ਜਨਤਕ ਜਥੇਬੰਦੀਆਂ ਵੱਲੋਂ 8 ਅਕਤੂਬਰ ਨੂੰ ਥਾਣਾ ਮਹਿਤਪੁਰ ਦਾ ਘਿਰਾਓ ਕਰਨ ਦਾ ਐਲਾਨ

ਮਾਮਲਾ ਨਸ਼ਿਆਂ,ਲੁੱਟਾਂ ਖੋਹਾਂ ਅਤੇ ਮਾਈਕ੍ਰੋ ਫਾਇਨਾਂਸ ਏਜੰਟਾਂ ਨੂੰ ਠੱਲ ਨਾ ਪਾਉਣ ਦਾ
ਮਹਿਤਪੁਰ (ਸਮਾਜ ਵੀਕਲੀ) (ਪੱਤਰ ਪ੍ਰੇਰਕ)– ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਇੱਕ ਸਾਂਝੀ ਪ੍ਰੈੱਸ ਕਾਨਫਰੰਸ ਵਿੱਚ ਇਲਾਕੇ ਵਿੱਚ ਵੱਧ ਰਹੇ ਨਸ਼ਿਆਂ, ਲੁੱਟਾਂ ਖੋਹਾਂ, ਔਰਤਾਂ ਨਾਲ ਵਧੀਕੀਆਂ , (ਸੂਦਖੋਰਾਂ) ਮਾਈਕਰੋਫਾਨਸ ਦੇ ਏਜੰਟਾਂ ਨੂੰ ਨੱਥ ਪਾਉਣ ਵਿੱਚ ਢਿੱਲ ਮੱਠ ਵਰਤਨ ਦੇ ਵਿਰੁੱਧ 8 ਅਕਤੂਬਰ ਨੂੰ ਮਹਿਤਪੁਰ ਪੁਲਿਸ ਵਿਰੁੱਧ  ਮੁਜ਼ਾਹਰਾ ਕਰਨ ਦਾ ਐਲਾਨ ਕੀਤਾ। ਆਗੂਆਂ ਨੇ ਕਿਹਾ ਕਿ ਜਦ ਤੱਕ ਨਸ਼ੇ ਦੇ ਸੌਦਾਗਰਾਂ, ਭ੍ਰਿਸ਼ਟ ਸਿਆਸਤਦਾਨਾਂ ਅਤੇ ਪੁਲਿਸ ਵਿੱਚ ਬੈਠੀਆਂ ਕੁਝ ਕਾਲੀਆਂ ਭੇਡਾਂ ਦੇ ਨਾਪਾਕ ਗਠਜੋੜ ਵਿਰੁੱਧ ਲੋਕ ਲਹਿਰ ਨਹੀਂ ਉਸਾਰੀ ਜਾਂਦੀ ਉਦੋਂ ਤੱਕ ਮਾਵਾਂ ਦੇ ਪੁੱਤ ਬੇਨਿਆਈ ਮੌਤ ਮਰਦੇ ਰਹਿਣਗੇ। ਥਾਣਾ ਮੁਖੀਆਂ ਦੀਆਂ ਬਦਲੀਆਂ ਦੇ ਬਾਵਜੂਦ ਮਹਿਤਪੁਰ ਇਲਾਕੇ ਵਿੱਚ ਨਾ ਤਾਂ ਨਸ਼ਿਆਂ ਨੂੰ ਠੱਲ ਪਈ ਹੈ ਨਾ ਹੀ ਲੁੱਟਾਂ ਖੋਹਾਂ ਦਾ ਗਰਾਫ ਥੱਲੇ ਡਿੱਗਿਆ ਹੈ।  ਆਏ ਦਿਨ ਮਾਵਾਂ ਦੇ ਪੁੱਤ ਨਸ਼ਿਆਂ ਦਾ ਸ਼ਿਕਾਰ ਹੋਕੇ ਸਿਵਿਆਂ ਦੇ ਰਾਹ ਤੁਰੇ ਹੋਏ ਹਨ। ਲੁੱਟਾਂ ਖੋਹਾਂ ਕਰਨ ਵਾਲਿਆਂ ਦੇ ਹੌਸਲੇ ਇੰਨੇ ਵੱਧ ਗਏ ਹਨ ਕਿ ਉਹ ਦਿਨ ਦਿਹਾੜੇ ਬੈਂਕਾਂ ਵਿੱਚ ਆਉਣ ਵਾਲੇ ਬਜ਼ੁਰਗ ਬਿਮਾਰ ਜੋੜਿਆਂ ਨੂੰ ਆਪਣਾ ਸ਼ਿਕਾਰ ਬਣਾਉਣ ਤੋਂ ਗਰੇਜ ਨਹੀਂ ਕਰਦੇ ਦੋ ਦਿਨ ਪਹਿਲਾਂ ਆਦਰਾਮਾਨ ਤੋਂ ਕੈਂਸਰ ਦਾ ਮਰੀਜ਼ ਬਜ਼ੁਰਗ ਜੋੜਾ ਇਸ ਦਾ ਸ਼ਿਕਾਰ ਹੋ ਗਿਆ। ਇਲਾਕੇ ਦਾ ਡਰੱਗ ਮਾਫੀਆ ਪਿੰਡਾਂ ਅਤੇ ਸ਼ਹਿਰਾਂ ਵਿੱਚ ਆਪਣੀਆਂ ਜਾਇਦਾਤਾਂ ਵਿੱਚ ਅਥਾਹ ਵਾਧਾ ਕਰ ਰਿਹਾ ਹੈ। ਇਹਨਾਂ ਵਿਰੁੱਧ ਐਨ ਡੀ ਪੀ ਐਸ ਤੇ ਪਰਚੇ ਹੋਣ ਦੇ ਬਾਵਜੂਦ ਵੀ ਇਹਨਾਂ ਦੀਆਂ ਜਾਇਦਾਤਾਂ ਕੁਰਕ ਕਰਨ ਲਈ ਕੋਈ ਕਾਨੂੰਨ ਮਹਿਤਪੁਰ ਪੁਲਿਸ ਅਮਲ ਵਿੱਚ ਲਿਆਉਣ ਲਈ ਤਿਆਰ ਨਹੀਂ।  ਸੂਦਖੋਰਾ ਅਤੇ ਮਾਈਕਰੋ ਫਾਇਨੈਂਸ ਕੰਪਨੀਆਂ ਦੇ ਏਜੈਂਟਾਂ ਦਾ ਸ਼ਿਕਾਰ ਔਰਤਾ ਮਹੀਨਿਆਂ ਬੱਧੀ ਇਨਸਾਫ ਲਈ ਥਾਣੇ ਦੇ ਧੱਕੇ ਖਾਂਦੀਆਂ ਹਨ। ਪੁਲਿਸ ਇਹਨਾਂ ਕੰਪਨੀਆਂ ਦੇ ਏਜੰਟਾਂ ਵੱਲੋਂ ਲੋਕਾਂ ਦੇ ਘਰਾਂ ਵਿੱਚੋਂ ਚੁੱਕਿਆ ਸਮਾਨ ਬਰਾਮਦ  ਕਰਨ ਦੇ ਬਾਵਜੂਦ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰਦੀ।ਜਿਲੇ ਦੇ ਪੁਲਿਸ ਮੁਖੀ ਦੇ ਹੁਕਮਾਂ ਦੇ ਬਾਵਜੂਦ ਮਹਿਤਪੁਰ ਪੁਲਿਸ ਦੇ ਥਾਣੇਦਾਰਾਂ ਦੇ ਕੰਨਾਂ ਤੇ ਜੂ ਨਹੀਂ ਸਰਕਦੀ। ਕਈ ਮਾਮਲੇ ਤਾਂ ਪਿਛਲੇ ਇੱਕ ਸਾਲ ਤੋਂ ਲਟਕਦੇ ਆ ਰਹੇ ਹਨ। ਮਜਬੂਰੀ ਵਸ ਨਿਆਂ ਨਾ ਮਿਲਦਾ ਦੇਖ ਕੇ ਲੋਕ ਹਾਲਤਾਂ ਨਾਲ ਸਮਝੌਤਾ ਕਰ ਕਰਨ ਲਈ ਮਜਬੂਰ ਹੋ ਜਾਂਦੇ ਹਨ। ਮਜਬੂਰੀ ਵੱਸ ਹਰ ਛੋਟੇ ਮੋਟੇ ਮਾਮਲੇ ਲਈ ਲੋਕਾਂ ਨੂੰ ਉੱਚ ਅਧਿਕਾਰੀਆਂ ਤੱਕ ਪਹੁੰਚ ਕਰਨੀ ਪੈਂਦੀ ਹੈ। ਪ੍ਰੈਸ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੰਤੋਖ ਸਿੰਘ ਸੰਧੂ, ਗੁਰਕਮਲ ਸਿੰਘ , ਰਜਿੰਦਰ ਸਿੰਘ ਮੰਡ, ਇਸਤਰੀ ਜਾਗਰਿਤੀ ਮੰਚ ਦੀ ਜ਼ਿਲਾ ਪ੍ਰਧਾਨ ਅਨੀਤਾ ਸੰਧੂ, ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹੰਸ ਰਾਜ ਪੰਬਮਾ, ਤਹਿਸੀਲ  ਪ੍ਰਧਾਨ ਕਸ਼ਮੀਰ ਮੰਡਿਆਲਾ, ਵਿਜੇ ਬਾਠ, ਨੌਜਵਾਨ ਭਾਰਤ ਸਭਾ ਦੇ ਆਗੂ ਸੋਨੂੰ ਅਰੋੜਾ, ਰਤਨ ਸਿੰਘ, ਬਚਨ ਸਿੰਘ ਸਾਬਕਾ ਸਰਪੰਚ ਪੀੜਿਤ ਪਰਿਵਾਰਾਂ ਨਾਲ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਵੀ ਸ਼ਾਮਿਲ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਏ.ਐਸ.ਐਮ ਸਿਨੇ ਡਰੀਮਜ ਪ੍ਰਾਈਵੇਟ ਲਿਮਟਿਡ ਵੱਲੋਂ ਸੇਵਾ ਦੇ ਪੁੰਜ ਭਾਈ ਕਨੱਈਆ ਜੀ ਤੇ ਸੈਮੀਨਾਰ ਕਰਵਾਇਆ
Next articleਬਸ ਸਟੈਂਡ ਮਹਿਤਪੁਰ ਵਾਲਾ ਠੇਕਾ ਅਹਾਤੇ ਸਮੇਤ ਤਬਦੀਲ ਕਰਨ ਦੀ ਮੰਗ