ ਰੱਖਣ ਤੋਂ ਬਾਅਦ ਇੱਕ ਸੱਯਦ ਦੇ ਕਤਲ ਦਾ ਦੋਸ਼ ਲਾ ਕੇ ਕਤਲ ਕਰਵਾ ਦਿੱਤਾ। ਸਿਆਰ-ਉਲ- ਮਤਾਖ਼ਰੀਨ’ ਦਾ ਲਿਖਾਰੀ ਆਪਣੀ ਪੁਸਤਕ ਵਿੱਚ ਲਿਖਦਾ ਏ-‘ਜਿਸ ਨੂੰ (ਮੁਰਾਦ ਬਖਸ਼) ਪੁਰ ਫਰੇਬ ਆਲਮਗੀਰ (ਔਰੰਗਜ਼ੇਬ) ਨੇ ਇਹ ਗੱਲ ਦੱਸਕੇ ਕਿ ਉਹ ਦਾਰਾ ਸ਼ਿਕੋਹ ਦੀ ਲੜਾਈ ਪਿਛੋਂ ਮੱਕੇ-ਮਦੀਨੇ ਟੁਰ ਜਾਏਗਾ। ਆਪਣੇ ਬੇਵਕੂਫ਼ ਭਰਾ (ਮੁਰਾਦ ਬਖਸ਼) ਨੂੰ ਸਲਤਨਤ ਤੇ ਕਾਮਯਾਬੀ ਦੀ ਮੁਬਾਰਕ ਤੇ ਬਾਦਸ਼ਾਹੀ ਦੀ ਉਮੈਦ ਦੇ ਕੇ ਤਸੱਲੀ ਤੇ ਤਸ਼ੱਫੀ ਨਾਲ ਖੁਸ਼ ਰੱਖਦਾ ਸੀ। ਉਹ (ਮੁਰਾਦ ਬਖਸ਼) ਬੇਵਕੂਫ਼, ਮੱਕਾਰ ਭਰਾ ਔਰੰਗਜ਼ੇਬ ਦੇ ਫਰੇਬ ਵਿਚ ਆ ਕੇ ਨਿਸ਼ੰਕ ਉਸ ਦੇ ਪਾਸ ਆਉਂਦਾ ਜਾਂਦਾ ਸੀ।ਉਸ ਦੇ ਖੈਰ-ਖਵਾਹ ਉਸਦੀ ਇਸ ਬੇਮੌਕਾ ਆਉਣ-ਜਾਣ ਦੀ ਸਖਤ ਰੋਕ ਕਰਦੇ ਸਨ । ਪਰ ਉਹ ਆਪਣੇ ਮੱਕਾਰ ਭਰਾ ਦੀਆਂ ਗੱਲਾਂ ਤੇ ਕੌਲ-ਇਕਰਾਰ ਦੇ ਸਬੱਬ, ਇਸ ਤੋਂ ਕਿਸੇ ਤਰ੍ਹਾਂ ਦੀ ਬੁਰਿਆਈ ਦੀ ਆਸ ਨਾ ਰੱਖਦਾ ਹੋਇਆ, ਉਨ੍ਹਾਂ (ਹਮਾਇਤੀ ਹਮਦਰਦਾਂ) ਦੀ ਨਸੀਹਤ ਨਹੀਂ ਸੁਣਦਾ ਸੀ। ਦਾਰਾ ਸ਼ਿਕੋਹ ਦੀ ਹਾਰ ਪਿੱਛੋਂ ਸਫ਼ਰ ਵਿੱਚ, ਜਦ ਕਿ ਉਹ ਦਾਰਾ ਸ਼ਿਕੋਹ ਦੇ ਪਿੱਛੇ ਜਾ ਰਿਹਾ ਸੀ । ਇਸ ਬਦਨਸੀਬ (ਮੁਰਾਦ ਬਖਸ਼) ਨੂੰ ਵੀ ਔਰੰਗਜ਼ੇਬ ਨੇ ਕੈਦ ਕਰਕੇ ਗਵਾਲੀਅਰ ਦੇ ਕਿਲ੍ਹੇ ਵਿੱਚ ਨਜ਼ਰਬੰਦ ਕਰ ਦਿੱਤਾ।’ ਇੱਕ ਭਰਾ ਸ਼ੁਜਾਹ ਨੂੰ ਦੇਸ਼ ਨਿਕਾਲਾ ਦੇ ਦਿੱਤਾ। ਇਸ ਦੀ ਪੁਸ਼ਟੀ ਦਸਮ ਪਿਤਾ ਜੀ ਦੀ ਲਿਖਤ ‘ਫਤਹਿਨਾਮਾ’ ਵਿੱਚ ਵੀ ਮਿਲਦੀ ਏ-
ਤੂੰ ਖਾਕਿ ਪਿਦਰ ਰਾ,ਬਿ ਕਿਰਦਾਰੇ ਜ਼ਿਸਤ॥
ਬਖੂਨੇ ਬਿਰਾਦਰ ਬਿਵਾਦੀ ਸਰਿਸ਼ਤ॥੭॥
3- ਰੋਸ਼ਨ ਆਰਾ ਵਰਗੀ ਭੈਣ, ਜਿਸ ਨੇ ਤਖ਼ਤ ਹਾਸਲ ਕਰਨ ਲਈ ਔਰੰਗਜ਼ੇਬ ਦਾ ਪਾਗਲਪਨ ਦੀ ਹੱਦ ਤੱਕ ਸਾਥ ਦਿੱਤਾ, ਪਰ ਉਸ ਨੂੰ ਵੀ ਔਰੰਗਜ਼ੇਬ ਨੇ ਹਲਕਾ- ਹਲਕਾ ਜ਼ਹਿਰ ਦੇ ਕੇ ਮਾਰ ਦਿੱਤਾ ਤਾਂ ਕਿ ਉਹ ਕੱਲ੍ਹ ਨੂੰ ਅਹਿਸਾਨ ਨਾ ਜਤਾ ਸਕੇ।
4- ਬਹੁਤ ਹੀ ਜ਼ਹੀਨ ਸਿਆਣੀ ਸ਼ਾਇਰ ਬੇਟੀ ਜੇਬ-ਉਲ-ਨਿਸਾ ਨੂੰ ਵੀ ਜ਼ਹਿਰ ਦੇ ਕੇ ਮਰਵਾ ਦਿੱਤਾ।
5.ਕਰੂਰਤਾ ਦੀ ਹੱਦ ਉਸ ਵਕਤ ਹੋਈ, ਜਦ ਉਸਨੇ ਆਪਣੇ ਵੱਡੇ ਪੁੱਤਰ ਸ਼ਹਿਜ਼ਾਦਾ ਸੁਲਤਾਨ ਮੁਹੰਮਦ ਨੂੰ 36 ਸਾਲ ਦੀ ਉਮਰ ਵਿੱਚ ਹੀ ਜ਼ਹਿਰ ਦੇ ਕੇ ਮਾਰ ਦਿੱਤਾ।ਕਾਰਣ-ਉਹ ਰਾਜ ਦਾ ਦਾਅਵਾ ਨਾ ਕਰ ਸਕੇ। ਪੰਜਾਬੀ ਦੀ ਕਹਾਵਤ ਏ : ‘ਚੋਰ ਨੂੰ ਸਾਰੇ ਚੋਰ ਹੀ ਨਜ਼ਰ ਆਉਂਦੇ ਹਨ।”
6.ਦੂਜੇ ਪੁੱਤਰ ਸਹਿਜ਼ਾਦੇ ਅਕਬਰ ਨੂੰ ਦੇਸ਼ ਛੱਡਣ ਲਈ ਮਜ਼ਬੂਰ ਕਰ ਦਿੱਤਾ। ਉਹਦਾ ਦੋਸ਼ ਸੀ ਕਿ ਉਸ ਨੇ ਔਰੰਗਜ਼ੇਬ ਨੂੰ ਇੱਕ ਚਿੱਠੀ ਲਿਖੀ ਸੀ, ਜਿਸ ਵਿੱਚ ਕੁੱਝ ਕੌੜੀਆਂ ਗੱਲਾਂ ਲਿਖੀਆਂ। ਚਿੱਠੀ ਦਾ ਮਜ਼ਬੂਨ ਸੀ-“ਕੋਈ ਉੱਚ-ਖ਼ਾਨਦਾਨੀ ਬੰਦਾ ਹਕੂਮਤ ਵਿੱਚ ਨਹੀਂ ਰਿਹਾ ਤੇ ਹਕੂਮਤ ਦਾ ਪ੍ਰਬੰਧ ਹੀਜੜੇ, ਕਾਰੀਗਰ, ਘੁਮਿਆਰ, ਰੇੜ੍ਹੀ ਵਾਲੇ ਤੇ ਦਰਜ਼ੀਆਂ ਦੇ ਹੱਥ ਚਲਿਆ ਗਿਆ ਹੈ। ਧੋਖੇਬਾਜ਼ ਲੋਕੀਂ ਹੱਥ ਤੱਸਬੀ ਲੈ ਕੇ ਫ਼ਕੀਰੀ ਚੋਗਾ ਪਾ ਕੇ ਤੁਹਾਡੇ ਸਾਹਮਣੇ ਆਉਂਦੇ ਹਨ ਤੇ ਤੁਸੀਂ ਆਪਣੇ ਇਤਬਾਰੀ, ਸਲਾਹਕਾਰ ਤੇ ਸਾਥੀ ਬਣਾ ਲੈਂਦੇ ਹੋ ਤੇ ਹਰ ਸਲਾਹ ਮੰਨੀ ਤੁਰੇ ਜਾਂਦੇ ਹੈ।ਉਹ ਜੌਂ ਨੂੰ ਕਣਕ ਕਹਿ ਕੇ ਤੁਹਾਡੇ ਸਾਹਮਣੇ ਪੇਸ਼ ਕਰਦੇ ਹਨ ਤਾਂ ਤੁਸੀਂ ਉਹ ਸਵੀਕਾਰ ਕਰ ਲੈਂਦੇ ਹੋ। ਖ਼ੁਦਾ ਬਚਾਏ ਅਜਿਹੇ ਰਾਜ ਤੋਂ, ਜਿੱਥੇ ਗਧਾ ਅਰਬੀ ਘੋੜੇ ਨੂੰ ਲੱਤ ਮਾਰ ਰਿਹਾ ਹੈ।”
ਅਜਿਹੀ ਚਿੱਠੀ ਉਦਯ ਪੁਰ ਦੇ ਰਾਜੇ ਰਾਜ ਸਿੰਘ ਨੇ 1680 ਈਸਵੀ ਵਿੱਚ ਔਰੰਗਜ਼ੇਬ ਨੂੰ ਲਿਖੀ ਹੋਣ ਦਾ ਜ਼ਿਕਰ ‘ਮਹਾਨ ਕੋਸ਼’ ਵਿੱਚ ਮਿਲਦਾ ਏ। ਰਾਜਾ ਸਾਹਿਬ ਲਿਖਦੇ ਹਨ-“ਆਪ ਦੇ ਵੱਡਿਆਂ ਨੇ ਹਿੰਦੂ, ਮੁਸਲਮਾਨ, ਯਹੂਦੀ, ਈਸਾਈ, ਬਲਕਿ ਜੋ ਵੀ ਰੱਬ ਨੂੰ ਭੀ ਨਹੀਂ ਮੰਨਦੇ ਸਨ, ਉਨ੍ਹਾਂ ਨੂੰ ਇੱਕੋ ਜਿਹਾ ਪਾਲਿਆ। ਆਪ ਦੀ ਅਮਲਦਾਰੀ ਵਿਚ ਕਈ ਘਰੋਂ ਬਾਹਰ ਹੋਏ ਫਿਰਦੇ ਹਨ। ਕਈ ਦੇਸ਼ ਛੱਡ ਗਏ ਹਨ।ਸਾਰੇ ਪਰਲੋਂ ਆ ਰਹੀ ਹੈ।ਲੋਕ ਭੁੱਖ ਨਾਲ ਮਰ ਰਹੇ ਹਨ।ਆਪ ਦੀ ਪਰਜਾ ਪੈਰਾਂ ਹੇਠ ਕੁੱਚਲੀ ਜਾ ਰਹੀ ਹੈ।ਸਿਪਾਹੀ ਰੋ ਰਹੇ ਹਨ।ਸੌਦਾਗਰ ਪਿੱਟ ਰਹੇ ਹਨ। ਜੋ ਬਾਦਸ਼ਾਹ ਐਸੀ ਦੁਖੀ ਪਰਜਾ ਤੋਂ ਟੈਕਸ ਮੰਗੇ। ਉਸ ਦਾ ਰਾਜ ਕਿਸ ਤਰ੍ਹਾਂ ਕਾਇਮ ਰਹਿ ਸਕਦਾ ਹੈ ? ਜੇ ਆਪ ਨੂੰ ਆਪਣੀ ਧਰਮ ਪੁਸਤਕ ‘ਤੇ ਨਿਸ਼ਚਾ ਹੈ ਤਾਂ ਉਸ ਵਿਚ ਦੇਖੋਗੇ ਕਿ ਖ਼ੁਦਾ ਸਭ ਦਾ ਸਾਂਝਾ ਹੈ, ਕੇਵਲ ਮੁਸਲਮਾਨਾਂ ਦਾ ਹੀ ਨਹੀਂ। ਮਸੀਤਾਂ ਵਿੱਚ ਜਿਸ ਦੀ ਆਰਾਧਨਾ ਹੁੰਦੀ ਏ, ਉਸੇ ਦੇ ਘੰਟੇ ਠਾਕੁਰ-ਦੁਆਰੇ ਅੰਦਰ ਵੱਜਦੇ ਹਨ। ਜਦ ਅਸੀਂ ਕਿਸੇ ਮੁਸੱਵਰ ਦੀ ਲਿਖੀ ਮੂਰਤੀ ਵਿਗਾੜਦੇ ਹਾਂ, ਤਦ ਬਿਨਾਂ ਸੰਸੇ ਚਿੱਤਰਕਾਰ ਨੂੰ ਨਾਰਾਜ਼ ਕਰਦੇ ਹਾਂ। ਏਸੇ ਤਰ੍ਹਾਂ ਜੋ ਰੱਬ ਦੀ ਰਚਨਾ ਨੂੰ ਭੰਗ ਕਰਦਾ ਹੈ, ਉਹ ਉਸ ਦੇ ਕਰੋਧ ਦਾ ਅਧਿਕਾਰੀ ਹੁੰਦਾ ਹੈ।ਜੋ ਮਹਿਸੂਲ ਆਪ ਗਰੀਬ ਹਿੰਦੂਆਂ ਤੋਂ ਮੰਗਦੇ ਹੋ, ਇਹ ਨਾਵਾਜਿਬ ਹੈ। ਉਨ੍ਹਾਂ ਪਾਸ ਦੇਣ ਨੂੰ ਕਿੱਥੇ ਹੈ ? ਪਰ ਜੇ ਆਪ ਨੇ ਜੇਜ਼ੀਆ ਲਾਉਣਾ ਹੀ ਹੈ ਤਾਂ ਮਹਾਰਾਜ ਰਾਮ ਸਿੰਘ ਤੇ ਮੈਥੋਂ ਮੰਗੋ, ਨਿੱਕੀਆਂ ਮੱਖੀਆਂ ਮਾਰਨ ਤੋਂ ਆਪ ਦੀ ਬਜ਼ੁਰਗੀ ਨੂੰ ਦਾਗ ਲੱਗਦਾ ਹੈ। ਮੈਂ ਹੈਰਾਨ ਹਾਂ ਕਿ ਆਪ ਦੇ ਮੰਤਰੀ ਆਪ ਨੂੰ ਕਿਉਂ ਨਹੀਂ ਦੱਸਦੇ ਕਿ ਅਜਿਹੀਆਂ ਗੱਲਾਂ ਆਪ ਦੀ ਸ਼ਾਨ ਦੇ ਵਿਰੁੱਧ ਹਨ।”
7.ਤੀਜਾ ਪੁੱਤਰ ਮੁਅੱਜ਼ਮ, ਜੋ ਮਗਰੋਂ ਬਹਾਦਰ ਸ਼ਾਹ ਦੇ ਨਾਂ ਨਾਲ ਮਸ਼ਹੂਰ ਹੋਇਆ ਤੇ ਦਸਮ ਪਿਤਾ ਜੀ ਦੀ ਸਹਾਇਤਾ ਸਦਕਾ ਆਪਣੇ ਭਰਾ ਤਾਰਾ ਆਜ਼ਮ ਨੂੰ ਮਾਰ ਕੇ ਦਿੱਲੀ ਤਖ਼ਤ ਦਾ ਬਾਦਸ਼ਾਹ ਬਣਿਆ, ਨੂੰ ਔਰੰਗਜ਼ੇਬ ਨੇ 7 ਸਾਲ ਸਮੇਤ ਪਰਵਾਰ ਕੈਦ ਕਰੀ ਰੱਖਿਆ।
8- ਬਹੁਤ ਹੀ ਨਿਕਟਵਰਤੀ ਸਾਥੀ ਮਿਰਜ਼ਾ ਜੈ ਸਿੰਘ ਨੂੰ ਧੋਖੇ ਨਾਲ ਜ਼ਹਿਰ ਦੇ ਕੇ ਮਾਰ ਦਿੱਤਾ।
9.ਮਿਰਜ਼ਾ ਮੁਰਤਜ਼ਾ ਵਰਗੇ ਫ਼ਕੀਰ, ਜਿਸ ਨੇ ‘ਹੱਕ ਗੋ’ ਨਾਂ ਦੀ ਕਿਤਾਬ ਲਿਖੀ ਸੀ, ਨੂੰ ਨਿਮਾਜ਼ ਤੱਕ ਪੜ੍ਹਣ ਲਈ ਪ੍ਰੇਸ਼ਾਨ ਕੀਤਾ ਕਿਉਂਕਿ ਉਸਨੇ ਆਪਣੀ ਕਿਤਾਬ ਵਿੱਚ ਸ਼ਹਿਜ਼ਾਦਿਆਂ, ਨਵਾਬਾਂ, ਕਾਜੀਆਂ, ਮੁੱਲਾਂ ਤੇ ਅਹਿਲਕਾਰਾਂ ਦੇ ਪਾਜ ਨੰਗੇ ਕੀਤੇ ਸਨ।
ਔਰੰਗਜ਼ੇਬ ਨੇ ਆਪਣੀਆਂ ਕਰਤੂਤਾਂ ‘ਤੇ ਪਰਦਾ-ਪੋਸ਼ੀ ਕਰਨ ਲਈ (ਰਾਜਸੀ ਦੁਸ਼ਮਣਾਂ ਵੱਲੋਂ ਵਿਹਲਾ ਹੋ ਕੇ) ਗੈਰ-ਮੁਸਲਮਾਨਾਂ ਨੂੰ ਇਸਲਾਮ ਦੇ ਘੇਰੇ ਵਿੱਚ ਲਿਆਉਣ ਲਈ ਰਾਜਸੀ ਤਾਕਤ ਦੀ ਰੱਜ ਕੇ ਵਰਤੋਂ ਕੀਤੀ। ਉਸ ਦੀ ਧਾਰਮਿਕ ਨੀਤੀ ਤੁਅੱਸਬ ਭਰਪੂਰ ਸੀ। ਆਪਣੇ ਮਜ੍ਹਬੀ ਭਰਾਵਾਂ ਦਾ ਖਾਤਮਾ ਕਰਕੇ ਔਰੰਗਜ਼ੇਬ ਨੇ ਇਸਲਾਮੀ ਝੰਡਾ ਚੁੱਕ ਲਿਆ ਤੇ ਗੈਰ-ਮੁਸਲਮਾਨਾਂ ਖ਼ਿਲਾਫ਼ ਇੱਕ ਜਹਾਦ ਖੜ੍ਹਾ ਕਰਨ ਦਾ ਐਲਾਨ ਕਰ ਦਿੱਤਾ।ਵੈਸੇ ਤਾਂ ਉਹ ਸ਼ੁਰੂ ਤੋਂ ਹੀ ਇੱਕ ਫਿਰਕੂ ਤੇ ਮੁਤੱਸਬੀ ਵਿਅਕਤੀ ਸੀ।ਆਪਣੇ ਸ਼ੁਰੂਆਤੀ ਦਿਨਾਂ ਵਿੱਚ ਹੀ ਉਸ ਨੇ ਗੈਰ-ਇਸਲਾਮੀ ਲੋਕਾਂ ‘ਤੇ ਜ਼ੁਲਮ ਢਾਹੁਣਾ ਸ਼ੁਰੂ ਕਰ ਦਿੱਤਾ ਸੀ।ਜਦ ਉਹ ਗੁਜਰਾਤ ਦਾ ਗਵਰਨਰ ਬਣਿਆ ਤਾਂ 1645 ਈ: ਵਿੱਚ ਮੰਦਰ ਢਾਹੁਣ ਦੀ ਨੀਤੀ ਸ਼ੁਰੂ ਕਰਨ ਦਾ ਉਦਘਾਟਨ ਕਰ ਦਿੱਤਾ। ਗੁਜਰਾਤ ਦਾ ਪ੍ਰਸਿੱਧ ਮੰਦਰ ‘ਚਿੰਤਾਮਨੀ’ ਨੂੰ ਢਾਹ ਕੇ, ਉੱਥੇ ਮਸੀਤ ਬਣਾ ਦਿੱਤੀ। ਮੰਦਰ ਦੇ ਵਿਹੜੇ ਵਿੱਚ ਗਾਂ ਹਲਾਲ ਕੀਤੀ ਗਈ।ਜਦ ਉਸ ਦੱਖਣੀ ਭਾਰਤ ਦਾ ਕੰਟਰੋਲ ਸਾਂਭਿਆ ਤਾਂ ਉਸ ਵਕਤ ਵੀ ਅਨੇਕਾਂ ਮੰਦਰ ਢਾਹ ਕੇ ਮਿੱਟੀ ਵਿੱਚ ਮਿਲਾ ਦਿੱਤੇ । ਬੇਸ਼ੱਕ ਉਹਦੇ ਦੱਖਣ ਤੋਂ ਪਰਤਣ ਬਾਅਦ ਫਿਰ ਮੰਦਰ ਬਣ ਗਏ, ਪਰ ਉਹਦੀ ਅੰਤਰੀਵ ਭਾਵਨਾ ਇਸ ਰਵਾਇਤ ਨੂੰ ਮੂਲੋਂ ਹੀ ਖਤਮ ਕਰਨ ਦੀ ਸੀ।ਬੁੱਤ-ਪ੍ਰਸਤੀ ਦਾ ਖੁਰਾ-ਖੋਜ ਮਿਟਾਉਣ ਲਈ ਉਸ ਨੇ ਮਿੱਟੀ ਦੇ ਖਿਡਾਉਣੇ ਤੱਕ ਬਣਾਉਣ ਦੀ ਮਨਾਹੀ ਕਰ ਦਿੱਤੀ।
ਉਸ ਨੇ ਆਪਣੀ ਧਾਰਮਿਕ ਨੀਤੀ ਨੂੰ ਸਫਲ ਕਰਨ ਲਈ ਇੱਕ ਐਕਟ 1665 ਈ: ਵਿੱਚ ਬਣਾਇਆ। ਧਾਰਮਿਕ ਮੰਦਰ ਢਾਹੁਣ ਤੋਂ ਪਹਿਲਾਂ ਉਸ ਹਿੰਦੂਆਂ ‘ਤੇ ਆਰਥਿਕ ਬੋਝ ਪਾਉਣ ਲਈ ਹਿੰਦੂਆਂ ‘ਤੇ ਮੁਸਲਮਾਨਾਂ ਨਾਲੋਂ ਟੈਕਸ ਦੁਗਣਾ ਕਰ ਦਿੱਤਾ, ਪਰ 1667 ਈ. ਵਿੱਚ ਮੁਸਲਮਾਨ ਵਿਪਾਰੀਆਂ ਤੋਂ ਚੁੰਗੀ ਲੈਣੀ ਬਿਲਕੁਲ ਬੰਦ ਕਰ ਦਿੱਤੀ।ਮਗਰ ਗੈਰ-ਇਸਲਾਮੀ ਲੋਕਾਂ ‘ਤੇ ਕਈ ਤਰ੍ਹਾਂ ਦੇ ਕਾਨੂੰਨ ਠੋਸ ਦਿੱਤੇ । ਜਰ੍ਹਾ ਨਿਗ੍ਹਾ ਮਾਰਦੇ ਜਾਓ-
1.ਔਰੰਗਜ਼ੇਬ ਨੇ ਹੁਕਮ ਕਰ ਦਿੱਤਾ ਕਿ ਮਾਲ ਮਹਿਕਮੇ ਵਿੱਚ ਨੌਕਰ ਹਿੰਦੂਆਂ ਦੀ ਥਾਂ ‘ਤੇ ਮੁਸਲਮਾਨ ਮੁਲਾਜ਼ਮਾਂ ਨੂੰ ਰੱਖ ਲਿਆ ਜਾਏ। ਅੱਗੇ ਤੋਂ ਕਿਸੇ ਵੀ ਹਿੰਦੂ ਨੂੰ ਨੌਕਰ ਨਾ ਰੱਖਿਆ ਜਾਏ। ਜੇ ਹੋ ਸਕੇ ਤਾਂ ਪੁਰਾਣੇ ਮੁਲਾਜ਼ਮਾਂ ਨੂੰ ਹਟਾ ਕੇ, ਉਹਨਾਂ ਦੀ ਥਾਂ ‘ਤੇ ਨਵੇਂ ਮੁਸਲਮਾਨ ਭਰਤੀ ਕੀਤੇ ਜਾਣ, ਜਦ ਕਿ ਪਹਿਲਾਂ ਜ਼ਿਆਦਾਤਰ ਹਿੰਦੂ ਮੁਲਾਜ਼ਮ ਸਨ, ਪਰ ਨਾਲ ਹੀ ਇੱਕ ਸ਼ਰਤ ਵੀ ਰੱਖ ਦਿੱਤੀ ਕਿ ‘ਜਿਹੜਾ ਹਿੰਦੂ ਇਸਲਾਮ ਕਬੂਲ ਕਰ ਲਏਗਾ, ਉਸਨੂੰ ਔਹੁਦੇ ‘ਤੇ ਬਣੇ ਰਹਿਣ ਦੀ ਇਜ਼ਾਜਤ ਏ।ਅਗਰ ਨੀਅਤ ਸਮੇਂ ਤੱਕ ਇਸਲਾਮ ਕਬੂਲ ਕਰ ਲੈਣ ਤਾਂ ਠੀਕ ਵਰਨਾ ਨੌਕਰੀ ਛੱਡਣੀ ਪਵੇਗੀ।’ ਇਸ ਹੁਕਮ ਦਾ ਕਾਫ਼ੀ ਪ੍ਰਭਾਵ ਪਿਆ। ਬਹੁਤ ਸਾਰੇ ਹਿੰਦੂਆਂ ਨੇ ਨੌਕਰੀ ਖੁੱਸਣ ਤੇ ਟੈਕਸਾਂ ਦੇ ਬੋਝ ਤੋਂ ਬਚਣ ਲਈ ਇਸਲਾਮ ਧਾਰਨ ਕਰ ਲਿਆ।ਇਹ ਰਿਪੋਰਟ ਮਿਲਣ ‘ਤੇ ਬਾਦਸ਼ਾਹ ਨੇ ਖੁਸ਼ੀ ਵੀ ਮਨਾਈ।
2-ਮੁਆਸਰੇ ਆਲਮਗੀਰੀ ਦੇ ਲੇਖਕ ਮੁਹੰਮਦ ਸਾਕੀ ਮੁਸਤੈਦ ਖ਼ਾਂ ਦੇ ਲਿਖਣ ਮੁਤਾਬਿਕ-”ਤਖ਼ਤ-ਨਸੀਨੀ ਦੇ 12ਵੇਂ ਸਾਲ (1669 ਈ:) ਵਿੱਚ ਔਰੰਗਜ਼ੇਬ ਨੂੰ ਪਤਾ ਲੱਗਾ ਕਿ ਸੂਬਾ ਠੱਠਾ, ਮੁਲਤਾਨ ਤੇ ਹੋਰ ਥਾਵਾਂ ‘ਤੇ ਅਤੇ ਖਾਸ ਕਰਕੇ ਬਨਾਰਸ ਵਿੱਚ ਬ੍ਰਾਹਮਣਾਂ ਨੇ ਪਾਠਸ਼ਾਲਾ ਕਾਇਮ ਕੀਤੀਆਂ ਹੋਈਆਂ ਨੇ। ਜਿੱਥੇ ਝੂਠੀਆਂ ਪੋਥੀਆਂ ਪੜ੍ਹਾਉਣ ਤੇ ਸਿਖਾਉਣ ਵਿੱਚ ਬ੍ਰਾਹਮਣ ਰੁੱਝੇ ਹੋਏ ਹਨ।ਹਿੰਦੂ ਤੇ ਮੁਸਲਮਾਨ ਵਿਦਿਆਰਥੀ ਦੂਰ-ਦੂਰ ਥਾਵਾਂ ਤੋਂ ਪੈਂਡਾ ਮਾਰ ਕੇ, ਇਹ ਵਿਦਿਆ ਪ੍ਰਾਪਤ ਕਰਨ ਲਈ ਆਉਂਦੇ ਹਨ। ਬਾਦਸ਼ਾਹ ਨੇ ਸਾਰਿਆਂ ਸੂਬਿਆਂ ਦੇ ਨਾਜ਼ਮਾਂ ਦੇ ਨਾਂ ਫੁਰਮਾਨ ਜਾਰੀ ਕੀਤਾ ਕਿ ਇਹ ਸਭ ਪਾਠਸ਼ਾਲਾ ਢਾਹ ਦਿੱਤੀਆਂ ਜਾਣ ਤੇ ਇਹਨਾਂ ਦੀ ਪੜ੍ਹਾਈ, ਸਿਖਲਾਈ ਤੇ ਲਿਖਾਈ ਦੀ ਮਨਾਹੀ ਕਰ ਦਿੱਤੀ ਜਾਏ।”
3- ਏਸੇ ਨੀਤੀ ਤਹਿਤ 1669 ਈ: ਦੇ ਅਗਸਤ ਮਹੀਨੇ ਵਿੱਚ ਬਨਾਰਸ ਦਾ ‘ਵਿਸ਼ਵਨਾਥ ਮੰਦਰ’ ਢਾਹ ਕੇ, ਉੱਥੇ ਮਸੀਤ ਬਣਾਉਣ ਦਾ ਹੁਕਮ ਕਰ ਦਿੱਤਾ।ਇੱਕ ਹੋਰ ‘ਗੋਪੀਨਾਥ’ ਦਾ ਪ੍ਰਸਿੱਧ ਮੰਦਰ ਵੀ ਢਾਹ ਦਿੱਤਾ ਗਿਆ। ਅਗਲੇ ਸਾਲ 1670 ਈ: ਵਿੱਚ ਮਥਰਾ ਦੇ ਵੱਡੇ ਮੰਦਰ ਨੂੰ ਢਾਹੁਣ ਦਾ ਹੁਕਮ ਦਿੱਤਾ।ਜਰ੍ਹਾ ‘ਮੁਆਸਰੇ ਆਲਮਗੀਰੀ’ ਦਾ ਲਿਖਿਆ ਪੜ੍ਹੋ-“ਇਹ ਬੁੱਤਖਾਨਾ, ਜੋ ਇੱਕ ਆਲੀਸ਼ਾਨ ਤੇ ਮਜ਼ਬੂਤ ਇਮਾਰਤ ਸੀ, ਹਕੂਮਤ ਦੇ ਕਰਮਚਾਰੀਆਂ ਦੀ ਹਿੰਮਤ ਤੇ ਕੋਸ਼ਿਸ਼ ਸਦਕਾ ਝੱੱਟ ਜ਼ਮੀਨ ਬਰਾਬਰ ਕਰ ਦਿੱਤੀ ਤੇ ਉਸ ਥਾਂ ਵੱਡੀ ਰਕਮ ਖਰਚ ਕੇ ਇੱਕ ਮਸੀਤ ਦੀ ਬੁਨਿਆਦ ਰੱਖੀ। ਇਹ ਬੁੱਤਖਾਨਾ ‘ਨਰ ਸਿੰਘ ਬੰਦੇਲਾ’ ਨੇ ਉਸਾਰਿਆ ਸੀ।ਇਸ ਆਦਮੀ ਨੇ ਸ਼ੇਖ ਅਬੂਅਲ ਫਜ਼ਲ ਨੂੰ ਕਤਲ ਕਰਨ ਵਿੱਚ ਬੜੀ ਹੁਸ਼ਿਆਰੀ ਤੋਂ ਕੰਮ ਲਿਆ ਤੇ ਜਹਾਂਗੀਰ ਦੇ ਦਿਲ ਵਿੱਚ ਥਾਂ ਬਣਾ ਲਈ ਸੀ।ਜਹਾਂਗੀਰ ਕੋਲੋਂ ਇਜ਼ਾਜਤ ਲੈ ਕੇ 33 ਲੱਖ ਦੀ ਲਾਗਤ ਨਾਲ ਇਹ ਮੰਦਰ ਬਣਾਇਆ ਸੀ, ਜਿਸ ਨੂੰ ਦੇਖ ਕੇ ਲੋਕੀਂ ਮੂੰਹ ਵਿੱਚ ਉਂਗਲੀਆਂ ਪਾਉਂਦੇ ਸਨ। ਹੁਣ ਉਸ ਨੂੰ ਢਹਿ-ਢੇਰੀ ਕਰ ਦਿੱਤਾ ਗਿਆ। ਇਸ ਮੰਦਰ ਦੇ ਸਾਰੇ ਨਿੱਕੇ-ਵੱਡੇ ਬੁੱਤ ਤੇ ਮੂਰਤੀਆਂ ਅਕਬਰਾਬਾਦ (ਆਗਰਾ) ਲਿਆ ਕੇ ਨਵਾਬ ਕੁਦੱਸੀਆ ਬੇਗਮ ਦੀ ਬਣਾਈ ਮਸੀਤ ਦੀਆਂ ਪਉੜੀਆਂ ਹੇਠਾਂ ਦਬਾ ਦਿੱਤੀਆਂ ਗਈਆਂ। ਮਥਰਾ ਦਾ ਨਾਂ ਵੀ ਬਦਲਾ ਕੇ ਇਸਲਾਮਾਬਾਦ ਬੋਲਿਆ ਜਾਣ ਲੱਗਾ ਤੇ ਲਿਖਣਾ ਵੀ ਆਰੰਭ ਹੋ ਗਿਆ।”
4- ਇੱਕ ਹੋਰ ਫੁਰਮਾਨ ਜਾਰੀ ਕੀਤਾ ਕਿ ਪਿੱਛਲੇ ਦਸ ਸਾਲਾਂ ਵਿੱਚ ਜੋ ਵੀ ਮੰਦਰ ਬਣਿਆ ਏ, ਢਾਹ-ਢੇਰੀ ਕਰ ਦਿੱਤਾ ਜਾਏ।ਜਾਦੂ ਨਾਥ ਸਰਕਾਰ ਲਿਖਦਾ ਏ-‘ਔਰੰਗਜ਼ੇਬ ਨੇ ਇੱਕ ਪੂਰੀ ਪਲਾਨ ਬਣਾਈ ਹੋਈ ਸੀ, ਉਹ ਉਸ ’ਤੇ ਚੱਲ ਰਿਹਾ ਸੀ। ਬੁੱਤ-ਪ੍ਰਸਤਾਂ ਅਤੇ ਗੈਰ-ਮੁਸਲਮਾਨਾਂ ਨੂੰ ਹਟਾਉਣਾ ਉਸ ਮੰਤਵ ਸਾਧ ਲਿਆ ਸੀ।ਇਸ ਕਾਰਜ ਲਈ ਉਸ ਵੱਖਰਾ ਮਹਿਕਮਾ ਬਣਾਇਆ।” ਮੁਹੰਮਦ ਲਤੀਫ਼ ਦੇ ਵਿਚਾਰ ਵੀ ਕੁੱਝ ਇਸ ਤਰ੍ਹਾਂ ਦੇ ਹੀ ਹਨ। ਉਹ ਵੀ ਸੁਣੋ-‘ਔਰੰਗਜ਼ੇਬ ਨੇ ਫੈਸਲਾ ਕੀਤਾ ਕਿ ਹਿੰਦੁਸਤਾਨ ਦਾ ਅੱਗੇ ਤੋਂ ਇੱਕ ਹੀ ਧਰਮ ਹੋਏਗਾ ਤੇ ਸਾਰੇ ਮੁਹੰਮਦ ਅਤੇ ਅੱਲਾਹ ‘ਤੇ ਵਿਸ਼ਵਾਸ ਲਿਆਉਣ। ਇਸ ਕਾਰਜ ਦੀ ਪੂਰਤੀ ਲਈ ਉਸ ਨਵਾਬਾਂ, ਨਾਜ਼ਿਮਾਂ ਤੇ ਅਹਿਲਕਾਰਾਂ ਨੂੰ ਪੂਰੇ ਤੇ ਉਚੇਚੇ ਅਧਿਕਾਰ ਦਿੱਤੇ ਕਿ ਉਹ ਬੁੱਤਾਂ ਨੂੰ ਤੋੜ ਕੇ ਇਸਲਾਮ ਫੈਲਾਉਣ। ਬਾਦਸ਼ਾਹ ਨੇ ਮੌਲਾਣਿਆਂ ਦਾ ਇੱਕ ਜਥਾ ਵੀ ਨਿਯੁਕਤ ਕੀਤਾ।ਉਹਨਾਂ ਮੌਲਾਣਿਆਂ ਨਾਲ ਘੋੜ ਚੜ੍ਹੇ ਸਵਾਰ ਹੁੰਦੇ, ਜੋ ਥਾਂ-ਥਾਂ ਜਾ ਕੇ ਹਿੰਦੂਆਂ ਦੇ ਮੰਦਰ ਤੋੜਦੇ ਅਤੇ ਜ਼ਬਰਦਸਤੀ ਇਸਲਾਮ ਵਿੱਚ ਲਿਆਉਂਦੇ। ਮੇਲਿਆਂ ‘ਤੇ ਵੀ ਪਾਬੰਦੀ ਲਗਾ ਦਿੱਤੀ ਗਈ।’
ਆਪਣੇ ਪ੍ਰਿਵਾਰਕ ਮੈਂਬਰਾਂ ਦਾ ਘਾਣ ਕਰਨ ਸਦਕਾ ਜਿਹੜਾ ਇਸਲਾਮੀ ਭਾਈਚਾਰਾ ਔਰੰਗਜ਼ੇਬ ਦੀ ਵਿਰੋਧਤਾ ਕਰਦਾ ਸੀ, ਮਗਰੋਂ ਇਸਲਾਮ ਦਾ ਘੇਰਾ ਵਧਾਉਣ ਕਰਕੇ ਹਮਾਇਤ ਵੀ ਕਰਨ ਲੱਗ ਪਿਆ।ਜਿਹੜਾ ਮੱਕੇ ਦਾ ਵੱਡਾ ਮੁਫ਼ਤੀ ਪਹਿਲਾਂ ਉਸ ਦੀ ਭੇਜੀ ਹੋਈ ਭੇਟਾ ਪ੍ਰਵਾਨ ਕਰਨ ਤੋਂ ਇਨਕਾਰੀ ਸੀ, ਬਾਅਦ ਵਿੱਚ ਉਹ ਔਰੰਗਜ਼ੇਬ ਨੂੰ ‘ਇਸਲਾਮ ਦਾ ਰਾਖਾ’ ਕਹਿਣ ਲੱਗ ਪਿਆ ਤੇ ਤੋਹਫ਼ੇ ਭੇਟ ਕੀਤੇ। ਇਸਲਾਮਕ ਭਾਈਚਾਰਾ ਉਹ ਨੂੰ ‘ਦੀਨ ਦਾ ਰਾਖਾ’ ਕਹਿ ਕੇ ਵਡਿਆਉਣ ਲੱਗਾ। ਸਰ ਮੁਹੰਮਦ ਇਕਬਾਲ ਨੇ ਔਰੰਗਜ਼ੇਬ ਨੂੰ ‘ਇਸਲਾਮ ਦੇ ਭੱਥੇ ਦਾ ਆਖ਼ਰੀ ਤੀਰ (ਖ਼ਦੰਗੇ ਆਖ਼ਰੀ) ਆਖਿਆ।’
ਔਰੰਗਜ਼ੇਬ ਦੇ ਵਿਅਕਤੀਤਵ ਦਾ ਸਹੀ ਅੰਦਾਜ਼ਾ ਲਾਉਣਾ ਮੁਸ਼ਕਿਲ ਸੀ। ਸ਼ਾਇਦ ਉਹ ਆਪਾ-ਵਿਰੋਧੀ ਵੀ ਸੀ।ਇੱਕ ਪਲ ਜੇ ਉਹ ਇੱਕ ਗੱਲ ਦਾ ਖੰਡਨ ਕਰ ਰਿਹਾ ਏ ਤਾਂ ਹੋ ਸਕਦਾ ਏ, ਦੂਜੇ ਪਲ ਉਸ ਦਾ ਮੰਡਨ ਕਰਦਾ ਹੋਏ। ਜਿਵੇਂ ਕੁੱਝ ਮਿਸਾਲਾਂ ਹਨ-
1-ਇੱਕ ਪਾਸੇ ਉਹ ਵਹਿਮਾਂ-ਭਰਮਾਂ ਦਾ ਖੰਡਨ ਕਰਦਾ ਏ, ਪਰ ਦੂਜੇ ਪਾਸੇ ਉਹ ਧੂਪਾਂ ਧੁਖਾਉਂਦਾ ਏ, ਮਿਰਚਾਂ ਵਾਰ ਕੇ ਚੁੱਲ੍ਹੇ ਵਿੱਚ ਸੁੱਟਦਾ ਏ। ਭਾਵ ਸਿਰ ‘ਤੇ ਆਈ ਬਲਾ ਟਲ ਜਾਏ।
2.ਤਾਵੀਤ ਪਾਉਣ ਨੂੰ ਉਹ ਸ਼ਰ੍ਹਾ ਦੇ ਵਿਰੁੱਧ ਸਮਝਦਾ ਏ, ਪਰ ਸਤਨਾਮੀਆਂ ਨਾਲ ਯੁੱਧ ਕਰਨ ਸਮੇਂ ਹਰ ਫੌਜੀ ਝੰਡੇ ਨਾਲ ਤਾਵੀਤ ਬੰਨ੍ਹਦਾ ਏ। ਉਨ੍ਹਾਂ ਦੇ ਮਨ ਵਿੱਚ ਭਰਮ ਸੀ ਕਿ ਸਤਨਾਮੀਆਂ ਕੋਲ ਵੀ ਅਹੋਮੀਆਂ ਦੀ ਤਰ੍ਹਾਂ ਜਾਦੂ ਜਾਂ ਮੰਤਰ ਹਨ।
3-ਇੱਕ ਪਾਸੇ ਸ਼ਾਇਰਾਂ ਨੂੰ ‘ਸ਼ੈਤਾਨ ਦੀ ਟੂਟੀ’ ਆਖਦਾ ਹੈ, ਪਰ ਦੂਜੇ ਪਾਸੇ ਆਪ ਗ਼ਜ਼ਲਾਂ ਲਿਖਦਾ ਏ ਤੇ ਆਪਣੇ ਦਸਖ਼ਤ ਕਰਕੇ ਸੁਭਚਿੰਤਕਾਂ ਨੂੰ ਦਿੰਦਾ ਏ।
4-ਆਪਣੇ-ਆਪ ਨੂੰ ‘ਜ਼ਿੰਦਾ ਪੀਰ’ ਕਹਾ ਕੇ ਖੁਸ਼ ਹੁੰਦਾ ਏ, ਪਰ ਹੋਰ ਕਿਸੇ ਨੂੰ ਪੀਰ, ਫਕੀਰ ਜਾਂ ਔਲੀਆ ਕਹਾਉਣ ਦੀ ਇਜਾਜ਼ਤ ਨਹੀਂ ਦਿੰਦਾ।ਆਪਣੀ ਰਾਜਸੀ ਜ਼ਿੰਦਗੀ ਵਿੱਚ ਉਸ ਨੇ ਬਹੁਤ ਸਾਰੇ ਫਕੀਰਾਂ ਨੂੰ ਮਾਰਿਆ ਤੇ ਜ਼ਲੀਲ ਕੀਤਾ।ਮੁੱਲਾਂ ਬਦਖ਼ਸ਼ਾਨੀ ਤੇ ਗੁਜਰਾਤ ਦੇ ਸ਼ਾਹ ਦਉਲਾ ਨੂੰ ਰੱਜ ਕੇ ਜ਼ਲੀਲ ਕੀਤਾ। ਸਰਮਦ ਨੂੰ ਅੱਖਾਂ ਸਾਹਮਣੇ ਕਤਲ ਕਰਵਾਇਆ।ਪੀਰ ਬੁੱਧੂ ਸ਼ਾਹ, ਸ਼ਾਹ ਹਸਨ ਸ਼ਾਹਦਰਾ, ਸੱਯਦ ਮੁਹੰਮਦ ਅਲੀ ਸ਼ਾਹ ਕਲੰਦਰ, ਮਿਰਜ਼ਾ ਹੈਦਰ ਬੈਰਾਗੀ ਆਦਿ ਅਣਗਣਿਤ ਮਹਾਂ-ਪੁਰਖਾਂ ਨੂੰ ਮਰਵਾ ਦਿੱਤਾ।ਸ਼ਾਹ ਜਹਾਂਗੀਰ ਵਰਗੇ ‘ਦਰਵੇਸ਼’ ਨੂੰ ਰੱਜ ਕੇ ਤੰਗ ਕੀਤਾ।
5-ਕਰਾਮਾਤਾਂ ਦੇਖਣ ਦਾ ਸ਼ੋਕੀਨ ਸੀ। ਸ਼ਾਇਦ ਏਸੇ ਕਰਕੇ ਰਾਮ ਰਾਇ ਉਹ ਦਾ ਚਹੇਤਾ ਸੀ।ਰਾਮ ਰਾਇ ਨੂੰ ਕਰਾਮਾਤਾਂ ਦਿਖਾਉਣ ਦੇ ਇਵਜ਼ ਵਜੋਂ ਔਰੰਗਜ਼ੇਬ ਨੇ ਉਹ ਨੂੰ ਸੱਤ ਪਿੰਡ ਜਗੀਰ ਵਜੋਂ ਦੇਹਰਾਦੂਨ ਦੇ ਇਲਾਕੇ ਵਿੱਚ ਦਿੱਤੇ। ਉਹ ਹਰ ਫਕੀਰ ਨੂੰ ਕਰਾਮਾਤ ਦਿਖਾਉਣ ਲਈ ਆਖਦਾ।ਜੋ ਨਾ ਦਿਖਾ ਸਕਦਾ, ਉਸ ਨੂੰ ਮਰਵਾ ਦਿੰਦਾ।ਦਿੱਲੀ ਦੇ 12 ਸੱਯਦ ਉਸ ਦੀ ਕੈਦ ਵਿੱਚ ਬੰਦ ਸਨ।ਸ਼ਰਤ ਸੀ ਕਿ ‘ਕਰਾਮਾਤ ਦਿਖਾਓ ਜਾਂ ਮਰਨ ਲਈ ਤਿਆਰ ਹੋਵੇ।’
6-ਉਸ ਨੇ ਆਪਣੀ ਹਕੂਮਤ ਸਮੇਂ ਸ਼ਾਹੀ ਗਵੱਈਆਂ ਦੇ ਨਾਲ-ਨਾਲ ਸ਼ਾਹੀ ਜੋਤਸ਼ੀਆਂ ਨੂੰ ਵੀ ਕੱਢ ਦਿੱਤਾ ਤੇ ਜੋਤਸ਼ ਦੀ ਪੂਰਨ ਮਨਾਹੀ ਕਰ ਦਿੱਤੀ।ਦਾੜ੍ਹੀ ਦੀ ਲੰਬਾਈ ਦਾ ਸਾਇਜ਼ ਨੀਯਤ ਕਰ ਦਿੱਤਾ। ਉਸ ਤੋਂ ਵੱਧ ਦਾੜ੍ਹੀ ਰੱਖਣ ਵਾਲੇ ਨੂੰ ਸਜ਼ਾ ਦੇਣ ਦਾ ਕਾਨੂੰਨ ਬਣਾ ਦਿੱਤਾ।
ਔਰੰਗਜ਼ੇਬ ਨੇ ਹਿੰਦੁਸਤਾਨ ‘ਤੇ ਸੰਨ 1658 ਤੋਂ 1707 ਤੱਕ ਰਾਜ ਕੀਤਾ।ਇਸ ਰਾਜ ਨੂੰ ਹਾਸਲ ਕਰਨ ਲਈ ਬਹੁਤ ਕੁੱਝ ਕੀਤਾ।ਇਹ ਗੱਲ ਮੰਨਣੀ ਪਏਗੀ ਕਿ ਔਰੰਗਜ਼ੇਬ ਵਲ- ਫਰੇਬ ਤੇ ਛਲ-ਕਪਟ ਕਰਨ ਵਿੱਚ ਹੱਦੋਂ-ਵੱਧ ਮਾਹਰ ਸੀ।ਕੁੱਝ ਤਾਂ ਉਸ ਨੇ ਤਲਵਾਰ ਦੇ ਜ਼ੋਰ ਨਾਲ ਰਾਜ ਲਿਆ, ਪਰ ਜ਼ਿਆਦਾਤਰ ਧੋਖੇ ਜਾਂ ਫਰੇਬਾਂ ਨਾਲ ਕਬਜ਼ਾ ਕੀਤਾ ਏ।ਇਸ ਦੀ ਇੱਕ ਸੁੰਦਰ ਮਿਸਾਲ ‘ਸਟੋਰੀਆ ਡੈਮੋਗਰ, ਸਫ਼ਾ-320’ ‘ਤੇ ਦਰਜ਼ ਹੈ-“ਗੋਲਕੰਡਾ ਕੇ ਬਾਦਸ਼ਾਹ ਨੇ ਔਰੰਗਜ਼ੇਬ ਕੀ ਚੜ੍ਹਾਈ ਕੀ ਖ਼ਬਰ ਪਾ ਕਰ ਔਰੰਗਜ਼ੇਬ ਕੇ ਪੈਗਾਮ ਕੀਆ ਕਿ ਆਪ ਜੰਗ ਨਾ ਕਰੇਂ, ਮੈਂ ਆਪਣੇ-ਆਪ ਕੋ ਹਜ਼ੂਰ ਕੇ ਦੀਗਰ ਹੁੱਕਾਮ ਔਰ ਸੂਬੇਦਾਰੋਂ ਕੀ ਤਰਹ ਸਮਝਤਾ ਹੂੰ।ਔਰ ਇਸੀ ਹੈਸੀਅਤ ਸੇ ਗੋਲਕੰਡਾ ਪਰ ਕਬਜ਼ਾ ਰੱਖਨਾ ਚਾਹਤਾ ਹੂੰ।ਇਸ ਕੇ ਜਵਾਬ ਮੇਂ ਔਰੰਗਜ਼ੇਬ ਨੇ ਉਸੇ ਕਹਿਲਾ ਭੇਜਾ ਕਿ ਆਪ ਫਿਕਰ ਮਤ ਕੀਜੀਏ, ਆਪ ਕੀ ਬਾਦਸ਼ਾਹਤ ਕੋ ਕੋਈ ਕੁਛ ਨਹੀਂ ਕਹੇਗਾ। ਹਮ ਸਿਰਫ਼ ‘ਗੁਲਬਰਗਾ’ ਤੱਕ ਜਾਨਾ ਚਾਹਤੇ ਹੈਂ। ਜਹਾਂ ਔਲੀਆ ਲੋਗੋਂ ਕੀ ਮਜ਼ਾਰੋਂ ਪਰ ਦੁਆ ਕਰਨੇ ਔਰ ਮੰਨਤ ਮਾਨਣੇ ਕੀ ਖਾਹਸ਼ ਹੈ। ਸ਼ਾਹ ਗੋਲਕੰਡਾ ਨੇ ਇਸ ਕੇ ਇਲਫਾਜ਼ ਕੋ ਸੱਚ ਜਾਨ ਕਰ ਇਸੇ ਪਾਂਚ ਲਾਖ ਰੁਪਏ ਮਜ਼ਾਰ ਪਰ ਫੁਕਰਾ ਕੋ ਤਕਸੀਮ ਕਰਨੇ ਕੇ ਲੀਏ ਭੇਜੇ।ਜਿਸੇ ਵਸੂਲ ਕਰਕੇ ਔਰੰਗਜ਼ੇਬ ਨੇ ਬਜਾਏ ਗੁਲਬਰਗਾ ਕੀ ਤਰਫ਼ ਕੂਚ ਕਰਨੇ ਕੇ ਸੀਧਾ ਗੋਲਕੰਡਾ ਕਾ ਰੁਖ ਕੀਆ।”
ਇਕ ਵਿਦਵਾਨ ਦਾ ਕਹਿਣਾ ਹੈ-‘ਵੁਹ ਆਪਨੇ ਭੇਦ ਕੇ ਨਿਹਾਇਤ ਛਿਪਾਏ ਰੱਖਤਾ ਥਾ ਔਰ ਮੱਕਾਰੀ ਤੇ ਰਿਆਕਾਰੀ ਕੇ ਫੇਲ ਮੇਂ ਤੋਂ ਕਾਮਲ ਉਸਤਾਦ ਥਾ।’
ਕਵੀ ਵੀਰ ਸਿੰਘ ਜੀ ‘ਕਲਗੀਧਰ ਚਮਤਕਾਰ’ ਵਿੱਚ ਲਿਖਦੇ ਹਨ-“ਕਿਹਾ ਜਾ ਸਕਦਾ ਏ ਕਿ ਅਨੰਦਪੁਰ ਦੇ ਜੰਗ ਦੀ ਤਫਸੀਲ ਨਾਲ ਔਰੰਗਜ਼ੇਬ ਨੂੰ ਕੀ ਤੁਅੱਲਕ ਸੀ ? ਇਤਿਹਾਸ ਦੱਸਦਾ ਹੈ ਕਿ ਉਹ ਆਪਣੇ ਜੰਗ ਵਿੱਚ ਰਾਜ-ਪ੍ਰਬੰਧ ਦੀ ਤਫਸੀਲ ਆਪ ਹੱਲ ਕਰਦਾ ਸੀ। ਹੱਤਾ ਕਿ ਪਟਵਾਰੀ ਤੇ ਕਲਰਕ ਦੇ ਚੁਣਨ ਵਿੱਚ ਬੀ ਉਸ ਦਾ ਹੱਥ ਹੋਣਾ ਅਸਚਰਜ ਨਹੀਂ।”
ਔਰੰਗਜ਼ੇਬ ਰਾਗ ਵਿਦਿਆ ਦਾ ਵੀ ਦੁਸ਼ਮਣ ਸੀ। ਉਸ ਆਪਣੇ ਰਾਜ ਵਿੱਚ ਰਾਗ ਦੀ ਮਨਾਹੀ ਕਰ ਰੱਖੀ ਸੀ।ਗਾਉਣ-ਵਜਾਉਣ ਨੂੰ ਉਹ ਮੁਹੰਮਦੀ ਸ਼ਰ੍ਹਾ ਦੇ ਵਿਰੁੱਧ ਸਮਝਦਾ ਸੀ ਤੇ ਸ਼ਾਇਰਾਂ ਨੂੰ ਉਹ ‘ਸ਼ੈਤਾਨ ਦੀ ਟੂਟੀ’ ਆਖਦਾ। ਉਸ ਫੌਜ ਦੀਆਂ ਗਸ਼ਤੀ ਟੁੱਕੜੀਆਂ ਭੇਜ ਕੇ ਕਲਾਕਾਰਾਂ ਨੂੰ ਫੜਿਆ ਤੇ ਉਹਨਾਂ ਦੇ ਸਾਜ਼ ਖੋਹ ਕੇ ਭੰਨ-ਤੋੜ ਦਿੱਤੇ। ਉਹਦੇ ਰਾਜ ਵਿੱਚ ਗਵੱਈਆਂ ਦਾ ਬੜਾ ਭੈੜਾ ਹਾਲ ਸੀ।ਉਹਨਾਂ ਦੀ ਹਾਲਤ ਬਾਰੇ ਭਾਈ ਕਾਨ੍ਹ ਸਿੰਘ ਨਾਭਾ ਜੀ ਇਕ ਬੜੀ ਸੁਆਦਲੀ ਟੂਕ ਦਿੰਦੇ ਹਨ-“ਔਰੰਗਜ਼ੇਬ ਨੇ ਰਾਗ ਨੂੰ ਸ਼ਰ੍ਹਾ ਦੇ ਉਲਟ ਜਾਣਦਿਆਂ ਸ਼ਾਹੀ ਗਵੱਈਏ ਸਭ ਮੌਕੂਫ਼ ਕਰ ਦਿੱਤੇ ਸਨ। ਰੋਸ ਵਜੋਂ, ਇੱਕ ਵਾਰ ਦਿੱਲੀ ਦੇ ਸਾਰੇ ਰਾਗੀ ਵੱਡਾ ਕੁਲਾਹਲ ਕਰਦੇ ਹੋਏ ਸ਼ਾਹੀ ਮਹਿਲ ਪਾਸ ਦੀ ਇੱਕ ਜਨਾਜ਼ੇ ਪਿੱਛੇ ਜਾ ਰਹੇ ਸਨ. ਪੁੱਛਣ ਤੋਂ ਬਾਦਸ਼ਾਹ ਨੂੰ ਉੱਤਰ ਮਿਲਿਆ ਕਿ ਆਪ ਦੀ ਅਮਲਦਾਰੀ ਵਿੱਚ ਰਾਗ ਮਰ ਗਿਆ ਹੈ। ਉਸ ਨੂੰ ਦਫ਼ਨ ਕਰਨ ਜਾ ਰਹੇ ਹਾਂ ਤਾਂ ਅੱਗੋਂ ਔਰੰਗਜ਼ੇਬ ਨੇ ਆਖਿਆ-“ਇਸ ਸ਼ੈਤਾਨ ਨੂੰ ਡੂੰਘਾ ਦੱਬਣਾ ਤਾਂ ਕਿ ਫਿਰ ਬਾਹਰ ਨਾ ਨਿਕਲ ਸਕੇ।”
ਔਰੰਗਜ਼ੇਬ ਆਪਣੇ ਮਤਲਬ ਲਈ ਕੁਰਾਨ ਦੀ ਝੂਠੀ ਸਹੁੰ ਖਾਣ ਨੂੰ ਬੁਰਾ ਨਹੀਂ ਸੀ ਸਮਝਦਾ।ਉਹ ਆਪਣੇ ਸੰਗੀਆਂ ਨੂੰ ਆਮ ਕਹਿ ਦਿੰਦਾ ਕਿ ‘ਦੁਸ਼ਮਣ ਨੂੰ ਮਾਰਨ ਲਈ ਜਾਂ ਧੋਖਾ ਦੇਣ ਲਈ ਝੂਠੀ ਸਹੁੰ ਵੀ ਖਾਣੀ ਪਵੇ ਤਾਂ ਖਾ ਲਵੋ।ਕਾਰਜ ਸਫਲ ਹੋ ਜਾਣ ਤੋਂ ਬਾਅਦ ਕੁਰਾਨ-ਸ਼ਰੀਫ਼ ਹੱਥ ਵਿਚ ਫੜ ਕੇ ਤੋਬਾ ਕਰ ਲਵੋ| ਗੁਨਾਹ ਮਾਅਫ਼ ਹੋ ਜਾਣਗੇ।’ ਇਹ ਦੀ ਪੁਸ਼ਟੀ ‘ਸਟੋਰੀਆ ਡੈਮੋਗਰ’ ਦਾ ਕਰਤਾ ਵੀ ਕਰਦਾ ਏ-“(ਔਰੰਗਜ਼ੇਬ ਕੀ ਤਰਫ਼ ਸੇ) ਬਹੁਤ ਸੇ ਐਸੇ ਅਹਕਾਮਾਤ ਭੀ ਦੀਏ ਗਏ, ਜਿਸ ਸੇ ਉਸ ਕੀ ਅਪਨੀ ਮਤਲਬ-ਬਰਾਰੀ ਹੋਤੀ ਥੀ।ਮਸਲਨ ਲੋਗੋਂ ਕੋ ਇਹ ਕਹਾ ਗਿਆ ਕਿ ਬੇਸ਼ੱਕ ਝੂਠੀ ਕਸਮੇਂ ਖਾ ਲੋ ਔਰ ਇਸ ਤਰ੍ਹਾਂ ਸੇ ਗਿਰਦੋ-ਨਵਾਹ ਕੀ ਸਲਤਨਤੋਂ ਮੇਂ ਬਗਾਵਤ ਕੀ ਆਗ ਭੜਕਾ ਕਰ ਲੋਗੋਂ ਕੇ ਅਪਨੀ ਤਰਫ਼ ਮਿਲਾ ਲੋ ਔਰ ਜਬ ਕਾਮ ਨਿਕਲ ਆਏ ਤੋ ਦਸ ਫੁਕਰਾ ਕੋ ਖਾਣਾ ਖਲਾ ਦੋ ਔਰ ਖ਼ਾਹ ਕੁਰਾਨ ਕੀ ਹਜ਼ਾਰੋਂ ਕਸਮੇਂ ਖਾ ਕਰ ਹੀ ਤੁਮਨੇ ਵਾਅਦੇ ਕਿਉਂ ਨਾ ਕੀਏ ਹੋ, ਤੁਮ ਸਭ ਸੇ ਬਰੀ ਹੋ ਜਾਉਗੇ।”
ਔਰੰਗਜ਼ੇਬ ਦੁਆਰਾ ਖਾਧੀਆਂ ਕੁਰਾਨ ਦੀਆਂ ਕਸਮਾਂ ਤੋੜਨ ਬਾਰੇ ਤੇ ਉਸਦੇ ਮੱਕਾਰ ਤੇ ਫ਼ਰੇਬੀ ਕਿਰਦਾਰ ਬਾਰੇ ਇਹ ਗਵਾਹੀਆਂ ਕਾਫ਼ੀ ਹਨ। ਹੋਰ ਸਾਬੂਤਾਂ ਦੀ ਬੇਸ਼ੱਕ ਲੋੜ ਨਹੀਂ ਰਹਿੰਦੀ।ਫਿਰ ਵੀ ਅਸੀਂ ਗੁਰੂ ਸਾਹਿਬ ਜੀ ਦੀ ਲਿਖਤ ‘ਜ਼ਫ਼ਰਨਾਮਾ’ ਵਿੱਚੋਂ ਕੁੱਝ ਪ੍ਰਮਾਨ ਹੋਰ ਪੇਸ਼ ਕਰਦੇ ਹਾਂ।ਜਿਨ੍ਹਾਂ ਨਾਲ ਔਰੰਗਜ਼ੇਬ ਦੇ ਕਰੈਕਟਰ ਦੀ ਤਸਵੀਰ ਸਾਫ਼ ਨਜ਼ਰ ਆ ਸਕੇ।
ਸ਼ੇਅਰ-
ਮਰਾ ਐਤਬਾਰੇ, ਬਰਈ ਕਸਮ ਨੇਸਤ॥
ਕਿ ਏਜ਼ਦ ਗਵਾਹ ਅਸਤੁ ਯਜ਼ਦਾਂ ਯਕੇਸਤ ॥੧੩॥
ਨ ਕਤਰਹ, ਮਰਾ ਐਤਬਾਰੇ, ਬਰੋਸਤ॥
ਕਿ ਬਖ਼ਸ਼ੀ ਵ ਦੀਵਾਨ ਹਮਹ ਕਿਜ਼ਬ ਗੋਸਤ ॥੧੪॥
ਚਿ ਕਸਮੇ ਕੁਰਾਂ ਮਨ, ਕੁਨਮ ਐਤਬਾਰ॥
ਵਗਰ ਨਹ ਤੂ ਗੋਈ, ਮਨ ਈਂ ਰਹਿ ਚਿ ਕਾਰ॥੨੩॥
ਨ ਦਾਨਮ ਕਿ ਈਂ ਮਰਦ ਰੋਬਾਹ ਪੇਚ॥
ਵਗਰ ਹਰਗਿਜ਼ੀਂ ਰਹਿ ਨਿਯਾਰਦ ਬਹੇਚ॥੨੪॥
‘ਫਤਹਿਨਾਮਾ’ ਰਚਨਾ ਵਿੱਚੋਂ ਦੋ ਸ਼ੇਅਰ ਦੇਖੋ-
ਨ-ਜ਼ੇਬਦ ਤੁਰਾ ਨਾਮਿ ਔਰੰਗਜ਼ੇਬ॥
ਕਿ ਔਰੰਗ-ਜ਼ੇਬਾਂ ਨਿਆਯਦ ਫਰੇਬ॥੫॥
ਨ ਤਸਬੀਹਤ ਅਜ਼ ਸੁਜੋ ਰਿਸ਼ਤਹਏ ਬੇਸ਼॥
ਕਜ਼ਾ ਦਾਨਾ ਸਾਜ਼ੀ ਵਜ਼ਾ ਦਾਮਿ ਖੇਸ਼।।
ਜੇਬਨਿਸ਼ਾ ਔਰੰਗਜ਼ੇਬ ਦੀ ਲੜਕੀ, ਜੋ ਸਮੇਂ-ਸਮੇਂ ਆਪਣੇ ਪਿਤਾ ਨੂੰ ਉੱਤਮ ਸਿੱਖਿਆ ਦਿਆ ਕਰਦੀ ਸੀ।ਜਦ ਜ਼ਫ਼ਰਨਾਮਾ ਪੜ੍ਹਣ ਉਪਰੰਤ ਔਰੰਗਜ਼ੇਬ ਡੂੰਘੇ ਗਮ ਵਿੱਚ ਡੁੱਬ ਗਿਆ ਤਾਂ ਜੇਬਨਿਸ਼ਾ ਨੇ ਆਪਣੇ ਪਿਤਾ ਨੂੰ ਉਸ ਦੇ ਕੀਤੇ ਹੋਏ ਭੈੜੇ ਕੰਮਾਂ ਦਾ ਜ਼ਿਕਰ ਕਰਕੇ ਝੰਜੋੜਿਆ।ਉਨ੍ਹਾਂ ਸ਼ਬਦਾਂ ਨੂੰ ਇੱਕ ਪੰਜਾਬੀ ਕਵੀ ਨੇ ਆਪਣੀ ਵਾਰ ਵਿਚ ਇਉਂ ਬਿਆਨ ਕੀਤਾ ਏ –
ਜੇਬਨਿਸਾ ਫਿਰ ਆਖਦੀ, ਇੱਕ ਸੁਖਨ ਸੁਣਾਇਆ।
ਜਦ ਦਾ ਬੈਠਾ ਤਖਤ ‘ਤੇ, ਕੀ ਅਦਲ ਕਮਾਇਆ।
ਸ਼ਾਹਜਹਾਂ ਨੂੰ ਕੈਦ ਕਰ, ਦਾਰਾ ਮਰਵਾਇਆ।
ਤੇਗ ਬਹਾਦਰ ਨਾਲ ਭੀ, ਤੈ ਧਰੋਹ ਕਮਾਇਆ।
ਬੀਜਿਆ ਬੀ ਜੋ ਜ਼ਹਿਰ ਦਾ, ਫਲ ਖਾਣਾ ਆਇਆ।
ਅੱਗੇ ਲੇਖਾ ਮੰਗੀਐ, ਭਰ ਲੈ ਗੁ ਸਵਾਇਆ।
ਸ਼ਾਹ ਅਦਾਲਤ ਨਾ ਕਰੇ, ਫਿਰ ਦੋਜ਼ਖ ਪਾਇਆ।
ਉਮਰ ਖਿਤਾਬ ਅਦਾਲਤੀ, ਬੇਟਾ ਮਰਵਾਇਆ।
ਕੀਤਾ ਅਦਲ ਨੁਸ਼ੇਰਵਾਂ, ਜਸ ਜੱਗ ਵਿੱਚ ਛਾਇਆ।
ਜੇਬਨਿਸ਼ਾ ਨੂੰ ਵੀ ਆਪਣੇ ਪਿਤਾ ਦੇ ਕੀਤੇ ਕਰਮਾਂ ਦਾ, ਧੋਖੇਬਾਜ਼ੀ ਤੇ ਕਸਮਾਂ ਤੋੜਨ ਦਾ ਦੁੱਖ ਸੀ।ਔਰੰਗਜ਼ੇਬ ਦੀ ਕੂਟਨੀਤੀ, ਆਪਣੇ ਭਰਾਵਾਂ ਨੂੰ ਛਲ-ਕਪਟ ਨਾਲ ਮਾਰਨਾ, ਕੁਰਾਨ ਦੀਆਂ ਕਸਮਾਂ ਖਾ ਕੇ ਤੋੜ ਦੇਣੀਆਂ, ਇਨ੍ਹਾਂ ਬਾਰੇ ਜੋਗੀ ਅੱਲ੍ਹਾ ਯਾਰ ਖਾਂ ਵੀ ਆਪਣੀ ਲਿਖਤ ਵਿੱਚ ਬੇਬਾਕ ਲਿਖਦਾ ਹੈ। ਜੋਗੀ ਜੀ ਔਰੰਗਜ਼ੇਬ ਦੀਆਂ ਧੋਖੇਧੜੀਆਂ ਦਾ ਜ਼ਿਕਰ ਛੋਟੇ ਸਾਹਿਬਜ਼ਾਦਿਆਂ ਦੀ ਜ਼ੁਬਾਨੀ ਵਜ਼ੀਰ ਖਾਂ ਦੀ ਕਚਹਿਰੀ ਵਿੱਚ ਇਉਂ ਕਰਵਾਂਦਾ ਏ –
ਪੜ੍ਹਕੇ ਕੁਰਾਨ ਬਾਪ ਕੋ ਕਰਤਾ ਜੋ ਕੈਦ ਹੈ।
ਮਰਨਾ ਪਿਤਾ ਕਾ ਜਿਸ ਕੋ ਖੁਸ਼ੀ ਕੀ ਨਵੈਦ ਹੈ।
ਕਤਲਿ ਬਹਾਦਰਾਂ ਜਿਸੇ ਮਾਮੂਲੀ ਸੈਦ ਹੈ।
ਨੇਕੀ ਕੀ ਉਸ ਸੇ ਖਲਕ ਕੋ ਫਿਰ ਕਿਆ ਉਮੈਦ ਹੈ।
ਗੈਰੋਂ ਪਰ ਫਿਰ ਵੁਹ ਜ਼ੋਰ ਕਰੇ ਯਾ ਜਫਾ ਕਰੇ।
ਹਮ ਕਿਆ ਕਹੈਂ ਕਿਸੀ ਕੋ ਹਦਾਯਤ ਖੁਦਾ ਕਰੇ।
ਬੁਲਵਾ ਕੇ ਦਿੱਲੀ, ਤੇਗ ਬਹਾਦਰ ਕੀ ਜਾਨ ਲੀ।
ਮਰਨੇ ਕੀ ਹਮ ਨੇ ਭੀ ਤਬੀ ਆਨ ਠਾਨ ਲੀ।
ਤਾਲੀਮ ਜ਼ੋਰ ਕੀ ਕਹੀ ਕੁਰਆਨ ਮੇਂ ਨਹੀਂ।
ਖੂਬੀ ਤੁਮਾਰੇ ਸ਼ਾਹ ਕੇ ਈਮਾਨ ਮੇਂ ਨਹੀਂ।
‘ਸਚੁ ਕੀ ਬਾਣੀ ਨਾਨਕ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ’ ਦੇ ਮਹਾਂਵਾਕ ਅਨੁਸਾਰ-
ਕਬੀਰ ਸਤਿਗੁਰ ਸੂਰਮੇ
ਬਾਹਿਆ ਬਾਨ ਜੁ ਏਕੁ॥
ਲਾਗਤ ਹੀ ਭੁਇ ਗਿਰਿ ਪਰਿਆ
ਪਰਾ ਕਰੇਜੇ ਛੇਕੁ ॥੧੯੪॥
-ਵਾਂਗ ਸ਼ਬਦ ਰੂਪੀ ਤੀਰ ਨਾਲ ਪਾਪੀ ਬਾਦਸ਼ਾਹ ਦਾ ਅੰਤ ਕਰਨ ਦਾ ਨਿਰਨਾ ਲਿਆ।ਜਿਸ ਵੇਲੇ ‘ਜਫ਼ਰਨਾਮਾ’ ਪੱਤਰ ਭਾਈ ਦਇਆ ਸਿੰਘ ਜੀ ਨੇ ਔਰੰਗਜ਼ੇਬ ਨੂੰ ਦਿੱਤਾ, ਉਸ ਵਕਤ ਔਰੰਗਜ਼ੇਬ ਬੀਮਾਰੀ ਦੀ ਹਾਲਤ ਵਿੱਚ ਸੀ। ਅਜਿਹੀ ਹਾਲਤ ਵਿੱਚ ਜਦ ਉਸ ਜ਼ਫ਼ਰਨਾਮੇ ਦਾ ਇੱਕ-ਇੱਕ ਸ਼ੇਅਰ ਪੜਿਆ ਤਾਂ ਉਸਦੀ ਜ਼ਮੀਰ ਉਹਨੂੰ ਫਿਟਕਾਰਾਂ ਪਾਉਣ ਲੱਗੀ।ਉਹਦੀ ਰੂਹ ਕੁਰਲਾ ਉੱਠੀ। ਜ਼ਿੰਦਗੀ ਵਿੱਚ ਕੀਤੇ ਹੋਏ ਕੁਕਰਮ ਤੇ ਕਰਤੂਤਾਂ ਉਹਦੇ ਸਾਹਮਣੇ ਆਣ ਖਲੋਤੀਆਂ।ਕੀਤੇ ਹੋਏ ਪਾਪ ਕਰਮ ਫਿਲਮ ਵਾਂਗ ਜ਼ਿਹਨ ਵਿੱਚ ਘੁੰਮਣ ਲੱਗ ਪਏ-ਕਿਤੇ ਪਿਉ ਦਾ ਕਤਲ, ਕਿਤੇ ਭਰਾਵਾਂ ਦਾ ਡੁੱਲ੍ਹ ਰਿਹਾ ਖੂਨ, ਕਿਤੇ ਫਕੀਰਾਂ ‘ਤੇ ਚਲਦੀ ਤਲਵਾਰ ਦਾ ਦ੍ਰਿਸ਼, ਕਿਧਰੇ ਕਲਾਕਾਰਾਂ ਤੇ ਸੰਗੀਤਕਾਰਾਂ ਦੀਆਂ ਹੱਤਿਆਵਾਂ, ਕਿਧਰੇ ਦਰਵੇਸ਼ਾਂ ‘ਤੇ ਚੱਲ ਰਹੀ ਤਲਵਾਰ, ਹਕੂਮਤ ਵਾਸਤੇ ਕੀਤੇ ਅੱਤਿਆਚਾਰਾਂ ਦਾ ਭੂਤ, ਉਹਦੀ ਰੂਹ ਨੂੰ ਭੈਭੀਤ ਕਰਨ ਲੱਗਾ। ਇਹ ਘਟਨਾਵਾਂ ਉਹ ਦੀਆਂ ਅੱਖਾਂ ਅੱਗੇ ਘੁੰਮਣ ਲੱਗੀਆਂ ਤਾਂ ਔਰੰਗਜ਼ੇਬ ਘਬਰਾ ਉੱਠਿਆ।ਇਸ ਘਬਰਾਹਟ ਵਿੱਚ ਈ ਆਪਣੇ ਮੀਰ ਮੁਨਸ਼ੀ ਨੂੰ ਲਿਖਾਉਣ ਲੱਗਾ-
ਮੁਝੇ ਆਪਨਾ ਪਤਾ ਨਹੀਂ
ਗੁਨਾਹ ਬਹੁਤ ਕੀਏ ਹੈਂ,
ਮਾਲੂਮ ਨਹੀਂ ਕਿਸ ਸਜ਼ਾ
ਮੇਂ ਗ੍ਰਿਫ਼ਤਾਰ ਹੂੰਗਾ।
ਗੁਰੂ ਸਾਹਿਬ ਜੀ ਦੀ ਲਿਖੀ ਪੱਤ੍ਰਕਾ ਨੇ ਔਰੰਗਜ਼ੇਬ ਦੀ ਜ਼ਮੀਰ ਨੂੰ ਲੀਰੋ-ਲੀਰ ਕਰ ਦਿੱਤਾ। ਪੱਤਰ ਪੜ੍ਹਣ ਉਪਰੰਤ ਜ਼ਮਾਨੇ ਦਾ ਸਭ ਤੋਂ ਵੱਡਾ ਤੇ ਹੰਕਾਰੀ ਬਾਦਸ਼ਾਹ ਦੱਖਣ ਦੇ ਇੱਕ ਛੋਟੇ ਜਿਹੇ ਪਿੰਡ ਅਹਿਮਦਨਗਰ ਤੋਂ ਗਿਆਰਾਂ ਮੀਲ ਦੂਰ ਔਰੰਗਾਬਾਦ ਵਾਲੇ ਪਾਸੇ ਅਮਾਮਪੁਰੇ ਵਿੱਚ ਸ਼ਬਦ ਰੂਪੀ ਤੀਰਾਂ ਨਾਲ ਜ਼ਖਮੀ ਹੋ ਕੇ, ਆਪਣੇ-ਆਪ ਨੂੰ ਲਾਹਨਤਾਂ ਪਾਉਂਦਾ ਹੋਇਆ, ਦੁਨੀਆਂ ਤੋਂ ਚਲਦਾ ਬਣਿਆ। ਔਰੰਗਜ਼ੇਬ ਦੀ ਅੰਤਮ ਖਾਹਿਸ਼ ਮੁਤਾਬਿਕ ਪੀਰ ਖੁਆਜਾ ਸਾਹਿਬ (ਅਜਮੇਰ ਵਾਲੇ) ਦੀ ਜ਼ਿਆਰਤ ਨੇੜੇ ਖੁਲਤਾਬਾਦ ਲਿਆ ਕੇ ਦਫ਼ਨਾ ਦਿੱਤਾ ਗਿਆ । ਖੁਲਤਾਬਾਦ ਦਾ ਇੱਕ ਨਿਗੂਣਾ ਜਿਹਾ ਮਕਬਰਾ ਇਸ ਜ਼ਾਲਮ, ਹੰਕਾਰੀ ਤੇ ਬੁੱਚੜ ਬਾਦਸ਼ਾਹ ਨੂੰ ਆਪਣੇ ਵਿੱਚ ਸਮੋਈ, ਹਰ ਆਉਣ-ਜਾਣ ਵਾਲੇ ਨੂੰ ਕਹਿ ਰਿਹਾ ਏ-
‘ਦੇ ਫੂਲ ਭੀ ਮਜ਼ਾਰ ਪੇ
ਉਨਕੋ ਨਹੀਂ ਫਲਕ,
ਲੇਕਰ ਜ਼ਮੀ ਜਿਨ੍ਹੋਂ ਨੇ
ਹਜ਼ਾਰੋਂ ਬਨਾਏ ਬਾਗ।’
ਇਤਿਹਾਸ ਲਿਖਦਾ ਹੈ ਕਿ ਔਰੰਗਜ਼ੇਬ ਮਰਦੇ ਦਮ ਤੱਕ ਗੁਰੂ ਸਾਹਿਬ ਜੀ ਨੂੰ ਮਿਲਣ ਲਈ ਸਹਿਕਦਾ ਰਿਹਾ ਸੀ।ਔਰੰਗਜ਼ੇਬ ਅੰਤ ਸਮੇਂ ਖੁਦ ਆਪਣੀ ਕਰਨੀ ‘ਤੇ ਪਛਤਾਉਂਦਾ ਹੋਇਆ, ਆਪਣੇ ਪੁੱਤਰ ਨੂੰ ਲਿਖਦਾ ਏ-
‘ਅਵਗੁਣਾਂ ਤੋਂ ਛੁੱਟ ਮੈਂ ਸੰਸਾਰ ਵਿੱਚ ਆਪਣੇ ਨਾਲ ਕੁੱਝ ਨਹੀਂ ਲਿਆਇਆ ਅਤੇ ਪਾਪ ਹੀ ਇਕੱਠੇ ਕਰਕੇ ਲੈ ਚੱਲਿਆਂ ਹਾਂ।ਮੈਂ ਬਹੁਤ ਭੁੱਲਾਂ ਤੇ ਪਾਪ ਕੀਤੇ ਹਨ।ਪਤਾ ਨਹੀਂ, ਕੀ ਸਜ਼ਾ ਮਿਲੇਗੀ ? ਮੈਨੂੰ ਮੁਕਤੀ ਲਈ ਭਾਰੀ ਚਿੰਤਾ ਏ।ਮੇਰੀ ਆਤਮਾ ਆਪਣੇ-ਆਪ ਨੂੰ ਗੁਨਾਹਗਾਰ ਮੰਨਦੀ ਏ ਆਦਿ।” ਇਸ ਗਮ ਵਿੱਚ ਡੁੱਬਿਆ ਔਰੰਗਜ਼ੇਬ 90 ਸਾਲ 17 ਦਿਨ ਉਮਰ ਭੋਗ ਕੇ, ਅਹਿਮਦ ਨਗਰ (ਦੱਖਣ) ਵਿੱਚ 20 ਫਰਵਰੀ 1707 ਈਸਵੀ ਨੂੰ ਇਸ ਫਾਨੀ ਦੁਨੀਆਂ ਤੋਂ ਕੂਚ ਕਰ ਗਿਆ।
ਔਰੰਗਜ਼ੇਬ ਦੁਨਿਆਵੀ ਬਾਦਸ਼ਾਹ ਸੀ, ਜਿਨੂੰ ਕੋਈ ਯਾਦ ਤੱਕ ਨਹੀਂ ਕਰਦਾ। ਉਹਦੀ ਯਾਦਗਾਰ ਵਜੋਂ ਧਰਤੀ ‘ਤੇ ਸਿਰਫ਼ ਇੱਕ ਕਬਰ ਏ। ਮਹਾਂਰਾਸ਼ਟਰ ਵਿੱਚ ਔਰੰਗਾਬਾਦ ਤੋਂ 22 ਕਿਲੋਮੀਟਰ ਦੂਰ ਖੁਲਤਾਬਾਦ ਵਿੱਚ, ਉਹ ਵੀ ਛੱਤ ਤੋਂ ਬਿਨਾਂ ਸੁੰਨੀ ਜਿਹੀ ਕਬਰ ! ਪਹਿਲਾਂ ਇਹ ਕੱਚੀ ਹੁੰਦੀ ਸੀ, ਮਗਰ 1921 ਈਸਵੀ ਵਿੱਚ ਲਾਰਡ ਕਰਜ਼ਨ ਤੇ ਨਵਾਬ ਹੈਦਰਾਬਾਦ ਨੇ ਇਸ ‘ਤੇ ਸੰਗਮਰਮਰ ਲਾਇਆ।ਕਬਰ ‘ਤੇ ਥੋੜ੍ਹੀ ਜਿਹੀ ਥਾਂ ਅਜੇ ਵੀ ਕੱਚੀ ਏ, ਜਿਸ ਵਿੱਚ ਨਿਆਜ਼-ਬੋਜ (ਕਈ ਤੁਲਸੀ ਵੀ ਕਹਿੰਦੇ ਹਨ) ਦਾ ਇੱਕ ਬੂਟਾ ਲੱਗਾ ਰਹਿੰਦਾ ਏ।ਕਦੇ ਕਦਾਂਈ ਕੋਈ ਇਸ ਕਬਰ ਨੂੰ ਦੇਖਣ ਜਾਂਦਾ ਏ ਵਰਨਾ ਕਬਰ ‘ਤੇ ਸੁੰਨਸਾਨ ਦਾ ਹੀ ਰਾਜ ਹੁੰਦਾ ਏ।
ਸੁਖਦੇਵ ਸਿੰਘ ਭੁੱਲੜ
ਸੁਰਜੀਤ ਪੁਰਾ ਬਠਿੰਡਾ
94170-46117
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly