ਨੰਬਰਦਾਰ ਯੂਨੀਅਨ ਦੀ ਮੀਟਿੰਗ ‘ਚ ਪਹਿਲੀ ਪਾਤਸ਼ਾਹੀ ਦੇ ਪ੍ਰਕਾਸ਼ ਤੋਂ ਪਹਿਲਾਂ ਪਾਵਨ ਨਗਰੀ ਦੀ ਹਾਲਤ ਸੁਧਾਰਨ ਦਾ ਮੁੱਦਾ ਗਰਮਾਇਆ

ਕਿਸਾਨਾਂ ਦੇ ਟਿਊਬਵੈੱਲ ਦੀਆਂ ਤਾਰਾਂ ਦੀ ਚੋਰੀ ਕਰਨ ਵਾਲੇ ਤੇ ਮਾੜੇ ਅਨਸਰਾਂ ਨੂੰ ਨਕੇਲ ਪਾਈ ਜਾਵੇ-ਬਿਧੀਪੁਰ, ਗਿੱਲ
ਕਪੂਰਥਲਾ , (ਸਮਾਜ ਵੀਕਲੀ) ( ਕੌੜਾ )- ਪੰਜਾਬ ਨੰਬਰਦਾਰ ਯੂਨੀਅਨ ਤਹਿਸੀਲ ਸੁਲਤਾਨਪੁਰ ਲੋਧੀ ਇਕਾਈ ਦੀ ਮੀਟਿੰਗ ਬਲਾਕ ਪ੍ਰਧਾਨ ਮਾਸਟਰ ਰਣਜੀਤ ਸਿੰਘ ਬਿਧੀਪੁਰ ਤੇ ਸੀਨੀਅਰ ਮੀਤ ਪ੍ਰਧਾਨ ਨੰਬਰਦਾਰ ਸਤਨਾਮ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਬੇਬੇ ਨਾਨਕੀ ਜੀ ਸੁਲਤਾਨਪੁਰ ਲੋਧੀ ਦੇ ਮੀਟਿੰਗ ਹਾਲ ਵਿਖੇ ਹੋਈ ।ਜਿਸ ਵਿੱਚ ਵੱਡੀ ਗਿਣਤੀ ਚ ਨੰਬਰਦਾਰਾਂ ਨੇ ਸ਼ਿਰਕਤ ਕੀਤੀ ।ਲੰਮੇ ਅਰਸੇ ਬਾਅਦ ਹੋਈ ਇਸ ਮੀਟਿੰਗ ਵਿੱਚ ਨੰਬਰਦਾਰਾਂ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਸਮੇਂ ਸਰਬ ਸੰਮਤੀ ਨਾਲ ਨੰਬਰਦਾਰ ਯੂਨੀਅਨ ਦੇ ਜਨਰਲ ਸਕੱਤਰ ਮਾਸਟਰ ਸੋਹਨ ਸਿੰਘ ਚੱਕ ਕੋਟਲਾ ਨੂੰ ਯੂਨੀਅਨ ਦਾ ਸਰਪ੍ਰਸਤ ਬਣਾਇਆ ਗਿਆ ਅਤੇ ਨਵਾਂ ਜਨਰਲ ਸਕੱਤਰ ਨੰਬਰਦਾਰ ਪਰਮਜੀਤ ਸਿੰਘ ਮੁੱਲਾਂਕਾਲਾ ਨੂੰ ਬਣਾਇਆ ਗਿਆ ।ਇਸ ਦੇ ਨਾਲ ਹੀ ਨਵਾਂ ਖਜਾਨਚੀ ਨੰਬਰਦਾਰ ਮਨਜੀਤ ਸਿੰਘ ਜੰਮੂ ਪਿੰਡ ਅਮਰਜੀਤਪੁਰ (ਪੱਕੇ ਕੋਠੇ) ਨੂੰ ਬਣਾਇਆ ਗਿਆ ।ਇਸ ਸਮੇਂ ਯੂਨੀਅਨ ਵੱਲੋਂ ਮਤਾ ਪਾ ਕੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਨੰਬਰਦਾਰਾਂ ਦੀਆਂ ਮੰਗੀਆਂ ਮੰਨੀਆਂ ਹੋਈਆਂ ਮੰਗਾਂ ਜਿਵੇਂ ਮਾਣ ਭੱਤੇ ਵਿਚ ਵਾਧਾ , ਜੱਦੀ ਪੁਸ਼ਤੀ ਨੰਬਰਦਾਰੀ, ਨੰਬਰਦਾਰਾਂ ਨੂੰ ਵੱਖ-ਵੱਖ ਸਰਕਾਰੀ ਕਮੇਟੀਆਂ ਵਿਚ ਨੁਮਾਇੰਦਗੀ , ਅਤੇ ਤਹਿਸੀਲਾਂ ਵਿਚ ਬੈਠਣ ਲਈ ਮੀਟਿੰਗ ਹਾਲ ਆਦਿ ਹੋਰ ਮੰਗਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ ।
ਇਸ ਮੀਟਿੰਗ ਵਿਚ ਪਾਵਨ ਨਗਰੀ ਸੁਲਤਾਨਪੁਰ ਲੋਧੀ ਦੀਆਂ ਡੇਢ ਸਾਲ ਤੋਂ ਪੁੱਟੀਆਂ ਸੜਕਾਂ ਕਾਰਨ ਬਣੇ ਭੈੜੇ ਹਾਲਾਤਾਂ ਬਾਰੇ ਮੁੱਦਾ ਗਰਮਾਇਆ ਰਿਹਾ ਤੇ ਸਮੂਹ ਨੰਬਰਦਾਰ ਭਾਈਚਾਰੇ ਨੇ ਸਰਕਾਰ ਤੇ ਸੀਨੀਅਰ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਵੰਬਰ ਮਹੀਨੇ ਦੇ ਆਰੰਭ ਵਿਚ ਸ਼ੁਰੂ ਹੋ ਰਹੇ ਪ੍ਰਕਾਸ਼ ਗੁਰਪੁਰਬ ਦੇ ਸਮਾਗਮਾਂ ਦੇ ਮੱਦੇ ਨਜ਼ਰ ਪਾਵਨ ਨਗਰੀ ਸੁਲਤਾਨਪੁਰ ਲੋਧੀ ਦੀਆਂ ਸੀਵਰੇਜ ਪਾਉਣ ਨੂੰ ਪੁੱਟੀਆਂ ਸਾਰੀਆਂ ਸੜਕਾਂ ਤੁਰੰਤ ਬਣਾਈਆਂ ਜਾਣ ਤੇ ਗੁਰੂ ਨਗਰੀ ਦੀ ਹਾਲਤ ਸੁਧਾਰੀ ਜਾਵੇ । ਤਾਂ ਜੋ ਸੰਗਤਾਂ ਨੂੰ ਪ੍ਰਕਾਸ਼ ਪੁਰਬ ਜੋੜ ਮੇਲੇ ਸਮੇਂ ਕੋਈ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ।ਜਥੇਬੰਦੀ ਵੱਲੋਂ ਪਿੰਡਾਂ ਵਿੱਚ ਕਿਸਾਨਾਂ ਦੀਆਂ ਮੋਟਰਾਂ ਦੀਆਂ ਚੋਰੀ ਹੋ ਰਹੀਆਂ ਤਾਰਾਂ, ਸਟਾਰਟਰ ਤੇ ਹੋਰ ਬਿਜਲੀ ਉਪਕਰਨ ਦਾ ਸਮਾਨ ਚੋਰੀ ਹੋਣ ਦੇ ਵਰਤਾਰੇ ਦਾ ਗੰਭੀਰ ਨੋਟਸ ਲੈਂਦਿਆਂ ਪੁਲਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਕਿ ਚੋਰ ਗਿਰੋਹ ਤੇ ਸਖਤ ਕਾਰਵਾਈ ਕੀਤੀ ਜਾਵੇ । ਉਨ੍ਹਾਂ ਇਹ ਵੀ ਮੰਗ ਕੀਤੀ ਕਿ ਟਿਊਬਵੈੱਲਾਂ ਦੇ ਚੋਰੀ ਕੀਤੇ ਸਮਾਨ ਨੂੰ ਖਰੀਦ ਕਰਨ ਵਾਲੇ ਗਲਤ ਅਨਸਰਾਂ ਵੀ ਕਾਬੂ ਕੀਤਾ ਜਾਵੇ। ਇਸ ਤੋਂ ਇਲਾਵਾ ਇਲਾਕੇ ਵਿੱਚ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਲੋੜੀਂਦੇ ਪ੍ਰਬੰਧ ਕੀਤੇ ਜਾਣ ਅਤੇ ਪੰਜਾਬ ਵਿੱਚ ਤੇ ਸੁਲਤਾਨਪੁਰ ਲੋਧੀ ਇਲਾਕੇ ਵਿੱਚ ਫਿਰੌਤੀ ਦੀਆਂ ਕਾਲਾਂ ਕਰਕੇ ਕਾਰੋਬਾਰੀ ਲੋਕਾਂ ਤੋਂ ਪੈਸੇ ਠੱਗਣ ਦੀ ਕੋਸ਼ਿਸ਼ ਕਰਨ ਵਾਲੇ ਗਿਰੋਹ ਚ ਸ਼ਾਮਲ ਅਨਸਰਾਂ ਖਿਲਾਫ ਬਿਨਾਂ ਕਿਸੇ ਲਿਹਾਜ ਦੇ ਸਖਤ ਕਾਰਵਾਈ ਕੀਤੀ ਜਾਵੇ ।
ਇਸਤੋਂ ਇਲਾਵਾ ਮੀਟਿੰਗ ਵਿਚ ਨੰਬਰਦਾਰ ਸੁਰਿੰਦਰਪਾਲ ਸਿੰਘ ਸੋਢੀ ਤੇ ਮਹਿੰਦਰ ਸਿੰਘ ਮੋਖੇ,ਮਨਜੀਤ ਸਿੰਘ ਜੰਮੂ ਆਦਿ ਨੇ ਸਮੂਹ ਨੰਬਰਦਾਰਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਗਲਤ ਕਾਗਜਾਤ ਤੇ ਦਸਤਖਤ ਨਾ ਕੀਤੇ ਜਾਣ ਤੇ ਕਿਸੇ ਵਿਅਕਤੀ ਦੇ ਵੀ ਖਾਲੀ ਪੇਪਰ ਤੇ ਬਿਲਕੁਲ ਮੋਹਰ ਨਾ ਲਗਾਈ ਜਾਵੇ ਤਾਂ ਜੋ ਕੋਰਟ ਕਚਿਹਰੀ ਦੇ ਕੇਸਾਂ ਤੋਂ ਬਚਿਆ ਜਾ ਸਕੇ । ਉਨ੍ਹਾਂ ਦੱਸਿਆ ਕਿ ਵੱਖ ਵੱਖ ਸਰਟੀਫਿਕੇਟ ਤੇ ਹੋਰ ਦਸਤਾਵੇਜ਼ ਬਣਾਉਣ ਸਮੇ ਹਲਫੀਆ ਬਿਆਨ ਵਿਚ ਇਕ ਪੰਕਤੀ ਲਿਖੀ ਹੁੰਦੀ ਹੈ ਕਿ ਉਕਤ ਤੇ ਹੋਰ ਨੱਥੀ ਦਸਤਾਵੇਜ਼ ਵਿਚ ਜੋ ਜਾਣਕਾਰੀ ਦਿੱਤੀ ਹੈ ,ਉਹ ਸਹੀ ਹੈ ।ਉਸਤੇ ਦਸਤਖਤ ਕਰਨ ਤੋਂ ਪਹਿਲਾਂ ਨੱਥੀ ਦਸਤਾਵੇਜ਼ ਲਿਖਿਆ ਸ਼ਬਦ ਕੱਟ ਦਿੱਤਾ ਜਾਵੇ । ਕਿਉਂਕਿ ਨੰਬਰਦਾਰ ਨੂੰ ਕੀ ਪਤਾ ਕਿ ਜੋ ਕਾਗਜਾਂ ਵਿਚ ਨਾਲ ਨੱਥੀ ਕਰਕੇ ਲਗਾਇਆ ਗਿਆ ਸਰਟੀਫਿਕੇਟ ਜਾਂ ਆਧਾਰ ਕਾਰਡ ਅਸਲੀ ਹੈ ਕਿ ਗਲਤ ਹੈ । ਨੰਬਰਦਾਰ ਸਾਹਿਬਾਨ ਨੇ ਹੋਰ ਦੱਸਿਆ ਕਿ ਇਸ ਬਾਰੇ ਪਹਿਲਾਂ ਵੀ ਸੁਲਤਾਨਪੁਰ ਲੋਧੀ ਦੇ ਐਸ.ਡੀ.ਐਮ ਤੇ ਤਹਿਸੀਲਦਾਰ ਸਾਹਿਬ ਨੂੰ ਅਪੀਲ ਕੀਤੀ ਸੀ ਤੇ ਤਹਿਸੀਲਾਰ ਨੇ ਸਾਰੇ ਹੀ ਸੁਵਿਧਾ ਕੇਂਦਰ ਦੇ ਮੁਲਾਜ਼ਮਾਂ , ਵਸੀਕਾ ਨਵੀਸ ਤੇ ਹੋਰ ਟਾਈਪ ਕਰਨ ਵਾਲੇ ਅਮਲੇ ਨੂੰ ਮੀਟਿੰਗ ਕਰਕੇ ਇਹ ਹਿਦਾਇਤ ਕੀਤੀ ਸੀ ਕਿ ਨੰਬਰਦਾਰ ਤੋਂ ਦਸਤਖਤ ਕਰਵਾਉਣ ਲਈ ਬਣਾਇਆ ਹਲਫੀਆ ਬਿਆਨ ਜਾਂ ਸਵੈ ਘੋਸ਼ਣਾ ਪੱਤਰ ਵਿਚੋਂ ਨੱਥੀ ਦਸਤਾਵੇਜ਼ ਸਬੰਧੀ ਲਿਖੀਆਂ ਲਾਈਨਾਂ ਕੱਟ ਦਿੱਤੀਆਂ ਜਾਣ । ਪਰ ਇਸਦੇ ਬਾਵਜੂਦ ਵੀ ਕੋਈ ਧਿਆਨ ਨਹੀ ਦਿੱਤਾ ਜਾ ਰਿਹਾ ।ਯੂਨੀਅਨ ਨੇ ਮੰਗ ਕੀਤੀ ਕਿ ਪ੍ਰਸ਼ਾਸ਼ਨ ਇਸ ਪਾਸੇ ਤੁਰੰਤ ਧਿਆਨ ਦੇਵੇ ਤਾਂ ਜੋ ਜਨਤਾ ਦੀ ਖੱਜਲ ਖੁਆਰੀ ਤੇ ਭ੍ਰਿਸ਼ਟਾਚਾਰ ਬੰਦ ਹੋ ਸਕੇ ।
ਇਸ ਮੀਟਿੰਗ ਵਿੱਚ ਨੰਬਰਦਾਰ ਹਰਵੰਤ ਸਿੰਘ ਵੜੈਚ ਮੋਠਾਵਾਲਾ ,ਪ੍ਰਧਾਨ ਰਣਜੀਤ ਸਿੰਘ ਬਿਧੀਪੁਰ ,ਸੀਨੀਅਰ ਮੀਤ ਪ੍ਰਧਾਨ ਸਤਨਾਮ ਸਿੰਘ ਗਿੱਲ , ਮੀਤ ਪ੍ਰਧਾਨ ਨੰਬਰਦਾਰ ਜਥੇ ਭਗਵਾਨ ਸਿੰਘ ਮੈਰੀਪੁਰ ,ਮੀਤ ਪ੍ਰਧਾਨ ਮਹਿੰਦਰ ਸਿੰਘ ਮੋਖੇ, ਜਨਰਲ ਸਕੱਤਰ ਪਰਮਜੀਤ ਸਿੰਘ ਮੁੱਲਾ ਕਾਲਾ , ਖਜਾਨਚੀ ਨੰਬਰਦਾਰ ਮਨਜੀਤ ਸਿੰਘ ਅਮਰਜੀਤਪੁਰ, ਪ੍ਰੈੱਸ ਸਕੱਤਰ ਨੰਬਰਦਾਰ ਸੁਰਿੰਦਰਪਾਲ ਸਿੰਘ ਹੈਬਤਪੁਰ, ਨੰਬਰਦਾਰ ਕੇਵਲ ਸਿੰਘ, ਨੰਬਰਦਾਰ ਹਰਬੰਸ ਸਿੰਘ, ਨੰਬਰਦਾਰ ਮਲਕੀਤ ਸਿੰਘ ਗਾਜੀਪੁਰ, ਨੰਬਰਦਾਰ ਜੀਤ ਸਿੰਘ ਮਿਰਜਾਪੁਰ, ਨੰਬਰਦਾਰ ਗਿਆਨ ਸਿੰਘ ਪਰਮਜੀਤਪੁਰ, ਨੰਬਰਦਾਰ ਸੁਰਿੰਦਰ ਸਿੰਘ ਠੱਟਾ ਨਵਾਂ, ਨੰਬਰਦਾਰ ਨਰਿੰਦਰ ਸਿੰਘ ਠੱਟਾ ਨਵਾਂ, ਨੰਬਰਦਾਰ ਮਨਜੀਤ ਸਿੰਘ , ਨੰਬਰਦਾਰ ਪਰਮਜੀਤ ਸਿੰਘ ਖੁਰਦਾ, ਨੰਬਰਦਾਰ ਸ਼ਿੰਗਾਰਾ ਸਿੰਘ ਮਿਆਣੀ ਬਹਾਦਰ, ਨੰਬਰਦਾਰ ਧਰਮ ਸਿੰਘ ਪੰਡੋਰੀ ਜਗੀਰ, ਨੰਬਰਦਾਰ ਰੇਸ਼ਮ ਸਿੰਘ ਚੰਨਣਵਿੰਡੀ, ਨੰਬਰਦਾਰ ਸੁਖਰਾਜ ਸਿੰਘ ਸ਼ੇਖ ਮਾਂਗਾ, ਨੰਬਰਦਾਰ ਕਰਨੈਲ ਸਿੰਘ ਜੱਬੋਵਾਲ, ਨੰਬਰਦਾਰ ਗੁਲਜਾਰ ਸਿੰਘ ਪਤੀ ਸਰਦਾਰ ਨਬੀ ਬਖਸ਼, ਨੰਬਰਦਾਰ ਜੋਗਿੰਦਰ ਰਾਮ ਨਸੀਰਪੁਰ, ਨੰਬਰਦਾਰ ਭਜਨ ਸਿੰਘ ਤੇ ਹੋਰ ਪਿੰਡਾਂ ਦੇ ਨੰਬਰਦਾਰ ਸਾਹਿਬਾਨ ਨੇ ਸ਼ਿਰਕਤ ਕੀਤੀ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ‘ਚ ਵਾਲੀਬਾਲ ਟੂਰਨਾਮੈਂਟ ਧੂਮ – ਧਾਮ ਨਾਲ ਸਮਾਪਤ
Next articleਮਜ਼ਦੂਰ ਯੂਨੀਅਨ ਨੇ ਆਰ ਸੀ ਐੱਫ ਵਿਖੇ ਲਗਾਤਾਰ ਹੋ ਰਹੀਆਂ ਚੋਰੀਆਂ ਨੂੰ ਰੋਕਣ ਲਈ ਐਸ ਪੀ (ਡੀ) ਨੂੰ ਸੌਂਪਿਆ ਮੰਗ ਪੱਤਰ