ਡਾ ਇੰਦਰਜੀਤ ਕਮਲ
(ਸਮਾਜ ਵੀਕਲੀ) ਜਦੋਂ ਅਸੀਂ ਪ੍ਰਾਇਮਰੀ ਸਕੂਲ ਦੀ ਪੜ੍ਹਾਈ ਪੂਰੀ ਕਰਕੇ ਵੱਡੇ ਸਕੂਲ ਵਿੱਚ ਪਹੁੰਚੇ ਤਾਂ ਉੱਥੇ ਮੇਰੀ ਕੋਈ ਜਾਣ ਪਹਿਚਾਣ ਨਹੀਂ ਸੀ , ਜਿਸ ਕਾਰਨ ਮੈਨੂੰ ਹਲਕੇ ਪੱਧਰ ਦੇ ਵਿਦਿਆਰਥੀਆਂ ਦੇ ਦਾਇਰੇ ਵਿੱਚ ਰੱਖਿਆ ਗਿਆ । ਸਾਡੇ ਸਕੂਲ ਵਿੱਚ ਵਿਦਿਆਰਥੀ ਕਾਫੀ ਹੋਣ ਕਰਕੇ ਛੇਵੀਂ ਜਮਾਤ 8 ਭਾਗਾਂ ਵਿੱਚ ਵੰਡੀ ਗਈ । ਪਹਿਲੇ ਤਿੰਨ ਭਾਗਾਂ ਵਿੱਚ ਚੁਣੇ ਹੋਏ ਵਿਦਿਆਰਥੀ ਸਨ , ਜਿਹਨਾਂ ਵਿੱਚ ਅਧਿਆਪਕਾਂ , ਅਤੇ ਅਫ਼ਸਰਾਂ ਦੇ ਬੱਚੇ ਵੀ ਸਨ ਤੇ ਉਹਨਾਂ ਭਾਗਾਂ ਨੂੰ ਪੜ੍ਹਨ ਲਈ ਡਰਾਇੰਗ ਵਿਸ਼ਾ ਦਿੱਤਾ ਗਿਆ , ਪਰ ਸਾਨੂੰ ਉਹਦੇ ਮੁਕਾਬਲੇ ਖੇਤੀਬਾੜੀ ਵਿਸ਼ਾ ਦਿਤਾ ਗਿਆ । ਪਹਿਲੇ ਤਿੰਨ ਭਾਗਾਂ ਵਿੱਚ ਪੜ੍ਹੇ ਵਿਦਿਆਰਥੀ ਅੱਜ ਮੇਰੀ ਮਿੱਤਰ ਸੂਚੀ ਵਿੱਚ ਹਨ, ਜੋ ਉੱਚੇ ਉੱਚੇ ਅਹੁਦਿਆਂ ਤੋਂ ਸੇਵਾਮੁਕਤ ਹੋ ਚੁੱਕੇ ਹਨ । ਚਾਰ ਸਾਲ ਅਣਮੰਨੇ ਮਨ ਨਾਲ ਖੇਤੀਬਾੜੀ ਪੜ੍ਹੀ, ਕਿਓਂਕਿ ਇਸ ਵਿਸ਼ੇ ਵਿੱਚ ਸਾਡੇ ਕੋਲ ਘੋਟਾ ਲਾਉਣ ਤੋਂ ਬਿਨ੍ਹਾਂ ਕੁਝ ਨਹੀਂ ਸੀ । ਅਸੀਂ ਦਸਵੀਂ ਵਿੱਚ ਪਹੁੰਚ ਗਏ । ਇਸ ਦੌਰਾਨ ਸਕੂਲ ਦੇ ਅਧਿਆਪਕਾਂ ਵਿੱਚ ਆਪਣੀ ਚੰਗੀ ਪਹੁੰਚ ਬਣ ਗਈ ਸੀ ।
ਦਸਵੀਂ ਵਿੱਚ ਆਪਣੇ ਵਿਸ਼ੇ ਚੁਣਨ ਦੀ ਇਜਾਜ਼ਤ ਸੀ । ਮੈਂ ਪਹਿਲੇ ਦਿਨ ਹੀ ਡਰਾਇੰਗ ਦੀ ਜਮਾਤ ਵਿੱਚ ਜਾ ਕੇ ਬੈਠ ਗਿਆ । ਅਧਿਆਪਕਾ ਅਵਿਨਾਸ਼ ਸ਼ਰਮਾ ਨੇ ਮੈਨੂੰ ਖੜ੍ਹਾ ਕਰਕੇ ਪੁੱਛਿਆ ਕਿ ਮੈਂ ਉਹਦੀ ਜਮਾਤ ਵਿੱਚ ਕਿਵੇਂ ਬੈਠਾ ਹਾਂ । ਮੈਂ ਕਿਹਾ ਜੀ ਮੈ ਡਰਾਇੰਗ ਪੜ੍ਹਨੀ ਹੈ ਇਸ ਕਰਕੇ । ਉਹ ਕਹਿੰਦੀ ਜਦੋਂ ਤੂੰ ਚਾਰ ਸਾਲ ਖੇਤੀਬਾੜੀ ਪੜ੍ਹੀ ਹੈ ਫਿਰ ਡਰਾਇੰਗ ਕਿਵੇਂ ਕਰੇਂਗਾ ? ਮੈਂ ਬੜਾ ਵਿਸ਼ਵਾਸ ਦਵਾਇਆ ਪਰ ਉਹ ਨਾ ਮੰਨੀ । ਅਖੀਰ ਮੈਂ ਆਪਣੇ ਪੁਰਾਣੇ ਇੰਚਾਰਜ ਮਾਸਟਰ ਪ੍ਰਿਥਵੀ ਰਾਜ ਜੀ ਕੋਲ ਜਾ ਕੇ ਮਸਲਾ ਦੱਸਿਆ । ਉਹਨਾਂ ਆ ਕੇ ਅਧਿਆਪਕਾ ਅਵਿਨਾਸ਼ ਸ਼ਰਮਾ ਨੂੰ ਮੇਰੇ ਬਾਰੇ ਵਿਸ਼ਵਾਸ ਦਵਾਇਆ ਕਿ ਮੈਂ ਇਸ ਕੰਮ ਵਿੱਚ ਕਾਮਯਾਬ ਹੋ ਸਕਦਾ ਹਾਂ । ਮੈਨੂੰ ਇੱਕ ਹਫਤੇ ਦਾ ਵਕਤ ਦਿਤਾ ਗਿਆ ਡਰਾਇੰਗ ਦੀ ਤਿਆਰੀ ਕਰਨ ਵਾਸਤੇ ।
ਬੱਸ ਫਿਰ ਕੀ ਸੀ ! ਮੈਂ ਸਾਰੇ ਕੰਮ ਛੱਡਕੇ ਡਰਾਇੰਗ ਦੇ ਦਵਾਲੇ ਹੋ ਗਿਆ । ਰੋਟੀ ਡਰਾਇੰਗ , ਨੀਂਦ ਡਰਾਇੰਗ ,ਖੇਡਣਾ ਡਰਾਇੰਗ …….. ਯਾਨੀ ਕਿ ਹਰ ਕੰਮ ਡਰਾਇੰਗ । ਇੱਕ ਹਫਤੇ ਬਾਅਦ ਜਦੋਂ ਅਧਿਆਪਕਾ ਨੇ ਮੈਨੂੰ ਡਰਾਇੰਗ ਬਾਰੇ ਕੁਝ ਸਵਾਲ ਕੀਤੇ ਤਾਂ ਉਹਨੂੰ ਸੰਤੁਸ਼ਟੀ ਹੋ ਗਈ ਕਿ ਮੈਂ ਡਰਾਇੰਗ ਸਿੱਖ ਸਕਦਾ ਹਾਂ । ਆਉਣ ਵਾਲੇ ਕੁਝ ਦਿਨਾਂ ਬਾਅਦ ਮੇਰੇ ਨਾਲ ਪੜ੍ਹਨ ਵਾਲੇ ਲੜਕੇ ਡਰਾਇੰਗ ਦੇ ਕੰਮ ਬਾਰੇ ਮੇਰੇ ਤੋਂ ਸਲਾਹ ਲੈਂਦੇ ਸਨ ਤੇ ਕਈ ਤਾਂ ਆਪਣਾ ਕੰਮ ਵੀ ਮੇਰੇ ਤੋਂ ਕਰਵਾ ਲੈਂਦੇ ਸਨ ।
ਇਹ ਦੱਸਣ ਦਾ ਮੇਰਾ ਮਤਲਬ ਇਹ ਹੈ ਕਿ ਲਗਨ ਨਾਲ ਕੀਤੇ ਗਏ ਕਿਸੇ ਵੀ ਕੰਮ ਵਿੱਚ ਤੁਸੀਂ ਕਾਮਯਾਬੀ ਹਾਸਲ ਕਰ ਸਕਦੇ ਹੋ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly