ਕਨੇਡਾ ਸੰਘਰਸ਼ ਦੀ ਦਾਸਤਾਨ

ਕਨੇਡਾ ਦੀਆਂ ਬਦਲੀਆਂ ਇੰਮੀਗ੍ਰੇਸ਼ਨ  ਨੀਤੀਆਂ ਖਿਲਾਫ ਬਰੈਂਪਟਨ ਚ ਕੌਮਾਂਤਰੀ ਪਾੜ੍ਹਿਆਂ ਦਾ ਸੰਘਰਸ਼ ਜਾਰੀ
ਦਿਨ ਰਾਤ ਦੇ ਧਰਨੇ ਦਾ ਇੱਕ ਮਹੀਨਾ ਮੁੰਕਮਲ ਹੋਣ ਤੇ ਰੈਲੀਆਂ ਦਾ ਆਯੋਜਨ
(ਸਮਾਜ ਵੀਕਲੀ) ਕਨੇਡਾ ਦੀ ਟਰੂਡੋ ਸਰਕਾਰ ਵਲੋਂ ਕੁਝ ਮਹੀਨਿਆ ਤੋ ਲਗਾਤਾਰ ਇੰਮੀਗ੍ਰੇਸ਼ਨ ਨੀਤੀਆ ਚ ਹੋਏ ਵੱਡੇ ਬਦਲਾਅ ਨਾਲ ਕਨੇਡਾ ਚ ਪੜ੍ਹਨ ਤੇ ਵਸਣ ਦੇ ਸੁਪਨੇ ਲੈ ਕੇ ਗਏ ਕੌਮਾਂਤਰੀ ਪੱਧਰ ਦੇ ਲੱਖਾਂ ਨੌਜਵਾਨਾਂ ਦਾ ਭਵਿੱਖ ਦਾਅ ‘ਤੇ ਲੱਗ ਗਿਆ ਹੈ। ਨਿਰਾਸ਼ਾ ਚ ਘਿਰੇ ਨੌਜਵਾਨ, ਜਿਹਨਾਂ ਵਿੱਚ ਵੱਡੀ ਗਿਣਤੀ ਭਾਰਤੀ ਤੇ ਉਹਨਾਂ ਚ ਪੰਜਾਬੀ ਸ਼ਾਮਲ ਹਨ, ਉਹ ਛੇ ਮਹੀਨਿਆਂ ਤੋਂ ਕਨੇਡਾ ਦੇ ਵੱਖ ਵੱਖ ਸੂਬਿਆਂ ਵਿੱਚ ਇਸ ਮਾਮਲੇ ਨੂੰ ਲੈ ਕੇ ਰੈਲੀਆਂ, ਧਰਨੇ, ਪ੍ਰਦਰਸ਼ਨਾਂ ਦੇ ਰੂਪ ਚ ਰੋਸ ਵਿਖਾਵੇ ਕਰ ਰਹੇ ਹਨ।ਜਿਕਰਯੋਗ ਹੈ ਕਿ ਇਸ ਸਾਲ ਦੇ ਅੰਤ ਤੱਕ ਇਕ ਲੱਖ ਤੀਹ ਹਜ਼ਾਰ ਅਤੇ ਅਗਲੇ ਸਾਲ 5 ਲੱਖ ਕਾਮਿਆਂ ਦਾ ਵਰਕ ਪਰਮਿਟ ਮੁੱਕ ਰਿਹਾ ਹੈ ।
ਕਨੇਡਾ ਸਰਕਾਰ ਅੰਤਰ ਰਾਸ਼ਟਰੀ ਵਿਦਿਆਰਥੀਆਂ ਦਾ ਕੋਟਾ ਤਾ ਹਰ ਸਾਲ ਵਧਾ ਰਹੀ ਹੈ ਪਰ ਪੀ ਆਰ ਦਾ ਕੋਟਾ ਵਧਾਇਆ ਨਹੀ ਜਾ ਰਿਹਾ। ਦੂਜਾ ਕੋਵਿਡ ਬਾਅਦ ਪੀ ਆਰ ਦੇ ਡਰਾਅ ਨਹੀਂ ਨਿੱਕਲ ਰਹੇ। ਸੰਘਰਸ਼ ਦੀਆਂ ਮੰਗਾਂ ਹਨ, (1) 2024-25 ਚ ਮੁੱਕ ਰਹੇ ਵਰਕ ਪਰਮਿਟ ਦੋ ਸਾਲ ਲਈ ਵਧਾਏ ਜਾਣ,  (2) ਪੀਆਰ ਲਈ ਸਹੀ ਨਵੇਂ ਪ੍ਰੋਗਰਾਮ ਦਿੱਤੇ ਜਾਣ, (3)LMIA ਦੇ ਨਾਮ ਤੇ ਹੁੰਦੀ ਲੁੱਟ ਬੰਦ ਹੋਵੇ, (4)ਹਰ ਕੌਮਾਂਤਰੀ ਵਿਦਿਆਰਥੀ ਜੋ ਪੜ੍ਹ ਰਿਹਾ ਹੈ, ਉਸ ਨੂੰ ਪੰਜ ਸਾਲ ਦਾ ਵਰਕ ਪਰਮਿਟ ਦਿੱਤਾ ਜਾਵੇ। ਇਹ ਮੰਗਾਂ ਮੰਗ ਪੱਤਰ ਦੇ ਰੂਪ ਚ ਸੱਤਾਧਾਰੀ ਲਿਬਰਲ ਪਾਰਟੀ ਦੇ ਸਾਰੇ ਐਮਪੀਜ਼ ਤੱਕ ਪੁਚਾਈਆਂ ਗਈਆਂ, ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਇੰਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਅਤੇ ਹੋਰ ਨੁਮਾਇੰਦਿਆਂ ਤੱਕ ਮਸਲਾ ਵਿਚਾਰਨ ਲਈ ਅਪੀਲਾਂ ਪੁਚਾਈਆਂ ਗਈਆਂ। ਵਿਰੋਧੀ ਧਿਰ ਕੰਜ਼ਰਵਟਿਵ ਪਾਰਟੀ ਦੇ ਵੀ ਸਾਰੇ ਮੂਹਰੈਲ ਆਗੂਆਂ ਨਾਲ ਮੀਟਿੰਗਾਂ ਹੋਈਆਂ ਪਰ ਵੋਟਾਂ ਟੁੱਟ ਜਾਣ ਦੇ ਡਰ ਦੇ ਚਲਦਿਆਂ ਕੋਈ ਹੱਲ ਕਰਨ ਲਈ ਕੋਈ ਵੀ ਤਿਆਰ ਨਹੀਂ, ਉਂਝ ਗੱਲ ਸਭ ਨੇ ਸੁਣੀ।  ਕਿਉਂਕਿ ਕਨੇਡਾ ਗਹਿਰੇ ਆਰਥਿਕ ਸੰਕਟ ਵੱਲ ਵੱਧ ਰਿਹਾ ਹੈ ਤੇ ਅਗਲੇ ਸਾਲ ਵੋਟਾਂ ਨੇ। ਗੱਲਬਾਤ ਜ਼ਰੀਏ ਸਾਰੀ ਚਾਰਾਜੋਈ ਕਰਨ ਉਪਰੰਤ ਵੀ ਜਦ ਸਰਕਾਰ ਇਸ ਮਸਲੇ ‘ਤੇ ਟੱਸ ਤੋਂ ਮੱਸ ਨਾ ਹੋਈ ਤਾਂ  ਨੀਤੀਆਂ ਤੋਂ ਅੱਕੇ ਹੋਏ ਪ੍ਰਭਾਵਿਤ ਹੋ ਚੁੱਕੇ ਜਾਂ ਹੋ ਰਹੇ ਨੌਜਵਾਨਾਂ ਨੇ ਨੌਜਵਾਨ ਸੁਪੋਰਟ ਨੈਟਵਰਕ ਅਤੇ ਪੋਸਟ ਗਰੈਜੁਏਟ ਵਰਕ ਪਰਮਿਟ ਕਮੇਟੀ ਦੀ ਅਗਵਾਈ ਹੇਠ ਓਨਟਾਰੀਓ ਸੂਬੇ ਦੇ ਬਰੈਂਪਟਨ ਚ 295 ਕੁਈਨ ਸਟਰੀਟ ਈਸਟ ਦੇ ਪਲਾਜੇ ਵਿੱਚ ਦਿਨ ਰਾਤ ਦਾ ਧਰਨਾ ਸ਼ੁਰੂ ਕੀਤਾ, ਜੋ 28 ਸਤੰਬਰ ਨੂੰ ਇੱਕ ਮਹੀਨਾ ਪੂਰਾ ਕਰ ਚੁੱਕਿਆ ਹੈ। ਇਹ ਕਾਮੇ ਤੇ ਵਿਦਿਆਰਥੀ ਵੋਟਰ ਨਹੀਂ ਹਨ, ਤੇ ਜੋ ਵੋਟਰ ਹਨ ਉਨ੍ਹਾਂ ਵਿੱਚ ਪਿਛਲੇ ਸਮੇਂ ਤੋ ਇਹ ਪ੍ਰਚਾਰ ਕੀਤਾ ਗਿਆ ਜਿਵੇਂ ਕਨੇਡਾ ਦੀਆਂ ਸਾਰੀਆਂ ਸਮੱਸਿਆਵਾਂ ਦੀ ਜੜ ਇਹੀ ਵਿਦਿਆਰਥੀ ਨੇ, ਜਦੋਂ ਪਿਛਲੇ ਦਿਨੀ ਇੱਕ ਮੰਤਰੀ ਨੇ ਘਰਾਂ ਦੀ ਕਿੱਲਤ ਲਈ ਅਸਿੱਧੇ ਤੋਰ ਤੇ ਕਿਹਾ ਕੇ ਜ਼ਿਆਦਾ ਸਟੂਡੈਂਟ ਬੁਲਾਉਣ ਕਰਕੇ ਇਹ ਸਮੱਸਿਆ ਆਈ ਹੈ, ਸ਼ੌਸ਼ਲ ਮੀਡੀਆ ਤੇ ਲਗਾਤਾਰ ਫੇਕ ਆਈਡੀਆ ਤੋ ਇਹ ਪ੍ਰਚਾਰਿਆ ਜਾ ਰਿਹਾ ਕੇ ਕਨੇਡੀਅਨ ਲੋਕਾ ਦੀਆਂ ਨੌਕਰੀਆਂ  ਇਹ ਸਟੂਡੈਂਟ ਖੋਹ ਰਹੇ ਨੇ ਜਦਕਿ ਅਸਲੀਅਤ ਇਹ ਹੈ ਕੇ ਨਵੇ ਆਏ ਜ਼ਿਆਦਾਤਰ ਵਿਦਿਆਰਥੀਆਂ ਕੋਲ ਵੀ ਕੋਈ ਨੋਕਰੀ ਨਹੀਂ ਹੈ ਕਿੳਕਿ ਰਿਸੈਸ਼ਨ ਕਰ ਕੇ ਬੇਰੁਜ਼ਗਾਰੀ ਲਗਾਤਾਰ ਵੱਧ ਰਹੀ ਹੈ। ਵੱਡੀਆਂ ਟਰੱਕਿੰਗ ਕੰਪਨੀਆਂ ਨੇ ਪਿਛਲੇ ਕੁਝ ਮਹੀਨਿਆਂ ਵਿੱਚ ਦੀਵਾਲੀਆਪਣ  ਫਾਇਲ ਕੀਤਾ ਹੈ।ਚੰਗੀ ਗੱਲ ਹੈ ਕਿ ਇਸ ਦਿਨ ਰਾਤ ਦੇ ਧਰਨੇ ਨੂੰ ਓਨਟਾਰੀਓ ਦੀਆਂ ਕਈ ਸਥਾਨਕ ਵਰਕਰਜ਼ ਜਥੇਬੰਦੀਆਂ ਵਲੋਂ ਵੀ ਸਮਰਥਨ ਦਿੱਤਾ ਜਾ ਰਿਹਾ ਹੈ, ਜਿਹਨਾਂ ਦੇ ਨੁਮਾਇੰਦਿਆਂ ਨੇ ਰੈਲੀ ਵਿੱਚ ਵੀ ਸ਼ਮੂਲੀਅਤ ਕੀਤੀ, ਇਹਨਾਂ ਚ ਈਸਟ ਇੰਡੀਆ ਡਿਫੈਂਸ ਕਮੇਟੀ,ਕਨੇਡੀਅਨ ਯੂਨੀਅਨ ਆਫ ਪਬਲਿਕ ਇੰਪਲਾਈਜ਼, ਓਨਟਾਰੀਓ ਫੈਡਰੇਸ਼ਨ ਆਫ ਲੇਬਰ, ਮਾਈਗਰੈਂਟ ਵਰਕਰਜ਼ ਅਲਾਇੰਸ, ਯੂਨਾਈਟਿਡ ਸਟੀਲ ਵਰਕਰਜ਼ ਯੂਨੀਅਨ, ਪੀਲ ਐਲੀਮੈਂਟਰੀ ਟੀਚਰਜ਼ ਯੂਨੀਅਨ, ਓਨਟਾਰੀਓ ਸੈਕੰਡਰੀ ਸਕੂਲ ਟੀਚਰਜ਼ ਫੈਡਰੇਸ਼ਨ, ਸਰਵਿਸ ਇੰਪਲਾਈਜ਼ ਇੰਟਰਨੈਸ਼ਨਲ ਯੂਨੀਅਨ, ਜਸਟਿਸ ਫਾਰ ਮਾਈਗਰੈਂਟ ਵਰਕਰਜ਼, ਵਰਕਰ ਐਕਸ਼ਨ ਸੈਂਟਰ, ਫਰੈਂਡਜ਼ ਆਫ ਚਾਈਨਾਟਾਊਨ, ਯੂਨਾਈਟਿਡ ਜਿਊਇਸ਼ ਪੀਪਲਜ਼ ਆਰਡਰ, ਲੇਬਰ ਫਾਰ ਫਲਸਤੀਨ, ਅੰਕਬਯਾਨ ਟੋਰਾਂਟੋ, ਮਾਈਗਰੈਂਟ ਸਟੂਡੈਂਟਸ ਯੂਨਾਈਟਿਡ, ਪੀਪਲਜ਼ ਲੇਬਰ ਪ੍ਰੋਜੈਕਟ, ਸੀਪੀਸੀ-ਐੱਮ ਐੱਲ, ਯੌਰਕ ਸਾਊਥ ਵੈਸਟਰਨ ਟੇਨੈਂਟ ਯੂਨੀਅਨ, ਕਲਾਈਮੇਟ ਜਸਟਿਸ ਟੋਰਾਂਟੋ, ਆਦਿ ਦੇ ਨਾਮ ਜਿਕਰਯੋਗ ਹਨ।
ਜਿੱਥੇ ਹਮਦਰਦ ਲੋਕ ਧਰਨਾਕਾਰੀ ਨੌਜਵਾਨਾਂ ਲਈ ਆਪੋ ਆਪਣੇ ਵਿੱਤ ਮੁਤਾਬਕ ਹਿੱਸਾ ਪਾ ਰਹੇ ਹਨ, ਓਥੇ ਗੁਰੂ ਘਰਾਂ ਦੀਆਂ ਕਮੇਟੀਆਂ ਲੋੜ ਮੁਤਾਬਕ ਪੂਰਾ ਸਹਿਯੋਗ ਦੇ ਰਹੀਆਂ ਹਨ।ਕਿਰਤੀ ਕਿਸਾਨ ਯੂਨੀਅਨ ਸੰਘਰਸ਼ ਦੀ ਹਮਾਇਤ ਕਰਦੀ ਹੋਈ ਕਨੇਡਾ ਸਰਕਾਰ ਨੂੰ ਅਪੀਲ ਕਰਦੀ ਹੈ ਕਿ ਕੌਮਾਂਤਰੀ ਨੌਜਵਾਨਾਂ ਦੇ ਮਾਮਲੇ ਨੂੰ ਹੱਲ ਕੀਤਾ ਜਾਵੇ। ਜੱਥੇਬੰਦੀ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਮੰਗ ਕਰਦੀ ਹੈ ਕਿ ਦੇਸ਼ ਵਿਚਲੀ ਬੇਰੁਜ਼ਗਾਰੀ ਕਰਕੇ ਚੰਗੇ ਭਵਿੱਖ ਦੀ ਆਸ ਨਾਲ ਕਨੇਡਾ ਗਏ ਨੌਜਵਾਨਾਂ ਦੀ ਕੂਟਨੀਤਕ ਪੈਰਵਾਈ ਕਰਕੇ ਬਾਂਹ ਫੜੀ ਜਾਵੇ।
ਪੇਸ਼ਕਸ਼ ਪੱਤਰਕਾਰ ਹਰਜਿੰਦਰ ਸਿੰਘ ਚੰਦੀ 
ਮੋਬਾਈਲ 9814601638
Previous articleਪੰਜ ਦਰਿਆ ਦੇ ਸੰਪਾਦਕ ਭੁਪਿੰਦਰ ਮਾਂਗਟ ਨੂੰ ਸਦਮਾ ਕਰੰਟ ਲੱਗਣ ਨਾਲ ਭਰਾ ਦੀ ਮੌਤ
Next articleਕਬੱਡੀ ਜਗਤ ਦਾ ਮਾਣਮੱਤਾ ਖਿਡਾਰੀ ਸੀ ਬਖਤਾਵਰ ਸਿੰਘ ਤਾਰੀ