ਕਿੱਧਰ ਗਿਆ ਸਾਡੇ ਵਿੱਚੋਂ ਸ਼ਿਸ਼ਟਾਚਾਰ?

ਕਿੱਧਰ ਗਿਆ ਸਾਡੇ ਵਿੱਚੋਂ ਸ਼ਿਸ਼ਟਾਚਾਰ?

ਡਾਕਟਰ ਨਰਿੰਦਰ ਭੱਪਰ ਝਬੇਲਵਾਲੀ

ਡਾਕਟਰ ਨਰਿੰਦਰ ਭੱਪਰ ਝਬੇਲਵਾਲੀ
+91 6284145349

(ਸਮਾਜ ਵੀਕਲੀ)- ਕਿਸੇ ਵੀ ਸਮਾਜ ਦੀ ਤਰੱਕੀ ਇਸ ਗੱਲ ਤੇ ਨਿਰਭਰ ਕਰਦੀ ਹੈ, ਕਿ ਕੋਈ ਵਿਅਕਤੀ ਕਿੰਨਾ ਕੁ ਸ਼ਿਸ਼ਟਾਚਾਰ ਦਾ ਪਾਰਖੂ ਹੈ। ਸਮਾਜ ਤਾਂ ਹੀ ਅਗਾਂਹ ਵਧੇਗਾ, ਜੇਕਰ ਸਮਾਜ ਵਿੱਚ ਸ਼ਿਸ਼ਟਾਚਾਰ ਉੱਚੇ ਕਿਰਦਾਰ ਵਾਲਾ ਹੋਵੇਗਾ। ਪਰ ਅੱਜ ਦੇ ਸਮੇਂ ਅਸੀਂ ਨੈਤਿਕਤਾ, ਕਦਰਾਂ, ਕੀਮਤਾਂ ਤੇ ਸ਼ਿਸ਼ਟਾਚਾਰ ਤੋਂ ਦੂਰ ਹੁੰਦੇ ਜਾਂਦੇ ਹਾਂ ।ਗਾਲਾਂ ਕੱਢਣੀਆਂ, ਮਾੜੀ ਸ਼ਬਦਾਵਲੀ ਵਰਤਣੀ ਸਾਡੇ ਸੁਭਾਅ ਦਾ ਅੰਗ ਬਣ ਚੁੱਕਿਆ ਹੈ। ‘ਗ਼ਲਤੀ ਲਈ ਮੁਆਫੀ, ‘ਧੰਨਵਾਦ’ ‘ਮੁਆਫ ਕਰ ਦਿਓ’ ਆਦਿ ਸ਼ਬਦ ਸਾਡੇ ਰੋਜ਼ਾਨਾ ਜੀਵਨ ਵਿੱਚੋਂ ਮਨਫੀ ਹੋ ਚੁੱਕੇ ਹਨ।

ਸ਼ਿਸ਼ਟਾਚਾਰ ਨਾਲ ਹੀ ਸ਼ਿਸ਼ਟਾਚਾਰ ਪੈਦਾ ਹੁੰਦਾ ਹੈ। ਇਸ ਗੱਲ ਤੋਂ ਸਾਡੇ ਨਾਲੋਂ ਪੱਛਮੀ ਦੇਸ਼ ਮੂਹਰੇ ਹਨ। ਗ਼ਲਤੀ ਹੋਣ ਤੇ ਇੱਕ ਦੂਜੇ ਤੋਂ ਮੁਆਫੀ ਮੰਗ ਲੈਂਦੇ ਹਨ।ਪਰ ਅਸੀਂ ਗ਼ਲਤੀ ਹੋਣ ਦੇ ਬਾਵਜ਼ੂਦ ਮਾਫ਼ੀ ਨਹੀਂ ਮੰਗਦੇ, ਨਾ ਹੀ ਮੰਗਣ ਲਈ ਤਿਆਰ ਹੁੰਦੇ ਹਾਂ। ਸਗੋਂ ਦੂਸਰੇ ਦੇ ਗਲ਼ ਪੈ ਜਾਂਦੇ ਹਾਂ। ਅੱਜ ਸੜਕਾਂ, ਘਰਾਂ, ਬਾਜ਼ਾਰਾਂ, ਸੱਥਾਂ ਤੇ ਸਾਂਝੇ ਥਾਵਾਂ ਤੇ ਹੁੰਦੇ ਝਗੜੇ ਇਸ ਗੱਲ ਦੀ ਗਵਾਹੀ ਹਨ। ਬੁਰੇ ਸ਼ਿਸ਼ਟਾਚਾਰ ਨਾਲ ਬੁਰੇ ਸਿਸ਼ਟਾਚਾਰ ਦੀ ਸ਼ੁਰੂਆਤ ਹੁੰਦੀ ਹੈ ।ਜੇਕਰ ਥੋੜੀ ਜਿਹੀ ਨਰਮੀ ਨਾਲ ਵਰਤ ਲਈਏ ਤਾਂ ਲੜਾਈ ਝਗੜੇ ਖ਼ਤਮ ਹੋ ਜਾਂਦੇ ਹਨ। ਛੋਟੀ ਛੋਟੀ ਗੱਲ ਤੇ ਥਾਣੇ ਅਤੇ ਕਚਹਿਰੀਆਂ ਵਿੱਚ ਚੱਕਰ ਨਹੀਂ ਲਾਉਣੇ ਪੈਂਦੇ। ਇਸ ਨਾਲ ਸਾਡੀ ਆਪਸੀ ਦੁਸ਼ਮਣੀ ਵੱਧਦੀ ਹੈ। ਸਾਡੇ ਜੇਕਰ ਕਿਸੇ ਕੋਲ ਵੱਡਾ ਅਹੁਦਾ ਹੋਵੇ ਤਾਂ ਉਹ ਨਿਮਰਤਾ ਨਾਲ ਗੱਲ ਨਹੀਂ ਕਰਦਾ, ਆਪਣੀ ਸ਼ਾਨ ਦੇ ਵਿਰੁੱਧ ਸਮਝਦਾ ਹੈ। ਪੁਰਾਣੇ ਸਮੇਂ ਵਿੱਚ ਭਾਵੇਂ ਘਰ ਕੱਚੇ ਸਨ, ਪਰ ਸ਼ਿਸ਼ਟਾਚਾਰ ਦੇ ਪੱਖੋਂ ਲੋਕ ਬਹੁਤ ਪੱਕੇ ਸਨ। ਇੱਕ ਦੂਜੇ ਦੀ ਇੱਜਤ ਕੀਤੀ ਜਾਂਦੀ ਸੀ। ਲੋਕ ਛੋਟੀ -ਮੋਟੀ ਗੱਲ ਦੀ ਪਰਵਾਹ ਨਹੀਂ ਕਰਦੇ ਸੀ, ਤੇ ਨਾ ਹੀ ਗੁੱਸਾ ਕਰਦੇ ਸਨ। ਕਿਸੇ ਦੇ ਕੰਮ ਆਉਣਾ ਆਪਣਾ ਫਰਜ਼ ਸਮਝਦੇ ਸਨ। ਕਿਸੇ ਨੂੰ ਹੁੰਦੀ ਤਕਲੀਫ਼ ਨੂੰ ਆਪਣੀ ਤਕਲੀਫ਼ ਸਮਝਦੇ ਸਨ। ਪਰ ਅੱਜ ਕੱਲ ਦੇ ਮਾਡਰਨ ਯੁੱਗ ਵਿੱਚ ਨੈਤਿਕਤਾ ਕਿਧਰੇ ਖੰਭ ਲਾ ਕੇ ਉੱਡ ਗਈ ਹੈ। ਪਦਾਰਥਕ ਰੁਚੀਆਂ ਵਧਣ ਕਰਕੇ ਅਤੇ ਆਚਰਨਿਕ ਤੇ ਸਦਾਚਾਰਕ ਮਾਣ ਮਰਿਆਦਾ ਖ਼ਤਮ ਹੋ ਗਈ ਹੈ। ਹਰ ਕੋਈ ਪੈਸਾ ਪੈਸਾ ਕਰਦਾ ਹੈ। ਪੈਸੇ ਦੀ ਅੰਨੀ ਦੌੜ ਲੱਗੀ ਹੋਈ ਹੈ। ਇਸ ਨਾਲ ਸੱਚੇ ਸੁੱਚੇ ਮਾਨਵੀ ਤੇ ਪਵਿੱਤਰ ਰਿਸ਼ਤੇ ਵੀ ਖ਼ਤਮ ਹੋ ਗਏ ਹਨ ਅੱਜ ਰਿਸ਼ਤਿਆਂ ਵਿੱਚ ਸਵਾਰਥ ਪਿੱਛੇ ਪੁਣੇ ਦੀ ਬੋ ਆਉਂਦੀ ਹੈ। ਦੋਸਤੀ ਵਰਗੇ ਪਵਿੱਤਰ ਰਿਸ਼ਤੇ ਵੀ ਪੈਸੇ ਕਰਕੇ ਕਲੰਕਤ ਹੋ ਚੁੱਕੇ ਹਨ। ਪੈਸਾ ਮਿਹਨਤ ਨਾਲ ਨਹੀਂ ਸਗੋਂ ਜਾਇਜ ਨਜਾਇਜ ਤਰੀਕਾ ਨਾਲ ਕਮਾਇਆ ਜਾ ਰਿਹਾ ਹੈ ਸ਼ਿਸ਼ਟਾਚਾਰ ਦਾ ਧਾਰਨੀ ਹੋਣਾ ਸਿਰਫ਼ ਗਰੀਬ ਗੁਰਬੇ ਲੋਕਾਂ ਦੇ ਜੁੰਮੇ ਹੀ ਸਮਝਿਆ ਜਾਣ ਲੱਗਿਆ ਹੈ।

ਗ਼ਲਤੀ ਮੰਨਣਾ ਸਭ ਤੋਂ ਵੱਡਾ ਸ੍ਰਿਸ਼ਟਾਚਾਰ ਹੈ। ਅਸੀਂ ਸਮਾਜ ਦਾ ਹਿੱਸਾ ਹਾਂ ਜੇ ਸਮਾਜ ਵਿੱਚ ਵਿਚਰਦਿਆਂ ਸਾਡੇ ਤੋਂ ਅਨੇਕਾ ਪ੍ਰਕਾਰ ਦੀਆਂ ਗ਼ਲਤੀਆਂ ਹੋ ਜਾਂਦੀਆਂ ਹਨ। ਪਰ ਬਹੁਤੀ ਵਾਰ ਅਸੀਂ ਗ਼ਲਤੀ ਕਰਕੇ ਵੀ ਨਹੀਂ ਮੰਨਦੇ ਕਿ, ਮੈਥੋਂ ਗਲ਼ਤੀ ਹੋ ਗਈ ਹੈ। ਇਹ ਗ਼ਲਤੀ ਮੰਨਣ ਨੂੰ ਅਸੀਂ ਅਣਖ ਅਤੇ ਵਿਕਾਰ ਦਾ ਸਵਾਲ ਬਣਾ ਲੈਂਦੇ ਹਾਂ। ਮਾਫ਼ੀ ਮੰਗਣ ਨਾਲ ਸਾਡਾ ਕੱਦ ਵੱਧਦਾ ਹੈ, ਘੱਟਦਾ ਨਹੀਂ। ਸਾਡੀ ਸ਼ਖਸੀਅਤ ਬਣ ਕੇ ਉਭਰ ਕੇ ਸਾਹਮਣੇ ਆਉਂਦੀ ਹੈ। ਜੇਕਰ ਅਸੀਂ ਸਿਸ਼ਟਾਚਾਰ ਤੋਂ ਸਿੱਖਣੇ ਹਾਂ, ਤਾਂ ਸਾਡੇ ਪੜੇ ਲਿਖੇ ਹੋਣ ਦਾ ਕੋਈ ਫ਼ਾਇਦਾ ਨਹੀਂ। ਇਸ ਲਈ ਇਹ ਜ਼ਰੂਰੀ ਹੈ, ਕਿ ਹਰ ਕੋਈ ਚੰਗੇ ਆਚਰਨ ਦਾ ਧਰਨੀ ਹੋਵੇ ।ਸਦਾ ਚੰਗਿਆਈ ਨੂੰ ਪੱਲੇ ਬੰਨੇ। ਜੇਕਰ ਅਸੀਂ ਬੁਰਾਈ ਵੇਖਾਂਗੇ ਤਾਂ ਸਾਡੀ ਸੋਚ ਦਾ ਪੱਧਰ ਨੀਵਾਂ ਹੋਵੇਗਾ ।ਇਸ ਲਈ ਜ਼ਰੂਰੀ ਹੈ ਕਿ ਨਿੱਜੀ ਹਿੱਤਾਂ ਤੋਂ ਉੱਪਰ ਉੱਠ ਕੇ ਸ਼ਿਸ਼ਟਾਚਾਰ ਨੂੰ ਅਪਣਾਈਏ। ਹਰ ਇੱਕ ਦੀ ਇੱਜ਼ਤ ਕਰੀਏ। ਪਿਆਰ ਨਾਲ ਪੇਸ਼ ਆਈਏ ਤਾਂ ਕਿ ਸਾਡੀ ਜਿੰਦਗੀ ਵਿੱਚ ਖੁਸ਼ੀਆਂ ਖੇੜੇ ਆਉਣ।

 

ਸਮਾਜ ਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਰਤ ਵਿੱਚ ਮਿਲਿਆ MPox ਦਾ ਪਹਿਲਾ ਸ਼ੱਕੀ ਕੇਸ, ਮਰੀਜ਼ ਨੂੰ ਅਲੱਗ ਰੱਖਿਆ ਗਿਆ; ਸਿਹਤ ਮੰਤਰਾਲੇ ਦੀ ਚੇਤਾਵਨੀ
Next articleदयाल सिंह मजीठिया युगदूत एवं दूरदृष्टा शिक्षाविद: एक विश्लेषण