ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਪੰਚਾਇਤੀ ਚੋਣਾਂ ਦੇ ਸਮੇਂ ਪੰਜਾਬ ਵਾਸੀ ਆਪਣੀ ਸੂਝ-ਬੂਝ ਤੂੰ ਕੰਮ ਲੈਣ ਤਾ ਕਿ ਪੰਚਾਇਤੀ ਚੋਣਾਂ ਨੂੰ ਸਿਆਸੀ ਅਖਾੜਾ ਨਾ ਬਣਨ ਦਿੱਤਾ ਜਾਵੇ ਇਸ ਸਮੇਂ ‘ਤੇ ਭਾਈਚਾਰਕ ਸਾਂਝ ਬਣਾ ਕੇ ਰੱਖਣਾ ਬਹੁਤ ਜਰੂਰੀ ਹੈ ਕਿਉਂਕਿ ਸਿਆਸੀ ਲੋਕ ਅਜਿਹੇ ਮੌਕਿਆਂ ਤੇ ਸਿਆਸੀ ਖੇਡ, ਖੇਡ ਕੇ ਪਿੰਡਾਂ ਵਿੱਚ ਬਣੀ ਭਾਈਚਾਰਕ ਸਾਂਝ ਨੂੰ ਖਰਾਬ ਕਰਨ ਲਈ ਆਪਣਾ ਦਾਅ ਖੇਡਦੇ ਹਨ। ਇਹਨਾਂ ਗੱਲਾਂ ਦਾ ਪ੍ਰਗਟਾਵਾ ਨਜ਼ਦੀਕੀ ਮੁਹੱਲਾ ਭੀਮ ਨਗਰ ਦੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਲੰਬੜਦਾਰ ਰਣਜੀਤ ਸਿੰਘ ਰਾਣਾ ਨੇ ਕੁਝ ਚੋਣਵੇਂ ਪੱਤਰਕਾਰਾਂ ਨਾਲ ਕੀਤਾ। ਉਹਨਾਂ ਕਿਹਾ ਕਿ ਪਿੰਡ ਦਾ ਸਰਪੰਚ/ਪੰਚ ਕਿਸੇ ਇੱਕ ਪਾਰਟੀ ਦਾ ਨੁਮਾਇੰਦਾ ਨਹੀਂ ਹੁੰਦਾ ਸਗੋਂ ਸਮੁੱਚੇ ਪਿੰਡ ਦਾ ਮੁੱਖੀ ਹੁੰਦਾ ਹੈ, ਜਿਸਦੀਆਂ ਪਿੰਡ ਦੇ ਲੋਕਾਂ ਪ੍ਰਤੀ ਬਹੁਤ ਵੱਡੀਆਂ ਜ਼ਿੰਮੇਦਾਰੀਆਂ ਹੁੰਦੀਆਂ ਹਨ। ਉਹਨਾਂ ਦੁੱਖ ਪ੍ਰਗਟ ਕੀਤਾ ਕਿ ਇੱਕ ਪਾਸੇ ਤਾਂ ਇਹ ਐਲਾਨ ਹੋ ਰਹੇ ਹਨ ਕਿ ਇਹ ਚੋਣਾਂ ਪਾਰਟੀ ਦੇ ਉਪਰ ਉੱਠ ਕੇ ਬਿਨਾਂ ਪਾਰਟੀ ਨਿਸ਼ਾਨ ਤੇ ਲੜੀਆਂ ਜਾਣ ਦੂਸਰੇ ਪਾਸੇ ਕੁਝ ਸਿਆਸੀ ਪਾਰਟੀਆਂ ਆਪਣੀ ਡਿਗੀ ਸਾਖ ਨੂੰ ਬਚਾਉਣ ਲਈ ਪਾਰਟੀ ਦੀ ਸੋਚ ਵਾਲਿਆਂ ਨੂੰ ਸਰਪੰਚ/ਪੰਚ ਬਣਾਉਣ ਦਾ ਐਲਾਨ ਕਰ ਰਹੀਆਂ ਹਨ। ਇਸ ਕਰਕੇ ਅੱਜ ਬਹੁਤ ਜਰੂਰੀ ਹੋ ਗਿਆ ਹੈ ਕਿ ਪੰਜਾਬ ਵਾਸੀ ਆਪਣੀ ਸਿਆਣਪ ਵਰਤ ਦੇ ਪੰਜਾਬ ਵਿੱਚ ਭਾਈਚਾਰਕ ਏਕਤਾ ਨੂੰ ਕਾਇਮ ਰੱਖਣ ਲਈ ਅਪਰਾਧਿਕ ਸੋਚ ਰੱਖਣ ਵਾਲੇ, ਨਸ਼ੇ ਨਾਲ ਸਬੰਧਤ ਕਾਰੋਬਾਰੀ, ਨਸ਼ੇ ਦੇ ਸਮਰਥਕ ਕਰਕੇ ਆਪਸੀ ਫੁੱਟ ਪਾਉਣ ਵਾਲੇ ਅਤੇ ਭ੍ਰਿਸ਼ਟਾਚਾਰੀ ਦੀ ਸੋਚ ਰੱਖਣ ਵਾਲੇ ਲੋਕਾਂ ਨੂੰ ਇੱਕ ਪਾਸੇ ਕਰਕੇ ਸਮਾਜ ਸੇਵੀ, ਇਮਾਨਦਾਰ, ਚੰਗੀ ਸੂਝ ਬੂਝ ਰੱਖਣ ਵਾਲੇ ਭਾਈਚਾਰਕ ਸਾਂਝ ਦੇ ਧਾਰਨੀ ਅਤੇ ਲੋਕਤੰਤਰ ਨੂੰ ਮਜਬੂਤ ਕਰਨ ਵਾਲੇ ਅਤੇ ਚੰਗਾ ਪ੍ਰਭਾਵ ਰੱਖਣ ਵਾਲਿਆਂ ਨੂੰ ਪੰਚਾਇਤਾਂ ਵਿੱਚ ਆਪਣੇ ਨੁਮਾਇੰਦੇ ਚੁਨਣ ਲਈ ਨਿਰਪੱਖ ਮੈਂਬਰੀ ਚੋਣ ਕਮੇਟੀਆਂ ਬਣਾ ਕੇ ਸਰਬ ਸੰਮਤੀ ਨਾਲ ਚੋਣ ਕਰਵਾਈ ਜਾਵੇ।ਉਹਨਾਂ ਕਿਹਾ ਕਿ ਸਾਰੀਆਂ ਸਰਕਾਰਾਂ ਨੇ ਪੰਜਾਬ ਨੂੰ ਤਬਾਹੀ ਵੱਲ ਧੱਕਣ ਵਿੱਚ ਕੋਈ ਕਸਰ ਨਹੀਂ ਛੱਡੀ ਜਿਸ ਕਰਕੇ ਅੱਜ ਪੰਜਾਬ ਬਹੁਤ ਨਾਜੁਕ ਸਥਿਤੀ ਵਿੱਚੋਂ ਲੰਘ ਰਿਹਾ ਹੈ ਅਤੇ ਸੰਵਿਧਾਨਿਕ ਸੰਸਥਾਵਾਂ ਜਿਵੇਂ ਗ੍ਰਾਮ ਪੰਚਾਇਤ, ਪੰਚਾਇਤ ਸੰਮਤੀਆਂ, ਜ਼ਿਲ੍ਹਾ ਪ੍ਰੀਸ਼ਦ, ਨਗਰ ਪਾਲਿਕਾ ਅਤੇ ਕਾਰਪੋਰੇਸ਼ਨ ਦੀਆਂ ਚੋਣਾਂ ਨੂੰ ਲੰਬੇ ਸਮੇਂ ਤੱਕ ਲਟਕਾਈ ਰੱਖਣ- ਸਮੇਂ ਸਿਰ ਚੋਣਾਂ ਨਾ ਕਰਵਾਉਣਾ, ਭਾਰਤੀ ਸੰਵਿਧਾਨ ਅਤੇ ਭਾਰਤੀ ਲੋਕਤੰਤਰ ਲਈ ਖਤਰੇ ਦੀ ਘੰਟੀ ਹੈ। ਇਸ ਲਈ ਪੰਜਾਬ ਵਾਸੀਆਂ ਨੂੰ ਲੋਕਤੰਤਰ ਨੂੰ ਬਚਾਉਣ ਲਈ ਦੇਸ਼ ਪੱਧਰ ਤੇ ਮੋਹਰੀ ਰੋਲ ਅਦਾ ਕਰਨ ਦੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਜਿਸ ਲਈ ਮੌਜੂਦਾ ਪੰਜਾਬ ਸਰਕਾਰ ਪੂਰੀ ਜ਼ਿੰਮੇਵਾਰ ਹੈ, ਜਦੋਂਕਿ ਇਹ ਸੰਵਿਧਾਨਿਕ ਸੰਸਥਾਵਾਂ ਲੋਕਤੰਤਰ ਨੂੰ ਮਜਬੂਤ ਕਰਨ ਲਈ ਇੱਕ ਪਹਿਲੀ ਕੜੀ ਵਾਂਗ ਹੈ। ਉਹਨਾਂ ਪੰਜਾਬ ਵਾਸੀਆਂ ਨੂੰ ਇਹ ਵੀ ਸਲਾਹ ਦਿੱਤੀ ਜਾਂਦੀ ਹੈ ਕਿ ਪਿੰਡਾਂ ਵਿੱਚ ਪੜ੍ਹੇ ਲਿਖੇ ਸੂਝਵਾਨ ਨਿਰਪੱਖ ਸੋਚ ਦੇ ਧਾਰਨੀ ਅਤੇ ਭਾਈਚਾਰਕ ਸਾਂਝ ਦੇ ਧਾਰਨੀ ਮੋਹਤਬਰਾਂ ਸੱਜਣਾਂ ਦੀ ਮੈਂਬਰੀ ਕਮੇਟੀ ਬਣਾ ਕੇ ਸਰਬਸੰਮਤੀ ਨਾਲ ਚੋਣਾਂ ਕਰਵਾਉਣ ਲਈ ਆਪਣੀ ਜ਼ਿੰਮੇਵਾਰੀ ਨਿਭਾਈ ਜਾਵੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly