ਮੈਂ ਇਨਸਾਨ ਹਾਂ

ਦਿਲਜੀਤ 'ਬੰਗੀ'
(ਸਮਾਜ ਵੀਕਲੀ)
ਮੈਂ ਨਾ ਕੋਈ ਸਾਧ ਤੇ ਨਾ ਹੀ ਚੋਰ,
ਮੈਂ ਇਨਸਾਨ ਹਾਂ, ਨਾ ਕੁਝ ਹੋਰ ।
ਮੈਂ ਹਾਂ ਪਿੰਡ ਦਾ ਜੰਮਿਆ-ਜਾਇਆ,
ਰੋਜ਼ੀ ਖ਼ਾਤਰ ਸ਼ਹਿਰ ‘ਚ ਆਇਆ,
ਮੈਥੋਂ ਨਾ ਗਿਆ ਪਿੰਡ ਭੁਲਾਇਆ,
ਮੇਰੀ ਪਿੰਡ ਵਾਲੀ ਨਾ ਬਦਲੀ ਤੋਰ।
ਮੈਂ ਨਾ ਕੋਈ ਸਾਧ ਤੇ ਨਾ ਹੀ ਚੋਰ,
ਮੈਂ ਇਨਸਾਨ ਹਾਂ, ਨਾ ਕੁਝ ਹੋਰ।
ਮਾਪਿਆਂ ਦਾ ਰਿਣ, ਜਾਏ ਨਾ ਲਾਹਿਆ,
ਬੜਾ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਪੜ੍ਹਾਇਆ,
ਪੰਜਾਬੀ ਮਾਂ ਬੋਲੀ ਨੂੰ ਮੈਂ ਪਰਨਾਇਆ,
ਮੈਨੂੰ ਹਰਦਮ ਜਿਸ ਦੀ ਚੜ੍ਹਦੀ ਲੋਰ।
ਮੈਂ ਨਾ ਕੋਈ ਸਾਧ ਤੇ ਨਾ ਹੀ ਚੋਰ,
ਮੈਂ ਇਨਸਾਨ ਹਾਂ, ਨਾ ਕੁਝ ਹੋਰ।
ਮੈਂ ਨਾ ਕੋਈ ਆਰਫ਼, ਨਾ ਹੀ ਭੇਖੀ,
ਮੈਂ ਨਾ ਕਿਸੇ ਗੱਲ ਦੀ ਮਾਰਾਂ ਸ਼ੇਖ਼ੀ,
ਮੈਂ ਨਾ ਕੁਝ ਕਰਦਾ ਦੇਖਾ-ਦੇਖੀ,
ਨਾ ਹੀ ਦਿਲ ਵਿਚ ਰੱਖਦਾ ਖ਼ੋਰ।
ਮੈਂ ਨਾ ਕੋਈ ਸਾਧ ਤੇ ਨਾ ਹੀ ਚੋਰ,
ਮੈਂ ਇਨਸਾਨ ਹਾਂ, ਨਾ ਕੁਝ ਹੋਰ।
ਦੁੱਖ-ਸੁੱਖ ਦੁਨੀਆ ਵਾਂਗ ਹੰਢਾਇਆ,
ਨਹੀਂ ਮੈਂ ਰੁਕਿਆ, ਤੁਰਦਾ ਆਇਆ,
ਸ਼ਬਦਾਂ ਦੇ ਨਾਲ ਪਿਆਰ ਹੈ ਪਾਇਆ,
ਸੁੱਚੇ ਸ਼ਬਦਾਂ ਜੇਡ ਨਾ ਮਿੱਤਰ ਹੋਰ।
ਮੈਂ ਨਾ ਕੋਈ ਸਾਧ ਤੇ ਨਾ ਹੀ ਚੋਰ,
ਮੈਂ ਇਨਸਾਨ ਹਾਂ, ਨਾ ਕੁਝ ਹੋਰ।
ਜਿੰਨਾ ਕੁ ਸਰਿਆ,ਓਹੀਓ ਲਿਖਿਆ,
ਉਸਤਾਦਾਂ ਤੋਂ ਵੀ ਹਾਂ ਕੁਝ ਸਿੱਖਿਆ,
ਸਦਾ ਸੁੱਚੇ ਸ਼ਬਦ ਦੀ ਮੰਗੀ ਭਿੱਖਿਆ,
‘ਦਿਲਜੀਤ’ ਰੱਖਦਾ ਰੱਬ ਤੇ ‘ਡੋਰ।
ਮੈਂ ਨਾ ਕੋਈ ਸਾਧ ਤੇ ਨਾ ਹੀ ਚੋਰ
ਮੈਂ ਇਨਸਾਨ ਹਾਂ, ਨਾ ਕੁਝ ਹੋਰ।
(ਦਿਲਜੀਤ ‘ਬੰਗੀ’)।
Previous articleਗ਼ਜ਼ਲ
Next articleਪਰਮ ‘ਪ੍ਰੀਤ’ ਬਠਿੰਡਾ ਨੂੰ ਵਿਸ਼ੇਸ਼ ਅਸ਼ੀਰਵਾਦ…ਵੱਲੋਂ – ਮਕ਼ਬੂਲ ਲੇਖਕ ਨਰਿੰਦਰ ਸਿੰਘ ਕਪੂਰ ਜੀ