ਨਾਮਕਰਨ ਬਨਾਮ ਵਿਰਾਸਤ ! (ਨਾਮ ਵਿਚ ਬਹੁਤ ਕੁਝ ਹੈ)

ਜਸਪਾਲ ਜੱਸੀ
ਜਸਪਾਲ ਜੱਸੀ
(ਸਮਾਜ ਵੀਕਲੀ)  ਸੱੱਚ ਜਾਣਿਓ ਦੋਸਤੋ !
ਬੇਟੇ ਦੇ ਘਰ ਅਰਸਾ ਸਾਢੇ ਸੱਤ ਸਾਲਾਂ ਬਾਅਦ ਪਿਛਲੇ ਦਿਨੀਂ ਬੱਚੀ ਨੇ ਜਨਮ ਲਿਆ ਤਾਂ ਘਰ ਵਿਚ ਇੱਕ ਖ਼ਾਸ ਕਿਸਮ ਦੀ ਖੁਸ਼ੀ ਅਤੇ ਉਤਸ਼ਾਹ ਹੈ। ਮਿਹਰ ਹੋਈ,ਘਰ ਵਿਚ ਨਵੇਂ ਜੀਅ ਦਾ ਪ੍ਰਵੇਸ਼ ਹੋਇਆ। ਸਭ ਨੇ ਵਧਾਈਆਂ ਦਿੱਤੀਆਂ।
            ਹੁਣ ਗੱਲ ਸੀ ਕਿ ਉਸ ਬੇਟੀ ਦਾ ਨਾਮ ਕੀ ਹੋਵੇ ? ਮੈਂ ਬੇਟੇ,ਨੂੰਹ ਰਾਣੀ ਅਤੇ ਪਤਨੀ ਵੱਲ ਦੇਖ ਰਿਹਾ ਸੀ ਕਿ ਉਹਨਾਂ ਦੇ ਨਵਜੰਮੀ ਬੱਚੀ ਦੇ ਨਾਮਕਰਨ ਲਈ ਕੀ ਵਿਚਾਰ ਹਨ। ਬੇਟਾ ਮੈਨੂੰ ਮੇਰੇ ਨਾਲੋਂ ਵੀ ਵੱਧ ਜਾਣਦਾ ਹੈ ਅਤੇ ਮੈਂ ਉਸ ਦੀ ਕਲਾ ਤੇ ਸੋਚ ਨੂੰ। ਉਹ ਮੇਰੀਆਂ ਅੱਖ਼ਾਂ ਵਿਚ ਅੱਖ਼ਾਂ ਪਾ ਕੇ ਹੱਸਿਆ।
ਹਾਲਾਂ ਕਿ ਇਹ ਪਤਾ ਸੀ ਕਿ ਅੱਜ ਕੱਲ੍ਹ ਦੇ ਬੱਚੇ ਆਪਣੇ ਬੱਚਿਆਂ ਦੇ ਜਨਮ ਲੈਣ ਤੋਂ ਪਹਿਲਾਂ ਹੀ ਨਾਮ ਰੱਖ ਲੈਂਦੇ ਹਨ ਤੇ ਸਰਕਾਰੀ ਹਦਾਇਤਾਂ ਵੀ ਇਹ ਗੱਲ ਕਹਿੰਦੀਆਂ ਹਨ। ਉਹ ਸੋਚਦੇ ਹੀ ਨਹੀਂ,ਸਗੋਂ ਨਾਮ ਪਹਿਲਾਂ ਹੀ ਸੋਚਣਾ ਪੈਂਦਾ ਹੈ,ਕਿ ਜੇ ਲੜਕੀ ਹੋਈ ਤਾਂ ਉਸ ਦਾ ਨਾਮ ਆਹ ਹੋਵੇਗਾ ਤੇ ਜੇ ਲੜਕਾ ਹੋਇਆ ਤਾਂ ਉਸ ਦਾ ਨਾਮ ਆਹ।
              ਅਸਲ ਵਿਚ ਮੇਰੇ ਦਿਮਾਗ਼ ਵਿਚ ਲੇਖਕ “ਰਸੂਲ ਹਮਜ਼ਾਤੋਵ” ਦੇ ਉਹ ਸ਼ਬਦ ਘੁੰਮ ਰਹੇ ਹਨ ਕਿ,
“ਮੁੰਡੇ ਦਾ ਨਾਮ ਤਲਵਾਰ ਦੀ ਖੜਕਾਰ” ਵਰਗਾ
ਤੇ ਲੜਕੀ ਦਾ ਨਾਮ,
“ਗ੍ਰੰਥਾਂ ਦੀ ਪਵਿੱਤਰਤਾ ਵਰਗਾ।” ਹੋਣਾ ਚਾਹੀਦਾ ਹੈ।
ਸੱਚਮੁੱਚ ਉਹੀ ਹੋਇਆ,ਜਿਸ ਦੀ ਮੈਨੂੰ ਉਮੀਦ ਸੀ।
ਪੰਜਾਬ ਵਿਚ ਤੇ ਆਪਣੇ ਖ਼ਾਨਦਾਨ ਦੀ ਵਿਰਾਸਤ ਮੁਤਾਬਿਕ ਲੜਕੀ ਦਾ ਨਾਮ ਸੱਚਮੁੱਚ ਜਿਹੜਾ ਉਹਨਾਂ ਸੋਚਿਆ ਸੀ ਉਹ ਵਿਰਾਸਤੀ ਵੀ ਹੈ ਤੇ ਮਨ ਦੀਆਂ ਭਾਵਨਾਵਾਂ ਅਨੁਸਾਰ ਵੀ,
“ਨਾਨਕੀ “।
ਘਰ ਦੀਆਂ ਵੱਡੀਆਂ ਭੂਆਂ ਦਾਦੀਆਂ,
ਗੀਤਾ,ਵੀਨਾ,ਆਦਰਸ਼ ਤੇ ਛੋਟੀ ਭੂਆ‌ ਡਾਕਟਰ ਰਿਸ਼ਮ ਵਾਂਗ।
ਪਤਨੀ ਦੇ ਮੂੰਹ ‘ਚੋਂ ਨਿਕਲਿਆ
“ਬੀਬੀ ਨਾਨਕੀ”। ਮੈਂ ਆਪਣੇ ਪਰਿਵਾਰਾਂ ਦੇ ਇਤਿਹਾਸ ਵੱਲ ਚਲਾ ਗਿਆ। ਇੱਕ ਦਮ ਬਾਬੇ ਨਾਨਕ ਦਾ ਮੁਹਾਂਦਰਾ ਅਤੇ ਮਾਤਾ ਤ੍ਰਿਪਤਾ ਦੀ ਸ਼ਕਲ ਬਣਨੀ ਸ਼ੁਰੂ ਹੋਈ ਕਿ ਨੱਕੜ ਦਾਦੇ, ਦਾਦੀਆਂ ਕਿਹੋ ਜਿਹੇ ਹੋਣਗੇ। ਖ਼ਿਆਲ ਮਹਿਤਾ ਕਾਲੂ ਜੀ ਵੱਲ ਵੀ ਗਿਆ।
ਸ਼ਾਇਦ ਮਹਿਤਾ ਕਾਲੂ ਜੀ ਨੂੰ ਵੀ ਪਤਾ ਨਹੀਂ ਸੀ ਹੋਣਾ ਕਿ ਮੈਂ ਜਿੰਨ੍ਹਾਂ ਬੱਚਿਆਂ ਦੇ ਨਾਮ “ਨਾਨਕ’ ਅਤੇ “ਨਾਨਕੀ” ਰੱਖ ਰਿਹਾ ਹਾਂ ਜਾਂ ਮਾਤਾ ਤ੍ਰਿਪਤਾ ਨੂੰ ਵੀ ਸ਼ਾਇਦ ਪੇਕੇ ਘਰ ਛਿਲਾ ਕਰਨ ਕਰ ਕੇ  ਬੱਚਿਆਂ ਦੇ ਨਾਮ “ਨਾਨਕ” ਤੇ ‘ਨਾਨਕੀ” ਰੱਖਿਆ ਹੋਵੇ। ਸ਼ਾਇਦ ਉਹਨਾਂ ਨੂੰ ਇਸ ਗੱਲ ਦਾ ਵੀ ਇਲਮ ਨਹੀਂ ਹੋਣਾ ਕਿ ਇਹ ਬੱਚੇ ਇਤਿਹਾਸ ਵਿਚ ਕੋਈ ਸਥਾਨ ਬਣਾਉਣਗੇ। ਸ਼ਰਧਾ ਵਿਚ ਭਾਵੇਂ ਸ਼ਰਧਾਲੂਆਂ ਨੇ ਅਨੇਕਾਂ ਸਾਖੀਆਂ,ਲਿਖੀਆਂ ਹੋਣ ਪਰ ਉਸ ਮਾਂ ਨੂੰ ਪਤਾ ਹੁੰਦਾ ਹੈ ਕਿ ਜਿਸ ਬੱਚੇ,ਬੱਚੀ ਨੂੰ ਮੈਂ ਜਨਮ ਦੇ ਰਹੀ ਹਾਂ ਉਹ ਖ਼ਾਨਦਾਨ ਦਾ ਨਾਮ ਰੌਸ਼ਨ ਕਰੇਗਾ ਜਾਂ ਕਰੇਗੀ।
ਇੱਕ ਵਾਰ ਤਾਂ ਖ਼ਿਆਲ “ਜਸਵੰਤ ਜ਼ਫ਼ਰ” ਦੀ ਕਵਿਤਾ ਵੱਲ ਵੀ ਗਿਆ
 “ਅਸੀਂ ਨਾਨਕ ਦੇ ਕੀ ਲੱਗਦੇ ਹਾਂ”
“ਜੇ ਸੋਚੀਏ ਤਾਂ ਅਸੀਂ ਨਾਨਕ ਤੋਂ ਬਿਨਾਂ ਇੱਕ ਪਲ਼ ਵੀ ਨਹੀਂ।”
ਕੁਝ ਵੀ ਸੀ ਹੁਣ ਇਹ “ਨਾਨਕ” ਅਤੇ “ਨਾਨਕੀ” ਨਾਮ ਪੰਜਾਬੀ ਇਤਿਹਾਸ ਅਤੇ ਸੱਭਿਆਚਾਰ ਵਿਚ ਮਾਂ ਪਿਓ ਦੇ ਸੋਚਣ ਨਾਲੋਂ ਵੱਡੇ ਅਰਥ ਰੱਖਦੇ ਹਨ:-
*ਨਾਨਕ ਚੱਲਦਾ ਚੰਗਾ ਹੈ,
  ਤੇ ਨਾਨਕੀ ਸਥਿਰ।
“ਨਾਨਕ ਸ਼ਬਦਾਂ ਦਾ ਪ੍ਰਵਾਹ ਹੈ,
ਤੇ ਨਾਨਕੀ ਉਹਨਾਂ ਸ਼ਬਦਾਂ ਦੇ ਅਰਥ।”
“ਨਾਨਕ” ਜੀਵਨ ਦੀ ਸੇਧ ਹੈ,
 ਤੇ “ਨਾਨਕੀ” ਜੀਵਨ ਦਾ ਦਰਸ਼ਨ।
“ਨਾਨਕ ਚੱਲਦਾ ਪਾਣੀ ਹੈ,
ਤੇ ਨਾਨਕੀ ਕੁੰਭੇ ਬੱਧਾ ਜਲ਼।
“ਨਾਨਕ’ ਅਤੇ “ਨਾਨਕੀ” ਦੋ ਨਾਮ ਨਹੀਂ ਹਨ ਸਾਡੀਆਂ ਜੜਾਂ ਦੇ ਪ੍ਰਤੀਕ ਹਨ।
ਪੁੱਤਰ “ਅਭਿਜੀਤ ਮਹਿਤਾ’ ਤੇ ਨੂੰਹ “ਗਰਿਮਾ ਮਹਿਤਾ” ਦੇ ਸੋਚੇ ਨਾਮ ਸੁਣ ਕੇ ਜਿੱਥੇ ਮਨ ਨੂੰ ਅਚੰਭਾ ਹੋਇਆ ਤੇ ਖੁਸ਼ੀ ਵੀ ਹੋਈ ਕਿ ਬੱਚੇ ਅਜੇ ਵੀ ਇਤਿਹਾਸ,ਸੱਭਿਆਚਾਰ ਤੇ ਖ਼ਾਨਦਾਨੀ ਪ੍ਰੰਪਰਾਵਾਂ ਬਾਰੇ ਸੋਚਦੇ ਹਨ।
ਮੈਂ ਬੇਟੇ ਨੂੰ ਹੱਸ ਕੇ ਕਿਹਾ,” ਠੀਕ ਹੈ ! ਲੜਕੀ ਦਾ ਨਾਮ ਤਾਂ “ਨਾਨਕੀ” ਸੋਚ ਲਿਆ। ਜੇ ਲੜਕਾ ਹੁੰਦਾ ਤਾਂ ਉਸ ਦਾ ਨਾਮ ਕੀ ਹੁੰਦਾ।
ਉਹ ਦੋਵੇਂ ਹੱਸ ਪਏ।
ਬੇਟੇ ਨੇ ਕਿਹਾ,” ਉਸ ਦਾ ਨਾਮ,
“ਰੁਦ੍ਰ ਪ੍ਰਤਾਪ” ਹੁੰਦਾ।
ਮੈਂ ਉਹਨਾਂ ਦੀ ਸੋਚ ਬਾਰੇ ਸੋਚ ਰਿਹਾ ਸੀ ਤੇ ਪਤਨੀ ਮੇਰੇ ਵੱਲ ਵੇਖ ਕੇ ਮੁਸਕਰਾ ਰਹੀ ਸੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਵਿਨੇਸ ਫੋਗਾਟ ਦੀ ਚੋਣ ਮੁਹਿੰਮ ਦਾ ਹਿੱਸਾ ਬਣਨ ਖੇਡਾਂ ਨਾਲ ਜੁੜੇ ਲੋਕ – ਮਾਹੀ ਖਡਿਆਲ
Next articleਯਾਦਾਂ ਬਚਪਨ ਦੀਆਂ