ਅੱਸੂ

ਧੰਨਾ ਧਾਲੀਵਾਲ
(ਸਮਾਜ ਵੀਕਲੀ)
ਕਾਹੀਆਂ ਦੇ ਚਿੱਟੇ ਬੰਬੂ ਵਿਚ ਉੱਡਦੇ ਫਿਰਨ ਹਵਾਵਾਂ ਦੇ
ਲਾਉਣ ਉਡਾਰੀ ਅੰਬਰ ਦੇ ਵਿਚ ਪਾਲ਼ੇ ਬੱਚੇ ਕਾਵਾਂ ਦੇ
ਕੋਇਲਾਂ ਦੇ ਨਿੱਕੇ ਬੋਟਾਂ ਨੂੰ ਉਡਣਾ ਕਾਂ ਸਿਖਾਉਂਦਾ ਏ
ਦੋ ਰੁੱਤਾਂ ਦਾ ਆਪਸ ਦੇ ਵਿਚ ਅੱਸੂ ਮੇਲ ਕਰਾਉਂਦਾ ਏ
ਪੱਕੀਆਂ ਫ਼ਸਲਾਂ ਉੱਤੇ ਆ ਆ ਅੱਸੂ ਵਲੀਆ ਘੋਰੇਗਾ
 ਭੁੰਨਕੇ ਛੱਲੀ ਖਾਣ ਵਾਲ਼ਾ ਮੱਕੀ ਦੇ ਗੁੱਲੇ ਭੋਰੇਗਾ
ਮਿੱਠੇ ਮਿੱਠੇ ਦਾਣਿਆਂ ਦਾ ਅਨੰਦ ਜੀਭ ਨੂੰ ਆਉਂਦਾ ਏ
ਦੋ ਰੁੱਤਾਂ ਦਾ ਆਪਸ ਦੇ ਵਿੱਚ ਅੱਸੂ ਮੇਲ ਕਰਾਉਂਦਾ ਏ
ਹਰੇ ਭਰੇ ਰੁੱਖਾਂ ਦੇ ਉੱਤੇ ਵੇਲਾਂ ਵਧ ਦੀਆਂ ਜਾਵਣ ਜੀ
ਫੁੱਲਾਂ ਤੇ ਕੀਟਾਂ ਦੀਆਂ ਡਾਰਾਂ ਮੁੜ ਮੁੜ ਗੇੜੇ ਲਾਵਣ ਜੀ
ਬੱਚਾ ਕਾਟੋ ਦਾ ਪਿੱਪਲ ਤੇ ਵਲ ਪੂਛਲ ਦਾ ਪਾਉਂਦਾ ਏ
ਦੋ ਰੁੱਤਾਂ ਦਾ ਆਪਸ ਦੇ ਵਿੱਚ ਅੱਸੂ ਮੇਲ ਕਰਾਉਂਦਾ ਏ
ਬਿੱਲੀ ਦੇ ਬਲੂੰਗੜਿਆਂ ਨੇ ਮਿਆਉਂ ਮਿਆਉਂ ਲਾਈ ਐ
ਤਾਰ ਤੇ ਬੈਠੀ ਘੁੱਗੀ ਅਪਣੇ ਜਾਂਦੀ ਖੰਭ ਸੁਕਾਈ ਐ
ਚੱਕੀਰਾਹਾ ਉੱਡ ਉੱਡਕੇ ਜੀ ਗੇੜੇ ਫਿਰਦਾ ਲਾਉਂਦਾ ਏ
ਦੋ ਰੁੱਤਾਂ ਦਾ ਆਪਸ ਦੇ ਵਿੱਚ ਅੱਸੂ ਮੇਲ ਕਰਾਉਂਦਾ ਏ
ਦਿਨ ਚ ਲਗਦੀ ਗਰਮੀ ਰਾਤੀ ਲਗਦਾ ਅਕਸਰ ਪਾਲ਼ਾ ਹੈ
ਘੱਗਰ ਦੇ ਵਿਚ ਪਾਣੀ ਆਇਆ ਧੰਨਿਆਂ ਧਾਲੀਵਾਲ਼ਾ ਹੈ
ਪੌਣ ਦਾ ਬੁੱਲਾ ਸੀਨੇ ਦੇ ਨਾਲ਼ ਮੁੜ ਮੁੜਕੇ ਟਕਰਾਉਂਦਾ ਏ
ਦੋ ਰੁੱਤਾਂ ਦਾ ਆਪਸ ਦੇ ਵਿੱਚ ਅੱਸੂ ਮੇਲ ਕਰਾਉਂਦਾ ਏ
ਧੰਨਾ ਧਾਲੀਵਾਲ:-9878235714
Previous articleਕੌਮਾਂਤਰੀ ਧੀ ਦਿਵਸ ‘ਤੇ ਵਿਸ਼ੇਸ਼
Next articleਦਰਦਾਂ ਦਾ ਦਰਿਆ ! (ਗੁਰਦਾਸ ਮਾਨ ਨੂੰ)