ਮਿੱਠੀਆਂ ਉਲ਼ਝਣਾਂ

ਰਿਤੂ ਵਾਸੂਦੇਵ
(ਸਮਾਜ ਵੀਕਲੀ)
ਉਹ ਮਿੱਠੀਆਂ ਉਲ਼ਝਣਾਂ,
ਸੁਲ਼ਝਾਉਣ ਦਾ ਆਦੀ ਨਹੀਂ ਹੈ
ਤੇ ਮੈਨੂੰ ਸੋਚ ਕੇ ਨਾਂਹ ਕਰਨ ਦੀ,
ਵਾਦੀ ਨਹੀਂ ਹੈ।
ਉਹਦੀ ਕਨਸੋ ਜਿਹੀ,
ਕੋਹ-ਕਾਫ਼ ਤੋਂ ਅੱਗੇ ਪਈ ਏ।
ਜੀ, ਮੇਰੀ ਧੌਣ ਜਿਸ ਦੀ ਜ਼ਾਤ ‘ਤੇ,
ਝੁਕਦੀ ਰਹੀ ਏ।
ਉਹ ਆਪਣਾ ਥਹੁ-ਟਿਕਾਣਾ,
ਇਸ ਤਰ੍ਹਾਂ ਸਮਝਾ ਗਿਆ ਏ।
ਕਿ ਸੱਜੇ ਹੱਥ ਦੇ ਪੋਟੇ ‘ਤੇ,
ਕਿਬਲਾ ਵਾਹ ਗਿਆ ਏ।
ਜ਼ਬਰਦਸਤੀ ਹੀ ਉਸ ਦੇ,
ਇਸ਼ਕ ਦੇ ਵਿੱਚ ਪੈ ਗਏ ਨੇ।
ਮੇਰੇ ਸਾਹਾਂ ਦੀ ਤਸਬੀ ਵਿੱਚ,
ਜੋ ਮਣਕੇ ਰਹਿ ਗਏ ਨੇ।
ਕੋਲ਼ ਦਰਗਾਹ ਦੇ ਅੱਜ,
ਘੁੰਗਰੂ ਕੋਈ ਛਣਕਾ ਗਿਆ ਏ।
ਇਨਾਇਤ ਸ਼ਾਹ ਨੂੰ ਫਿਰ,
ਬੁੱਲ੍ਹੇ ਦਾ ਚੇਤਾ ਆ ਗਿਆ ਏ।
ਮੈਂ ਤੇਰੀ ਹਾਕ ਦੀ ਆਜ਼ਾਨ,
ਸੁਣ ਕੇ ਬੋਲਣਾ ਏ।
ਤੇ ਰੋਜ਼ਾ ਇਸ਼ਕ ਦਾ,
ਸਦੀਆਂ ਦੇ ਮਗਰੋਂ ਖੋਲ੍ਹਣਾ ਏ।
ਜੋ ਮੈਨੂੰ ਦਸਮ ਦਰ ਦੀ,
ਧੁਨ ਸੁਣਾਈ ਜਾ ਰਹੀ ਏ।
ਮੇਰੇ ਮਨ ਦੇ ਪਸ਼ੂ ਨੂੰ,
ਨੱਥ ਪਾਈ ਜਾ ਰਹੀ ਏ।
ਅਜੇ ਆਕਾਰ ਦੇ ਵਿੱਚ,
ਢਾਲ਼ਦਾ ਹੈ ਰੀਝ ਲਾ ਕੇ।
ਉਡੀਕੂ ਮਰਹਲਾ ਪੈਰਾਂ ਨੂੰ,
ਇੱਕ ਦਿਨ ਨੀਝ ਲਾ ਕੇ।
ਵੁਜ਼ੂ ਤਾਂ ਹਿਜਰ ਦੇ ਪਾਣੀ ਹੀ,
ਕਰਨਾ ਪੈ ਗਿਆ ਸੀ।
ਮੇਰਾ ਫਿਰ ਜਾਮ-ਏ-ਜ਼ਮਜ਼ਮ ਦਾ,
ਭੁਲੇਖਾ ਲਹਿ ਗਿਆ ਸੀ।
ਸੁਣੋ, ਐ ਸ਼ੇਖ਼! ਮੇਰੇ ਇਸ਼ਕ ਨੂੰ,
ਮਾੜਾ ਨਾ ਬੋਲੋ।
ਪੜ੍ਹਾ ਕੇ ਇਲਮ ਮੇਰੀ,
ਭਟਕਣਾ ਦੇ ਰਾਹ ਨਾ ਖੋਲ੍ਹੋ।
ਅਲਿਫ਼ ਤੋਂ ਬੈਠਣਾ, ਉੱਠਣਾ,
ਤੇ ਮੈਂ ਸਿੱਖਿਆ ਖਲੋਣਾ।
ਮੇਰੇ ਤੇ ਮੀਮ-ਮੁਰਸ਼ਿਦ ਵਿੱਚ,
ਹੁਣ ਪਰਦਾ ਨੀ ਹੋਣਾ।
ਜਿਨ੍ਹਾਂ ਨੇ ਲਾ ਲਿਆ ਸੀ,
ਏਸ ਦੇ ਬੂਹੇ ‘ਤੇ ਠਾਣਾ।
ਕਿਸੇ ਬਾਬਰ ਤੇ ਖ਼ਿਲਜੀ ਦਾ,
ਨਾ ਲੱਭਾ ਥਾਂ-ਟਿਕਾਣਾ।
ਬੁਖ਼ਾਰੇ ਤੇ ਹਜ਼ਾਰੇ,
ਏਸ ਨੇ ਨਿਗਲ਼ੇ ਸਬੂਤੇ।
ਕਈ ਹਾਸ਼ਮ ਤੇ ਵਾਰਿਸ,
ਏਸ ਵਿੱਚ ਉਲ਼ਝੇ ਕਸੂਤੇ।
ਨਹੀਂ ਜੀ, ਹੁਣ ਨਹੀਂ!
ਇਸ ਚੋਰ ਦੇ ਝਾਂਸੇ ‘ਚ ਆਉਣਾ।
ਮਸਾਂ ਦਮ ਮਾਰ ਕੇ,
ਯਾਦਾਂ ਦਾ ਹੈ ਮਲ਼ਬਾ ਚੁਕਾਉਣਾ।
~ ਰਿਤੂ ਵਾਸੂਦੇਵ
Previous articleਘਰ
Next article!! ਮੈਂ ਬਾਬਾ ਬਣ ਜਾਵਾਂ!!