ਨਜ਼ਮ

ਸੰਧੂ ਵਰਿਆਣਵੀ
 (ਸਮਾਜ ਵੀਕਲੀ)
ਪ੍ਰਸ਼ਨ ਬਨਾਮ ਉੱਤਰ
ਐਨਾ ਆਸਾਨ ਨਹੀਂ
 ਤੇਰੀ ਪੁੱਛ ਦਾ ਸਹੀ ਸਹੀ ਉੱਤਰ ਦੇਣਾ
 ਅਲਜਬਰੇ ਦੇ’ ਨਿਰੂਪਣ ‘ਤਰੀਕੇ ਵਾਂਗ l
 ਇਹ ਪ੍ਰਸ਼ਨ ਹੈ ਦਿਲਾਂ ਦੀ ਸਾਂਝ ਦਾ
 ਦਿਲ ਦੇ ਦਰਦ ਦੇ ਇਲਹਾਮ ਦਾ
 ਲੁਕਾਈ ਵੱਲੋਂ ਸਨਮਾਨ ਨੇ ਇਲਜ਼ਾਮ ਦਾ
 ਸਾਹਾਂ ਚ ਘੁਲੇ ਸਾਹਾਂ ਦੀ ਮਹਿਕ ਦਾ
 ਸਾਂਝੇ ਦਿਲਾਂ ਦੀ ਧੜਕਣ ਦਾ
 ਪਾਕ -ਪਵਿੱਤਰ ਪਾਣੀ ਵਰਗੀਆਂ ਮਹੀਨ ਭਾਵਨਾਵਾਂ ਦਾl
 ਮੈਂ ਕਿੰਝ ਕਹਾਂ?
 ਮੈਂ ਕਿੰਝ ਇਨਕਾਰ ਕਰਾਂ?
ਮੈਂ ਤੇਰੇ ਸਾਹਾਂ ਦੀ ਕਸਤੂਰੀ ਨਹੀਂ ਸੀ ਮੰਗੀ l
 ਮੈਂ ਤਾਂ ਮੰਗਿਆ ਸੀ –
 ਤੇਰੀ ਸੱਚੀ ਸੁੱਚੀ ਸੋਚ ਦਾ ਸਾਥ
 ਜੋ ਤੂੰ ਦੇਣੋ ਇਨਕਾਰੀ ਏਂ
 ਮਜ਼ਹਬਾਂ ਦੀਆਂ ਬਣੀਆਂ ਲਕੀਰਾਂ ਕਰਕੇ l
 ਮੇਰੇ ਤਪਦੇ -ਠਰਦੇ ਮਾਰੂਥਲ ਵਰਗੇ ਸੋਚਾਂ ਦੇ ਜਿਸਮ ਨੂੰ
  ਹਿਮਾਲਾ ‘ਤੇ ਪਰਬਤ ਜੰਮੀਆਂ
 ਸਿੱਲੀਆਂ ਤੇ ਠਰੀਆਂ ਬਰਫਾਂ ਵਰਗੀ ਸੋਚ ਦੀ ਲੋੜ ਨਹੀਂ l
 ਇਸ ਲਈ-
 ਤੈਨੂੰ ਅਲਵਿਦਾ ਕਹਿਣ ਤੋਂ ਪਹਿਲਾਂ
 ਮੈਨੂੰ ਕੁਝ ਪਲ ਤਾਂ ਦੇ -ਦੇ
 ਤੇਰੀ ਪੁੱਛ ਦਾ ਸਹੀ -ਸਹੀ ਜਵਾਬ ਦੇਣ ਲਈ l
☀️
 ਸੰਧੂ ਵਰਿਆਣਵੀ
Previous articleਸੱਚ ਦੀ ਤਲਾਸ਼
Next article*ਵੋਟਾਂ*