ਹਰਫੂਲ ਸਿੰਘ ਭੁੱਲਰ
(ਸਮਾਜ ਵੀਕਲੀ) ਤਲਖ ਹਕੀਕਤਾਂ ਦੀ ਭੱਠੀ ਵਿੱਚ ਤਪੀ ਜ਼ਿੰਦਗੀ ਦੇ ‘ਖਰੇ’ ਹੋਣ ਤੱਕ ਦਾ ਸਫ਼ਰ ਸ਼ਬਦਾਂ ਰਾਹੀਂ ਨਾ-ਬਿਆਨਯੋਗ ਹੁੰਦਾ ਹੈ।
ਨਿੱਤ ਦੀ ਨਵੀਂ ਸਵੇਰ ਵਾਂਗ ਅੱਜ ਵੀ ਸਾਡੇ ਸਾਰਿਆਂ ਲਈ ਕੁਦਰਤ ਨੇ ਪੂਰਬ ਵਲੋਂ ਸੁਨਹਿਰੀ ਸਵੇਰ ਰਾਹੀਂ ਪਿਆਰ, ਮੁਹੱਬਤਾਂ ਅਤੇ ਖੁਸ਼ੀਆਂ ਭਰੇ ਸੁਪਨਿਆਂ ਦੀ ਰੌਸ਼ਨੀ ਵੰਡੀ ਹੈ। ਨਵੀਂ ਸਵੇਰ ਦਾ ਸੁਆਗਤ ਕਰਦਿਆਂ…
ਕਿਉਂ ਨਾ ਮੈਂ ਵੀ ਅੱਖਰਾਂ ਦੀ ਬੁੱਕਲ ਵਿੱਚ ਬੈਠ ਕੇ…
ਕਿਸੇ ਅਨੰਦਮਈ ਅਹਿਸਾਸ ਦੀ ਛੋਹ ਮਹਿਸੂਸ ਕਰਾ।
ਮੰਨਿਆ ਅੱਜ ਦੇ ਦੌਰ ‘ਚ ਦੁਨੀਆਂ ਜ਼ਿੰਦਗੀ ਦੀ ਡੂੰਘਾਈ ਵੱਲ ਘੱਟ ਤੇ ਦਿਖਾਵੇ ਵੱਲ ਜ਼ਿਆਦਾ ਜਾ ਰਹੀ ਹੈ। ਪਰ ਕਦਰਦਾਨ ਲੋਕਾਂ ਦੀ ਗਿਣਤੀ ਖ਼ਤਮ ਨਹੀਂ ਹੋ ਸਕਦੀ।
ਸਾਡੇ ਕਿਰਦਾਰ ਦੀਆਂ ਸਿਰਫ਼ ਦੋ ਹੀ ਮੰਜਿਲਾਂ ਹੁੰਦੀਆਂ ਹਨ, ਕਿਸੇ ਦੇ ਦਿਲ ਵਿੱਚ ਉਤਰ ਜਾਣਾ ਜਾਂ ਫ਼ਿਰ ਦਿਲ ਤੋਂ ਉਤਰ ਜਾਣਾ…
ਅਗਾਂਹ ਕੁਦਰਤ ਮੇਹਰ ਕਰੇ, ਹਾਲੇ ਤੱਕ ਸ਼ੀਸ਼ੇ ਦੀ ਤਰ੍ਹਾਂ ਦਿਲ ਨੂੰ ਸਾਫ਼ ਰੱਖਿਆ, ਆਪਣਿਆਂ ਤੋਂ ਛੁਪਾਕੇ ਕੋਈ ਵੀ ਨਹੀਂ ਰਾਜ ਰੱਖਿਆ, ਕਿਸੇ ਲਈ ਬਹੁਤ ਖਾਸ ਹਾਂ, ਕੁਝ ਕੁ ਨੇ ਮੈਨੂੰ ਸਮਝ ਖਾਕ ਰੱਖਿਆ!
ਸੱਚ ਲਿਖਾ ਵੀ ਤਾਂ ਕਿਵੇਂ ਲਿਖਾ ਦੁਨੀਆਦਾਰੀ ਦਾ? ਸ਼ਬਦਾਂ ਨਾਲ ਵੀ ਅਕਸਰ ਲੋਕਾਂ ਨੂੰ ਸੱਟਾਂ ਲੱਗ ਜਾਂਦੀਆਂ ਨੇ, ਬੇਸਮਝ ਤੇ ਮਕਾਰ ਲੋਕਾਂ ਨਾਲ ਰਿਸ਼ਤੇ ਰੱਖਣਾ ਬੜਾ ਨਾਜ਼ੁਕ ਜਿਹਾ ਹੁਨਰ ਹੈ, ਜੋ ਜਿਉਂਦੇ ਜੀ ਸਿੱਖਣਾ ਹੁਣ ਜ਼ਰੂਰੀ ਹੋ ਗਿਆ ਹੈ।
ਸਮਝ ਸਕਿਆ ਨਹੀਂ ਹਾਲੇ ਤਾਂ ਕਿ ਕੈਸਾ ਸੰਯੋਗ ਐ ਪਿਆਰ ਤੇ ਨਫ਼ਰਤ ਦਾ, ਨਫ਼ਰਤ ਵਾਲਿਆਂ ਦੀ ਯਾਦ ਤਕਲੀਫ਼ ਦਿੰਦੀ ਐ ਤੇ ਪਿਆਰਿਆਂ ਦੀ ਯਾਦ ਤਕਲੀਫ਼ ਵਿਚ ਆਉਂਦੀ ਹੈ! ਸੱਚ ਇਹ ਵੀ ਹੈ ਕਿ ਇੱਕੋ ਵਕਤ ਅਸੀਂ ਕਿਸੇ ਦੇ ਦਿਲ ਵਿੱਚ ਧੜਕ ਰਹੇ ਹੁੰਦੇ ਹਾਂ ਤੇ ਕਿਸੇ ਦੇ ਦਿਮਾਗ਼ ਵਿੱਚ ਰੜਕ ਰਹੇ ਹੁੰਦੇ ਹਾਂ! ਕਿਸੇ ਮਨ ‘ਤੇ ਗੁਜ਼ਰੇ ਕੀ, ਕੋਈ ਅਣਜਾਣ ਕੀ ਜਾਣੇ। ਪਿਆਰ, ਮੁਹੱਬਤ ਅਤੇ ਇਸ਼ਕ ਕਿਸਨੂੰ ਕਹਿੰਦੇ ਨੇ, ਕੋਈ ਨਦਾਨ ਕੀ ਜਾਣੇ…
ਨਫ਼ਰਤਾਂ ਦੇ ਸੰਸਾਰ ਅੰਦਰ, ਸੁੱਚਾ ਮਨ ਚਾਹਵੇਂ ਵੇਖਣਾ ਸੱਚੇ ਸੱਜਣਾਂ ਨੂੰ, ਤਾਂ ਦੱਸਦੇ ਨੇ ਲੋਕੀ ਨੈਣਾਂ ਦਾ ਕਸੂਰ!
ਜੇ ਮਨ ਹਰ ਪਲ ਮਹਿਸੂਸ ਕਰਦਾ ਉਹਦੀ ਖ਼ੁਸ਼ਬੋ, ਤਾਂ ਦੱਸਦੇ ਨੇ ਲੋਕੀ ਬੇਕਦਰੇ ਇਹਦੇ ਵਿਚ ਸਾਹਾਂ ਦਾ ਕਸੂਰ!
ਸੁਣਿਆ ਸੀ ਸੁਪਨਿਆਂ ਤੇ ਆਪਣਾ ਹੱਕ ਹੁੰਦੈ, ਜੇ ਕੋਈ ਉੱਥੇ ਵੀ ਆਵੇ, ਤਾਂ ਦੱਸਦੇ ਨੇ ਬੀਤੀ ਰਾਤ ਦਾ ਕਸੂਰ!
ਸਮਝਣੇ ਔਖੇ ਕੁਦਰਤ ਦੇ ਰੰਗ ਬੜੇ ਅਜੀਬ, ਜੇ ਕੋਈ ਦਿਲ ਕੱਢਕੇ ਹੀ ਲੈ ਜਾਵੇ, ਤਾਂ ਫਿਰ ਕਿਸਦਾ ਕਸੂਰ..?
ਅਸਲ ਵਿਚ ਤਾਂ…
*ਏਥੇ ਕੁਦਰਤ ਦੀਆਂ ਮੂਰਤਾਂ ਹੀ ਨੂਰੋ-ਨੂਰ ਨੇ,*
*ਅਸੀਂ ਜੋ ਕਸੂਰਵਾਰ ਬਣਾਏ ਸਭ ਬੇਕਸੂਰ ਨੇ!*
ਹਰਫੂਲ ਸਿੰਘ ਭੁੱਲਰ ਮੰਡੀ ਕਲਾਂ 9876870157
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly