ਫਿਰਕਾਪ੍ਰਸਤੀ ਦਾ ਮੁਕਾਬਲਾ ਪੰਜਾਬ ਦੇ ਮੂਲ ਸੱਭਿਆਚਾਰ ਨਾਲ ਜੁੜ ਕੇ ਹੀ ਕੀਤਾ ਜਾ ਸਕਦੈ – ਡਾ. ਪਰਮਿੰਦਰ
ਨਵਾਂਸ਼ਹਿਰ/ਬੰਗਾ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) “ਪਾਸ਼ ਦੀ ਕਵਿਤਾ ਵਾਂਗ ਹੀ ਉਸਦੀ ਵਾਰਤਕ ਵੀ ਸਾਡੇ ਦੇਸ਼ ਨੂੰ ਦਰਪੇਸ਼ ਮਸਲਿਆਂ ਨੂੰ ਸਮਝਣ ਅਤੇ ਉਨ੍ਹਾਂ ਦੇ ਹੱਲ ਤਲਾਸ਼ਣ ਲਈ ਅੱਜ ਵੀ ਓਨੀ ਹੀ ਪ੍ਰਸੰਗਿਕ ਹੈ ਜਿੰਨ੍ਹੀ ਇਹ ਲਿਖੇ ਜਾਣ ਸਮੇਂ ਸੀ। ਪਾਸ਼ ਨੇ 1980ਵਿਆਂ ਵਿਚ ਪੰਜਾਬ ਵਿਚ ਉੱਭਰੇ ਫਿਰਕਾਪ੍ਰਸਤੀ ਦੇ ਵਰਤਾਰੇ ਨੂੰ ਬਾਬਾ ਨਾਨਕ ਦੀ ਸੋਚ ਅਤੇ ਪੰਜਾਬ ਦੇ ਮੂਲ ਸੱਭਿਆਚਾਰ ਨੂੰ ਆਤਮਸਾਤ ਕਰਕੇ ਸਮਝਿਆ ਅਤੇ ਫਿਰਕਾਪ੍ਰਸਤ ਤਾਕਤਾਂ ਤੇ ਇਨ੍ਹਾਂ ਨੂੰ ਆਪਣੇ ਲੋਕ ਵਿਰੋਧੀ ਰਾਜਨੀਤਕ ਮੁਫ਼ਾਦਾਂ ਵਾਸਤੇ ਵਰਤ ਰਹੀਆਂ ਲੋਕ ਦੁਸ਼ਮਣ ਤਾਕਤਾਂ ਵਿਰੁੱਧ ਅਵਾਮ ਨੂੰ ਜਾਗਰੂਕ ਕਰਨ ਲਈ ਕਲਮ ਨੂੰ ਹਥਿਆਰ ਬਣਾਇਆ।”
ਇਹ ਵਿਚਾਰ ਅੱਜ ਇੱਥੇ ਸਿੱਖ ਨੈਸ਼ਨਲ ਕਾਲਜ ਬੰਗਾ ਦੇ ਪੈਂਜੀ ਇਕਮਿੰਦਰ ਸਿੰਘ ਸੰਧੂ ਸੈਮੀਨਾਰ ਹਾਲ ਵਿਚ ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ ਵੱਲੋਂ ਇਨਕਲਾਬੀ ਕਵੀ ਪਾਸ਼ ਦੇ ਜਨਮ ਦਿਵਸ ’ਤੇ “ਪਾਸ਼ ਦੀ ਵਾਰਤਕ ਅਤੇ ਇਸਦੀ ਪ੍ਰਸੰਗਿਕਤਾ” ਵਿਸ਼ੇ ਉੱਪਰ ਬੋਲਦਿਆਂ ਨਾਮਵਰ ਚਿੰਤਕ ਡਾ. ਪਰਮਿੰਦਰ ਨੇ ਪ੍ਰਗਟ ਕੀਤੇ। ਵਿਚਾਰ ਚਰਚਾ ਸੈਸ਼ਨ ਦੀ ਪ੍ਰਧਾਨਗੀ ਪ੍ਰੋਫੈਸਰ ਜਗਮੋਹਣ ਸਿੰਘ, ਕਾਲਜ ਦੇ ਪ੍ਰਿੰਸੀਪਲ ਤਰਸੇਮ ਸਿੰਘ , ਜਸਵੰਤ ਜ਼ਫ਼ਰ, ਹਰਸ਼ਰਨ ਗਿੱਲ ਧੀਦੋ ਅਤੇ ਡਾ.ਅਰੀਤ ਨੇ ਕੀਤੀ।
ਉਨ੍ਹਾਂ ਕਿਹਾ ਕਿ ਬਾਬਾ ਨਾਨਕ, ਉਨ੍ਹਾਂ ਤੋਂ ਪਹਿਲੇ ਤੇ ਉਨ੍ਹਾਂ ਦੇ ਸਮਕਾਲੀ ਚਿੰਤਕਾਂ ਦਾ ਮੁਹਾਵਰਾ ਬੇਸ਼ੱਕ ਧਾਰਮਿਕ ਸੀ ਪਰ ਉਨ੍ਹਾਂ ਦਾ ਸਰੋਕਾਰ ਸਮਾਜਿਕ ਸੀ। ਉਨ੍ਹਾਂ ਨੇ ਆਲੇ-ਦੁਆਲੇ ਦੇ ਉਸਾਰ ਵਿਚ ਸੰਵਾਦ ਰਚਾਇਆ ਅਤੇ ਇਸ ਖਿੱਤੇ ਅੰਦਰਲੇ ਸਭਿਆਚਾਰਕ ਸੰਗਮ ਨੂੰ ਬੁਲੰਦ ਕਰਦਿਆਂ ਲੋਕ ਦੁਸ਼ਮਣ ਤਾਕਤਾਂ ਦੀ ਪਛਾਣ ਕੀਤੀ, ਦੱਬੇ ਕੁਚਲੇ ਲੋਕਾਂ ਨੂੰ ਏਕਤਾ ’ਚ ਪਰੋਣ ਲਈ ਬਾਣੀ ਦੀ ਰਚਨਾ ਕੀਤੀ ਅਤੇ ਸੱਤਾ ਦੇ ਜ਼ੁਲਮਾਂ ਵਿਰੁੱਧ ਉੱਠਣ ਦਾ ਹੋਕਾ ਦਿੱਤਾ। ਉਨ੍ਹਾਂ ਕਿਹਾ ਕਿ 18ਵੀਂ ਸਦੀ ਦੇ ਅੱਧ ਤੋਂ ਬਾਅਦ ਹੀ ਰਹਿਤਨਾਮਿਆਂ ਆਦਿ ਰਾਹੀਂ ਸੰਸਥਾਗਤ ਮਜ਼੍ਹਬ ਉੱਭਰਿਆ ਜਿਸਨੇ ਪੰਜਾਬ ਦੇ ਸਾਂਝੇ ਸੱਭਿਆਚਾਰ ਪ੍ਰਤੀ ਸਤਿਕਾਰ ਅਤੇ ਮੁਹੱਬਤ ਦੀਆਂ ਮੂਲ ਕਦਰਾਂ-ਕੀਮਤਾਂ ਦਾ ਨਿਖੇਧ ਕਰਦਿਆਂ ਧਾਰਮਿਕ ਨਫ਼ਰਤ ਅਤੇ ਫਿਰਕਾਪ੍ਰਸਤੀ ਦੀ ਬੁਨਿਆਦ ਤਿਆਰ ਕੀਤੀ ਜਿਸ ਨੇ ਅੰਗਰੇਜ਼ ਬਸਤੀਵਾਦੀ ਰਾਜ ਵਿਚ ਤਿੱਖੇ ਵਖਰੇਵਿਆਂ ਤੇ ਫਿਰਕੂ ਝਗੜਿਆਂ ਦਾ ਰੂਪ ਅਖ਼ਤਿਆਰ ਕੀਤਾ। ਉਨ੍ਹਾਂ ਕਿਹਾ ਕਿ 1980ਵਿਆਂ ਵਿਚ ਪੰਜਾਬ ਨੇ ਦੁਵੱਲੀ ਦਹਿਸ਼ਤਗਰਦੀ ਦਾ ਸੰਤਾਪ ਹੰਢਾਇਆ ਹੈ। ਪਾਸ਼ ਨੇ ਪੰਜਾਬ ਮਸਲੇ ਦੀਆਂ ਵਿਚਾਰਧਾਰਕ ਅਤੇ ਰਾਜਸੀ ਤਹਿਆਂ ਨੂੰ ਪੰਜਾਬ ਦੇ ਸਾਂਝੇ ਸੱਭਿਆਚਾਰਕ ਪ੍ਰਪੇਖ ਵਿਚ ਸਮਝਿਆ ਅਤੇ ਵੱਖ-ਵੱਖ ਫਿਰਕਾਪ੍ਰਸਤ ਤਾਕਤਾਂ ਦੀ ਨਿਸ਼ਾਨਦੇਹੀ ਕਰਦਿਆਂ ਸਟੇਟ ਅਤੇ ਲੋਕ ਦੁਸ਼ਮਣ ਰਾਜਨੀਤਕ ਤਾਕਤਾਂ ਦੀ ਫਿਰਕਾਪ੍ਰਸਤੀ ਨੂੰ ਵਰਤਣ ਦੀ ਰਾਜਨੀਤਕ ਜ਼ਰੂਰਤ ਦੀ ਸਹੀ ਪਛਾਣ ਕੀਤੀ। ਪਾਸ਼ ਨੇ ਸਟੇਟ ਅਤੇ ਹਾਕਮ ਜਮਾਤਾਂ ਦੀ ਆਪਣੇ ਹੱਥੀਂ ਪੈਦਾ ਕੀਤੀ ਤਾਕਤ ਨੂੰ ਖ਼ਤਮ ਕਰਨ ਲਈ ਫ਼ੌਜੀ ਐਕਸ਼ਨ ਤੇ ਰਾਜਕੀ ਦਹਿਸ਼ਤਵਾਦ ਦਾ ਵੀ ਬਰਾਬਰ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਅਜੋਕੀ ਹਿੰਦੂਤਵੀ ਫਿਰਕਾਪ੍ਰਸਤੀ ਦੇ ਵਰਤਾਰੇ ਨੂੰ ਇਸ ਇਤਿਹਾਸਕ ਪ੍ਰਪੇਖ ਤੋਂ ਅਲੱਗ ਕਰਕੇ ਨਹੀਂ ਦੇਖਿਆ ਜਾ ਸਕਦਾ। ਜਿਸ ਵਿਚ ਸਟੇਟ ਦੀ ਮਿਲੀਭੁਗਤ ਹੈ ਅਤੇ ਇਹ ਉਸ ਦਾ ਤਿੱਖਾ ਰੂਪ ਹੈ। ਇਸਦਾ ਮੁਕਾਬਲਾ ਸੂਫ਼ੀ ਮੱਤ, ਭਗਤੀ ਲਹਿਰ ਅਤੇ ਨਾਨਕ ਵਿਚਾਰਧਾਰਾ ਨੂੰ ਸਹੀ ਮਾਇਨਿਆਂ ਵਿਚ ਗ੍ਰਹਿਣ ਕਰਕੇ ਹੀ ਕੀਤਾ ਜਾ ਸਕਦਾ ਹੈ। ਅੱਜ ਦੇ ਸਮੇਂ ਵਿਚ ਇਹ ਵਿਚਾਰਧਾਰਾ ਲੋਕ ਸਰੋਕਾਰਾਂ ਦੀ ਗੱਲ ਕਰਦੀ ਧਰਮ ਨਿਰਪੱਖਤਾ ਦੀ ਵਿਚਾਰਧਾਰਾ ਹੈ। ਇਸਦਾ ਇਕ ਅਜੋਕਾ ਬੱਝਵਾਂ ਬਦਲ ਇਤਿਹਾਸਕ ਕਿਸਾਨ ਅੰਦੋਲਨ ਨੇ ਪੇਸ਼ ਕੀਤਾ ਜਿਸ ਦੌਰਾਨ ਕਿਸਾਨ, ਮਜ਼ਦੂਰ, ਜਮਹੂਰੀ ਤਾਕਤਾਂ, ਸਾਹਿਤਕ ਸੱਭਿਆਚਾਰਕ ਕਾਮਿਆਂ ਦੀਆਂ ਸਾਂਝੀਆਂ ਕੋਸ਼ਿਸ਼ਾਂ ਮਿਸਾਲ ਬਣੀਆਂ ਕਿ ਫਿਰਕਾਪ੍ਰਸਤੀ ਦਾ ਮੁਕਾਬਲਾ ਕਿਵੇਂ ਕੀਤਾ ਜਾ ਸਕਦਾ ਹੈ। ਲੋਕਾਂ ਦੇ ਅੰਦੋਲਨ ਦੀ ਬੁਨਿਆਦ ’ਚ ਲੋਕਾਂ ਦਾ ਸੱਭਿਆਚਾਰ ਹੋਣਾ ਚਾਹੀਦਾ ਹੈ।
ਪ੍ਰਿੰਸੀਪਲ ਤਰਸੇਮ ਸਿੰਘ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਚਾਰ-ਵਟਾਂਦਰਾ ਅਤੇ ਸੰਵਾਦ ਹੀ ਮਸਲਿਆਂ ਨੂੰ ਸਮਝਣ ਦਾ ਸਹੀ ਤਰੀਕਾ ਹੈ ਅਤੇ ਇਹ ਜਾਰੀ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਾਸ਼ ਦੀ ਵਾਰਤਕ ਉੱਪਰ ਪਹਿਲੀ ਚਰਚਾ ਸਾਹਿਤਕ ਤੇ ਸੰਘਰਸ਼ਾਂ ਦੀ ਇਤਿਹਾਸਕ ਵਿਰਾਸਤ ਵਾਲੇ ਸਾਡੇ ਕਾਲਜ ਵਿਚ ਹੋਣਾ ਸਾਡੇ ਲਈ ਮਾਣ ਵਾਲੀ ਗੱਲ ਹੈ। ਸਮਾਗਮ ਨੂੰ ਪ੍ਰੋਫੈਸਰ ਜਗਮੋਹਣ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਾਸ਼ ਦਾ ਜਮਹੂਰੀ ਹੱਕਾਂ ਅਤੇ ਖ਼ਾਸ ਕਰਕੇ ਸਿੱਖਿਆ ਦੇ ਖੇਤਰ ਵਿਚ ਵੀ ਕਮਾਲ ਦਾ ਯੋਗਦਾਨ ਹੈ। ਪਾਸ਼ ਨੇ ਆਪਣੀ ਕਵਿਤਾ ਨੂੰ ਜ਼ਮੀਨੀ ਪੱਧਰ ’ਤੇ ਬੀਜਿਆ।
ਦੂਜੇ ਸੈਸ਼ਨ ਵਿਚ ਮਰਹੂਮ ਕਵੀ ਡਾ.ਸੁਰਜੀਤ ਪਾਤਰ, ਪਾਸ਼, ਸੰਤ ਰਾਮ ਉਦਾਸੀ, ਲਾਲ ਸਿੰਘ ਦਿਲ, ਗੁਰਦਾਸ ਰਾਮ ਆਲਮ ਅਤੇ ਬਾਵਾ ਬਲਵੰਤ ਨੂੰ ਯਾਦ ਕਰਦਿਆਂ ਖੜ੍ਹੇ ਹੋ ਕੇ ਡਾ.ਸੁਰਜੀਤ ਪਾਤਰ ਦੀ ਆਵਾਜ਼ ਵਿਚ ਗਾਏ ਬੋਲਾਂ, ‘ਉੱਠ ਜਗਾ ਦੇ ਮੋਮਬੱਤੀਆਂ’ ਸੰਗ ਆਤਮਸਾਤ ਕੀਤਾ। ਕਵੀ ਦਰਬਾਰ ਦੀ ਪ੍ਰਧਾਨਗੀ ਜਸਵੰਤ ਜ਼ਫ਼ਰ, ਪ੍ਰੋਫੈਸਰ ਸੁਰਜੀਤ ਜੱਜ, ਦਰਸ਼ਨ ਖਟਕੜ, ਉਪਕਾਰ ਸਿੰਘ (ਭਰਾਤਾ ਲੋਕ ਕਵੀ ਸੁਰਜੀਤ ਪਾਤਰ) ਗਜ਼ਲਗੋ ਗੁਰਦਿਆਲ ਰੌਸ਼ਨ, ਹਰਮੀਤ ਵਿਦਿਆਰਥੀ, ਇਕਬਾਲ ਕੌਰ ਉਦਾਸੀ ਨੇ ਕੀਤੀ। ਕਵੀ ਦਰਬਾਰ ਵਿਚ ਹਰਵਿੰਦਰ ਭੰਡਾਲ, ਇਕਬਾਲ ਕੌਰ ਉਦਾਸੀ, ਦੀਪ ਕਲੇਰ, ਸ਼ਬਦੀਸ਼,ਮਨਪ੍ਰੀਤ ਜਸ, ਗੁਰਦਿਆਲ ਰੌਸ਼ਨ, ਦਰਸ਼ਨ ਖਟਕੜ, ਕੁਲਵੰਤ ਕੌਰ ਨਗਰ, ਉਪਕਾਰ ਸਿੰਘ, ਜਸਵੰਤ ਖਟਕੜ, ਹਰਸ਼ਰਨ ਗਿੱਲ ਧੀਦੋ, ਹਰਮੀਤ ਵਿਦਿਆਰਥੀ, ਸੁਨੀਲ ਚੰਦਿਆਣਵੀ, ਪ੍ਰੋਫ਼ੈਸਰ ਸੁਰਜੀਤ ਜੱਜ, ਪਰਮਜੀਤ ਦੇਹਲ, ਕੁਲਵਿੰਦਰ ਕੁੱਲਾ, ਤਲਵਿੰਦਰ ਸ਼ੇਰਗਿੱਲ, ਜਸਵੰਤ ਜ਼ਫ਼ਰ, ਸ਼ਮਸ਼ੇਰ ਮੋਹੀ, ਮਨਜਿੰਦਰ ਕਮਲ , ਸਤਪਾਲ ਚਹਿਲ, ਜੀਵਨ, ਸ਼ਿੰਗਾਰਾ ਲੰਗੇਰੀ, ਅਨੀ ਕਾਠਗੜ੍ਹ, ਨਕਾਸ਼ ਚਿੱਤੇਵਨੀ ਅਤੇ ਸੁਖਮਨਵੀਰ ਸਿੰਘ ਨੇ ਆਪੋ ਆਪਣੇ ਕਲਾਮ ਤੇ ਗੀਤ ਪੇਸ਼ ਕੀਤੇ। ਮੰਚ ਸੰਚਾਲਨ ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ ਦੇ ਪ੍ਰਤੀਨਿਧ ਮੈਂਬਰਾਨ ਅਮੋਲਕ ਸਿੰਘ ਅਤੇ ਜਗੀਰ ਜੋਸਣ ਨੇ ਕੀਤਾ। ਇਸ ਮੌਕੇ ਪਾਸ਼, ਸੁਰਜੀਤ ਪਾਤਰ, ਸੰਤ ਰਾਮ ਉਦਾਸੀ ਅਤੇ ਹਰਬੰਸ ਹੀਓਂ ਦੇ ਪਰਿਵਾਰ ਉਚੇਚੇ ਤੌਰ ’ਤੇ ਸ਼ਾਮਲ ਹੋਏ। ਸਮਾਗਮ ‘ਚ ਗੁਰਮੀਤ ਕੜਿਆਲਵੀ, ਬੂਟਾ ਸਿੰਘ ਮਹਿਮੂਦਪੁਰ, ਹਰਮੇਸ਼ ਮਾਲੜੀ, ਜਸਬੀਰ ਦੀਪ, ਜੋਗਿੰਦਰ ਕੁੱਲੇਵਾਲ, ਅਵਤਾਰ ਲੰਗੇਰੀ, ਰਾਮ ਸਵਰਨ ਲੱਖੇਵਾਲੀ, ਮੋਹਣ ਬੀਕਾ, ਪ੍ਰੋ. ਗੁਰਪ੍ਰੀਤ ਸਿੰਘ, ਅਜਮੇਰ ਸਿੱਧੂ, ਸਰਦਾਰਾ ਸਿੰਘ ਚੀਮਾ, ਸੁੱਚਾ ਤਲਵੰਡੀ ਸਲੇਮ ਅਤੇ ਜਨਤਕ ਜਮਹੂਰੀ, ਤਰਕਸ਼ੀਲ ਜਥੇਬੰਦੀਆਂ ਤੇ ਸਾਹਿਤਿਕ ਖੇਤਰ ਨਾਲ ਜੁੜੀਆਂ ਬਹੁਤ ਸਾਰੀਆਂ ਨਾਮਵਰ ਸ਼ਖ਼ਸੀਅਤਾਂ ਹਾਜ਼ਰ ਸਨ।
ਸਮਾਗਮ ‘ਚ ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ ਦੇ ਕਨਵੀਨਰ ਸੁਰਿੰਦਰ ਧੰਜਲ ਦਾ ਸੁਨੇਹਾ ਸਾਂਝਾ ਕਰਦਿਆਂ ਦੱਸਿਆ ਗਿਆ ਕਿ ਕਿਵੇਂ ਉਹਨਾਂ ਨੇ ਕਨੇਡਾ ਅਤੇ ਹੋਰਨਾਂ ਮੁਲਕਾਂ ਤੱਕ ਪਹੁੰਚ ਰੱਖਦੇ ਮੀਡੀਆ ਚੈਨਲਾਂ ਉਪਰ ਪਾਸ਼ ਦੀ ਦੇਣ ਅਤੇ ਪ੍ਰਸੰਗਿਕਤਾ ਉਪਰ ਵਿਚਾਰਾਂ ਸਾਂਝੀਆਂ ਕੀਤੀਆਂ।
ਸਮਾਗਮ ਦੇ ਸਿਖ਼ਰ ਤੇ ਸਿੱਖ ਨੈਸ਼ਨਲ ਕਾਲਜ ਦੇ ਪੰਜਾਬੀ ਵਿਭਾਗ ਦੇ ਡਾ. ਨਿਰਮਲਜੀਤ ਨੇ ਪਾਸ਼ ਦੀ ਵਾਰਤਕ, ਕਵਿਤਾ ਅਤੇ ਇਸਦੀ ਪ੍ਰਸੰਗਿਕਤਾ ਬਾਰੇ ਮੁੱਲਵਾਨ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਾਡੇ ਕਾਲਜ, ਪਾਸ਼ ਯਾਦਗਾਰੀ ਸਾਹਿਤਕ ਸਮਾਗਮ ਹੋਣਾ ਸਾਡੇ ਲਈ ਮਾਣਮੱਤਾ ਤਾਂ ਹੈ ਹੀ ਇਸਤੋਂ ਵੀ ਵਧ ਕੇ ਇਹ ਸਮਾਗਮ ਭਵਿੱਖ਼ ਵਿਚ ਸਾਡੇ ਸਿਰ ਅਮੀਰ ਵਿਰਾਸਤ ਨੂੰ ਪ੍ਰਨਾਏ ਸਾਹਿਤ ਸਭਿਆਚਾਰ ਦੀ ਮਸ਼ਾਲ ਲੈ ਕੇ ਸਫ਼ਰ ਤੇ ਰਹਿਣ ਦੀ ਜ਼ਿੰਮੇਵਾਰੀ ਵੀ ਆਇਦ ਕਰਦਾ ਹੈ।
ਜ਼ਿਕਰਯੋਗ ਹੈ ਕਿ ਇਸ ਸਮਾਗਮ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਪੰਜਾਬੀ ਵਿਭਾਗ ਸਿੱਖ ਨੈਸ਼ਨਲ ਕਾਲਜ਼ ਬੰਗਾ, ਪਲਸ ਮੰਚ, ਪ੍ਰਗਤੀਸ਼ੀਲ ਲੇਖਕ ਸੰਘ ਇਕਾਈ ਨਵਾਂ ਸ਼ਹਿਰ,ਪੰਜਾਬੀ ਸਾਹਿਤ ਸਭਾ ਖਟਕੜ ਕਲਾਂ ਬੰਗਾ, ਦੋਆਬਾ ਰੰਗ ਮੰਚ ਮੰਗੂਵਾਲ, ਇਲਾਕੇ ਦੀਆਂ ਸਾਹਿਤਕ ਸਭਿਆਚਾਰਕ, ਤਰਕਸ਼ੀਲ, ਜਮਹੂਰੀ ਅਤੇ ਲੋਕ ਪੱਖੀ ਜਨਤਕ ਜਮਹੂਰੀ ਸੰਸਥਾਵਾਂ ਨੇ ਭਰਵਾਂ ਸਹਿਯੋਗ ਦਿੱਤਾ।
ਜਾਰੀ ਕਰਤਾ:-
ਅਮੋਲਕ ਸਿੰਘ 98778 68710
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly