ਐਂਕਲ ਕਪੂਰ ਪਟਵਾਰੀ

(ਸਮਾਜ ਵੀਕਲੀ)  ਇਹ ਬਿਲਕੁਲ ਹੁੰਦਾ ਹੈ। ਕੋਈਂ ਗਰਮ ਅਤੇ ਸਖਤ ਆਦਮੀ ਜਿੰਦਗੀ ਦੇ ਇੱਕ ਪੜਾਅ ਤੇ ਆਕੇ ਬਦਲ ਜਾਂਦਾ ਹੈ। ਯਕੀਨ ਨਹੀਂ ਆਉਂਦਾ ਕਿ ਇਹ ਉਹੀ ਇਨਸਾਨ ਹੈ। ਗੱਲ ਕਰਦੇ ਹਾਂ ਸ੍ਰੀ ਕਪੂਰ ਚੰਦ ਗਰਗ ਜੀ ਦੀ। ਐਂਕਲ ਕਪੂਰ ਚੰਦ ਸਾਡੀ ਗਲੀ ਵਿੱਚ ਰਹਿੰਦੇ ਸਨ। ਇਹ ਕਈ ਭਰਾ ਸਨ। ਤਕਰੀਬਨ ਸਾਰੇ ਹੀ ਨਰਮ ਸੁਭਾਅ ਦੇ ਸਨ। ਇਹ੍ਹਨਾਂ ਦਾ ਜੱਦੀ ਪਿੰਡ ਤਿਗੜੀ ਸੀ ਸੋ ਸਾਰੇ ਇਹ੍ਹਨਾਂ ਨੂੰ ਤਿਗੜੀ ਵਾਲੇ ਕਹਿੰਦੇ ਸਨ। ਆਮਲੋਕ ਐਂਕਲ ਕਪੂਰ ਚੰਦ ਨੂੰ ਪਿੱਠ ਪਿੱਛੇ ਕਪੂਰਾ ਪਟਵਾਰੀ ਕਹਿੰਦੇ ਸਨ। ਕਿਉਂਕਿ ਐਂਕਲ  ਨਹਿਰੀ ਵਿਭਾਗ ਵਿੱਚ ਪਟਵਾਰੀ ਜੋ ਸਨ । ਭਾਵੇਂ ਉਹ ਅਗਰਵਾਲ  ਬਿਰਾਦਰੀ ਨਾਲ ਸਬੰਧਿਤ ਸਨ  ਪਰ ਉਹ ਕਦੇ ਕਦੇ ਸ਼ਾਮ ਵਾਲੀ ਰੋਟੀ ਤੋਂ ਪਹਿਲ਼ਾਂ ਘੁੱਟ ਲ਼ਾ ਲੈਂਦੇ ਸਨ। ਮੈਂ ਇਹ ਸੁਣਿਆ ਸੀ ਪਰ ਵੇਖਿਆ ਨਹੀਂ ਸੀ। ਐਂਕਲ ਕਪੂਰ ਚੰਦ ਦਾ ਸੁਭਾਅ ਬਾਕੀ ਭਰਾਵਾਂ ਨਾਲੋਂ ਵੱਖਰਾ ਸੀ। ਉਹ ਸਭ ਨਾਲੋਂ ਗਰਮ ਸੁਭਾਅ ਦੇ ਜੋ ਸਨ। ਗਾਲ ਤਾਂ ਐਂਕਲ ਦੇ ਮੂੰਹ ਤੇ ਹੀ ਹੁੰਦੀ ਸੀ। ਉਹ ਹਰ ਇੱਕ ਦੇ ਜੁਆਕ ਨੂੰ ਝਿੜਕ ਦਿੰਦੇ ਸਨ। ਖਾਸਕਰ ਜਵਾਨ ਲੜਕੀਆਂ ਨੂੰ । ਉਹ ਕਿਸੇ ਦੀ ਧੀ ਭੈਣ ਨੂੰ ਬੇਵਜ੍ਹਾ ਹੱਸਦੀ ਜਾਂ ਬਿਨਾਂ ਚੁੰਨੀ ਤੋਂ ਵੇਖਕੇ ਬਹੁਤ ਗੁੱਸੇ ਹੁੰਦੇ ਸਨ। ਉਹ ਕਿਤੇ ਵੀ ਗਲਤ ਹੁੰਦਾ ਨਹੀਂ ਸੀ ਵੇਖ ਸਕਦੇ। ਓਹਨਾਂ ਦੀ ਡਿਊਟੀ ਅਕਸਰ ਲੰਗਰ ਦੇ ਭੰਡਾਰ ਤੇ ਲਾਈ ਜਾਂਦੀ। ਉਹ ਸਖਤੀ ਨਾਲ ਆਪਣੀ ਡਿਊਟੀ ਨਿਭਾਉਂਦੇ। ਮਜ਼ਾਲ ਹੈ ਕੋਈਂ ਅਨੁਸ਼ਾਸਨਹੀਨਤਾ ਹੋ ਜਾਂਵੇ। ਉਸ ਤੋਂ ਡਰਦੇ ਕੋਈਂ ਅਣਗਹਿਲੀ ਨਾ ਕਰਦਾ। ਸਖਤ ਬੰਦੇ ਤੋਂ ਸਾਰੇ ਹੀ ਡਰਦੇ ਹਨ। ਕਿਉਂਕਿ ਉਸਨੇ ਕੋਈਂ ਪੱਖਪਾਤ ਨਹੀਂ ਸੀ ਕਰਨਾ ਹੁੰਦਾ। ਐਂਕਲ ਵੀ ਪੱਖਪਾਤ ਨਾ ਕਰਦੇ। ਐਂਕਲ ਦਾ ਕੱਦ ਛੇ ਫੁੱਟ ਤੋਂ ਵੀ ਲੰਮਾ ਸੀ। ਉਹ ਹਮੇਸ਼ਾ ਛਾਤੀ ਤਾਣ ਕੇ ਚਲਦੇ। ਹਾਂ ਸਾਡੇ ਅੰਟੀ ਮਧਰੇ ਜਿਹੇ ਕੱਦ ਦੇ ਸਨ। ਐਂਕਲ ਨੇ ਆਪਣੀ ਸਖਤੀ ਅਤੇ ਸਾਫਦਿਲੀ ਨਾਲ ਨਾਮ ਬਣਾਇਆ। ਫਿਰ ਉਮਰ ਦੇ ਲਿਹਾਜ਼ ਨਾਲ  ਆਪਣੇ ਸਮੇਂ ਤੇ ਬਹੁਤ ਨਰਮ ਹੋ ਗਏ। ਹਰ ਇੱਕ ਨੂੰ ਬੇਟਾ ਬੇਟਾ ਕਰਦੇ। ਸਭ ਨੂੰ ਗਰਮ ਬੋਲਣ ਵਾਲਾ ਐਂਕਲ ਅਖੀਰਲੇ ਸਾਲਾਂ ਵੀ ਸਭ ਦਾ ਚਹੇਤਾ ਹੋ ਗਿਆ ਸੁਭਾਅ ਪੱਖੋਂ ਨਰਮ ਹੋ ਗਿਆ। ਭਾਵੇਂ ਐਂਕਲ ਦਾ ਗਰਮ ਸੁਭਾਅ ਉਸ ਮੌਕੇ ਸਭ ਨੂੰ ਬੁਰਾ ਲੱਗਦਾ ਸੀ ਪਰ ਫਿਰ ਵੀ ਸਭ ਉਸਦੀ ਕਦਰ ਕਰਦੇ ਸਨ।
ਇਹ ਉਮਰ ਹੀ ਹੈ ਜੋ ਇਨਸਾਨ ਦੇ ਵਤੀਰੇ ਸੁਭਾਅ ਆਦਤਾਂ ਬਦਲ ਦਿੰਦੀ ਹੈ। ਬਚਪਨ ਜਵਾਨੀ ਵਿੱਚ ਇਨਸਾਨ ਦੀ ਸੋਚ ਤੇ ਕਿਰਦਾਰ ਹੋਰ ਹੁੰਦਾ ਹੈ।  ਪਰਿਵਾਰਿਕ ਸਮਾਜਿਕ ਹਾਲਾਤ ਬੰਦੇ ਨੂੰ ਬਦਲ ਦਿੰਦੇ ਹਨ। ਐਂਕਲ ਕਪੂਰ ਚੰਦ ਦੀ ਵਿਲੱਖਣ ਸਖਸ਼ੀਅਤ ਹਮੇਸ਼ਾ ਯਾਦਾਂ ਵਿੱਚ ਤਰੋਤਾਜ਼ਾ ਰਹੇਗ਼ੀ।
ਰਮੇਸ਼ ਸੇਠੀ ਬਾਦਲ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਬੁੱਧ ਵਚਨ
Next articleਦੱਸੋ ਕਿੰਝ ਜਨਾਬ ਲਿਖਾਂ