ਪੰਜਾਬੀ ਗਾਇਕੀ ਦਾ ਸੰਖੇਪ ਜਾਇਜਾ
-ਸੁਖਵਿੰਦਰ
ਸਮਾਜ ਵੀਕਲੀ- ਇਸ ਲਿਖਤ ਵਿੱਚ ਅੱਜ ਅਸੀਂ ਪੰਜਾਬੀ ਗੀਤਕਾਰੀ, ਸੰਗੀਤਕਾਰੀ ਅਤੇ ਗਾਇਕੀ ਉਤੇ ਸੰਖੇਪ ਝਾਤ ਪਾਉਣ ਦਾ ਯਤਨ ਕਰਾਂਗੇ। ਮੇਰੀ ਸਮਝ ਅਨੁਸਾਰ ਚਾਰ ਪੰਜ ਦਹਾਕੇ ਪਹਿਲਾਂ ਦੀ ਪੰਜਾਬੀ ਗੀਤਕਾਰੀ ਅਤੇ ਗਾਇਕੀ ਲਗਭਗ ਪੇਂਡੂ ਜੱਟ ਸਭਿਆਚਾਰ ਦਾ ਹੀ ਅਕਸ ਪੇਸ਼ ਕਰਦੀ ਜਾਪਦੀ ਹੈ। ਜਿਤਨਾ ਸਮਾਂ ਸੁਰਿੰਦਰ ਕੌਰ ਅਤੇ ਪ੍ਰਕਾਸ਼ ਕੌਰ ਦੀ ਰੇਡੀਓ ਅਕਾਸ਼ਬਾਣੀ ਤੇ ਸਰਦਾਰੀ ਰਹੀ ਉਨ੍ਹਾਂ ਚਿਰ ਪੰਜਾਬੀ ਗੀਤਕਾਰੀ ਦੇ ਮਿਆਰ ਵਿੱਚ ਸਾਹਿਤਕ ਅਤੇ ਪੰਜਾਬੀ ਸੱਭਿਆਚਾਰ ਦੀ ਖ਼ੁਸ਼ਬੂ ਖਿਲਰਦੀ ਰਹੀ ਰਹੀ। ਜਦੋਂ ਤਵਿਆਂ ਭਰਨ ਅਤੇ ਲਾਊਡ ਸਪੀਕਰਾਂ ਦਾ ਦੌਰ ਆਇਆ ਤਾਂ ਪੇਂਡੂ ਸਭਿਆਚਾਰ ਅਤੇ ਘਰੇਲੂ ਰਿਸ਼ਤਿਆਂ ਦੇ ਵਿਸ਼ਿਆਂ ਵਾਲੇ ਉੱਚੀ ਅਤੇ ਬੇਸੁਰੇ ਗਾਉਣ ਵਾਲਿਆਂ ਦਾ ਵੀ ਹੜ ਜਿਹਾ ਆ ਗਿਆ। ਇਨ੍ਹਾਂ ਗਾਣਿਆਂ ਦੀ ਸ਼ੀਰਨੀ ਲਾਊਡ ਸਪੀਕਰਾਂ ਦੇ ਰਾਹੀਂ ਵਿਆਹ ਸ਼ਾਦੀਆਂ ਦੇ ਵਾਤਾਵਰਣ ਵਿੱਚ ਖਿਲਰ ਜਾਂਦੀ। ਉਸ ਸਮੇਂ ਹੀ ਅਖਾੜਿਆਂ ਦਾ ਰੁਝਾਨ ਵੀ ਸ਼ੁਰੂ ਹੋਇਆ ਜਿਸ ਵਿਚ ਕਨ ਦੇ ਹੱਥ ਰੱਖ ਕੇ ਉੱਚੀ ਹੇਕ ਨਾਲ ਗਾਉਣ ਵਾਲਿਆਂ ਨੇ ਪੇਂਡੂ ਵਰਗ ਨੂੰ ਆਪਣੇ ਵੱਲ ਖਿੱਚਿਆ ਅਤੇ ਇਨ੍ਹਾਂ ਨੇ ਲਾਊਡ ਸਪੀਕਰਾਂ ਦੀ ਰਹਿੰਦੀ ਕਸਰ ਰਬਰੂ ਲੋਕਾਂ ਦੇ ਸਹਮਣੇ ਸਟੇਜਾਂ ਦੇ ਗਾ ਕੇ ਪੂਰੀ ਕਰ ਦਿਤੀ। ਉਸ ਸਮੇਂ ਆਟੇ ਵਿੱਚ ਲੂਣ ਦੇ ਬਰਾਬਰ ਹੀ ਗੀਤਕਾਰੀ ਕੀਤੀ ਗਈ ਜਿਸ ਨੇ ਪੰਜਾਬੀ ਸਭਿਆਚਾਰ ਦੀਆਂ ਉਸਾਰੂ ਕਦਰਾਂ ਕੀਮਤਾਂ ਨੂੰ ਅਧਾਰ ਮਨ੍ਹ ਕੇ ਗੀਤਕਾਰੀ ਕੀਤੀ। ਇਸ ਖੇਤਰ ਵਿੱਚ ਨੰਦ ਲਾਲ ਨੂਰਪੁਰੀ ਜੀ ਜਾਂ ਉਨ੍ਹਾਂ ਦੇ ਪਧਰ ਦੇ ਕੁਝ ਹੋਰ ਗੀਤਕਾਰਾਂ ਦਾ ਨਾਮ ਲਏ ਜਾ ਸਕਦਾ ਹਨ।
ਗਾਇਕੀ ਦੇ ਨਾਮ ਤੇ ਸਾਜ਼ ਕੁੱਟਣ ਵਾਲੇ ਰਾਮ ਰੌਲੇ ਵਿੱਚ ਸੁਰਿੰਦਰ ਕੌਰ ਵਰਗੀ ਰਾਗਾਂ ਅਤੇ ਸੁਰ ਤਾਲ ਦਾ ਅਨੁਭਵ ਰੱਖਣ ਵਾਲੀ ਗਾਇਕਾ ਦਾ ਮਾਧਿਅਮ ਰੇਡੀਓ ਪੇਂਡੂ ਢੋਲ ਡਮਕੇ ਵਾਲੇ ਮਹੌਲ ਵਿੱਚ ਬੰਸਰੀ ਦੀ ਸੁਰ ਬਣ ਕੇ ਰਹਿ ਗਿਆ। ਇਹ ਸੁਰਿੰਦਰ ਕੌਰ ਦੀ ਛਣ ਛਣ ਕਰਦੀ ਸੁਰੀਲੀ ਅਤੇ ਰਾਗਾਂ ਦੀ ਚਾਸ਼ਨੀ ਨਾਲ ਲਿਪਟੀ ਹੋਈ ਗਾਇਕੀ ਹੀ ਸੀ। ਜਿਸ ਨੇ ਸ਼ਿਵ ਦੇ ਸਾਹਿਤਕ ਗੀਤਾਂ ਵਿਚੋਂ ਸੁਤੀ ਬਿਰਹਾ ਨੂੰ ਜਗਾਇਆ ਅਤੇ ਗਾਇਆ। ਸੁਰਿੰਦਰ ਕੌਰ ਜੀ ਦੇ ਗਾਏ ਹੋਏ ਲੋਕ ਗੀਤ ਅਸਲ ਵਿੱਚ ਮਨੁੱਖੀ ਪਿਆਰ ਅਤੇ ਦਰਦ ਭਰੀਆਂ ਭਾਵਨਾਵਾਂ ਦੀ ਤਰ਼ਜ਼ ਮਾਨੀ ਕਰਦੇ ਹੋਏ, ਮਨ੍ਹ ਦੇ ਰੇਗਸਤਾਨ ਵਿੱਚ ਇੱਕ ਹਰਿਆਲੀ ਅਤੇ ਅਨੰਦ ਭਰਿਆ ਨਖਲਸਤਾਂ ਸਿਰਜਦਾ ਹੈ। ਸੁਰਿੰਦਰ ਕੌਰ ਦੀ ਸੁਰੀਲੀ ਆਵਾਜ਼ ਅਤੇ ਉੱਚ ਪੱਧਰ ਦੀ ਕਾਵਿਕ ਗਾਇਕੀ ਦੀ ਜਦੋਂ ਵੀ ਪੰਜਾਬੀ ਗਾਇਕੀ ਵਿੱਚ ਚਰਚਾ ਹੋਵੇਹੀ ਤਾਂ ਸੁਰਿਦਰ ਕੌਰ ਦਾ ਨਾਮ ਮੋਹਰਲੀ ਕਤਾਰ ਵਿੱਚ ਹੋਵੇਗਾ । ਜੇਕਰ ਮੈਂ ਗ਼ਲਤ ਨਹੀਂ ਹਾਂ ਤਾਂ ਦਲੀਪ ਕੁਮਾਰ ਦੀ ਸ਼ਹੀਦ ਫਿਲਮ ਦੇ ਕੁਝ ਗੀਤ ਸੁਰਿੰਦਰ ਕੌਰ ਜੀ ਦੀ ਆਵਾਜ਼ ਵਿੱਚ ਰਿਕਾਰਡ ਹੋਏ ਸਨ ਅਤੇ ਉਸ ਜ਼ਮਾਨੇ ਵਿੱਚ ਇਨ੍ਹਾਂ ਗੀਤਾਂ ਨੇ ਮਕਬੂਲੀਅਤ ਵੀ ਹਾਸਿਲ ਕੀਤੀ।
ਮੈਂ ਨਿੱਜੀ ਤੌਰ ਤੇ ਪੰਜਾਬੀ ਗਾਇਕੀ ਦੇ ਸਿਰਮੌਰ ਸੁਰਿੰਦਰ ਕੌਰ, ਮੁੰਹਮਦ ਰਫ਼ੀ, ਮਹਿੰਦਰ ਕਪੂਰ, ਜਗਜੀਤ ਸਿੰਘ, ਆਸਾ ਸਿੰਘ ਮਸਤਾਨਾ ਅਤੇ ਜਗਜੀਤ ਜੀਰਵੀ ਨੂੰ ਹੀ ਤਰਜੀਹ ਦਿੰਦਾ ਅਤੇ ਸੁਣਦਾ ਹਾਂ।ਚਾਰ ਪੰਜ ਦਹਾਕੇ ਪਹਿਲਾਂ ਵੀ ਪੇਂਡੂ ਪੰਜਾਬੀ ਗਾਇਕੀ ਲਈ ਕੋਈ ਰਾਗਾਂ ਤਹਿਤ ਸੁਰ ਸਾਜ਼ ਨੂੰ ਇਨ੍ਹਾਂ ਮਹਤਵ ਨਹੀਂ ਦੀ ਦਿੱਤਾ ਜਾਂਦਾ ਸੀ ਤੇ ਹੁਣ ਵੀ ਉਹੀ ਹਾਲ ਹੈ। ਬੁਹ ਗਿਣਤੀ ਅਜੋਕੇ ਗਾਇਕਾਂ ਦੀ ਧਾੜ ਕੰਮ ਤੋਂ ਡਰਦੀ ਨੌਜਵਾਨ ਮੁੰਡੇ ਅਤੇ ਕੁੜੀਆਂ ਦੇ ਰਿਸ਼ਤੀਆਂ ਨੂੰ ਅਸ਼ਲੀਲ ਭਾਵ ਦਾ ਤੜਕਾ ਲਗਾ ਪੇਸ਼ ਕਰਦੇ ਹਨ। ਕੁੱਝ ਇਸ ਤਰ੍ਹਾਂ ਦੇ ਗਿੱਧੇ ਅਤੇ ਨਚਣ ਨਚਾਉਣ ਦੇ ਗਾਣਿਆਂ ਦੇ ਕਾਮੁਕ ਭਾਵਨਾ ਨਾਲ ਲਿਪਟੇ ਹੇਰਵੇ ਵਾਲੇ ਅਤੇ ਕੀਰਨਾ ਪਾਉ ਰਾਮ ਰੌਲੇ ਵਾਲੀ ਗੀਤ ਕਾਰੀ ਅਤੇ ਗਾਇਕੀ ਅਜੋਕੀ ਨੌਜਵਾਨੀ ਦਾ ਆਦਰਸ਼ ਬਣਦਾ ਜਾ ਰਿਹਾ ਹੈ। ਇਸ ਦੀ ਬਦੌਲਤ ਨੌਜਵਾਨੀ ਸਮਾਜ ਦਾ ਭਵਿਖ ਬਣਨ ਦੀ ਬਜਾਏ ਸਮਾਜ ਲਈ ਚਣੌਤੀ ਹਨ। ਨੌਜਵਾਨੀ ਦੇ ਵੇਗ ਦੇ ਓਹਲੇ ਬੈਠ ਕੇ ਅਸ਼ਲੀਲਤਾ, ਫੁਕਰੇ ਪਨ ਅਤੇ ਹਿੰਸਾ ਨੂੰ ਹਵਾ ਦੇਂਦੇ ਹੋਏ ਅਜੋਕੇ ਗਾਇਕ ਨੌਜਵਾਨੀ ਦੇ ਆਦਰਸ਼ ਬਣਨ ਦਾ ਸਿਰ ਤੋੜ ਯਤਨ ਕਰਦੇ ਹਨ । ਪੰਜਾਬ ਦੇ ਗਾਇਕਾ ਦਾ ਤਾਂ ਉਹ ਹਾਲ ਹੈ ਜਿਨ੍ਹਾਂ ਦਾ ਪਾਣੀ ਵਿਕਦਾ ਹੈ ਉਨ੍ਹਾਂ ਨੂੰ ਦੁੱਧ ਵੇਚਣ ਦੀ ਕੀ ਜਰੂਰਤ ਹੈ। ਸੁਰਿੰਦਰ ਕੌਰ ਜੀ ਜਾਂ ਉਨ੍ਹਾਂ ਵਰਗੇ ਸਮਕਾਲੀ ਕੁੱਝ ਚੋਣਵੇਂ ਗਾਇਕਾਂ ਨੂੰ ਛੱਡ ਕੇ ਕਿਸੇ ਹੋਰ ਨੇ ਪੰਜਾਬੀ ਕਾਵਿ ਨਹੀਂ ਗਾਇਆ। ਅਜੋਕੀ ਗਾਇਕੀ ਦੇ ਖੇਤਰ ਵਿਚ ਗੁਰਦਾਸ ਮਾਨ ਦੀ ਗੀਤਕਾਰੀ ਅਤੇ ਗਾਇਕੀ ਅਨੁਪਾਤ ਰਹੀ ਹੈ। ਪੰਜਾਬੀ ਗੀਤਕਾਰੀ ਅਤੇ ਗਾਇਕੀ ਦੇ ਅਕਾਸ਼ ਵਿਚ ਚੜਦਾ ਤਾਰਾ ਸਤਿੰਦਰ ਸਰਤਾਜ ਸਾਹਿਤਕ ਗੀਤ ਅਤੇ ਕਵਿਤਾ ਨੂੰ ਗਾਉਣ ਦਾ ਅਜੋਕੀ ਪੰਜਾਬੀ ਗਾਇਕੀ ਦਾ ਮਾਣ ਹੈ। ਅਜੋਕੇ ਤੇਜ ਤਰਾਰ ਜਿੰਦਗੀ ਦੌੜ ਦੇ ਸਫ਼ਰ ਅਤੇ ਸ਼ੋਰ ਵਿੱਚ ਸੁਰਿੰਦਰ ਕੌਰ ਦੀ ਤਰ੍ਹਾਂ ਮਨ੍ਹ ਨੂੰ ਸਕੂਨ , ਰਹਾਉ ਅਤੇ ਮਦਹੋਸ਼ ਕਰਨ ਵਾਲੀ ਠਾਹਰ ਹੈ। ਅੱਜ ਕਲ ਦੇ ਫੈਸ਼ਨ ਦੀ ਗਾਇਕੀ ਨੇ ਪੰਜਾਬੀ ਬੋਲੀ ਦੇ ਦੁੱਧ ਵਿੱਚ ਕਾਂਜੀ ਪਾ ਕੇ ਅਤੇ ਸ਼ਬਦਾਂ ਦੀ ਧੁਨੀ ਅਤੇ ਲੈਅ ਨੂੰ ਰੈਪ ਦਾ ਰੂਪ ਦੇ ਦਿੱਤਾ ਹੈ। ਲਕ ਕੁੜੀ ਦਾ ਗਾਉਣ ਵਾਲਿਆਂ ਬੇ ਸੁਰਿਆਂ ਨੂੰ ਵੀ ਲੋਕ ਕਲਾਕਾਰ ਕਹਿੰਦੇ ਹਨ। ਪੰਜਾਬੀ ਬੋਲੀ ਦਾ ਭਵਿੱਖ ਇਨ੍ਹਾਂ ਨੂੰ ਸਵਾਲ ਕਰੇਗਾ ਕੇ ਇਨ੍ਹਾਂ ਨੇ ਟਕਿਆਂ ਦੇ ਮੁੱਲ ਪੰਜਾਬੀ ਬੋਲੀ ਨੂੰ ਰੂਪ ਤੋਂ ਕਰੂਪ ਕੀਤਾ। ਸੂਫ਼ੀ ਦਾ ਮਾਣ ਅਤੇ ਗੁਰੂਆਂ ਦੀ ਸੁਚੱਜੀ ਅਤੇ ਸੰਵਾਰੀ ਬੋਲੀ ਦੇ ਰੂਪ ਨੂੰ ਕਰੂਪ ਕਰਨ ਵਾਲੇ ਇਹ ਜਿੰਮੇਵਾਰ ਭਵਿੱਖ ਦੇ ਕਟਹਿਰੇ ਵਿੱਚ ਖੜੇ ਹੋਣਗੇ। ਇਨ੍ਹਾਂ ਦੀ ਗਾਇਕੀ ਤੋਂ ਥੋੜ੍ਹਾ ਬਹੁਤ ਅੰਤਰ ਰੱਖ ਕੇ ਪੰਜਾਬੀ ਸਿਨੇਮੇ ਦਾ ਵੀ ਇਹ ਹਾਲ ਹੈ ਕਿਉਂ ਕਿ ਇਹ ਬੇਸੁਰੇ ਗਾਇਕ ਦੋਹਰੀ ਕਮਾਈ ਕਰਨ ਅਤੇ ਸਸਤੀ ਸ਼ੋਹਰਤ ਲਈ ਪੰਜਾਬੀ ਫਿਲਮਾਂ ਵਿੱਚ ਅਦਾਕਾਰੀ ਦੀ ਭੈਣ ਕਢੀ ਫਿਰਦੇ ਹਨ। ਇਨ੍ਹਾਂ ਦੀ ਗਾਇਕੀ ਅਤੇ ਕਾਬਲੀਅਤ ਆਉਂਦੇ ਸ਼ਬਦਾਂ ਤੋਂ ਅੰਦਾਜ਼ਾ ਲਗਾ ਲੈਣਾ ਕਿ ਇਹ ਸੁਰਜੀਤ ਪਾਤਰ ਜੀ ਨੂੰ ਕਹਿੰਦੇ ਹੁੰਦੇ ਸਨ “ਸਾਡੇ ਗਾਉਣ ਲਈ ਕੋਈ ਸੌਖਾ ਜਿਹਾ ਗੀਤ ਲਿਖੋ” । ਸੁਰਿੰਦਰ ਕੌਰ ਦੀ ਤੁਲਨਾ ਸਮਕਾਲੀ ਇਸਤਰੀ ਗਾਇਕਾਂ ਨਾਲ ਨਹੀਂ ਕੀਤੀ ਜਾ ਸਕਦੀ। ਉਸ ਵੇਲੇ ਵੀ ਪੰਜਾਬੀ ਇਸਤਰੀ ਅਤੇ ਮਰਦ ਗਾਇਕਾਂ ਦੀ ਗਾਇਕੀ ਸਿਧੜੀ ਅਤੇ ਰਾਗਾਂ ਤੋਂ ਲਗਭਗ ਅਣਭਿਜ ਵਰਗੀ ਅਤੇ ਉੱਚੀ ਸੁਰ ਅਤੇ ਢੋਲਕੀ ਛੈਣਿਆਂ ਵਾਲੇ ਸ਼ੋਰ ਨੂੰ ਸਮਰਪਤ ਸੀ। ਰਹੀ ਨਰਿੰਦਰ ਬੀਬਾ ਦੀ ਗਾਇਕੀ ਦੀ ਗਲ ਉਸ ਨੇ ਬੁਹਤਾਤ ਵਿੱਚ ਉੱਚੀ ਸੁਰ ਅਤੇ ਜਜ਼ਬਾਤਾਂ ਨਾਲ ਉਤਪੋਤ ਇਤਿਹਾਸਕ ਪ੍ਰਸੰਗ ਗਾਏ। ਜਿਨ੍ਹਾਂ ਵਿੱਚ ਭਾਵੁਕਤਾ ਦੀ ਸਿਖਰ ਹੁੰਦੀ ਅਤੇ ਸੰਜੀਦਗੀ ਘਟ। ਗਾਇਕਾ ਰਣਜੀਤ ਕੌਰ ਨੂੰ ਮੈਂ ਦੋ ਤਿੰਨ ਵਾਰ ਰੂਬਰੂ ਸੁਣਿਆ ਅਤੇ ਮਹਿਸੂਸ ਹੋਇਆ ਕਿ ਉਹ ਵੀ ਪੇਂਡੂ ਜੱਟਾਂ ਦੇ ਸੁਭਾ ਅਤੇ ਉਨ੍ਹਾਂ ਦੇ ਘਰੇਲੂ ਰਿਸ਼ਤਿਆਂ, ਜਿਵੇਂ ਜੇਠ, ਦਿਉਰ, ਭਰਜਾਈ ਅਤੇ ਅਮਲੀਆਂ ਦੇ ਦਾਇਰੇ ਤੋਂ ਬਾਹਰ ਨਹੀਂ ਗਈ ਅਤੇ ਸ਼ਾਇਦ ਹੀ ਉਸ ਨੇ ਕੋਈ ਸਾਹਿਤਕ ਗੀਤ ਗਾਇਆ ਹੋਵੇ। ਉਸ ਦੀ ਅਵਾਜ਼ ਵਿੱਚ ਸੁਰਿੰਦਰ ਕੌਰ ਜੀ ਵਰਗਾ ਸੁਰੀਲਾ ਅਤੇ ਆਵਾਜ਼ ਦਾ ਉੱਤਰ ਝੜਾ ਨਹੀਂ ਝਲਕਦਾ ਨਾ ਹੀ ਉਸ ਵਿੱਚ ਗੀਤ ਦੇ ਸ਼ਬਦਾਂ ਦੀ ਧੁਨੀ ਨੂੰ ਉਜਾਗਰ ਕਰਨ ਦਾ ਬਲ ਨਜ਼ਰ ਆਉਂਦਾ ਹੈ। ਰਾਗਾਂ ਦੇ ਗਿਆਨ ਅਤੇ ਗਲੇ ਦੀ ਸੁਰ ਵਾਲਾ ਗਾਇਕ ਜਾਂ ਗਾਇਕਾ ਹੀ ਆਲਾਪ ਅਤੇ ਥਲੇ ਦੀ ਧੀਮੀਂ ਸੁਰ ਨੂੰ ਅਨੁਪਾਤ (ਬੇਲੇਂਸ) ਵਿੱਚ ਗਾ ਸਕਦੇ ਹਨ ।
ਜਦੋਂ ਵੀ ਅਸੀਂ ਰਫ਼ੀ ਸਾਹਿਬ ਨੂੰ ਸੁਣਦੇ ਹਾਂ ਤਾਂ ਅਨੁਭਵ ਹੁੰਦਾ ਹੈ ਕਿ ਕਿਸ ਖੂਬਸੂਰਤੀ ਨਾਲ ਗੀਤਕਾਰ ਦੇ ਸ਼ਬਦਾਂ ਵਿੱਚ ਪਰੋਏ ਹੋਏ ਭਾਵਾਂ ਨੂੰ ਰਫ਼ੀ ਸਾਹਿਬ ਆਪਣੀ ਮਖ਼ਮਲੀ ਮੁਲਾਇਮ ਸੁਰ ਵਿਚ ਪ੍ਰਗਟ ਕਰਦੇ ਹਨ। ਇੰਜ ਪ੍ਰਤੀਤ ਹੁੰਦਾ ਹੈ ਜਿਵੇਂ ਸ਼ਬਦ ਆਪ ਹੀ ਰਫ਼ੀ ਸਾਹਿਬ ਦੀ ਅਵਾਜ ਵਿੱਚ ਗੁਣ ਗੁਣਾ ਰਹੇ ਹੋਣ। ਰਫ਼ੀ ਸਾਹਿਬ ਦੇ ਗਾਉਣ ਸਮੇਂ ਸੰਗੀਤ ਪਿੱਛੇ ਦੂਰੀ ਤੇ ਨਿਰੰਤਰ ਚਲਦਾ ਹੋਇਆ ਰਫ਼ੀ ਸਾਹਿਬ ਦੇ ਬੋਲਾਂ ਦੇ ਠਹਿਰਾਉ ਦਾ ਇੰਤਜਾਰ ਕਰਦਾ ਹੈ। ਸੁਰ ਦੇ ਅਨੁਸ਼ਾਸਨ ਵਿੱਚ ਤਬਲੇ ਜਾਂ ਢੋਲਕ ਦੀ ਤਾਲ ਹੀ ਆਵਾਜ਼ ਨਾਲ ਚਲਦੀ ਹੈ ਤਾਂ ਕੇ ਗੀਤ ਦੇ ਬੋਲ ਰਫ਼ੀ ਸਾਹਿਬ ਦੀ ਸੁਰੀਲੀ ਅਵਾਜ਼ ਵਿੱਚ ਸਰੋਤੇ ਨੂੰ ਸ਼ੀਸ਼ੇ ਦੀ ਤਰ੍ਹਾਂ ਸਾਫ ਸੁਣਾਈ ਦੇਣ। ਅਰਥ ਸਾਫ਼ ਹੈ ਕਿ ਰਫ਼ੀ ਸਾਹਿਬ ਦੀ ਆਵਾਜ਼ ਹੀ ਸੰਗੀਤ ਅਤੇ ਗੀਤ ਹੈ। ਅਜੋਕੇ ਬਹੁਤੇ ਗਾਇਕਾਂ ਅਤੇ ਸੰਗੀਤਕਾਰਾਂ ਨੂੰ ਸ਼ਾਇਦ ਇਸ ਦਾ ਇਲਮ ਨਹੀਂ ਕਈ ਵਾਰ ਟੀਵੀ ਤੇ ਦੇਖ ਕੇ ਇਨ੍ਹਾਂ ਦੀ ਅਗਿਆਨਤਾ ਤੇ ਹੈਰਾਨੀ ਹੁੰਦੀ ਹੈ। ਇਨ੍ਹਾਂ ਨੂੰ ਇਹ ਵੀ ਪਤਾ ਨਹੀਂ ਕਿ ਮੈਕਰੋ ਫੋਨ ਨੂੰ ਮੂੰਹ ਤੋਂ ਕਿਤਨੀ ਦੂਰੀ ਤੇ ਰੱਖ ਕੇ ਗਾਉਣਾ ਚਾਹੀਦਾ ਹੈ। ਮੈਨੂੰ ਅਜੇ ਤਕ ਸਮਝ ਨਹੀਂ ਲੱਗੀ ਕਿ ਪੰਜਾਬੀ ਗੀਤਕਾਰ ਅਤੇ ਗਾਇਕ ਕਿਹੜੇ ਪੈਮਾਨੇ ਨਾਲ ਨਾਪ ਕੇ ਆਪਣੇ ਆਪ ਨੂੰ ਕਲਾਕਾਰ ਕਹਿੰਦੇ ਹਨ। ਕਲਾ ਜਾਂ ਹੁਨਰ ਪ੍ਰਗਟਾਉਣ ਵਾਸਤੇ ਵਿਸ਼ੇਸ਼ ਕਲਾਤਮਕ ਕਾਬਲੀਅਤ ਅਤੇ ਯੁਗਤ ਦਾ ਹੋਣੀ ਲਾਜ਼ਮੀ ਸ਼ਰਤ ਹੈ। ਅਜੋਕੇ ਅਤੇ ਪੁਰਾਤਨ ਪੰਜਾਬੀ ਦੇ ਬੁਹ ਗਿਣਤੀ ਗਾਇਕਾ ਵਿੱਚ ਅਜਿਹਾ ਕੋਈ ਕਲਾਤਮਕ ਰੰਗ ਨਜ਼ਰ ਨਹੀਂ ਆਉਂਦਾ। ਇੰਜ ਲਗਦਾ ਹੈ ਕੇ ਪੇਂਡੂ ਸਰੋਤਿਆਂ ਦੇ ਨੀਵੇਂ ਪੱਧਰ ਦੇ ਸੁਹਜ ਸੁਆਦ ਦੇ ਕਾਰਨ ਇਨ੍ਹਾਂ ਦਾ ਉਸ ਸਮੇਂ ਸੂਤ ਆਇਆਂ ਹੋਇਆ ਸੀ। ਇਸ ਤਰ੍ਹਾਂ ਦੀ ਗਾਇਕੀ ਨੂੰ ਸੁਣਨ ਵਾਲਿਆਂ ਦੇ ਸੋਹਜ ਸੁਆਦ ਦਾ ਹਾਜ਼ਮਾ ਇਨ੍ਹਾਂ ਪਾਚਨ ਸ਼ੀਲ ਹੈ ਕਿ ਉਹ ਫੁਕਰੇ ਅਤੇ ਰਾਮ ਰੌਲੇ ਨੂੰ ਗਾਇਕੀ ਮਨ੍ਹ ਕੇ ਖੁਸ਼ੀ ਵਿੱਚ ਬੱਲੇ ਬੱਲੇ ਕਰਕੇ ਪਚਾ ਜਾਦੇਂ ਹਨ। ਪੰਜਾਬੀ ਗਾਇਕੀ ਵਰਗਾ ਹੀ ਹਾਲ ਗੁਰਬਾਣੀ ਦਾ ਗਾਇਨ ਕਰਨ ਵਾਲਿਆਂ ਰਾਗੀਆਂ ਢਾਡੀਆਂ ਨੇ ਕੀਤਾ ਹੈ। ਇਨ੍ਹਾਂ ਰਾਗੀਆਂ ਅਤੇ ਢਾਡੀਆਂ ਨੇ ਹਰਮੋਨੀਅਮ ਅਤੇ ਤਬਲੇ ਨਾਲ ਗੁਰਬਾਣੀ ਦੇ ਸ਼ਬਦਾਂ ਦੀ ਧੁਨੀ ਨੂੰ ਪ੍ਰਗਟ ਕਰਨ ਤੋਂ ਅਸਮਰਥ ਗਾ ਗਾ ਕੇ ਸੰਗਤਾਂ ਦੀ ਅਪਾਰ ਸ਼ਰਧਾ ਸਦਕਾ ਮਾਇਆ ਦੇ ਗੱਫੇ ਲੁੱਟੇ।
ਗੁਰਬਾਣੀ ਦਾ ਗਾਇਨ ਕਰਨ ਵਾਲੇ ਵਿੱਚ ਇਹ ਕਾਬਲੀਅਤ ਹੋਣੀ ਲਾਜ਼ਮੀ ਹੈ ਕਿ ਉਹ ਰਿਆਜ਼ ਨਾਲ ਸੁਰ ਕੀਤੀ ਸੁਰੀਲੀ ਅਵਾਜ ਅਤੇ ਸ਼ਬਦ ਨਾਲ ਢੁਕਵੀਂ ਸੰਗੀਤ ਬਧ ਧੁਨ ਅਤੇ ਜਿਸ ਨਾਲ ਗਾਇਕ ਗੁਰਬਾਣੀ ਦੇ ਸ਼ਬਦਾਂ ਦੀ ਧੁਨੀ ਦੇ ਭਾਵ ਨੂੰ ਉਜਾਗਰ ਕਰੇ। ਤਾਂ ਕੇ ਸੁਣਨ ਵਾਲਾ ਠਹਿਰਾਉ ਦਾ ਅਨੁਭਵ ਮਹਿਸੂਸ ਕਰਦਾ ਹੋਇਆ ਮਦਹੋਸ਼ ਹੋ ਸਕੇ। ਸੁਣਨ ਵਾਲਿਆਂ ਲਈ ਸੰਗੀਤਕ ਵਾਤਵਰਣ ਸਿਰਜਣ ਲਈ ਗੁਰਬਾਣੀ ਗਾਇਕ ਜਾਂ ਕੀਰਤਨ ਕਰਨ ਵਾਲੇ ਨੂੰ ਰਾਗਾਂ ਦਾ ਗਿਆਨ ਅਤੇ ਰਿਆਜ਼ ਨਾਲ ਸੁਰ ਕੀਤੀ ਆਵਾਜ਼ ਵਿਚ ਤੰਤੀ ਸਾਜਾਂ ਦੀ ਧੁਨ ਦੇ ਅਧਾਰਤ ਗੁਰਬਾਣੀ ਗਾਇਨ ਕਰਨ ਦੀ ਮੁਹਾਰਤ ਹੋਣੀ ਲਾਜ਼ਮੀ ਸ਼ਰਤ ਹੋਵੇਗੀ।
ਜੇਕਰ ਕਿਸੇ ਨੂੰ ਮੌਕਾ ਮਿਲੇ ਤਾਂ ਯੂਟਿਊਬ ਤੇ ਰਫ਼ੀ ਸਾਹਿਬ ਜੀ ਦੀ ਆਵਾਜ਼ ਵਿੱਚ ਗਾਇਆ ਅਤੇ ਐਸ ਮੋਹਿੰਦਰ ਦੇ ਸੰਗੀਤ ਦੀ ਧੁਨ ਦੇ ਅਧਾਰਤ ਗੁਰੂ ਨਾਨਕ ਸਾਹਿਬ ਦੀ ਰਚਨਾ ‘ ਕੋਈ ਬੋਲੇ ਰਾਮ ਰਾਮ ਕੋਇ ਖੁਦਾਇ ‘ ਜਰੂਰ ਸੁਣਨਾ। ਫਿਰ ਉਪਰ ਲਿਖੇ ਦਾ ਅਰਥ ਅਸਾਨੀ ਨਾਲ ਸਮਝ ਆ ਜਾਵੇਗਾ। https://www.youtube.com/watch?v=Xf_FKLNR51k