ਗਦਰੀ ਬਾਬਿਆਂ ਦਾ ਮੇਲਾ 7-8-9 ਨਵੰਬਰ ਨੂੰ ਹੋਵੇਗਾ ਦੇਸ਼ ਭਗਤ ਯਾਦਗਾਰ ਹਾਲ ਦੇ ਵਿਹੜੇ ਅੰਦਰ

ਜਲੰਧਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਗ਼ਦਰੀ ਬਾਬਿਆਂ ਦਾ 33ਵਾਂ ਮੇਲਾ 7-8-9 ਨਵੰਬਰ 2024 ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੇ ਵਿਹੜੇ ਵਿੱਚ ਲੱਗ ਰਿਹਾ ਹੈ। ਇਸ ਵਾਰ ਝੰਡਾ ਲਹਿਰਾਉਣ ਦੀ ਰਸਮ ਦੇਸ਼ ਭਗਤ ਯਾਦਗਾਰ ਕਮੇਟੀ ਦੇ ਟਰੱਸਟੀ ਹਰਦੇਵ ਸਿੰਘ ਅਰਸ਼ੀ ਸਾਬਕਾ ਐਮ.ਐਲ.ਏ. ਨਿਭਾਅ ਰਹੇ ਹਨ। ਮੇਲੇ ਦੇ ਲੱਗ ਰਹੇ ਲੰਗਰੀ ਖਰਚੇ ਦਾ ਇੰਤਜ਼ਾਮ ਇਸ ਵਾਰ ਗ਼ਦਰੀ ਬਾਬਿਆਂ ਤੇ ਬੱਬਰਾਂ ਦੇ ਪ੍ਰਵਾਰ ਤੇ ਪਿੰਡ ਕਰ ਰਹੇ ਹਨ। ਇਸ ਤੋਂ ਇਲਾਵਾ ਕਮੇਟੀ ਮੈਂਬਰਾਂ ਵੱਲੋਂ ਵੀ ਮੇਲੇ ਦੀ ਕਾਮਯਾਬੀ ਲਈ ਫੰਡ ਇਕੱਤਰ ਕਰਨ ਦੀ ਮੁਹਿੰਮ ਆਰੰਭੀ ਹੋਈ। ਜਿਸ ਮੀਟਿੰਗ ਵਿੱਚ ਮੇਲੇ ਦੀਆਂ ਤਰੀਕਾਂ ਦਾ ਐਲਾਨ ਕੀਤਾ ਸੀ, ਉਸੇ ਵਕਤ ਕਮੇਟੀ ਦੇ ਖਜ਼ਾਨਚੀ ਇੰਜ. ਸੀਤਲ ਸਿੰਘ ਸੰਘਾ ਨੇ 25000/- ਰੁਪੈ ਜਮਾਂ ਕਰਾਏ। ਕੁਝ ਦਿਨਾਂ ਬਾਅਦ ਭਾਈ ਛਾਂਗਾ ਸਿੰਘ ਬੱਬਰ ਪਠਲਾਵੇ ਵਾਲੇ ਦੀ ਪੋਤਰੀ ਜਤਿੰਦਰ ਕੌਰ ਐਡਵੋਕੇਟ ਲੰਗਰ ਦੀ ਰਸਦ ਜਮਾਂ ਕਰਾਕੇ ਗਈ। ਪੰਜਾਬ ਰੋਡਵੇਜ਼ ਯੂਨੀਅਨ ਏਟਕ ਦੇ ਸੀਨੀਅਰ ਆਗੂ ਜਗਤਾਰ ਸਿੰਘ ਭੂੰਗਰਣੀ ਨੇ ਪਹਿਲਾਂ ਦਾਲ ਭੇਜੀ ਤੇ ਫ਼ਿਰ ਗੁਰਮੀਤ ਰਾਹੀਂ ਹੋਰ ਪੈਸੇ ਭੇਜੇ। ਇੱਕ ਦਿਨ ਛੱਡ ਕੇ ਬੀਬੀ ਜਤਿੰਦਰ ਕੌਰ ਦਾ ਭਰਾ ਪਿਰਤਪਾਲ ਸਿੰਘ ਮੁੜ ਪੈਸੇ ਜਮਾਂ ਕਰਵਾ ਗਿਆ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਗੁਰਮੀਤ ਨੇ ਵੀ ਫੰਡ ਲਈ ਤਕੜਾ ਹੰਭਲਾ ਮਾਰਿਆ ਹੈ। ਇੰਨਾਂ ਤੋਂ ਇਲਾਵਾ ਮੰਗਤ ਰਾਮ ਪਾਸਲਾ ਨੇ ਪਹਿਲਾਂ ਵੀ ਪੈਸੇ ਜਮਾਂ ਕਰਾਏ ਤੇ ਅੱਜ ਫ਼ਿਰ ਮੰਗਤ ਰਾਮ ਪਾਸਲਾ ਤੇ ਪ੍ਰਗਟ ਸਿੰਘ ਜਾਮਾਰਾਏ ਨੇ ਭੈਣ ਸੁਰਿੰਦਰ ਕੁਮਾਰੀ ਕੋਛੜ, ਬਾਊ ਚਰੰਜੀ ਲਾਲ ਕੰਗਣੀਵਾਲ ਤੇ ਕਮੇਟੀ ਦੇ ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਨੂੰ ਪੈਸਿਆਂ ਦੀ ਥੈਲੀ ਭੇਂਟ ਕੀਤੀ ਹੈ। ਆਸ ਹੈ ਕਿ ਮੇਲਾ ਆਰਥਕ ਪੱਖ ਤੋਂ ਪਿਛਲੇ ਸਾਲ ਦੀ ਤਰ੍ਹਾਂ ਪੂਰਾ ਕਾਮਯਾਬ ਹੋਵੇਗਾ। ਕਮੇਟੀ ਸਾਰਿਆਂ ਦਾ ਧੰਨਵਾਦ ਕਰਦੀ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous article‘ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3’
Next articleਬੁੱਧ ਬਾਣ