ਹਰੇਕ ਨਾਗਰਿਕ ਦੀ ਜ਼ਿੰਮੇਵਾਰੀ ਬਣਦੀ ਹੈ ਸ਼ਹਿਰ ਨੂੰ ਸੁੰਦਰ ਬਣਾਉਣ ਦੀ – ਡਾ. ਅਮਨਦੀਪ ਕੌਰ

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਨਗਰ ਨਿਗਮ ਹੁਸ਼ਿਆਰਪੁਰ ਵੱਲੋਂ ਸ਼ਹਿਰ ਨੂੰ ਸਾਫ-ਸੁਥਰਾ ਅਤੇ ਸੁੰਦਰ ਬਣਾਉਣ ਲਈ ਸਵੱਛ ਸਰਵੇਖਣ 2024 ਤਹਿਤ ਨਗਰ ਨਿਗਮ ਹੁਸ਼ਿਆਰਪੁਰ ਦੇ ਕਮਿਸ਼ਨਰ ਡਾ. ਅਮਨਦੀਪ ਕੌਰ ਦੀ ਅਗਵਾਈ ਹੇਠ ਵਿਸ਼ੇਸ਼ ਸਫਾਈ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਇਸ ਸਫ਼ਾਈ ਮੁਹਿੰਮ ਤਹਿਤ ਨਗਰ ਨਿਗਮ ਹੁਸ਼ਿਆਰਪੁਰ ਵੱਲੋਂ ਵੱਖ-ਵੱਖ ਸੰਚਾਰ ਸਾਧਨਾਂ ਅਤੇ ਜਾਗਰੂਕਤਾ ਮੁਹਿੰਮਾਂ ਰਾਹੀਂ ਸ਼ਹਿਰ ਵਾਸੀਆਂ ਨੂੰ ਆਪਣਾ ਆਲਾ-ਦੁਆਲਾ ਤੇ ਜਨਤਕ ਥਾਵਾਂ ਨੂੰ ਸਾਫ-ਸੁਥਰਾ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ। ਇਸੇ ਲੜੀ ਨੂੰ ਅੱਗੇ ਤੋਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਤੇ ਨਗਰ ਨਿਗਮ ਹੁਸ਼ਿਆਰਪੁਰ ਵੱਲੋਂ ਸਫ਼ਾਈ ਜਾਗਰੂਕਤਾ ਮੁਹਿੰਮ ਤਹਿਤ ‘ਆਓ ਸਾਰੇ ਰਲ ਕੇ ਸੋਹਣਾ ਸ਼ਹਿਰ ਬਣਾਈਏ’ ਪੰਜਾਬੀ ਗੀਤ ਲੋਕ ਅਰਪਣ ਕੀਤਾ ਗਿਆ ਹੈ। ਸਫਾਈ ਜਾਗਰੂਕਤਾ ਪੰਜਾਬੀ ਗੀਤ ਨੂੰ ਲੋਕ ਅਰਪਣ ਕਰਦਿਆਂ ਕਮਿਸ਼ਨਰ ਨਗਰ ਨਿਗਮ ਹੁਸ਼ਿਆਰਪੁਰ ਨੇ ਕਿਹਾ ਕਿ ਸ਼ਹਿਰ ਨੂੰ ਸਾਫ-ਸੁਥਰਾ ਤੇ ਸੁੰਦਰ ਬਣਾ ਕੇ ਰੱਖਣ ਲਈ ਸਾਰੇ ਸ਼ਹਿਰ ਵਾਸੀਆਂ ਨੂੰ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਉਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਹੁਸ਼ਿਆਰਪੁਰ ਸ਼ਹਿਰ ਨੂੰ ਸਾਫ-ਸੁਥਰਾ ਰੱਖਣ ਲਈ ਘਰਾਂ ਦਾ ਕੂੜਾ- ਕਰਕਟ ਨਗਰ ਨਿਗਮ ਵੱਲੋਂ ਨਿਰਧਾਰਿਤ ਥਾਵਾਂ ‘ਤੇ ਸੁੱਟਿਆ ਜਾਵੇ। ਉਨ੍ਹਾਂ ਕਿਹਾ ਕਿ ਪੋਲੀਥੀਨ ਤੇ ਪਲਾਸਟਿਕ ਦੀ ਵਰਤੋਂ ਤੋਂ ਗੁਰੇਜ਼ ਕੀਤਾ ਜਾਵੇ ਅਤੇ ਜਨਤਕ ਥਾਵਾਂ ‘ਤੇ ਵੱਧ ਤੋਂ ਵੱਧ ਰੁੱਖ ਅਤੇ ਫੁੱਲ-ਬੂਟੇ ਲਗਾ ਕੇ ਆਪਣੇ ਚੁਗਿਰਦੇ ਨੂੰ ਸਿਹਤਮੰਦ ਅਤੇ ਸਾਫ-ਸੁਥਰਾ ਰੱਖਣ ਲਈ ਆਪਣਾ ਬਣਦਾ ਯੋਗਦਾਨ ਪਾਇਆ ਜਾਵੇ। ਇਸ ਜਾਗਰੂਕਤਾ ਗੀਤ ਨੂੰ ਲੇਖਕ ਵਰਿੰਦਰ ਸਿੰਘ ਨਿਮਾਣਾ ਵੱਲੋਂ ਲਿਖਿਆ ਗਿਆ ਹੈ ਅਤੇ ਲੈਕਚਰਾਰ ਸੁਖਦੇਵ ਸਿੰਘ ਵੱਲੋਂ ਇਸ ਦਾ ਸੰਗੀਤ ਤਿਆਰ ਕੀਤਾ ਗਿਆ ਹੈ। ਇਸ ਮੌਕੇ ਨਗਰ ਨਿਗਮ ਹੁਸ਼ਿਆਰਪੁਰ ਦੇ ਸਹਾਇਕ ਕਮਿਸ਼ਨਰ ਸੰਦੀਪ ਤਿਵਾੜੀ, ਮਿਉਂਸੀਪਲ ਟਾਊਨ ਪਲੈਨਰ ਲਖਵੀਰ ਸਿੰਘ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਪਰਚੀ ਦੇ ਨਾਮ ਤੇ ਕਚਹਿਰੀ ‘ਚ ਖੋਲ੍ਹੇ ਲੁੱਟ ਕੇਂਦਰ ਨੂੰ ਸਰਕਾਰ ਤੁਰੰਤ ਬੰਦ ਕਰੇ – ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ
Next article38ਵੀ ਜੇ.ਸੀ.ਟੀ. ਪੰਜਾਬ ਸਟੇਟ ਸੁਪਰ ਫੁੱਟਬਾਲ ਲੀਗ ਦੇ ਮੁਕਾਬਲੇ ’ਚ ਯੰਗ ਫੁੱਟਬਾਲ ਕਲੱਬ ਮਾਹਿਲਪੁਰ ਨੇ ਉਲੰਪੀਅਨ ਜਰਨੈਲ ਸਿੰਘ ਫੁੱਟਬਾਲ ਅਕੈਡਮੀ ਨੂੰ 3-1 ਗੋਲਾਂ ਦੇ ਫਰਕ ਨਾਲ ਹਰਾਇਆ