ਸਾਂਝ ਕੇਂਦਰ ਡਡਵਿੰਡੀ ਵੱਲੋਂ “ ਨਸ਼ਿਆਂ ਵਿੱਚ ਸੁਲਘਦਾ ਪੰਜਾਬ” ਨਾਟਕ ਕਰਵਾਇਆ ਗਿਆ

ਕਪੂਰਥਲਾ, (ਸਮਾਜ ਵੀਕਲੀ) ( ਕੌੜਾ )– ਭਾਵੇਂ ਸ਼ੁਰੂ ਸ਼ੁਰੂ ਵਿੱਚ ਵਿਅਕਤੀ ਸ਼ੌਕ ਸ਼ੌਕ ਵਿੱਚ ਹੀ ਨਸ਼ੇ ਦੀ ਵਰਤੋਂ ਕਰਦਾ ਹੈ, ਪਰ ਕੁਝ ਸਮੇਂ ਬਾਅਦ ਇੱਕ ਪੜਾਅ ਅਜਿਹਾ ਆਉਂਦਾ ਹੈ ਜਦੋਂ ਨਸ਼ਾ ਉਸ ਵਿਅਕਤੀ ਦੀ ਰੋਜ਼ਮਰ੍ਹਾ ਦੀ ਆਦਤ ਬਣ ਜਾਂਦਾ ਹੈ ਅਤੇ ਉਹ ਨਸ਼ੇ ਬਿਨਾ ਰਹਿ ਹੀ ਨਹੀਂ ਸਕਦਾ। ਅਜਿਹਾ ਵਿਅਕਤੀ ਚੰਗੇ/ਮਾੜੇ ਵਿੱਚ ਅੰਤਰ ਨਹੀਂ ਕਰ ਸਕਦਾ ਅਤੇ ਨਸ਼ਾ ਪ੍ਰਾਪਤ ਕਰਨ ਲਈ ਕੁਝ ਵੀ ਕਰਨ ਨੂੰ ਤਿਆਰ ਹੋ ਜਾਂਦਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰੀਮਤੀ ਆਸ਼ਾ ਰਾਣੀ ਪ੍ਰਿੰਸੀਪਲ ਕਮ ਬਲਾਕ ਨੋਡਲ ਅਫਸਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡਡਵਿੰਡੀ ਨੇ ਸਾਂਝ ਕੇਂਦਰ ਡਡਵਿੰਡੀ ਵੱਲੋਂ ਨਸ਼ਿਆਂ ਵਿਰੋਧੀ ਕਰਵਾਏ ਨਾਟਕ ਦੌਰਾਨ ਡਡਵਿੰਡੀ ਸਕੂਲ ਵਿਖੇ ਕਹੇ। ਉਹਨਾਂ ਕਿਹਾ ਕਿ ਕਿੱਡਾ ਵੱਡਾ ਦੁਖਾਂਤ ਹੈ ਕਿ ਜ਼ਿੰਦਗੀ ਦੇ ਬਹੁਤ ਹੀ ਉਪਯੋਗੀ ਸਮੇਂ ਦੌਰਾਨ ਨਸ਼ੇੜੀ ਨੌਜਵਾਨ ਆਰਥਿਕ ਵਿਕਾਸ ਵਿੱਚ ਯੋਗਦਾਨ ਪਾਉਣ ਦੀ ਬਜਾਏ ਇੱਕ ਤਰ੍ਹਾਂ ਨਾਲ ਸਮਾਜ ਉੱਪਰ ਬੋਝ ਬਣ ਗਏ ਹਨ। ਜਿਸ ਉਮਰ ਵਿੱਚ ਉਨ੍ਹਾਂ ਨੇ ਆਪਣੇ ਬੁੱਢੇ ਮਾਪਿਆਂ, ਛੋਟੇ ਬੱਚਿਆਂ ਅਤੇ ਪਰਿਵਾਰ ਦਾ ਸਹਾਰਾ ਬਣਨਾ ਹੁੰਦਾ ਹੈ, ਉਸ ਉਮਰ ਵਿੱਚ ਉਹ ਨਸ਼ਿਆਂ ਵਿੱਚ ਘਿਰ ਚੁੱਕੇ ਹੁੰਦੇ ਹਨ। ਨਸ਼ੇੜੀਆਂ ਵਿੱਚੋਂ ਬਹੁਗਿਣਤੀ ਥੋੜ੍ਹੀ ਪੜ੍ਹਾਈ ਵਾਲੇ ਹੀ ਸਨ। ਡਡਵਿੰਡੀ ਸਕੂਲ ਦੇ ਵਿਹੜੇ ਵਿੱਚ ਪੁਲਿਸ ਸਾਝ ਕੇਂਦਰ ਡਡਵਿੰਡੀ ਦੇ ਇੰਨਚਾਰਜ ਸ੍ਰੀ ਗੁਰਵਿੰਦਰ ਸਿੰਘ ਅਤੇ ਉਹਨਾਂ ਦੇ ਸਾਥੀ ਪੁਲਿਸ ਕਰਮਚਾਰੀਆਂ ਦੇ ਸਹਿਯੋਗ ਨਾਲ “ਇਪਟਾ ਮੋਗਾ” ਦੀ ਨਾਟਕ ਮੰਡਲੀ ਦੇ ਕਲਾਕਾਰਾਂ ਹਰਵਿੰਦਰ ਸਿੰਘ ਅਤੇ ਅਨਮੋਲਦੀਪ ਸਿੰਘ ਨੇ ਪੰਜਾਬੀ ਨਾਟਕ “ ਨਸ਼ਿਆਂ ਵਿੱਚ ਸੁਲਘਦਾ ਪੰਜਾਬ” ਰਾਹੀਂ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਬੁਰੇ ਨਤੀਜਿਆਂ ਬਾਰੇ ਸੋਚਣ ਲਈ ਮਜਬੂਰ ਕਰ ਦਿੱਤਾ। ਸਟੂਡੈਂਟ ਪੁਲਿਸ ਕੈਡਿਟ ਪ੍ਰੋਗਰਾਮ ਦੇ  ਇੰਨਚਾਰਜ ਸ੍ਰੀ ਬਲਦੇਵ ਸਿੰਘ ਨੇ ਕਿਹਾ ਕਿ ਨਸ਼ਿਆਂ ਦੀ ਮੰਗ ਰੋਕਣ ਲਈ ਇਸ ਪਿੱਛੇ ਸਮਾਜਿਕ, ਸੱਭਿਆਚਾਰਕ, ਆਰਥਿਕ ਅਤੇ ਰਾਜਨੀਤਕ ਕਾਰਨਾਂ ਦੀ ਨਿਸ਼ਾਨਦੇਹੀ ਕਰਕੇ ਉਨ੍ਹਾਂ ਨੂੰ ਦੂਰ ਕਰਨ ਲਈ ਪ੍ਰਭਾਵਸ਼ਾਲੀ ਨੀਤੀਆਂ ਬਣਾ ਕੇ ਲਾਗੂ ਕਰਨਾ ਹੋਵੇਗਾ। ਸਮਾਜਿਕ ਮੁਹਿੰਮਾਂ ਰਾਹੀਂ ਬੱਚਿਆਂ, ਨੌਜਵਾਨਾਂ, ਮਾਪਿਆਂ ਅਤੇ ਅਧਿਆਪਕਾਂ ਨੂੰ ਨਸ਼ਿਆਂ ਦੇ ਦੁਰਪ੍ਰਭਾਵਾਂ ਸਬੰਧੀ ਜਾਗਰੂਕ ਕਰਵਾਉਣਾ ਹੋਵੇਗਾ।ਪੁਲਿਸ ਸਾਂਝ ਕੇਂਦਰ ਦੇ ਇੰਨਚਾਰਜ ਇੰਸਪੈਕਟਰ ਗੁਰਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਸਬੰਧਨ ਕਰਦਿਆਂ ਕਿਹਾ ਕਿ ਨਸ਼ੇੜੀ ਬਣ ਚੁੱਕੇ ਨੌਜਵਾਨਾਂ ਨੂੰ ਅਪਰਾਧੀ ਸਮਝਣ ਦੀ ਥਾਂ ਮਰੀਜ਼ ਸਮਝਕੇ ਡਾਕਟਰੀ ਅਤੇ ਮਨੋਵਿਗਿਆਨਕ ਇਲਾਜ ਰਾਹੀਂ ਇੱਕ ਅੱਛੇ ਸਮਾਜਿਕ ਪ੍ਰਾਣੀ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਨਵੀਂ ਪਨੀਰੀ ਅਤੇ ਅਗਲੀ ਪੀੜ੍ਹੀ ਨੂੰ ਨਸ਼ਿਆਂ ਦੇ ਪ੍ਰਕੋਪ ਤੋਂ ਬਚਾਉਣ ਲਈ ਕਮਰਕੱਸਾ ਕਰਨਾ ਪਵੇਗਾ। ਇਸ ਮੁਹਿੰਮ ਵਿੱਚ ਸੂਬੇ ਦੇ ਸਾਰੇ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਕ੍ਰਿਆਸ਼ੀਲ ਬਣਾਉਣਾ ਪਵੇਗਾ। ਇਸ ਪ੍ਰੋਗਰਾਮ ਵਿੱਚ ਸਕੂਲ ਪ੍ਰਿੰਸੀਪਲ ਮੈਡਮ ਆਸ਼ਾ ਰਾਣੀ ਤੋ ਇਲਾਵਾ ਮੈਡਮ ਰਾਣਜੀਤ ਕੌਰ , ਹਰਜੀਤ ਸਿੰਘ , ਪੁਲਿਸ ਕਰਮਚਾਰੀ ਸ੍ਰੀ ਸੁਖਵਿੰਦਰ ਸਿੰਘ , ਸ੍ਰੀ ਲਵਪ੍ਰੀਤ ਸਿੰਘ ਅਤੇ ਸ੍ਰੀ ਨਤਿੰਦਰ ਸਿੰਘ , ਪੈਰਾ ਲੀਗਲ ਅਡਵਾਈਜ਼ਰ ਸ੍ਰੀ ਬਲਵਿੰਦਰ ਸਿੰਘ ਸੰਧਾ , ਦੀਦਾਰ ਸਿੰਘ , ਹਰਵਿੰਦਰ ਸਿੰਘ , ਮੰਜੂ ਕੁਮਾਰੀ , ਸੋਨੀਆਂ , ਜਸਪ੍ਰੀਤ ਕੌਰ , ਪਰਮਿੰਦਰ ਕੌਰ , ਨਵਨੀਤ ਕੌਰ , ਪਲਵਿੰਦਰ ਕੌਰ , ਅਮਰਜੀਤ ਕੌਰ ,ਸਰਵਨ ਕੌਰ  ਅਤੇ ਸਤਪਾਲ ਸਮੇਤ ਸਮੂਹ ਸਟਾਫ ਮੌਜੂਦ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਸਵੱਛ ਭਾਰਤ ਅਭਿਆਨ ਤਹਿਤ ਜੂਟ ਉਤਪਾਦਾਂ ਦੀ ਸੇਲ-ਕਮ ਪ੍ਰਦਰਸ਼ਨੀ ਲਗਾਈ, ਪਲਾਸਟਿਕ ਦੀ ਵਰਤੋਂ ਮਤਲਬ ਬਿਮਾਰੀਆਂ ਤੇ ਹੜ੍ਹਾਂ ਨੂੰ ਸੱਦਾ ਦੇਣਾ-ਅਟਵਾਲ
Next articleਜਦੋਂ ਵੱਖ- ਵੱਖ ਜਥੇਬੰਦੀਆਂ ਦੀ ਮਹਿਤਪੁਰ ਹੋਈ ਕਨਵੈਨਸ਼ਨ ਬਹੁਤ ਕੁਝ ਬਿਆਨ ਕਰ ਗਈ