ਪਾਠਕ ਕਿੱਥੋਂ ਲੱਭੀਏ.?

ਸ਼ਿੰਦਾ ਬਾਈ
ਸ਼ਿੰਦਾ ਬਾਈ 
(ਸਮਾਜ ਵੀਕਲੀ) ਆਪਣੇ ਹੱਥ ਵਿੱਚ ਫੜੇ “ਸ਼ੈਤਾਨ ਦੇ ਨਾਨੇ”  ਇਸ 3×6 ਦੇ ਸ਼ੀਸ਼ੇ ( ਮੁਬਾਇਲ ) ਅਤੇ ਇਸ ਵਿੱਚ ਕੈਦ ਇੰਦਰਜਾਲ਼ ਦੀ ਆਤਮਾ ( ਇੰਟਰਨੈੱਟ ) ਨੇ ਜਿੱਥੇ ਘੜੀਆਂ, ਕੈਲਕੁਲੇਟਰ, ਕੈਮਰਾ,ਟਾਰਚਾਂ ਆਦਿ ਦੇ ਸਥਾਪਤ ਉਦਯੋਗਾਂ ਦਾ ਸੱਤਿਆਨਾਸ਼ ਕਰ ਦਿੱਤਾ ਹੈ ਉੱਥੇ ਹੀ ਇਸਨੇ ਪ੍ਰਿੰਟ ਮੀਡੀਆ ਅਤੇ ਲੋਕਤੰਤਰ ਦੇ ਮਜ਼ਬੂਤ ਥੰਮ੍ਹ ਰੋਜ਼ਾਨਾ ਅਖ਼ਬਾਰਾਂ ਦੇ ਮਜ਼ਬੂਤ ਕਿਲ੍ਹੇ ਵਿੱਚ ਵੀ ਵੰਡੀ ਸੰਨ੍ਹ ਲਾਈ ਹੈ। ਅਖਬਾਰਾਂ ਜੋ ਪਿਛਲੇ 150 -200 ਸਾਲਾਂ ਤੋਂ ਧਰਤੀ ਅਤੇ ਇਸ ਉੱਪਰ ਵਸੀ ਚੰਗੀ ਮਾੜੀ ਦੁਨੀਆਂ ਦੇ ਸਮਕਾਲੀ ਇਤਿਹਾਸ ਦਾ ਦਸਤਾਵੇਜ਼ੀ ਸਬੂਤ ਹਨ, ਅੱਜ ਆਪਣੇ ਗੁਆਚੇ ਪਾਠਕਾਂ ਨੂੰ ਲੱਭ ਰਹੀਆਂ ਹਨ।
ਇੰਟਰਨੈੱਟ ਦੀ ਪਈ ਏ ਮਾਰ
ਤਰਸਣ ਪਾਠਕਾਂ ਨੂੰ ਅਖ਼ਬਾਰ,
ਭਟਕ ਰਹੇ ਹਨ ਗਲ਼ੀ ਬਜ਼ਾਰ
ਇੱਕੋ ਈ ਨੱਨਾ ਕਰੇ ਸ਼ਰਮਸਾਰ ।
ਲਗਭਗ ਇੱਕ ਸਦੀ ਤੱਕ ਪੰਜਾਬ ਵਿੱਚ ਪੰਜਾਬੀ ਦੀਆਂ ਅਖ਼ਬਾਰਾਂ ਦਾ ਪੂਰਾ ਬੋਲਬਾਲਾ ਰਿਹਾ ਅਤੇ ਦਸਤਾਵੇਜ਼ੀ ਇਤਿਹਾਸ ਨੂੰ ਸਾਂਭਣ ਦੇ ਨਾਲ਼ ਨਾਲ਼ ਇਨ੍ਹਾਂ ਨੇ ਪੰਜਾਬੀ ਸਾਹਿਤ ਦੀ ਬੇਹਤਰੀ ਅਤੇ ਵਡੋਤਰੀ ਵਿੱਚ ਵੀ ਵਡਮੁੱਲਾ ਯੋਗਦਾਨ ਪਾਇਆ। ਪਿਛਲੀ ਸਦੀ ਦੀਆਂ ਪ੍ਰਮੁੱਖ ਅਖ਼ਬਾਰਾਂ, ਜਿਨ੍ਹਾਂ ਵਿੱਚ ਪੰਜਾਬੀ ਟ੍ਰਿਬਿਊਨ, ਅਜੀਤ,ਅਕਾਲੀ ਪੱਤ੍ਰਿਕਾ, ਜਗਬਾਣੀ, ਨਵਾਂ ਜ਼ਮਾਨਾ ,ਚੜ੍ਹਦੀ ਕਲਾ ਆਦਿਕ ਦਾ ਸਾਹਿਤ , ਰਾਜਨੀਤੀ, ਇਤਿਹਾਸ ਅਤੇ ਸੱਭਿਆਚਾਰ ਦੇ ਖੇਤਰ ਵਿੱਚ ਸਾਰਥਕ ਯੋਗਦਾਨ ਸਲਾਹੁਣਯੋਗ ਹੈ।
 ਨਿਜੀਕਰਣ ਦੀ ਅਜ਼ਾਦੀ ਤੋਂ ਬਾਅਦ ਦੇਸ਼ ਦੇ ਵੱਡੇ ਅਖ਼ਬਾਰ ਸਮੂਹਾਂ ਨੇ ਪੰਜਾਬ ਦਾ ਰੁਖ ਕੀਤਾ ਅਤੇ ਸਸਤੇ ਨਾਮ ਮਾਤਰ ਮੁੱਲ ਵਿੱਚ ਘਰੋ ਘਰੀ ਹਿੰਦੀ ਅਖ਼ਬਾਰਾਂ ਦੀ ਪੈਂਠ ਬਣਾਈ। ਇਸ ਪਿੱਛੇ ਜੋ ਚਾਣੱਕਿਆ ਰਾਜਨੀਤੀ ਕੰਮ ਕਰ ਰਹੀ ਸੀ ਉਸ ਤੋਂ ਵੀ ਸਾਰੇ ਸੂਝਵਾਨ ਪਾਠਕ ਭਲੀਭਾਂਤ ਜਾਣੂੰ ਹਨ,ਪਰ ਇਹ ਮੰਨਣਾ ਪਵੇਗਾ ਕਿ ਹਿੰਦੀ ਮੀਡੀਏ ਦੀ ਇਸ ਪੰਜਾਬ ਆਮਦ ਨੇ ਪੰਜਾਬੀ ਪ੍ਰਿੰਟ ਮੀਡੀਆ ਨੂੰ ਬਿਲਾ ਸ਼ੱਕ ਢਾਹ ਲਾਈ ਹੈ। ਇਸ ਦੌਰਾਨ ਪੰਜਾਬੀ ਪ੍ਰੇਮੀਆਂ ਨੇ ਵੀ ਹੰਭਲਾ਼ ਮਾਰਿਆ ਅਤੇ ਦੇਸ਼ ਸੇਵਕ, ਪੰਜਾਬੀ ਜਾਗਰਣ, ਪਹਿਰੇਦਾਰ ਅਤੇ ਸਪੋਕਸਮੈਨ ਅਖ਼ਬਾਰਾਂ ਨੇ ਪੰਜਾਬੀ ਪ੍ਰਿੰਟ ਮੀਡੀਆ ਨੂੰ ਹੱਲਾਸ਼ੇਰੀ ਦਿੱਤੀ।
ਫੇਰ ਆਇਆ ਇੰਦਰਜਾਲ਼ ਦੀ ਆਤਮਾ, ਇੰਟਰਨੈੱਟ ਦਾ ਯੁੱਗ। ਸਭ ਚਾਣੱਕਿਆ ਨੀਤੀਆਂ ਅਤੇ ਕੂਟਨੀਤੀਆਂ ਧਰੀਆਂ ਧਰਾਈਆਂ ਰਹਿ ਗਈਆਂ। ਸਾਰੀ ਦੁਨੀਆਂ ਇੱਕ ਪਿੰਡ ਬਣ ਗਈ ਅਤੇ ਦੁਨੀਆਂ ਦੇ ਕਿਸੇ ਵੀ ਖੂੰਜੇ ਦੇ ਕਿਸੇ ਵੀ ਘਰ ਤੋਂ ਮਾਰੀ ਗਈ ਕੋਈ ਵੀ ਕੂਕ,ਆਹ ਜਾਂ ਕਿਲਕਾਰੀ ਸਾਰੀ ਦੁਨੀਆਂ ਵਿੱਚ ਸੁਣੀ ਜਾਣ ਲੱਗੀ।ਇਸ ਅਣੋਖੇ ਤੇ ਅਦਭੁੱਤ ਚਮਤਕਾਰ ਨੇ ਸਾਰੀ ਦੁਨੀਆਂ ਚਕਾਚੌਂਧ ਕਰ ਦਿੱਤੀ। ਜਿੱਥੇ ਇਸ ਇੰਟਰਨੈੱਟ ਨੇ ਲੋਕਾਂ ਦੀ ਜ਼ਿੰਦਗੀ ਸੁਖਾਲ਼ੀ ਕੀਤੀ ਉੱਥੇ ਹੀ ਮਨੁੱਖੀ ਜੀਵਨ ਕਈ ਤਰ੍ਹਾਂ ਦੀਆਂ ਅਨੈਤਿਕ ਅਲਾਮਤਾਂ ਦਾ ਵੀ ਸ਼ਿਕਾਰ ਹੋ ਗਿਆ। ਖ਼ੈਰ,, ਇਹ ਇੱਕ ਵੱਖਰਾ ਅਤੇ ਲੰਮੇਰਾ ਵਿਸ਼ਾ ਹੈ। ਅੱਜ ਆਪਾਂ ਇਸਦੇ ਪ੍ਰਿੰਟ ਮੀਡੀਆ ਅਤੇ ਅਖ਼ਬਾਰਾਂ ਨੂੰ ਹੋਏ ਨੁਕਸਾਨ ਦੀ ਹੀ ਚਰਚਾ ਕਰਾਂਗੇ।
ਇਹ ਉਹ ਸਮਾਂ ਹੀ ਅਜਿਹਾ ਸੀ ਕਿ (ਇੰਟਰਨੈੱਟ ) ਸੋਸ਼ਲ ਮੀਡੀਆ ਦੀ ਗ਼ੈਰ ਮੌਜੂਦਗੀ ਵਿੱਚ ਅਖ਼ਬਾਰਾਂ ਹੀ ਲੇਖਕਾਂ ਮਿੱਤਰਾਂ ਅਤੇ ਪਾਠਕਾਂ ਦਾ ਪਹਿਲਾ ਪਿਆਰ ਹੁੰਦੀਆਂ ਸਨ। ਨਿੱਤ ਸਵੇਰੇ ਪਾਠਕ ਬੜੀ ਤਾਂਘ ਨਾਲ਼ ਅਖ਼ਬਾਰ ਵਾਲ਼ੇ ਦੇ ਹੋਕੇ ਨੂੰ ਉਡੀਕਦਾ ਹੁੰਦਾ ਸੀ। ਅਨੇਕਾਂ ਅਨੇਕ ਪੜ੍ਹਨ ਵਾਲ਼ੇ ਵਿਦਿਆਰਥੀ ਸਵੇਰੇ ਸੁਵਖ਼ਤੇ ਉੱਠ ਕੇ ਘਰੋ ਘਰੀ ਅਖ਼ਬਾਰ ਸੁੱਟਣ ਦਾ ਪਾਰਟ ਟਾਈਮ ਕੰਮ ਕਰਦੇ ਹੁੰਦੇ ਸਨ। ਇਹ ਕਾਰਜ਼ ਪੜ੍ਹਾਈ ਕਰਦਿਆਂ ਕਰਦਿਆਂ ਹੀ ਬੱਚਿਆਂ ਨੂੰ ਉਨ੍ਹਾਂ ਦੇ ਆਪਣੇ ਪੈਰਾਂ ਤੇ ਖੜ੍ਹੇ ਹੋਣ ਦਾ ਅਹਿਸਾਸ ਅਤੇ ਹੌਂਸਲਾ ਦਿੰਦਾ ਸੀ ।
ਪਰ ਇਹ ਗੱਲਾਂ ਅੱਜ ਤੋਂ 10 -15 ਸਾਲ ਪਹਿਲਾਂ ਦੀਆਂ ਹਨ। ਇੰਟਰਨੈੱਟ ਦਾ ਸ਼ਿਕਾਰ ਹੋਣ ਕਾਰਣ ਕੀ ਨੌਜਵਾਨੀ ਅਤੇ ਕੀ ਬੁਢੇਪਾ,,ਰਾਤ ਨੂੰ ਗਿਆਰਾਂ ਵਜ਼ੇ ਤੋਂ ਪਹਿਲਾਂ ਕੋਈ ਸਉਂਦਾ ਨਹੀਂ ਅਤੇ ਸਵੇਰੇ 6 -7 ਵਜ਼ੇ ਤੋਂ ਪਹਿਲਾਂ ਕੋਈ ਉੱਠਦਾ ਨਹੀਂ।
ਅੱਜ ਸਮਾਂ ਬਿਲਕੁੱਲ ਬਦਲ ਗਿਆ ਹੈ..
ਅੱਜ ਅਖਬਾਰਾਂ ਬੇਸ਼ੱਕ ਛਪਦੀਆਂ ਤਾਂ ਹਨ ਪਰ ਸਾਰਾ ਦਿਨ ਘਰ ਦੇ ਸੈਂਟਰ ਟੇਬਲ ਉੱਤੇ ਪਈਆਂ ਪਾਠਕਾਂ ਨੂੰ ਤਰਸਦੀਆਂ ਰਹਿੰਦੀਆਂ ਹਨ। ਕਈਆਂ ਘਰਾਂ ਵਿੱਚ ਤਾਂ ਬਿਚਾਰੀਆਂ ਅਖ਼ਬਾਰਾਂ ਦੀ ਤਹਿ ਵੀ ਨਹੀਂ ਖੁੱਲਦੀ ਅਤੇ ਉਹ ਉਂਜ ਦੀਆਂ ਉਂਜ ਰੱਦੀ ਦਾ ਗੱਠਰ ਬਣ ਜਾਂਦੀਆਂ ਹਨ। ਇਸ ਸੱਚਮੁੱਚ ਇੱਕ ਤ੍ਰਾਸਦਿਕ ਸ੍ਥਿਤੀ ਹੈ।
ਸਪੋਕਸਮੈਨ ਜਦੋਂ ਨਵਾਂ ਨਵਾਂ ਆਇਆ ਤਾਂ ਇਸ ਦੇ ਲੇਖਾਂ ਕਹਾਣੀਆਂ ਨੇ ਪੰਜਾਬ ਦੀ ਫ਼ਿਜ਼ਾ ਵਿੱਚ ਇੱਕ ਤਹਿਲਕਾ ਜਿਹਾ ਮਚਾਇਆ ਤੇ ਜਿਵੇਂ ਸਭ ਪਾਠਕਾਂ ਨੂੰ ਹਲੂਣ ਕੇ ਜਗਾ ਦਿੱਤਾ ਹੋਵੇ । ਪਰ ਹੌਲੀ ਹੌਲੀ ਸਮੇਂ ਦੀ ਗਰਦ ਨੇ ਅਖ਼ਬਾਰਾਂ ਦੀ ਦੀ ਪੈਂਠ ਲੋਕ ਮਨਾਂ ਵਿੱਚੋਂ ਘਟਾ ਦਿੱਤੀ। ਕਈ ਅਖਬਾਰ ਕਿਸੇ ਵਿਸ਼ੇਸ਼ ਧੜ੍ਹੇ ਅਤੇ ਪਾਰਟੀਆਂ ਦੀ ਪਾਰਟੀਬਾਜ਼ੀ ਵਿੱਚ ਉਲਝਣ ਕਾਰਣ ਵੀ ਲੋਕ ਮਨਾਂ ਵਿੱਚੋਂ ਉੱਤਰ ਗਏ। ਇੱਕਮਾਤਰ ਅਖ਼ਬਾਰ ਟ੍ਰਿਬਿਊਨ ਸਮੂਹ ਦਾ ‘ਪੰਜਾਬੀ ਟ੍ਰਿਬਿਊਨ’ ਹੀ ਹੈ ਜੋ 1978 ਤੋਂ ਲਗਾਤਾਰ ਨਿਰਪੱਖ ਪੱਤਰਕਾਰੀ ਅਤੇ ਲੋਕ ਹਿਤਾਂ ਦੀ ਅਵਾਜ਼ ਦਾ ਪਰਚਮ ਲਹਿਰਾਈ ਖੜ੍ਹਾ ਹੈ। ਇਹ ਜਾਣਕੇ ਪਾਠਕਾਂ ਨੂੰ ਵੀ ਬੜੀ ਖੁਸ਼ੀ ਹੋਵੇਗੀ ਕਿ ਆਪਣੀ ਨਿਰਪੱਖ ਪੱਤਰਕਾਰੀ ਦੀ ਨੀਤੀ ਕਾਰਣ ਹੀ ਟ੍ਰਿਬਿਊਨ ਸਮੂਹ ਦੀਆਂ ਖਬਰਾਂ ਨੂੰ ਸਰਕਾਰੇ ਦਰਬਾਰੇ ਅਤੇ ਕੋਰਟਾਂ ਕਚਹਿਰੀਆਂ ਵਿੱਚ ਸਬੂਤ ਦੇ ਤੌਰ ਪੇਸ਼ਕਾਰੀ ਨੂੰ ਸਰਕਾਰੀ ਮਾਨਤਾ ਪ੍ਰਾਪਤ ਹੈ।
ਫਿਰ ਵੀ ਅੱਜ ਤੱਕ ਵੀ ਇਹ ਅਖ਼ਬਾਰ ਹੀ ਹਨ ਜੋ ਸਭ ਤੋਂ ਵੱਧ ਭਰੋਸੇਯੋਗ ਸੂਚਨਾ ਅਤੇ ਜਾਣਕਾਰੀ ਦਾ ਮਾਧਿਅਮ ਹਨ । ਰੇਡੀਓ ਅਤੇ ਟੀ ਵੀ ਆਪਣੀ ਭਰੋਸੇਯੋਗਤਾ ਗੁਆ ਬੈਠੇ ਹਨ।
 ਮਾਂ ਬੋਲੀ ਦੀ ਬੇਹਤਰੀ ਲਈ ਹਰ ਪੰਜਾਬੀ ਨੂੰ ਇੱਕ ਪੰਜਾਬੀ ਅਖ਼ਬਾਰ ਜਰੂਰ ਬਰ ਜਰੂਰ ਆਪਣੇ ਘਰ ਲੁਵਾਉਣਾ ਚਾਹੀਦਾ ਹੈ, ਚਾਹੇ ਕਿ ਕਿਸੇ ਨੂੰ ਪੜ੍ਹਨ ਦਾ ਸਮਾਂ ਮਿਲ਼ੇ ਜਾਂ ਨਾ ਮਿਲ਼ੇ। ਇਸਦਾ ਇਹ ਫਾਇਦਾ ਹੋਵੇਗਾ ਕਿ ਪੰਜਾਬੀ ਲਿਪੀ ਛਪਦੀ ਤਾਂ ਰਹੇਗੀ , ਜਿੰਨਾ ਚਿਰ ਅਖ਼ਬਾਰ ਰਹਿਣਗੇ । ਅਸਲ ਸੱਚ ਇਹ ਵੀ ਹੈ ਕਿ ਅਖ਼ਬਾਰ ਤਾਂ ਓਨਾ ਚਿਰ ਹੀ ਰਹਿਣਗੇ ਜਿਨਾਂ ਚਿਰ ਪੰਜਾਬੀ ਪਾਠਕ ਇਨ੍ਹਾਂ ਨੂੰ ਖਰੀਦਦੇ ਰਹਿਣਗੇ । ਬਿਨਾ ਮੰਗ ਤੋਂ ਤਾਂ ਸਪਲਾਈ ਚੇਨ ਵੀ ਟੁੱਟ ਜਾਂਦੀ ਹੈ ਤੇ ਕਿਸੇ ਵੀ ਸ਼ੈਅ ਦਾ ਅੰਤ ਹੋ ਜਾਂਦਾ ਹੈ। ਇਹ ਸਾਡਾ ਸਭ ਪੰਜਾਬੀਆਂ ਦਾ ਫਰਜ਼ ਵੀ ਹੈ ਤੇ ਮਾਂ ਬੋਲੀ ਦੀ ਸੇਵਾ ਵੀ। ਬਹੁਤ ਧੰਨਵਾਦ ਆਪ ਸਭ ਪੰਜਾਬੀ ਦੇ ਪਾਠਕਾਂ ਦਾ ਪੰਜਾਬੀ ਮਾਂ ਬੋਲੀ ਦੇ ਪ੍ਰਤੀ ਅਨੂਠੇ ਪ੍ਰੇਮ ਲਈ।
                         <>
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਬੇਵਫ਼ਾ ਨਹੀਂ
Next articleਮੇਰੇ ਗੀਤ