*ਲ਼*ਪੈਰ ਬਿੰਦੀ

ਸਰਬਜੀਤ ਸਿੰਘ ਘੁੰਮਣ

ਸਰਬਜੀਤ ਸਿੰਘ ਘੁੰਮਣ 

(ਸਮਾਜ ਵੀਕਲੀ) ਮੇਰੀ ਮੁਢਲੀ ਪੜ੍ਹਾਈ ਵੇਲ਼ੇ ‘ਲ਼’ ਅੱਖਰ ਨਹੀਂ ਸੀ ਹੁੰਦਾ। ਅਸੀਂ ਇਸ ਦੀ ਘਾਟ ਮਹਿਸੂਸ ਕਰਦੇ ਸਾਂ। ਸਕੂਲ ਤੇ ਘਰ ਵਿੱਚ ਅਕਸਰ ਕਹਿੰਦੇ ਸੀ ਕਿ ‘ਲ਼’ ਹੋਣਾ ਚਾਹੀਦਾ ਹੈ। ਵਿਦਵਾਨਾਂ ਨੇ ਉਸ ਦੌਰਾਨ ਇਸ ਨੂੰ ਸ਼ਾਮਲ ਕਰ ਲਿਆ। ਸਾਡੀ ਜ਼ੁਬਾਨ ਵਿੱਚ ਤਾਂ ਇਹ ਧੁਨੀ ਮੌਜੂਦ ਸੀ।

ਅਜੋਕੇ ਸਮੇਂ ਵਿੱਚ ਇੱਕ ਤਬਕਾ ਪੈਰ ਬਿੰਦੀ ਵਾਲ਼ੇ ਅੱਖਰਾਂ ਨੂੰ ਮੁਹਾਰਨੀ ਵਿੱਚੋਂ ਕੱਢਣ ਦੀ ਵਕਾਲਤ ਕਰ ਰਿਹਾ ਹੈ। ਦਲੀਲ ਵਜੋਂ ਗੁਰਬਾਣੀ ਦੀ ਉਦਾਹਰਣ ਦਿੱਤੀ ਜਾਂਦੀ ਹੈ। ਮੈਂ ਇਸ ਨਾਲ਼ ਸਹਿਮਤ ਨਹੀਂ।
ਕੀਰਤਨ-ਵਿੱਦਿਆ ਸਿੱਖਣ ਵੇਲ਼ੇ ਰਾਗ-ਵਿੱਦਿਆ ਦੇ ਨਾਲ਼ ਉਚਾਰਨ ਦਾ ਵੀ ਬਹੁਤ ਸਖ਼ਤੀ ਨਾਲ਼ ਪਾਲਣ ਕੀਤਾ ਜਾਂਦਾ ਹੈ। ਉਚਾਰਨ ਵੀ ਗੁਰੂ ਸਾਹਿਬਾਨ ਵੇਲ਼ਿਆ ਵਾਲ਼ਾ ਹੀ ਰੱਖਿਆ ਜਾਂਦਾ ਹੈ।
ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ।
ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ॥
          ਮ: ੨
ਬਾਣੀ ਵਿੱਚ ਲਿਖਿਆ ‘ਹਜਾਰ’ ਹੀ ਹੈ, ਪਰ ਗੁਰੂ ਸਾਹਿਬਾਨ ਵੇਲ਼ੇ ਦੀ ਰੀਤ ਮੁਤਾਬਿਕ ਕੀਰਤਨੀਏ ਉਚਾਰਨ ‘ਹਜ਼ਾਰ’ ਹੀ ਕਰਦੇ ਹਨ। ਸਪਸ਼ਟ ਹੈ ਕਿ ਧੁਨੀ ਮੌਜੂਦ ਸੀ, ਇਸ ਲਈ ਅੱਖਰ ਨਹੀਂ ਸੀ ਬਣਿਆਂ।
ਦਸ਼ਮੇਸ਼ ਜੀ ਦੇ ਦੋ ਸਾਹਿਬਜ਼ਾਦਿਆਂ ਦੇ ਨਾਮ ਜ਼ੋਰਾਵਰ ਸਿੰਘ ਅਤੇ ਫ਼ਤਹਿ ਸਿੰਘ ਹੈ। ਗੁਰੂ ਗੋਬਿੰਦ ਸਿੰਘ ਜੀ ਫ਼ਾਰਸੀ ਦੇ ਵਿਦਵਾਨ ਹੀ ਨਹੀਂ, ਉਮਦਾ ਸ਼ਾਇਰ ਸਨ। ਕੀ ਗੁਰੂ ਜੀ ਸਾਹਿਬਜ਼ਾਦਿਆਂ ਨੂੰ ‘ਜੋਰਾਵਰ ਸਿੰਘ ਅਤੇ ਫਤਹਿ ਸਿੰਘ’ ਆਖ ਕੇ ਬੁਲਾਉਂਦੇ ਹੋਣਗੇ? ਜ਼ਾਹਿਰ ਹੈ ਕਿ ਉਸ ਵਕਤ ਪੈਰ ਬਿੰਦੀ ਵਾਲ਼ੇ ਅੱਖਰਾਂ ਵਾਲ਼ੀਆਂ ਧੁਨੀਆਂ ਮੌਜੂਦ ਸਨ, ਅੱਖਰ ਨਹੀਂ ਸਨ, ਬਾਅਦ ਵਿੱਚ ਬਣਾਏ ਗਏ।
ਮੈਂ ੧੯੯੨ ਵਿੱਚ ਪੰਜਾ ਸਾਹਿਬ ਗਿਆ ਸੀ। ਉੱਥੇ ੧੧-੧੨ ਸਾਲਾਂ ਦਾ ਬਿਲਕੁਲ ਅਨਪੜ੍ਹ ਗਾਇਕ ਢੋਲਕੀ ਨਾਲ਼ ਮਾਹੀਏ ਗਾ ਰਿਹਾ ਸੀ।
ਉਸ ਨੇ ਇਹ ਮਾਹੀਆ ਗਾਇਆ:
ਅਸਮਾਨੀ ਵੇ ਤਾਰੇ ਨੀਂ।
ਆਜਾ ਦੋਵੇਂ ਵਜ਼ਨ ਕਰਾਂ,
ਦੁੱਖ ਕਿਸ ਦੇ ਵੇ ਭਾਰੇ ਨੀਂ।
ਲਿਖਣ ਦਾ ਭਾਵ ਇਹ ਹੈ ਕਿ ਪੰਜਾਬੀ ਵਿੱਚ ਪੈਰ ਬਿੰਦੀ ਵਾਲ਼ੇ ਅੱਖਰਾਂ ਵਾਲ਼ੀਆਂ ਧੁਨੀਆਂ ਸਦੀਆਂ ਤੋਂ ਹਨ। ਵਿਦਵਾਨਾਂ ਨੇ ਇਹਨਾਂ ਲਈ ਅੱਖਰ ਬਣਾ ਕੇ ਸ਼ਲਾਘਾਯੋਗ ਕਾਰਜ ਕੀਤਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਬਹਿਰੂਪੀਏ
Next articleਸਾਡੀ ਭਾਸ਼ਾ