ਵਲੋਂ: ਸਮੀਪ ਸਿੰਘ ਗੁਮਟਾਲਾ
ਸਿਨਸਿਨੈਟੀ, ਓਹਾਇਓ (ਸਮਾਜ ਵੀਕਲੀ) ਗੁਰੂ ਨਾਨਕ ਸੋਸਾਇਟੀ ਆਫ਼ ਗ੍ਰੇਟਰ ਸਿਨਸਿਨੈਟੀ ਓਹਾਇਓ ਵਿਖੇ ਜੂਨ 2024 ਤੋਂ ਗਰਮੀਆਂ ‘ਚ 22 ਸਾਲ ਤੱਕ ਦੇ ਬੱਚਿਆਂ ਅਤੇ ਨੌਜਵਾਨਾਂ ਲਈ ਪਹਿਲੀ ਵਾਰ ਕਿਤਾਬਾਂ ਪੜਣ ਲਈ ਇੱਕ ਵਿਸ਼ੇਸ਼ ਸਮਰ ਰੀਡਿੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਵਿਦਿਅਕ ਪਹਿਲਕਦਮੀ ਵਿੱਚ ਵੱਡੀ ਗਿਣਤੀ ‘ਚ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਨੇ ਹਿੱਸਾ ਲਿਆ।
ਇਸ ਪ੍ਰੋਗਰਾਮ ਦੇ ਕੋਆਰਡੀਨੇਟਰ ਅਸੀਸ ਕੌਰ ਅਤੇ ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ ਸਥਾਨਕ ਲਾਇਬ੍ਰੇਰੀਆਂ ਵਿੱਚ ਕਿਤਾਬਾਂ ਪੜ੍ਹਨ ਦੇ ਅਜਿਹੇ ਪ੍ਰੋਗਰਾਮਾਂ ਤੋਂ ਪ੍ਰੇਰਿਤ ਹੋ ਕੇ ਇਸ ਦਾ ਆਯੋਜਨ ਗੁਰਦੁਆਰਾ ਸਾਹਿਬ ਵਿਖੇ ਕੀਤਾ ਗਿਆ। ਇਸ ਸੰਬੰਧੀ ਹੋਰ ਜਾਣਕਾਰੀ ਸਾਂਝੀ ਕਰਦੇ ਹੋਏ ਗੁਮਟਾਲਾ ਨੇ ਦੱਸਿਆ, “ਹਰ ਸਾਲ ਗਰਮੀਆਂ ਦੀਆਂ ਛੁੱਟੀਆਂ ਦੌਰਾਨ, ਮੈਂ ਆਪਣੇ ਦੋਨੋਂ ਬੱਚਿਆਂ ਨੂੰ ਸਥਾਨਕ ਲਾਇਬ੍ਰੇਰੀ ਵਿੱਚ ਕਿਤਾਬਾਂ ਪੜ੍ਹਨ ਦੇ ਇਹਨਾਂ ਪ੍ਰੋਗਰਾਮਾਂ ਵਿੱਚ ਸ਼ਾਮਲ ਹੁੰਦੇ ਦੇਖਿਆ। ਉਹ ਕਿਤਾਬਾਂ ਲਿਆ ਕੇ ਆਪਣੇ ਸਮੇਂ ਦਾ ਰਿਕਾਰਡ ਰੱਖਦੇ ਅਤੇ ਘੰਟਿਆਂ ਦੇ ਹਿਸਾਬ ਨਾਲ ਸਥਾਨਕ ਲਾਇਬਰੇਰੀ ਤੋਂ ਉਹਨਾਂ ਨੁੰ ਫਿਰ ਇਨਾਮ ਮਿਲਦੇ ਸਨ। ਇਸ ਨੂੰ ਦੇਖਦੇ ਹੋਏ ਗੁਰਦੁਆਰੇ ਵਿੱਚ ਇਸ ਪਹਿਲਕਦਮੀ ਨੂੰ ਲਿਆਉਣ ਦਾ ਵਿਚਾਰ ਪੈਦਾ ਹੋਇਆ ਤਾਂ ਜੋ ਬੱਚੇ ਸਿੱਖੀ ਅਤੇ ਪੰਜਾਬ ਨਾਲ ਸੰਬੰਧਤ ਕਿਤਾਬਾਂ ਪੜ ਸਕਣ।”
ਗੁਮਟਾਲਾ ਅਨੁਸਾਰ ਅਸੀਂ ਸਿੱਖ ਧਰਮ, ਵਿਰਸੇ, ਇਤਿਹਾਸ ਅਤੇ ਹੋਰ ਕਈ ਵਿਸ਼ਿਆਂ ਨਾਲ ਸੰਬੰਧਿਤ ਪੰਜਾਬੀ ਅਤੇ ਅੰਗਰੇਜ਼ੀ ‘ਚ 100 ਤੋਂ ਵੱਧ ਕਿਤਾਬਾਂ ਨੂੰ ਸ਼ਾਮਲ ਕੀਤਾ ਜੋ ਵੱਖ-ਵੱਖ ਉਮਰ ਦੇ ਬੱਚਿਆਂ ਲਈ ਉਚਿਤ ਸਨ। ਬੱਚਿਆਂ ਨੂੰ ਕਿਤਾਬ ਪੜ੍ਹਨ ਦੇ ਘੰਟਿਆਂ ਦਾ ਰਿਕਾਰਡ ਰੱਖਣ ਲਈ ਲੌਗ ਸ਼ੀਟ ਦਿੱਤੀ ਗਈ ਜਿਸ ਦੇ ਅਧਾਰ ‘ਤੇ ਇਨਾਮ ਵੀ ਦਿੱਤੇ ਗਏ। ਛੇ ਮਹੀਨੇ ਤੋਂ ਦੋ ਸਾਲ ਦੇ ਬੱਚਿਆਂ ਨੂੰ ਉਹਨਾਂ ਦੇ ਮਾਪਿਆਂ ਨੇ ਗੁਰਮੀਤ ਕੌਰ ਵੱਲੋਂ ਲਿਖੀਆਂ ਗਈਆਂ “ਸੋਹਣੇ ਪੰਜਾਬ ਦੀਆਂ ਸੋਹਣੀਆਂ ਬਾਤਾਂ”, “ਚਿੜੀ ਅਤੇ ਕਾਂ”, ਅਤੇ ਹੋਰ ਕਈ ਵਿਸ਼ਿਆਂ ਨਾਲ ਸੰਬੰਧਿਤ ਕਿਤਾਬਾਂ ਪੜ ਕੇ ਸੁਣਾਈਆਂ ਗਈਆਂ।
ਅਸੀਸ ਕੌਰ ਨੇ ਮਾਪਿਆਂ ਤੋਂ ਮਿਲੇ ਸਮਰਥਨ ਦਾ ਜ਼ਿਕਰ ਕਰਦੇ ਹੋਏ ਕਿਹਾ, “40 ਤੋਂ ਵੱਧ ਬੱਚਿਆਂ ਦੀ ਸ਼ਮੂਲੀਅਤ ਦੇ ਨਾਲ ਸਮਾਪਤ ਹੋਏ ਇਸ ਪ੍ਰੋਗਰਾਮ ਵਿੱਚ ਕਈ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਵਿਖੇ ਕਿਤਾਬਾਂ ਪੜ੍ਹਦੇ ਵੀ ਦੇਖਿਆ ਗਿਆ। ਪ੍ਰੋਗਰਾਮ ਦਾ ਅੰਤ ਇਨਡੋਰ ਖੇਡਾਂ ਵਾਲੀ ਜਗਾਹ ‘ਤੇ ਕੀਤਾ ਗਿਆ ਜਿੱਥੇ ਬੱਚਿਆ ਨੇ ਵੱਖ-ਵੱਖ ਖੇਡਾਂ ਅਤੇ ਗੇਮਾਂ ਦਾ ਆਨੰਦ ਮਾਣਿਆ। ਇਸ ਪਹਿਲਕਦਮੀ ਨੇ ਨਾ ਸਿਰਫ਼ ਸਿੱਖ ਨੌਜਵਾਨਾਂ ਵਿੱਚ ਕਿਤਾਬਾਂ ਪੜ੍ਹਨ ਨੂੰ ਉਤਸ਼ਾਹਿਤ ਕੀਤਾ ਸਗੋਂ ਸੱਭਿਆਚਾਰਕ ਸੰਦਰਭ ਵਿੱਚ ਸਾਹਿਤ ਪ੍ਰਤੀ ਪਿਆਰ ਪੈਦਾ ਕਰਕੇ ਭਾਈਚਾਰਕ ਸਾਂਝ ਨੂੰ ਵੀ ਮਜ਼ਬੂਤ ਕੀਤਾ।”