* “ਮੈਂ” ਨੂੰ ਮਾਰਨ ਦੀ ਨਹੀਂ, ਜਿਉਂਦਾ ਕਰਨ ਦੀ ਲੋੜ *

ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਅਵਤਾਰ ਤਰਕਸ਼ੀਲ ਨਿਊਜ਼ੀਲੈਂਡ 
(ਸਮਾਜ ਵੀਕਲੀ)“ਮੈਂ” ਸ਼ਬਦ ਪੰਜਾਬੀ ਕਲਚਰ ਵਿੱਚ ਹੰਕਾਰ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ ਅਤੇ ਅਕਸਰ ਕਿਹਾ ਜਾਂਦਾ ਹੈ ਕਿ ਜੇ ਕਿਸੇ ਵਿਅਕਤੀ ਵਿੱਚ “ਮੈਂ” ਆ ਜਾਵੇ ਤਾਂ ਉਹ ਉਸ ਨੂੰ ਲੈ ਬੈਠਦੀ ਹੈ l
ਇਸੇ ਕਰਕੇ ਕੁੱਝ ਧਾਰਮਿਕ ਲੋਕ ਧਾਰਮਿਕ ਅਸਥਾਨਾਂ ਤੇ “ਮੈਂ” ਸ਼ਬਦ ਨੂੰ ਬੋਲਣ ਤੋਂ ਸੰਕੋਚ ਕਰਦੇ ਹਨ ਖਾਸ ਕਰਕੇ ਜਦੋਂ ਕੋਈ ਧਾਰਮਿਕ ਸਪੀਚ ਕਰਨੀ ਹੋਵੇ l ਉਹ “ਮੈਂ” ਦੀ ਬਜਾਏ ਆਪਣੇ ਆਪ ਨੂੰ “ਦਾਸ” ਆਖ ਕੇ ਗੱਲ ਕਰਦੇ ਹਨ l
ਦੇਖਣ ਦੀ ਲੋੜ ਹੈ ਕਿ ਮੈਂ ਸ਼ਬਦ ਦੀ ਜਗ੍ਹਾ ਦਾਸ ਸ਼ਬਦ ਵਰਤਣ ਨਾਲ ਕੀ ਹੰਕਾਰ ਖਤਮ ਹੋ ਜਾਂਦਾ ਹੈ? ਜਵਾਬ ਹੋਵੇਗਾ ਕਿ ਨਹੀਂ ਹੁੰਦਾ l ਤੱਥਾਂ ਦੇ ਅਧਾਰ ਤੇ ਉਸ ਵਿਅਕਤੀ ਦੀ ਜ਼ਿੰਦਗੀ ਤੇ ਨਿਗ੍ਹਾ ਮਾਰੋਗੇ ਤਾਂ ਉਸ ਦੇ ਬਹੁਤ ਕੰਮਾਂ ਜਾਂ ਬੋਲਬਾਣੀ ਵਿੱਚੋਂ ਹੰਕਾਰ ਨਜ਼ਰ ਆਵੇਗਾ l
ਇਸ ਦੇ ਉਲਟ ਵਾਰ ਵਾਰ ਮੈਂ ਸ਼ਬਦ ਵਰਤਣ ਵਾਲੇ ਦੇ ਵੀ ਕੰਮਾਂ ਤੋਂ ਪਤਾ ਲੱਗੇਗਾ ਕਿ ਉਹ ਹੰਕਾਰੀ ਹੈ ਜਾਂ ਨਹੀਂ?
ਆਓ ਅੱਜ ਇਸ ਬਾਰੇ ਕੁੱਝ ਤੱਥਾਂ ਨੂੰ ਦੇਖਦੇ ਹਾਂ ਕਿ ਕੀ ਇਹ ਸੱਚ ਹੈ?
ਹਰ ਵਾਰ ਮੈਂ ਸ਼ਬਦ ਵਰਤਣਾ ਹੰਕਾਰ ਦੀ ਨਿਸ਼ਾਨੀ ਨਹੀਂ ਹੁੰਦਾ l “ਮੈਂ” ਸ਼ਬਦ ਆਪਣੀ ਵਿੱਲ ਪਾਵਰ (Will Power/ਕੁੱਝ ਕਰ ਦੇਣ ਦੀ ਹਿੰਮਤ) ਨੂੰ ਵਧਾਉਂਦਾ ਹੈ l
ਨਿਊਜ਼ੀਲੈਂਡ ਦੇ ਜਨਮੇ ਬੱਚਿਆਂ ਵਿੱਚ ਭਾਰਤ ਦੇ ਜਨਮੇ ਬੱਚਿਆਂ ਮੁਕਾਬਲੇ ਵਿੱਲ ਪਾਵਰ ਵੱਧ ਦੇਖੀ ਗਈ ਹੈ l ਜਿਹੜੇ ਬੱਚੇ ਇੰਡੀਆ ਵਿੱਚੋਂ ਪੜ੍ਹਦੇ ਆਉਂਦੇ ਹਨ, ਉਨ੍ਹਾਂ ਦੇ ਨਿਊਜ਼ੀਲੈਂਡ ਦੇ ਸਕੂਲ ਵਿੱਚ ਦਾਖਲਾ ਲੈਣ ਤੋਂ ਤਿੰਨ ਚਾਰ ਹਫ਼ਤੇ ਮਗਰੋਂ ਇਹ ਫਰਕ ਨਜ਼ਰ ਆਉਣ ਲੱਗ ਪੈਂਦਾ ਹੈ ਜੋ ਮੈਂ ਖੁਦ ਬੱਚਿਆਂ ਅਤੇ ਅਧਿਆਪਕਾਂ ਦੀ ਮੀਟਿੰਗ ਵਿੱਚ ਦੇਖਿਆ ਹੈ l
ਨਿਊਜ਼ੀਲੈਂਡ ਵਿੱਚ ਬੱਚਿਆਂ ਅਤੇ ਅਧਿਆਪਕਾਂ ਦੀ ਸਕੂਲੀ ਮੀਟਿੰਗ ਵਿੱਚ ਬੱਚੇ ਨੂੰ ਉਸ ਦੇ ਮਾਂ ਬਾਪ ਦੇ ਸਾਹਮਣੇ ਸਵਾਲ ਹੀ ਇਸ ਤਰ੍ਹਾਂ ਪੁੱਛੇ ਜਾਂਦੇ ਹਨ ਕਿ ਬੱਚਾ ਖੁਦ ਹੀ ਆਪਣੇ ਆਪ ਨੂੰ ਮੌਟੀਵੇਟ (Motivate) ਕਰਦਾ ਹੈ l ਬੱਚਾ ਖੁਦ ਹੀ ਆਪਣੀਆਂ ਕਮੀਆਂ ਦੂਰ ਕਰਨ ਦਾ ਪ੍ਰਣ ਕਰਦਾ ਹੈ l ਉਦਾਹਰਣ ਦੇ ਤੌਰ ਤੇ ਬੱਚੇ ਨੂੰ ਪੁੱਛਿਆ ਜਾਂਦਾ ਹੈ ਕਿ ਤੇਰੀ ਤਾਕਤ (Strength) ਕੀ ਹੈ ਭਾਵ ਕੀ ਕੀ ਵਧੀਆ ਤਰੀਕੇ ਨਾਲ ਕਰ ਲੈਂਦਾ ਹੈਂ? ਉਸ ਤੋਂ ਬਾਦ ਪੁੱਛਿਆ ਜਾਂਦਾ ਹੈ ਕਿ ਤੇਰੀ ਕੀ ਕੀ ਕਮਜ਼ੋਰੀ ਹੈ? ਬੱਚਾ ਆਪਣੀਆਂ ਕਮਜ਼ੋਰੀਆਂ ਦੱਸਦਾ ਹੈ l ਉਸ ਤੋਂ ਬਾਦ ਪੁੱਛਿਆ ਜਾਂਦਾ ਹੈ ਕਿ ਤੂੰ ਇਨ੍ਹਾਂ ਕਮਜ਼ੋਰੀਆਂ ਨੂੰ ਦੂਰ ਕਰਨ ਲਈ ਕੀ ਕਰੇਂਗਾ? ਬੱਚਾ ਖੁਦ ਹੀ ਦੱਸਦਾ ਹੈ ਕਿ ਮੈਂ ਇਹ ਕੁੱਝ ਕਰਾਂਗਾ l ਇਸ ਤੋਂ ਬਾਦ ਬੱਚੇ ਨੂੰ ਪੁੱਛਿਆ ਜਾਂਦਾ ਹੈ ਕਿ ਕੀ ਤੈਨੂੰ ਇਸ ਕਮਜ਼ੋਰੀ ਨੂੰ ਦੂਰ ਕਰਨ ਲਈ ਮੇਰੀ (ਅਧਿਆਪਕ ਦੀ) ਲੋੜ ਹੈ ਜਾਂ ਮਾਂ ਪਿਓ ਦੀ ਮੱਦਦ ਦੀ ਲੋੜ ਹੈ? ਤਾਂ ਬੱਚਾ ਇਹ ਜਵਾਬ ਵੀ ਖੁਦ ਹੀ ਦਿੰਦਾ ਹੈ l
ਦੇਖਣ ਦੀ ਲੋੜ ਹੈ ਕਿ ਉਪਰੋਕਤ ਸਵਾਲ ਜਵਾਬ ਦੀ ਪ੍ਰਕਿਰਿਆ ਵਿੱਚ ਬੱਚਾ ਹਰ ਸਵਾਲ ਦੇ ਜਵਾਬ ਵਿੱਚ “ਮੈਂ” ਸ਼ਬਦ ਵਰਤਦਾ ਹੈ ਜਿਸ ਦਾ ਹੰਕਾਰ ਨਾਲ ਕੋਈ ਸਬੰਧ ਬਿਲਕੁਲ ਵੀ ਨਹੀਂ ਹੈ l
ਇਸ ਦੇ ਨਾਲ ਹੋਰ ਦੇਖਣ ਦੀ ਲੋੜ ਹੈ ਕਿ ਉਪਰੋਕਤ ਪ੍ਰਕਿਰਿਆ ਵਿੱਚ ਬੱਚਾ ਸਵਾਲ ਕਰਨੇ ਅਤੇ ਜਵਾਬ ਲੱਭਣੇ ਸਿੱਖ ਜਾਂਦਾ ਹੈ ਭਾਵ ਉਸ ਨੂੰ ਦਿਮਾਗ ਚਲਾਉਣਾ ਸਿਖਾਇਆ ਜਾਂਦਾ ਹੈ l ਇਸ ਪ੍ਰਕਿਰਿਆ ਵਿੱਚ ਬੱਚਾ ਤਰਕਸ਼ੀਲ ਬਣ ਜਾਂਦਾ ਹੈ ਭਾਵ ਭਾਵੇਂ ਬੱਚੇ ਦੇ ਮਾਪੇ ਧਾਰਮਿਕ ਹੋਣ ਜਾਂ ਗ਼ੈਰ ਧਾਰਮਿਕ, ਪਰ ਉਹ ਬੱਚਾ ਤਰਕ ਦੇ ਅਧਾਰ ਤੇ ਹੀ ਸੋਚੇਗਾ l
ਕੱਟੜ ਧਾਰਮਿਕ ਵਿਅਕਤੀ ਵਿਦੇਸ਼ਾਂ ਵਿੱਚ ਇਸ ਪ੍ਰਕਿਰਿਆ ਦੇ ਬਾਵਯੂਦ ਆਪਣੇ ਧਰਮ ਨੂੰ ਆਪਣੇ ਬੱਚਿਆਂ ਤੇ ਥੋਪਣ ਦਾ ਯਤਨ ਕਰਦੇ ਹਨ ਜਿਸ ਦੇ ਚੱਲਦੇ ਬੱਚੇ ਧਰਮ ਪ੍ਰਤੀ ਮਾਪਿਆਂ ਨੂੰ ਸਵਾਲ ਕਰਦੇ ਹਨ ਜਿਨ੍ਹਾਂ ਦੇ ਜਵਾਬ ਮਾਪਿਆਂ ਕੋਲ ਹੁੰਦੇ ਹੀ ਨਹੀਂ ਕਿਉਂਕਿ ਸਵਾਲਾਂ ਦੇ ਜਵਾਬ ਤਾਂ ਤਰਕ ਦੇ ਅਧਾਰ ਤੇ ਹੀ ਮਿਲਦੇ ਹਨ l
ਉਦਾਹਰਣ ਦੇ ਤੌਰ ਤੇ ਜਦੋਂ ਧਾਰਮਿਕ ਮਾਪਿਆਂ ਦੇ ਬੱਚੇ ਪੁੱਛਦੇ ਹਨ ਕਿ ਮੇਰਾ ਜਨਮ ਕਿਵੇਂ ਹੋਇਆ ਤਾਂ ਧਾਰਮਿਕ ਮਾਪੇ ਕਹਿ ਦਿੰਦੇ ਹਨ ਕਿ ਤੈਨੂੰ ਅਸੀਂ ਰੱਬ ਕੋਲੋਂ ਮੰਗ ਕੇ ਲਿਆ ਹੈ l ਜਦੋਂ ਅਨਭੋਲ ਬੱਚਾ ਉਹੀ ਗੱਲ ਆਪਣੇ ਗੋਰੇ ਸਾਥੀ ਬੱਚਿਆਂ ਨੂੰ ਦੱਸਦਾ ਹੈ ਤਾਂ ਉਹ ਉਸ ਨੂੰ ਮਜ਼ਾਕ ਕਰਦੇ ਹਨ l ਇਸੇ ਤਰ੍ਹਾਂ ਕਈ ਵਾਰ ਬੱਚੇ ਨੂੰ ਭਾਰਤੀ ਮਾਪੇ ਦੱਸਦੇ ਹਨ ਕਿ ਤੈਨੂੰ ਕਿਸੇ ਥਾਂ ਸੁੱਖਣਾ ਸੁੱਖ ਕੇ ਲਿਆ ਹੈ l ਇਸ ਪ੍ਰਤੀ ਵੀ ਗੋਰੇ ਮਜ਼ਾਕ ਕਰਦੇ ਹਨ ਕਿ ਸੁੱਖਣਾ ਸੁੱਖ ਕੇ ਬੱਚਾ ਕਿਵੇਂ ਪੈਦਾ ਹੋ ਗਿਆ?
ਅੱਜ ਲੋੜ ਹੈ ਆਪਣੀ ਮਰੀ ਹੋਈ “ਮੈਂ” ਨੂੰ ਜਿਉਂਦਾ ਕਰਨ ਦੀ ਤਾਂ ਕਿ ਵਿਅਕਤੀ ਖੁਦ ਹੀ ਮੌਟੀਵੇਟ ਹੋ ਕੇ ਆਪਣੇ ਮਸਲਿਆਂ ਦਾ ਹੱਲ ਲੱਭੇ l
ਬੱਚਿਆਂ ਵਿੱਚ ਪੈਦਾ ਕੀਤੀ ਮੈਂ ਸਾਰੀ ਉਮਰ ਲਈ ਉਨ੍ਹਾਂ ਵਾਸਤੇ ਗਹਿਣਾ ਬਣ ਜਾਵੇਗੀ l ਪੈਦਾ ਹੋਈ “ਮੈਂ” ਉਨ੍ਹਾਂ ਨੂੰ ਆਪਣੇ ਸਭ ਮਸਲੇ ਹੱਲ ਕਰਨ ਦੇ ਯੋਗ ਬਣਾ ਦੇਵੇਗੀ l
ਇਸ ਕਰਕੇ ਬੱਚਿਆਂ ਵਾਸਤੇ ਇਹ ਬਹੁਤ ਜ਼ਰੂਰੀ ਹੈ ਕਿ ਉਹ ਸਵਾਲ ਕਰਨੇ ਸਿੱਖਣ ਅਤੇ ਤੱਥਾਂ ਤੇ ਅਧਾਰਤ ਹੀ ਕਿਸੇ ਚੀਜ਼ ਜਾਂ ਵਰਤਾਰੇ ਨੂੰ ਸਹੀ ਜਾਂ ਗਲਤ ਕਹਿਣ l ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਸਮੇਂ ਦੇ ਸੱਚ ਨੂੰ ਕਬੂਲਣ ਦੀ ਸ਼ਕਤੀ ਆਪਣੇ ਆਪ ਵਿੱਚ ਪੈਦਾ ਕਰਨ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ 
  ਜੱਦੀ ਪਿੰਡ ਖੁਰਦਪੁਰ (ਜਲੰਧਰ)
  006421392147
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਮਾਂ ਬੋਲੀ ਦਾ ਸਤਿਕਾਰ
Next articleThe Social revolution in Bengal is imminent