“ਇੱਕ ਸ਼ਾਮ ਇਸ਼ਮੀਤ ਦੇ ਨਾਮ” ਇਸ਼ਮੀਤ ਦੀਆਂ ਯਾਦਾਂ ਨੂੰ ਤਾਜ਼ਾ ਕਰ ਗਿਆ

ਲੁਧਿਆਣਾ (ਸਮਾਜ ਵੀਕਲੀ) ( ਕਰਨੈਲ ਸਿੰਘ ਐੱਮ.ਏ.) “ਵਾਇਸ ਆਫ ਇੰਡੀਆ” ਬਣ ਕੇ ਪੂਰੀ ਦੁਨੀਆਂ ਵਿੱਚ ਆਪਣੇ ਸ਼ਹਿਰ ਲੁਧਿਆਣਾ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਨ ਵਾਲੇ ਸਿਤਾਰੇ ਸਵ: ਇਸ਼ਮੀਤ ਸਿੰਘ ਦੇ 36ਵੇਂ ਜਨਮ-ਦਿਨ  ਇੰਸਟੀਚਿਊਟ ਦੇ ਸਿਖਿਆਰਥੀਆਂ ਅਤੇ ਸਮੂਹ ਸਟਾਫ਼ ਵੱਲੋਂ ਮਨਾਇਆ ਗਿਆ ਜਿਸ ਵਿੱਚ ਇੰਸਟੀਚਿਊਟ ਦੇ ਨਿਰਦੇਸ਼ਕ ਡਾ: ਚਰਨ ਕਮਲ ਸਿੰਘ ਅਤੇ ਸਾਰੇ ਸਿਖਿਆਰਥੀਆਂ ਨੂੰ ਇਸ਼ਮੀਤ ਸਿੰਘ ਦੇ ਜੀਵਨ ਅਤੇ ਉਸ ਦੀਆਂ ਪ੍ਰਾਪਤੀਆਂ ਬਾਰੇ ਜਾਣੂ ਕਰਵਾਉਂਦੇ ਹੋਏ ਕਿਹਾ ਕਿ ਇਸ਼ਮੀਤ ਨੇ “ਵਾਇਸ ਆਫ ਇੰਡੀਆ” ਦਾ ਖਿਤਾਬ ਹਾਸਲ ਕਰਨ ਲਈ ਬਹੁਤ ਮਿਹਨਤ ਕੀਤੀ ਸੀ। ਸਿਖਿਆਰਥੀਆਂ ਨੂੰ ਚਾਹੀਦਾ ਹੈ ਕਿ ਇਸ਼ਮੀਤ ਨੂੰ ਆਪਣਾ ਰੋਲ ਮਾਡਲ ਬਣਾ ਕੇ ਉਸ ਦੇ ਨਕਸ਼ੇ ਕਦਮਾਂ ਤੇ ਚੱਲਣਾ ਚਾਹੀਦਾ ਹੈ। ਇੰਸਟੀਚਿਊਟ ਦੀ ਸਥਾਪਨਾ ਤੋਂ ਬਾਅਦ ਅਨੇਕਾਂ ਵਿਦਿਆਰਥੀ ਵਾਇਸ ਆਫ਼ ਪੰਜਾਬ, ਵਾਇਸ ਆਫ਼ ਇੰਡੀਆ, ਸਾ ਰੇ ਗਾ ਮਾ ਲਿਟਲ ਚੈਂਪ ਆਦਿ ਟੀ.ਵੀ. ਪ੍ਰੋਗਰਾਮਾਂ ਵਿੱਚ ਇੰਸਟੀਚਿਊਟ ਦਾ ਨਾਮ ਰੌਸ਼ਨ ਕਰ ਚੁੱਕੇ ਹਨ। ਅੱਜ ਦੇ ਦਿਨ ਇੰਸਟੀਚਿਊਟ ਦੇ ਵਿਦਿਆਰਥੀਆਂ ਨੇ ਮੁੜ ਆਪਣਾ ਦ੍ਰਿੜ੍ਹ ਇਰਾਦਾ ਕੀਤਾ ਕਿ ਉਹ ਇਸ਼ਮੀਤ ਸਿੰਘ ਵਾਲੀ ਲਗਨ ਅਤੇ ਮਿਹਨਤ ਨਾਲ ਸੰਗੀਤ ਦੇ ਖੇਤਰ ਵਿੱਚ ਵਡਮੁੱਲੀਆਂ ਪ੍ਰਾਪਤੀਆਂ ਕਰਨ ਲਈ ਤਤਪਰ ਰਹਿਣਗੇ। ਇਸ ਮੌਕੇ ਰਾਸ਼ੀ ਸਲੀਮ, ਹਰਸ਼ੀਨ, ਜ਼ੀਨੀਅਲ, ਗੁਰਬਾਨੀ, ਉਸ਼ਵੀਨ, ਮਨਦੀਪ ਸਿੰਘ ਅਤੇ ਮਿ: ਅਨਿਲ ਸੂਦ ਜੀ ਨੇ ਇਸ਼ਮੀਤ ਦੇ ਗਾਏ ਹੋਏ ਗਾਣੇ ਗਾ ਕੇ ਬਹੁਤ ਹੀ ਸੁਚੱਜੇ ਢੰਗ ਨਾਲ ਪੇਸ਼ਕਾਰੀਆਂ ਦਿੱਤੀਆਂ। ਸਾਜ਼ਾਂ ਦੀ ਪੇਸ਼ਕਾਰੀਆਂ ਸਮਰਵੀਰ, ਸ਼ੈਲੀ, ਦਾਮਿਆ, ਪ੍ਰਭਮੇਹਰ, ਅਰਹਾਨ, ਕਿਆਂਸ਼, ਆਰਵੀ, ਅਮਰਾਜ, ਦਿਵਿਆਂਸ਼ ਵੱਲੋਂ ਕੀਤੀਆਂ ਗਈਆਂ।  ਇਸ ਤੋਂ ਇਲਾਵਾ ਨ੍ਰਿਤ ਵਿੱਚ ਹਿਪਹਾਪ, ਕੱਥਕ ਅਤੇ ਭੰਗੜੇ ਦੀਆਂ ਦਿਲਕਸ਼ ਪੇਸ਼ਕਾਰੀਆਂ ਕੀਤੀਆਂ ਗਈਆਂ।
ਇਸ ਮੌਕੇ ਉਚੇਚੇ ਤੌਰ ਤੇ ਪਹੁੰਚੇ ਮੁੱਖ ਮਹਿਮਾਨ, ਸ੍ਰੀ.ਸੰਦੀਪ ਰਿਸ਼ੀ (ਆਈ.ਏ.ਐਸ), ਸੀ.ਏ.ਗਲਾਡਾ ਜੀ ਨੇ ਪ੍ਰਧਾਨਗੀ ਕੀਤੀ। ਉਨ੍ਹਾਂ ਕਿਹਾ ਅੱਜ ਅਸੀਂ ਇਸ਼ਮੀਤ ਸਿੰਘ ਨੂੰ ਉਸ ਦੇ ਜਨਮ-ਦਿਨ ਮੌਕੇ ਤੇ ਯਾਦ ਕਰ ਰਹੇ ਹਾਂ, ਬੇਸ਼ੱਕ ਇਸ਼ਮੀਤ ਸਾਡੇ ਵਿੱਚ ਵਿਅਕਤੀਗਤ ਰੂਪ ਵਿੱਚ ਮੌਜੂਦ ਨਹੀਂ ਹੈ, ਪਰ ਉਹ ਹਮੇਸ਼ਾਂ ਸਾਡੇ ਦਿਲਾਂ ਵਿੱਚ ਰਹੇਗਾ, ਸੰਨ 2011 ਵਿੱਚ ਇਹ ਇੰਸਟੀਚਿਊਟ ਇਸ਼ਮੀਤ ਦੀ ਯਾਦ ਵਿੱਚ ਬਣਾਇਆ ਗਿਆ, ਮੁੱਖ ਮੰਤਰੀ ਪੰਜਾਬ ਹੋਰਾਂ ਨੇ ਗਲਾਡਾ ਨੂੰ ਇਸ ਇੰਸਟੀਚਊਟ ਨੂੰ ਬਣਾਉਣ ਲਈ ਜ਼ਿੰਮੇਵਾਰੀ ਦਿੱਤੀ ਅਤੇ ਗਲਾਡਾ ਨੇ ਇਸ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਇਆ। ਇਸਦੇ ਸਿੱਟੇ ਵਜੋਂ ਇਹ ਅਤਿ ਆਧੁਨਿਕ ਤਕਨੀਕ ਨਾਲ ਲੈਸ ਇੰਸਟੀਚਊਟ ਹੋਂਦ ਵਿੱਚ ਆਇਆ। ਇਹ ਹੀ ਨਹੀਂ ਇਸ ਇੰਸਟੀਚਊਟ ਦੀ ਮੈਨਟੇਂਨਸ ਅਤੇ ਰੱਖ-ਰਖਾਵ ਦੀ ਜ਼ਿੰਮੇਵਾਰੀ ਵੀ ਗਲਾਡਾ ਕੋਲ ਹੀ ਹੈ। ਇਸ਼ਮੀਤ ਸਿੰਘ ਦੀ ਛੋਟੀ ਉਮਰ ਵਿੱਚ ਉਪਲਬਧੀ ਨੂੰ ਯਾਦ ਕਰਦਿਆਂ ਇਹ ਅਹਿਸਾਸ ਹੁੰਦਾ ਹੈ ਕਿ ਮਹੱਤਵਪੂਰਨ ਇਹ ਨਹੀਂ ਕਿ ਕੋਈ ਕਿੰਨਾ ਚਿਰ ਜਿਊਂਦਾ ਹੈ, ਸਗੋਂ ਮਹੱਤਵਪੂਰਨ ਇਹ ਹੈ ਕਿ ਕਿਸ ਤਰ੍ਹਾਂ ਜਿਊਂਦਾ ਹੈ।
ਇਸ ਮੌਕੇ ਤੇ ਵਿਸ਼ੇਸ਼ ਮੁੱਖ ਮਹਿਮਾਨ, ਸ੍ਰੀ ਓਜਸਵੀ, ਆਈ.ਏ.ਐਸ, ਏ.ਸੀ.ਏ.ਗਲਾਡਾ, ਸੀ.ਏ.ਗਲਾਡਾ ਪਹੁੰਚੇ ਉਨ੍ਹਾਂ ਕਿਹਾ ਕਿ ਅਸੀਂ ਉਸ ਸ਼ਖਸ਼ੀਅਤ ਦਾ ਜਨਮ-ਦਿਨ ਮਨਾ ਰਹੇ ਹਾਂ ਜਿਸਨੇ ਕੇਵਲ 19 ਸਾਲ ਦੀ ਉਮਰ ਵਿੱਚ ਅੰਤਰ-ਰਾਸ਼ਟਰੀ ਨਾਮਣਾ ਖੱਟਿਆ ਹੈ। ਵਾਇਸ ਆਫ ਇੰਡੀਆ ਦਾ ਖਿਤਾਬ ਜਿੱਤ ਕੇ ਹੁਨਰਮੰਦ ਨੌਜਵਾਨ ਪੀੜ੍ਹੀ ਲਈ ਆਮ ਕਰਕੇ ਅਤੇ ਪੰਜਾਬ ਦੇ ਗਾਇਕਾਂ ਲਈ ਵਿਸ਼ੇਸ਼ ਕਰਕੇ ਨਵੀਂ ਲੀਹ ਪੈਦਾ ਕੀਤੀ ਹੈ ।  ਇਸ਼ਮੀਤ ਸਿੰਘ ਦੀ ਇਸ ਉਪਲਬਧੀ ਉਪਰੰਤ ਅਨੇਕਾਂ ਨੌਜਵਾਨ ਇਸ ਰਾਹ ਤੇ ਅੱਗੇ ਵੱਧਣ ਲਈ ਪ੍ਰੇਰਿਤ ਹੋਏ ਹਨ। ਇਹ ਜਾਣ ਕੇ ਅਤਿਅੰਤ ਖੁਸ਼ੀ ਹੋਈ ਹੈ ਕਿ ਅਜਿਹੇ ਹਜ਼ਾਰਾਂ ਨੌਜਵਾਨਾਂ ਨੂੰ ਸੰਗੀਤ ਦੇ ਖੇਤਰ ਵਿੱਚ ਸਿਖਲਾਈ ਕਰਵਾਉਣ ਵਿੱਚ, ਇਸ਼ਮੀਤ ਦੀ ਯਾਦ ਵਿਚ ਬਣੇ ਇਸ ਬੇਹਤਰੀਨ ਸੰਗੀਤ ਸੰਸਥਾ ਨੇ ਪਿਛਲੇ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਵਿਲੱਖਣ ਯੋਗਦਾਨ ਪਾਇਆ ਹੈ। ਇਸ਼ਮੀਤ ਸਿੰਘ ਦੀ ਮਿਹਨਤ ਅਤੇ ਲਗਨ ਤੋਂ ਪ੍ਰੇਰਨਾ ਲੈ ਕੇ ਅਤੇ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਤੋਂ ਸੁਚੱਜੀ ਸਿਖਲਾਈ ਲੈ ਕੇ ਅਨੇਕਾਂ ਹੁਨਰਮੰਦ ਨੌਜਵਾਨਾਂ ਨੇ ਪੰਜਾਬ ਪੱਧਰ ਅਤੇ ਰਾਸ਼ਟਰੀ ਪੱਧਰ ਦੇ ਸੰਗੀਤਕ ਮੁਕਾਬਲਿਆਂ ਵਿੱਚ ਨਾਮਣਾ ਖੱਟਿਆ ਹੈ। ਗਲਾਡਾ ਨੂੰ ਅਜਿਹੀ ਕਾਰਜ਼ਸ਼ੀਲ ਸੰਸਥਾ ਵਿੱਚ ਯੋਗਦਾਨ ਪਾਉਣ ਵਿੱਚ ਅਤਿਅੰਤ ਖੁਸ਼ੀ ਹੈ। ਗਲਾਡਾ ਹਮੇਸ਼ਾਂ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਦੇ ਨਾਲ ਖੜ੍ਹਾ ਹੈ।
ਇਸ ਮੌਕੇ ਵਿਦਿਆਰਥੀਆਂ ਦੇ ਮਾਪਿਆਂ ਤੋਂ ਇਲਾਵਾ, ਗੁਰਮੀਤ ਸਿੰਘ ਕੋਛੜ, ਜਗਦੇਵ ਸਿੰਘ ਸੰਧੂ, ਕਰਨ ਲਾਂਬਾ, ਐਨ.ਕੇ.ਸ਼ਰਮਾ, ਰਾਜੇਸ਼, ਸੁਖਦੇਵ, ਡਾ: ਮਾਨ ਸਿੰਘ ਤੂਰ, ਰਘਬੀਰ ਸਿੰਘ ਸੰਧੂ, ਸਿਗਿੰਗ ਸਟਾਰ ਯੂ-ਟਿਊਬ ਸ੍ਰ. ਮੁਖਵਿੰਦਰ ਸਿੰਘ, ਮੈਡਮ ਜਤਿੰਦਰ ਕੌਰ, ਮੈਡਮ ਹੋਰ ਪਤਵੰਤੇ ਸ਼ਾਮਲ ਹੋਏ।
ਮਿਸਿਜ਼ ਸ਼ੀਤਲ ਸ਼ਰਮਾ, ਕੱਥਕ ਅਧਿਆਪਕ, ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਨੇ ਸਟੇਜ ਦਾ ਸੁਚੱਜੇ ਢੰਗ ਨਾਲ ਸੰਚਾਲਨ ਕੀਤਾ।”ਇੱਕ ਸ਼ਾਮ ਇਸ਼ਮੀਤ ਦੇ ਨਾਮ” ਸਰੋਤਿਆਂ ਦੇ ਮਨਾਂ ਵਿੱਚ ਯਾਦਗਾਰੀ ਹੋ ਨਿੱਬੜੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਅਧਿਆਪਕ ਦਿਵਸ ਲਈ ਲਿਖੀ ਰਚਨਾ
Next articleਧੀਆਂ ਜਿੰਨ੍ਹਾ ਤੇ ਸਾਨੂੰ ਮਾਣ ਏ, ਜਸਪ੍ਰੀਤ ਕੌਰ ਨੇ ਹਮੇਸ਼ਾਂ ਹੀ ਆਪਣੇ ਪਿੰਡ ਦਾ ਨਾਮ ਰੌਸ਼ਨ ਕੀਤਾ