ਬਰਨਾਲਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ): ਸਥਾਨਕ ਬ੍ਰਹਮ ਗਿਆਨੀ ਭਗਤ ਨਾਮਦੇਵ ਜੀ ਗੁਰਦੁਆਰਾ ਸਾਹਿਬ ਵਿਖੇ ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਬਰਨਾਲਾ ਵੱਲੋਂ ਪਛੜਾ ਵਰਗ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਮੁੱਖ ਮਹਿਮਾਨ ਵਜੋਂ ਬਸਪਾ ਦੇ ਸੂਬਾ ਮੀਤ ਪ੍ਰਧਾਨ ਅਜੀਤ ਸਿੰਘ ਭੈਣੀ ਸ਼ਾਮਲ ਹੋਏ। ਬਲਦੇਵ ਸਿੰਘ ਮਹਿਰਾ, ਸੂਬਾ ਜਨਰਲ ਸਕੱਤਰ, ਸੁਰਿੰਦਰ ਸਿੰਘ ਕੰਬੋਜ ਲੋਕ ਸਭਾ ਇੰਚਾਰਜ਼ ਫਿਰੋਜ਼ਪੁਰ, ਡਾਕਟਰ ਮੱਖਣ ਸਿੰਘ ਲੋਕ ਸਭਾ ਇੰਚਾਰਜ਼ ਸੰਗਰੂਰ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ। ਸਮਾਗਮ ਦੀ ਪ੍ਰਧਾਨਗੀ ਡਾਕਟਰ ਸਰਬਜੀਤ ਸਿੰਘ ਖੇੜੀ ਨੇ ਕੀਤੀ। ਕੇਡਰ ਕੈਂਪ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਅਜੀਤ ਸਿੰਘ ਭੈਣੀ ਨੇ ਸਮਝਾਇਆ ਕਿ ਹੁਣ ਤੱਕ ਦੀਆਂ ਸਰਕਾਰਾਂ ਨੇ ਪਛੜੇ ਵਰਗ ਨੂੰ ਉਹਨਾਂ ਦੇ ਬਣਦੇ ਅਧਿਕਾਰ ਦੇਣ ਦੀ ਬਜਾਏ ਹਮੇਸ਼ਾ ਗੁੰਮਰਾਹ ਕਰਕੇ ਰੱਖਿਆ ਹੈ। ਉਹਨਾਂ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਬਸਪਾ ਦੀ ਸਰਕਾਰ ਸਮੇਂ ਪਛੜੇ ਵਰਗਾਂ ਨੂੰ ਹਰ ਖੇਤਰ ਵਿੱਚ ਹਿੱਸੇਦਾਰੀ ਦਿੱਤੀ ਗਈ। ਸਾਰੇ ਦੇਸ਼ ਵਿੱਚ ਇਕੱਲਾ ਉੱਤਰ ਪ੍ਰਦੇਸ਼ ਹੀ ਅਜਿਹਾ ਸੂਬਾ ਹੈ ਜਿੱਥੇ ਪਛੜੇ ਵਰਗ ਦਾ ਕੋਈ ਬੈਕਲਾਗ ਨਹੀਂ ਹੈ। ਉਹਨਾਂ ਕਿਹਾ ਕਿ ਜੇਕਰ ਪਛੜੇ ਵਰਗ ਦੇ ਲੋਕ ਅਨੁਸੂਚਿਤ ਜਾਤੀਆਂ ਨਾਲ ਰਲ਼ ਕੇ ਪੰਜਾਬ ਵਿੱਚ ਸਰਕਾਰ ਬਣਾ ਲੈਣ ਤਾਂ ਇੱਥੇ ਵੀ ਪਛੜੇ ਵਰਗਾਂ ਨੂੰ ਬਣਦੀ ਪ੍ਰਤੀਨਿਧਤਾ ਅਨੁਸਾਰ ਸਰਕਾਰੀ ਨੌਕਰੀਆਂ ਦਿੱਤੀਆਂ ਜਾਣਗੀਆਂ।
ਸਮਾਗਮ ਨੂੰ ਸੰਬੋਧਨ ਕਰਦਿਆਂ ਸੂਬੇ ਦੇ ਜਨਰਲ ਸਕੱਤਰ ਬਲਦੇਵ ਸਿੰਘ ਮਹਿਰਾ ਨੇ ਕਿਹਾ ਕਿ ਪਛੜੇ ਵਰਗਾਂ ਦਾ ਹਿਤ ਬਸਪਾ ਵਿੱਚ ਹੀ ਸੁਰੱਖਿਅਤ ਰਹਿ ਸਕਦਾ ਹੈ। ਉਹਨਾਂ ਕਿਹਾ ਕਿ ਬਸਪਾ ਨੇ ਹੀ ਸਾਨੂੰ ਬਣਦਾ ਮਾਣ ਸਨਮਾਨ ਦਿੱਤਾ ਹੈ।
ਸੁਰਿੰਦਰ ਸਿੰਘ ਕੰਬੋਜ ਇੰਚਾਰਜ਼ ਲੋਕ ਸਭਾ ਫਿਰੋਜ਼ਪੁਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਕੇਜਰੀਵਾਲ ਮਾਡਲ ਪੂਰੀ ਤਰ੍ਹਾਂ ਫੇਲ੍ਹ ਸਾਬਿਤ ਹੋ ਚੁੱਕਾ ਹੈ। ਲੋਕ ਹੁਣ ਇਸ ਗੱਲ ਨੂੰ ਸਮਝ ਚੁੱਕੇ ਹਨ ਅਤੇ ਉਨ੍ਹਾਂ ਦੀ ਨਿਗ੍ਹਾ ਹੁਣ ਬਸਪਾ ਉੱਪਰ ਹੀ ਟਿਕ ਰਹੀ ਹੈ।
ਇਸ ਸਮੇਂ ਡਾਕਟਰ ਮੱਖਣ ਸਿੰਘ ਇੰਚਾਰਜ਼ ਲੋਕ ਸਭਾ ਸੰਗਰੂਰ, ਦਰਸ਼ਨ ਸਿੰਘ ਝਲੂਰ, ਲੈਕਚਰਾਰ ਅਮਰਜੀਤ ਸਿੰਘ ਝਲੂਰ, ਡਾਕਟਰ ਜਗਜੀਵਨ ਸਿੰਘ ਡੀਐਚਓ, ਹਵਾ ਸਿੰਘ ਹਨੇਰੀ, ਪਵਿੱਤਰ ਸਿੰਘ ਸੰਗਰੂਰ, ਦਰਸ਼ਨ ਸਿੰਘ ਬਾਜਵਾ, ਬੂਟਾ ਖਾਨ ਕੋਟਦੁੱਨਾ, ਡਾਕਟਰ ਸੋਮਾ ਸਿੰਘ ਗੰਡੇਵਾਲ, ਸੱਤਪਾਲ ਸਿੰਘ ਸੰਘੇੜਾ, ਸੁਖਵਿੰਦਰ ਸਿੰਘ ਢੋਲੂ ਆਦਿ ਆਗੂ ਵੀ ਹਾਜ਼ਰ ਸਨ। ਆਖਰ ਵਿੱਚ ਡਾਕਟਰ ਸਰਬਜੀਤ ਸਿੰਘ ਖੇੜੀ ਨੇ ਆਏ ਮਹਿਮਾਨਾਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ। ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਜਗਰੂਪ ਸਿੰਘ ਖਾਲਸਾ ਨੇ ਬਾਖੂਬੀ ਨਿਭਾਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly