(ਸਮਾਜ ਵੀਕਲੀ)
ਮੈਂ ਅੱਕ ਗਈ ਆਂ
ਥੱਕ ਗਈ ਆਂ
ਕੁਰਲਾ ਰਹੀਂ ਆਂ
ਪਰ ਚੀਕ ਮੂੰਹੋਂ ਨਹੀਂ ਨਿਕਲਦੀ
ਇਹ ਗਲੇ ਵਿੱਚ ਹੀ
ਰੂਪ ਵਟਾ ਲੈਂਦੀ ਐ
ਹਾਸਾ ਬਣ ਇਹ ਖਿੜ ਖਿੜ
ਮੂੰਹੋਂ ਬਾਹਰ ਨਿਕਲਦੀ ਐ
ਚਾਬੀ ਲੱਗੇ ਖਿਡੌਣੇ ਵਾਂਗ
ਮੇਰੇ ਸਾਰੇ ਅੰਗ ਹੱਸਦੇ ਨੇ
ਮੈਂ ਮਸ਼ੀਨ ਬਣ ਜਾਂਦੀ ਹਾਂ
ਇੱਕ ਆਟੋਮੈਟਿਕ ਮਸ਼ੀਨ !
ਨਿਰਦੇਸ਼ ਦੇ ਦਿੱਤੇ ਗਏ ਹਨ
ਕੀ, ਕਿਵੇਂ, ਕਦੋਂ, ਕਿਸ ਤਰ੍ਹਾਂ
ਕੀ ਕਰਨਾ, ਕਿਵੇਂ ਹੱਸਣਾ
ਕਿਵੇਂ ਤੱਕਣਾ, ਕਿਵੇਂ ਵੱਸਣਾ
ਸਾਰੀਆਂ ਹਦਾਇਤਾਂ
ਸਮਝਾ ਦਿੱਤੀਆਂ ਗਈਆਂ ਹਨ
ਕਿਤੇ ਕੋਈ ਕਿੰਤੂ ਪ੍ਰੰਤੂ ਦਾ
ਸਵਾਲ ਈ ਨਹੀਂ
ਮੁਕੰਮਲ ਕੰਪਿਊਟਰ ਮਸ਼ੀਨਾਂ ਵਿੱਚ
ਸ਼ੁਮਾਰ ਹੋ ਜਾਂਦੀ ਹਾਂ ।
ਵਿਲੱਖਣ ਦੁਨੀਆ ਐ
ਯੰਤਰਾਂ ਦੀ ਵੀ
ਵੰਨ ਸਵੰਨੀਆਂ ,
ਹੱਸਦੀਆਂ, ਰੋਂਦੀਆਂ
ਮਹਿੰਗੀਆਂ ਤੇ ਸਸਤੀਆਂ ਮਸ਼ੀਨਾਂ
ਵਿਹਲੀਆਂ, ਵਿਅਸਤ ਮਸ਼ੀਨਾਂ
ਨਿਰੰਤਰ ਸਫ਼ਰ ਕਰਦੀਆਂ
ਘਰ ਤੋਂ ਕੰਮਾਂ ਕਾਰਾਂ ਉਤੇ
ਕੰਮਾਂ ਕਾਰਾਂ ਤੋਂ ਵਾਪਸ
ਚਾਰ ਦੀਵਾਰੀਆਂ ਵਿੱਚ
ਰਾਤਾਂ ਕੱਟਦੀਆਂ
ਵੱਖ ਵੱਖ ਤਰ੍ਹਾਂ ਦੇ
ਭਾਰ ਢੋਹਦੀਆਂ ਮਸ਼ੀਨਾਂ
ਡਿੱਗਦੀਆਂ ਢਹਿੰਦੀਆਂ ਤੇ
ਮੁੜ ਉੱਠ ਖਲੋਦੀਂਆਂ ਮਸ਼ੀਨਾਂ
ਮਸ਼ੀਨਾਂ ਨਾਲ ਮਸ਼ੀਨਾਂ ਰਲ
ਨਵੀਆਂ ਮਸ਼ੀਨਾਂ ਨੂੰ ਜਨਮ ਦੇਂਦੀਆਂ
ਇਹ ਚੱਕਰ ਘੁੰਮੀ ਜਾਂਦਾ ਐ
ਕਿਤੇ ਰੁਕਦਾ ਨਹੀਂ ਦਿਸਦਾ
ਪਰ ਮੈਂ ਥੱਕ ਗਈ ਹਾਂ
ਬਾਕੀ ਮਸ਼ੀਨਾਂ ਨਾਲ
ਸਹੀ ਤਾਲਮੇਲ ਮਿਲਾਉਂਦਿਆਂ
ਮੇਰੇ ਕਈ ਪੁਰਜ਼ੇ
ਵਿੰਗੇ ਟੇਢੇ ਹੋ ਗਏ ਹਨ ।
ਮੁਕਤੀ ਚਾਹੀਦੀ ਐ ਮੈਨੂੰ
ਇਸ ਮਸ਼ੀਨੀ ਮੂਰਤ ਤੋਂ
ਇਸ ਬੇਜਾਨ ਲੋਥ ਨੂੰ
ਮੈਂ ਹੋਰ ਨਹੀਂ ਢੋਅ ਸਕਦੀ
ਇਸ ਤੋਂ ਪਹਿਲਾਂ
ਕਿ ਇਹ ਮੂਰਤ ਖਿੱਲਰ ਕੇ
ਚੂਰ ਚੂਰ ਹੋ ਜਾਏ
ਮੈਂ ਹੱਡ ਮਾਸ ਦਾ ਜਿਸਮ
ਬਣ ਜਾਣਾ ਚਾਹੁੰਦੀ ਹਾਂ
ਜਿਸ ਵਿੱਚ ਦਿਲ ਧੜਕੇ
ਅਹਿਸਾਸ ਜਾਗਣ
ਉਮੀਦਾਂ ਤੇ ਸੁਪਨਿਆਂ ਦੀ ਮਹਿਕ
ਮਹਿਸੂਸ ਹੋਵੇ
ਮੁੜ ਕਦੇ ਮਸ਼ੀਨ ਨਾ ਬਣਾਂ ਮੈਂ
ਹਮੇਸ਼ਾ ਲਈ ਇਸਤੋਂ
ਮੁਕਤ ਹੋ ਜਾਵਾਂ ਮੈਂ
ਹਮੇਸ਼ਾ ਹਮੇਸ਼ਾ ਲਈ ।
—-
– ਬੌਬੀ ਗੁਰ ਪਰਵੀਨ