*ਵਾਅਦੇ ਪੂਰੇ ਨਾ ਕੀਤੇ ਤਾਂ ਪੰਜਾਬ ਪੱਧਰੀ ਹੋਵੇਗਾ ਅੰਦੋਲਨ:- ਆਗੂ*
ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)– ਅੱਜ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਦੀ ਜਲੰਧਰ-ਕਪੂਰਥਲਾ ਇਕਾਈ ਵਲੋਂ ਪੰਜਾਬ ਦੇ ਮੁਖ ਮੰਤਰੀ ਦੇ ਨਾਮ ਇੱਕ ਮੰਗ ਪੱਤਰ ਦਿੱਤਾ ਗਿਆ, ਜਿਸ ‘ਚ ਪੰਜਾਬ ਨਾਲ ਸਬੰਧਤ ਮਸਲੇ ਤੁਰੰਤ ਹੱਲ੍ਹ ਕਰਨ ਦੀ ਮੰਗ ਕੀਤੀ ਗਈ। ਮੰਗ ਪੱਤਰ ਦੇਣ ਤੋਂ ਪਹਿਲਾ ਬੁਲਾਰਿਆਂ ਨੇ ਪੰਜਾਬ ਨਾਲ ਨਿਰੰਤਰ ਕੀਤੇ ਜਾ ਰਹੇ ਧੱਕੇ-ਵਿਤਕਰੇ ਅਤੇ ਸੂਬੇ ਦਾ ਅਮਨ ਭੰਗ ਕਰਨ ਦੀਆਂ ਸਾਜ਼ਿਸਾਂ ਬੰਦ ਕਰਵਾਉਣ ਦੀ ਮੰਗ ਕੀਤੀ ਗਈ। ਪੰਜਾਬ ਦੇ ਕੈਬਨਿਟ ਮੰਤਰੀ ਬਲਕਾਰ ਸਿੰਘ ਦੀ ਰਿਹਾਇਸ਼ ਅੱਗੇ ਕੀਤੇ ਪ੍ਰਦਰਸ਼ਨ ਉਪਰੰਤ ਉਨ੍ਹਾ ਦੇ ਪੀਏ ਨੂੰ ਇਹ ਮੰਗ ਪੱਤਰ ਦਿੱਤਾ ਗਿਆ। ਪੰਜਾਬ ਸਰਕਾਰ ਖ਼ਿਲਾਫ਼ ਕੀਤੇ ਇਸ ਪ੍ਰਦਰਸ਼ਨ ਦੌਰਾਨ ਪੰਜਾਬ ਤੇ ਕੇਂਦਰ ਸਰਕਾਰ ਨਾਲ ਸਬੰਧਤ ਮੰਗਾਂ ਨੂੰ ਤੁਰੰਤ ਹੱਲ੍ਹ ਕਰਨ ਦੀ ਮੰਗ ਕੀਤੀ ਗਈ।ਇਕੱਠ ਨੂੰ ਸੰਬੋਧਨ ਕਰਦੇ ਹੋਏ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਨਾਹਰ ਅਤੇ ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਢੇਸੀ ਨੇ ਕਿਹਾ ਫੌਰੀ ਸਰਬ ਪਾਰਟੀ ਮੀਟਿੰਗ ਸੱਦੀ ਜਾਵੇ, ਜਿਸ ‘ਚ ਚੰਡੀਗੜ੍ਹ ਪੰਜਾਬ ਦੇ ਹਵਾਲੇ ਕਰਨ, ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿਚ ਸ਼ਾਮਲ ਕੀਤੇ ਜਾਣ, ਪੰਜਾਬੀ ਮਾਂ ਬੋਲੀ ਨੂੰ ਗੁਆਂਢੀ ਸੂਬਿਆਂ ਵਿਚ ਦੂਜਾ ਸਥਾਨ, ਦਰਿਆਈ ਪਾਣੀਆਂ ਦੀ ਰੀਪੇਰੀਅਨ ਅਸੂਲ ਮੁਤਾਬਕ ਵੰਡ, ਡੈਮਾਂ ਦਾ ਪ੍ਰਬੰਧ ਪੰਜਾਬ ਦੇ ਹਵਾਲੇ ਕਰਨ, ਕਾਲੇ ਦੌਰ ‘ਚ ਪੰਜਾਬ ਸਿਰ ਚੜ੍ਹਿਆ ਕਰਜ਼ਾ ਮੁਆਫ਼ ਕਰਨ, ਯੂ.ਏ.ਪੀ.ਏ. ਤਹਿਤ ਜੇਲ੍ਹਾਂ ‘ਚ ਬੰਦ ਬੁੱਧੀਜੀਵੀਆਂ, ਸਿਆਸੀ ਕਾਰਕੁੰਨਾਂ ਅਤੇ ਸਜ਼ਾਵਾਂ ਭੁਗਤ ਚੁੱਕੇ ਸਾਰੇ ਕੈਦੀਆਂ ਨੂੰ ਤੁਰੰਤ ਰਿਹਾਅ ਕਰਨ ਦੇ ਮੁਦੇ ਹੱਲ੍ਹ ਕਰਵਾਉਣ ਲਈ ਕੇਂਦਰ ‘ਤੇ ਦਬਾਅ ਪਾਇਆ ਜਾਵੇ। ਉਕਤ ਆਗੂਆਂ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਵਲੋਂ ਪਾਰਟੀ ਵਲੋਂ ਚਲਾਈ ਇਸ ਮੁਹਿੰਮ ਨੂੰ ਆਉਣ ਵਾਲੇ ਸਮੇਂ ‘ਚ ਹੋਰ ਤੇਜ਼ ਕੀਤਾ ਜਾਵੇਗਾ। ਆਗੂਆਂ ਨੇ ਵਾਤਾਵਰਣ, ਕੁਦਰਤੀ ਸੋਮਿਆਂ, ਦਰਿਆਈ, ਧਰਤੀ ਹੇਠਲੇ ਅਤੇ ਵਰਖਾ ਦੇ ਪਾਣੀ ਦੀ ਸਾਂਭ-ਸੰਭਾਲ ਦੀ ਠੋਸ ਨੀਤੀ ਬਣਾਉਣ, ਹਰ ਖੇਤ ਤੱਕ ਨਹਿਰੀ ਪਾਣੀ ਪੁੱਜਦਾ ਕਰਨ ਅਤੇ ਸਮੁੱਚੀ ਵੱਸੋਂ ਨੂੰ ਪੀਣ ਯੋਗ ਸਾਫ ਪਾਣੀ ਦੇਣ ਦੀ ਮੰਗ ਕੀਤੀ ਗਈ।ਬੇਰੁਜ਼ਗਾਰਾਂ ਨੂੰ ਯੋਗਤਾ ਅਨੁਸਾਰ ਪੱਕਾ ਕੰਮ ਜਾਂ ਢੁਕਵਾਂ ਬੇਰੁਜ਼ਗਾਰੀ ਭੱਤਾ ਦੇਣ, ਨਿੱਜੀਕਰਨ ਦੀ ਨੀਤੀ ਤਿਆਗ ਕੇ ਖਾਲੀ ਪਈਆਂ ਸਾਰੀਆਂ ਅਸਾਮੀਆਂ ਪੱਕੇ ਤੌਰ ‘ਤੇ ਪੁਰ ਕਰਨ, ਵੇਰਕਾ ਵਰਗੇ ਜਨਤਕ ਖੇਤਰ ਦੇ ਅਦਾਰਿਆਂ ਨੂੰ ਮੁੜ ਪੈਰਾਂ ਸਿਰ ਖੜ੍ਹਾ ਕਰਨ ਲਈ ਵਸੀਲੇ ਜੁਟਾਉਣ, ਖੇਤੀ ਸਮੇਤ ਛੋਟੇ ਤੇ ਦਰਮਿਆਨੇ ਉਦਯੋਗ, ਕਾਰੋਬਾਰ ਅਤੇ ਪ੍ਰਚੂਨ ਵਪਾਰ ਨੂੰ ਪ੍ਰਫੁਲਿਤ ਕਰਨ ਦੀ ਨੀਤੀ ਬਣਾਉਣ ਦੀ ਮੰਗ ਕੀਤੀ ਗਈ। ਖੇਤੀ ਅਧਾਰਿਤ ਸਨਅਤਾਂ ਲਾ ਕੇ ਰੁਜ਼ਗਾਰ ਦੇਣ, ਛੋਟੇ ਉਦਯੋਗ ਤੇ ਕਾਰੋਬਾਰ ਸ਼ੁਰੂ ਕਰਨ ਲਈ ਬਿਨਾਂ ਵਿਆਜ਼, ਬਿਨਾਂ ਗਰੰਟੀ ਤੋਂ ਕਰਜ਼ੇ ਦੇਣ। ਨਸ਼ਾ ਕਾਰੋਬਾਰ ਨੂੰ ਠਲ੍ਹ ਪਾਉਣ ਲਈ ਨਸ਼ਾ ਤਸਕਰਾਂ, ਭ੍ਰਿਸ਼ਟ ਸਿਆਸਤਦਾਨਾਂ ਅਤੇ ਪੁਲਸ-ਪ੍ਰਸ਼ਾਸ਼ਨ ਵਿਚਲੀਆਂ ਕਾਲੀਆਂ ਭੇਡਾਂ ਦੀ ਨਾਪਾਕ ਤਿਕੜੀ ਭੰਨਣ ਦੀ ਮੰਗ ਕੀਤੀ ਗਈ। ਰੇਤ-ਬਜਰੀ, ਖਣਨ ਮਾਫੀਆ ਦੀ ਲੁੱਟ ਬੰਦ ਕਰਨ, ਮਾਈਕਰੋ ਫਾਈਨਾਂਸ ਕੰਪਨੀਆਂ ਦੀ ਲੁੱਟ ਬੰਦ ਕਰਵਾਉਣ ਅਤੇ ਬੇਜ਼ਮੀਨੇ ਪੇਂਡੂ ਮਜ਼ਦੂਰਾਂ ਨੂੰ ਸਹਿਕਾਰੀ ਸਭਾਵਾਂ ਦੇ ਮੈਂਬਰ ਬਣਾਉਣ ਦੀ ਮੰਗ ਕੀਤੀ ਗਈ। ਅਬਾਦਕਾਰਾਂ ਨੂੰ ਮਾਲਕੀ ਹੱਕ ਦੇਣ ਦੀ ਮੰਗ ਵੀ ਕੀਤੀ ਗਈ। ਆਗੂਆਂ ਨੇ ਕਿਹਾ ਕਿ ਮਹਿੰਗਾਈ ਦੇ ਲਿਹਾਜ਼ ਨਾਲ ਤਨਖ਼ਾਹਾਂ ਵਧਾਈਆਂ ਜਾਣ ਅਤੇ ਕੰਮ ਦਿਹਾੜੀ 8 ਘੰਟੇ ਤੋਂ 12 ਘੰਟੇ ਕਰਨ ਵਾਲੀ ਚਿੱਠੀ ਰੱਦ ਕੀਤੀ ਜਾਵੇ, 4 ਕਿਰਤ ਕੋਡ ਰੱਦ ਕਰਕੇ ਕਿਰਤੀਆਂ ਦੇ ਹੱਕਾਂ ਦੀ ਰਾਖੀ ਕਰਦੇ 44 ਕਨੂੰਨ ਬਹਾਲ ਕੀਤੇ ਜਾਣ। ਮਹਿੰਗਾਈ ਦਾ ਟਾਕਰਾ ਕਰਨ ਲਈ ਸਰਵ ਜਨਕ ਜਨਤਕ ਵੰਡ ਪ੍ਰਣਾਲੀ ਲਾਗੂ ਕੀਤੀ ਜਾਵੇ, ਜਿਸ ਤਹਿਤ ਸਾਰੇ ਲੋੜਵੰਦਾਂ ਨੂੰ ਆਟਾ-ਦਾਲ, ਬਾਲਣ ਸਮੇਤ ਰੋਜ਼ਾਨਾ ਖਪਤ ਦੀਆਂ ਸੱਭੇ ਵਸਤਾਂ ਨਿਗੂਣੇ ਰੇਟਾਂ ‘ਤੇ ਦਿੱਤੀਆਂ ਜਾਣ।ਆਗੂਆਂ ਨੇ ਪੁਰਜ਼ੋਰ ਸ਼ਬਦਾਂ ‘ਚ ਮੰਗ ਕੀਤੀ ਕਿ ਡੀਜ਼ਲ-ਪੈਟਰੋਲ, ਬਿਜਲੀ ਅਤੇ ਬਸ ਕਿਰਾਏ ‘ਚ ਕੀਤਾ ਵਾਧਾ ਤੁਰੰਤ ਵਾਪਸ ਲਿਆ ਜਾਵੇ। ਸਾਰੇ ਲੋੜਵੰਦਾਂ ਦੇ ਨੀਲੇ ਕਾਰਡ ਬਣਾਉਣ। ਕੱਟੇ ਕਾਰਡ ਫੌਰੀ ਬਹਾਲ ਕਰਨ, ਮਗਨਰੇਗਾ ਤਹਿਤ ਸਾਰੇ ਪਰਿਵਾਰ ਨੂੰ, ਸਾਰਾ ਸਾਲ, 700 ਰੁਪਏ ਦਿਹਾੜੀ ਤਹਿਤ ਕੰਮ ਦੇਣ ਅਤੇ ਮਨਰੇਗਾ ਕਸਬਿਆਂ/ਸ਼ਹਿਰਾਂ ‘ਚ ਵੀ ਲਾਗੂ ਕਰਨ ਦੀ ਮੰਗ ਕੀਤੀ ਗਈ। ਬੇਘਰਿਆਂ ਨੂੰ ਸ਼ਹਿਰਾਂ ਵਿਚ 5 ਮਰਲੇ ਅਤੇ ਪਿੰਡਾਂ ਵਿਚ 10 ਮਰਲੇ ਰਿਹਾਇਸ਼ੀ ਥਾਂ ਤੇ ਮਕਾਨ ਬਣਾਉਣ ਲਈ ਗ੍ਰਾਂਟ ਦਿੱਤੀ ਜਾਵੇ ਜਾਂ ਫਲੈਟ ਬਣਾ ਕੇ ਦਿੱਤੇ ਜਾਣ। ਸਮੁੱਚੀ ਵਸੋਂ ਨੂੰ ਇਕਸਾਰ ਮਿਆਰੀ ਸਿੱਖਿਆ ਅਤੇ ਸਿਹਤ ਸਹੂਲਤਾਂ ਸਰਕਾਰ ਵਲੋਂ ਮੁਫ਼ਤ ਮੁਫ਼ਤ ਦੇਣ। ਹਸਪਤਾਲਾਂ ਵਿਚ ਡਾਕਟਰ, ਨਰਸਾਂ, ਤਕਨੀਕੀ ਸਟਾਫ਼ ਅਤੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਵਿਚ ਅਧਿਆਪਕਾਂ ਤੇ ਸਹਾਇਕ ਅਮਲੇ ਦੀ ਰੈਗੂਲਰ ਭਰਤੀ ਕਰਨ ਦੀ ਮੰਗ ਕੀਤੀ ਗਈ। ਜਾਤੀਵਾਦੀ ਅਤੇ ਲਿੰਗਕ ਵਿਤਕਰੇ ਤੇ ਘਿਨਾਉਣੇ ਅਪਰਾਧ ਸਖ਼ਤੀ ਨਾਲ ਰੋਕਣ ਦੀ ਮੰਗ ਕੀਤੀ ਗਈ। ਆਗੂਆਂ ਨੇ ਕਿਹਾ ਕਿ ‘ਆਮ ਆਦਮੀ ਪਾਰਟੀ ਆਪਣੀਆਂ ਗਾਰੰਟੀਆਂ ਮੁਤਾਬਕ ਔਰਤਾਂ ਨੂੰ ਪਿਛਲੇ ਬਕਾਏ ਸਮੇਤ 1100 ਰੁਪਏ ਪ੍ਰਤੀ ਮਹੀਨਾ ਨਗਦ ਸਹਾਇਤਾ, 2500 ਰੁਪਏ ਪ੍ਰਤੀ ਮਹੀਨਾ ਵਿਧਵਾ-ਬੁਢਾਪਾ ਪੈਨਸ਼ਨ ਦੇਣ ਦੀ ਮੰਗ ਕੀਤੀ ਗਈ। ਇਕੱਠ ਨੂੰ ਹੋਰਨਾ ਤੋਂ ਇਲਾਵਾ ਮਨੋਹਰ ਗਿੱਲ, ਪਰਮਜੀਤ ਰੰਧਾਵਾ, ਸੰਤੋਖ ਸਿੰਘ ਬਿਲਗਾ, ਡਾ. ਸਰਬਜੀਤ ਮੁਠੱਡਾ ਤੋਂ ਬਿਨ੍ਹਾਂ ਬਲਦੇਵ ਸਿੰਘ ਨੂਰਪੁਰੀ, ਨਿਰਮਲ ਮਲਸੀਆ, ਮੱਖਣ ਪੱਲਣ, ਜਰਨੈਲ ਫਿਲੌਰ ਤੇ ਮੇਜਰ ਖੁਰਲਾਪੁਰ ਆਦਿ ਨੇ ਸੰਬੋਧਨ ਕੀਤਾ। ਅੱਜ ਦੇ ਧਰਨੇ ਦੀ ਪ੍ਰਧਾਨਗੀ ਸਰਬਜੀਤ ਸੰਗੋਵਾਲ, ਸੁਖਦੇਵ ਬਾਂਕਾ ਤੇ ਹਰਮੁਨੀ ਸਿੰਘ ਨੇ ਕੀਤੀ। ਇਸ ਮੌਕੇ ਵੱਖ-ਵੱਖ ਇਲਾਕਿਆਂ ‘ਚੋਂ ਵੱਡੇ ਜਥੇ ਲੈ ਕੇ ਆਉਣ ਵਾਲਿਆਂ ‘ਚ ਦਲਵਿੰਦਰ ਕੁਲਾਰ, ਕੁਲਦੀਪ ਫਿਲੌਰ, ਰਾਮ ਕਿਸ਼ਨ ਸਿੰਘ, ਕੁਲਜੀਤ ਫਿਲੌਰ, ਮਨਜਿੰਦਰ ਢੇਸੀ, ਸਤਪਾਲ ਸਹੋਤਾ, ਹਰਬੰਸ ਮੱਟੂ ਆਦਿ ਹਾਜ਼ਰ ਸਨ।9 ਤੋਂ 15 ਸਤੰਬਰ ਤੱਕ ਆਰਐੱਮਪੀਆਈ, ਸੀਪੀਆਈਐੱਮਐੱਲ ਲਿਬਰੇਸ਼ਨ ਅਤੇ ਐੱਮਸੀਪੀਆਈ ਯੂ ਵਲੋਂ ਕੇਂਦਰ ਅਤੇ ਪੰਜਾਬ ਸਰਕਾਰ ਪਾਸੋਂ ਮੰਗਾਂ ਮਨਵਾਉਣ ਲਈ ਮੰਤਰੀਆਂ ਦੇ ਘਰਾਂ ਅੱਗੇ ਧਰਨੇ ਲਗਾ ਕੇ ਮੰਗ ਪੱਤਰ ਦਿੱਤੇ ਜਾ ਰਹੇ ਹਨ। ਜਿਸ ਤਹਿਤ ਇਹ ਮੰਗ ਪੱਤਰ ਦਿੱਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly