ਮਿੰਨੀ ਕਹਾਣੀ ਰਾਜ਼

ਸੁਖਮਿੰਦਰ ਸੇਖੋਂ
 ਸੁਖਮਿੰਦਰ ਸੇਖੋਂ
(ਸਮਾਜ ਵੀਕਲੀ)  ਲਾਸ਼ਾਂ ਨੂੰ ਸ਼ਮਸ਼ਾਨ ਘਾਟ ਲਿਜਾਇਆ ਜਾ ਰਿਹਾ ਸੀ।
 ਦਰਅਸਲ ਇਸ ਬਸਤੀ ਦੇ ਕਿੰਨੇ ਹੀ ਲੋਕ ਮਾਰੇ ਜਾ ਚੁੱਕੇ ਸਨ।
 ਪਰ ਇਹ ਲੋਕ ਕੌਣ ਸਨ? ਭੀੜ ਵਿੱਚੋਂ ਕਈ ਆਵਾਜਾਂ ਉਭਰਦੀਆਂ ਹਨ।
 ਇਹ ਲੋਕ ਰੋਜ਼ਗਾਰ ਦੀ ਭਾਲ ਵਿੱਚ ਏਧਰ ਆਏ ਸਨ। ਐਥੇ ਈ ਇਨ੍ਹਾਂ ਨੇ ਝੁੱਗੀਆਂ-ਝੋਪੜੀਆਂ ਪਾ ਲਈਆਂ ਤੇ ਇਹ ਲੋਕ ਐਥੋਂ  ਦੇ ਹੀ ਵਾਸੀ ਹੋ ਗਏ।’ ਹੋਰਨਾਂ ਦੀ ਦਲੀਲ ਸੀ।
 ਪਰ ਇਹ ਇੰਨੀ ਵੱਡੀ ਤਾਦਾਦ ਵਿੱਚ ਮਾਰੇ ਕਿਵੇਂ ਗਏ? ‘ਇੱਕ  ਸਵਾਲ ਭੀੜ ਵਿੱਚੋਂ ਹੋਰ ਉਭਰਿਆ।
 ਇਨ੍ਹਾਂ ਸ਼ਰਾਬ ਪੀਤੀ ਹੋਈ ਸੀ,ਕੱਚੀ ਪਿੱਲੀ ਸ਼ਰਾਬ। ਹੋ ਸਕਦੈ ਸ਼ਰਾਬ ਜ਼ਹਿਰੀਲੀ ਹੋਵੇ ਤੇ ਇਹ ਲੋਕ ਉਸ ਦੀ ਭੇਟ ਚੜ੍ਹ ਗਏ ਹੋਣ! ‘ਕੁਝ ਹੋਰ ਜਣਿਆਂ ਖ਼ਦਸ਼ਾ ਜ਼ਾਹਿਰ ਕੀਤਾ।
 ਪਰ ਇਨ੍ਹਾਂ ਲੋਕਾਂ ਨੂੰ ਗ਼ੈਰ ਕਾਨੂੰਨੀ ਢੰਗ ਨਾਲ ਇਹ ਕੱਚੀ ਪਿੱਲੀ ਸ਼ਰਾਬ ਸਪਲਾਈ ਕੌਣ ਕਰਦਾ ਸੀ?
 ਭੀੜ ਵਿੱਚੋਂ ਹੀ ਕੁਝ ਬੰਦਿਆਂ ਨੇ ਮਸਲੇ ਦੀ ਤਹਿ ਤੱਕ ਜਾਣਾ ਚਾਹਿਆ।
 ਤੁਸੀਂ ਇਹ ਸਵਾਲ ਨਾ ਹੀ ਕਰੋ ਤਾਂ ਬੇਹਤਰ ਰਹੇਗਾ! ਕਿਉਂਕਿ ਇਹ ਧੰਦਾ ਇੱਕ ਫ਼ਰਜ਼ੀ ਠੇਕੇਦਾਰ ਵੱਲੋਂ ਚਲਾਇਆ ਜਾਂਦਾ ਹੈ, ਜਿਸ ਨੂੰ ਐਥੋਂ ਦੇ ਇੱਕ ਸਥਾਨਕ ਨੇਤਾ ਤੇ ਪੁਲੀਸ ਦੀ ਸਰਪ੍ਰਸਤੀ ਹਾਸਲ ਹੈ!
 ‘ਸਿਆਣੇ ਬੰਦਿਆਂ’ ਨੇ ਆਖਰ ਇਸ ‘ਰਾਜ਼’ ਦੀ ਥਾਹ ਪਾ ਹੀ ਲਈ ਸੀ।
 ਖ਼ਾਮੋਸ਼! ਉਹ ਸਾਹਮਣੇ ਦੇਖੋ,ਸ਼ਰਾਬ ਦਾ ਠੇਕੇਦਾਰ, ਸਥਾਨਕ ਨੇਤਾ ਤੇ ਪੁਲੀਸ ਵਾਲਾ ਆ ਰਹੇ ਹਨ,ਜੋ ਇਨ੍ਹਾਂ ਮੌਤਾਂ ‘ਤੇ ਮਗਰਮੱਛ ਦੇ ਅੱਥਰੂ ਕੇਰਣਗੇ ਤੇ ਇਨ੍ਹਾਂ ਲਾਸ਼ਾਂ ਦੇ ਵਾਰਸਾਂ ਨੂੰ ਕੋਈ ਕੰਮ ਧੰਦਾ ਜਾਂ ਪੈਸਾ   ਧੇਲਾ  ਦੇਣ ਦਾ ਭਰੋਸਾ ਦੇਣਗੇ!
 ਅਤੇ ਇਵੇਂ ਸਾਰਾ ਕੁਝ ਦੇਖਦਿਆਂ,ਸੁਣਦਿਆਂ ਤੇ ਜਾਣਦਿਆਂ ਵੀ ਇਹ ‘ਰਾਜ਼’ ਹਮੇਸ਼ਾਂ ਲਈ ਇੱਕ ‘ਰਾਜ਼’ ਹੀ ਬਣਿਆ ਰਹੇਗਾ!
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਅੰਬਾਂ ਵਾਲੀ ਬੰਬੀ
Next articleਜਖ਼ਮੀ ਪਰਿੰਦਾ