ਪ੍ਰਾਇਮਰੀ ਅਧਿਆਪਕ ਤੋਂ ਜਿਲ੍ਹਾ ਸਿੱਖਿਆ ਅਫਸਰ ਦਾ ਸਫਰ ਤੈਅ ਕਰਨ ਵਾਲੀ ਮਾਣਮੱਤੀ ਸਖਸ਼ੀਅਤ ਬਲਦੇਵ ਸਿੰਘ ਜੋਧਾਂ

(ਸਮਾਜ ਵੀਕਲੀ) ਅੰਗਰੇਜੀ ਦੇ ਪ੍ਰਸਿੱਧ ਕਵੀ ਤੇ ਨਾਟਕਕਾਰ ਸੇਕਸ਼ਪੀਅਰ ਆਪਣੀ ਲਿਖਤ ” ਐਜ ਯੂ ਲਾਈਕ ਇਟ ” ਵਿੱਚ ਲਿਖਦੇ ਹਨ ਕਿ ਇਹ ਦੁਨੀਆਂ ਇੱਕ ਸਟੇਜ ਵਾਂਗ ਹੈ। ਇਸ ਸਟੇਜ ਤੇ ਹਰ ਵਿਅਕਤੀ ਆਪਣਾ ਰੋਲ ਨਿਭਾਉਂਦਾ ਹੈ। ਕੁਝ ਵਿਅਕਤੀ ਇਹੋ ਜਿਹੇ ਵੀ ਹੁੰਦੇ ਹਨ, ਜਿਹਨਾਂ ਦਾ ਆਪਣੀ ਜਿੰਦਗੀ ਵਿੱਚ ਨਿਭਾਇਆ ਰੋਲ ਦੂਜਿਆਂ ਲਈ ਰਾਹ ਦਸੇਰਾ ਹੋ ਜਾਂਦਾ ਹੈ। ਇਹ ਰੋਲ ਜਦੋਂ ਇੱਕ ਅਧਿਆਪਕ ਦਾ ਹੋਵੇ ਤਾਂ ਉਹ ਸਮਾਜ ਲਈ ਹੀ ਚਾਨਣ ਮੁਨਾਰੇ ਦਾ ਕੰਮ ਕਰਦਾ ਹੈ। ” ਫੈਲੇ ਵਿੱਦਿਆ ਚਾਨਣ ਹੋਏ ” ਕਥਨ ਅਨੁਸਾਰ ਇੱਕ ਮਿਹਨਤੀ ਅਧਿਆਪਕ ਹੀ ਇਸ ਕਥਨ ਤੇ ਖਰਾ ਉਤਰ ਸਕਦਾ ਹੈ। ਕਿਉਂਕਿ ਇੱਕ ਅਧਿਆਪਕ ਕਹਾਉਣ ਅਤੇ ਅਧਿਆਪਕ ਹੋਣ ਵਿੱਚ ਜਮੀਨ ਅਸਮਾਨ ਦਾ ਫਰਕ ਹੈ। ਅਧਿਆਪਨ ਕੋਰਸ ਕਰ ਨੌਕਰੀ ਲੈਣ ਵਾਲਾ ਹਰ ਸਖਸ਼ ਅਸਲ ਅਰਥਾਂ ਵਿੱਚ ਅਧਿਆਪਕ ਨਹੀਂ ਹੋ ਸਕਦਾ। ਕੁਝ ਸਖਸ਼ ਹੁੰਦੇ ਹਨ ਜੋ ਅਧਿਆਪਕ ਹੋਣ ਦੇ ਕਥਨ ਤੇ ਖਰੇ ਉੱਤਰਦੇ ਹਨ। ਇਹੋ ਜਿਹੀ ਸਖਸ਼ੀਅਤ ਹਨ ਸ ਬਲਦੇਵ ਸਿੰਘ ਜੋਧਾਂ, ਜਿਹਨਾਂ ਨੇ ਇੱਕ ਪ੍ਰਾਇਮਰੀ ਅਧਿਆਪਕ ਤੋਂ ਆਪਣਾ ਸਫਰ ਸ਼ੁਰੂ ਕਰ ਜਿਲ੍ਹਾ ਸਿੱਖਿਆ ਅਫਸਰ (ਸੈਕ:) ਦੀ ਉੱਚ ਪਦਵੀ ਤੇ ਪਹੁੰਚ ਕੇ ਅਧਿਆਪਕ ਹੋਣ ਦੇ ਕਥਨ ਤੇ ਖਰੇ ਉਤਰਨ ਦਾ ਯਤਨ ਕੀਤਾ।

11 ਫਰਵਰੀ 1967 ਨੂੰ ਮਾਤਾ ਸ਼੍ਰੀਮਤੀ ਮਹਿੰਦਰ ਕੌਰ ਦੀ ਕੁੱਖੋਂ ਪਿਤਾ ਸੂਬੇਦਾਰ ਮੇਜਰ ਹਮੀਰ ਸਿੰਘ ਦੇ ਘਰ ਪਿੰਡ ਜੋਧਾਂ, ਜਿਲ੍ਹਾ ਲੁਧਿਆਣਾ ਵਿਚ ਜਨਮੇ ਬਲਦੇਵ ਸਿੰਘ ਨੇ ਆਪਣੀ ਤਰੱਕੀ ਸਦਕਾ ਪਿੰਡ ਜੋਧਾਂ ਦਾ ਨਾਮ ਆਪਣੇ ਨਾਮ ਨਾਲ ਲਾ ਇਸ ਨੂੰ ਹੋਰ ਚਮਕਾਇਆ। ਆਪਣੀ ਮੁੱਢਲੀ ਪੜ੍ਹਾਈ ਮਾਲਵੇ ਦੇ ਮਸ਼ਹੂਰ ਪਿੰਡ ਛਪਾਰ, ਜਿੱਥੇ ਦਾ ਮੇਲਾ ਦੁਨੀਆਂ ਭਰ ਵਿੱਚ ਪ੍ਰਸਿੱਧ ਹੈ, ਵਿੱਚ ਆਪਣੇ ਨਾਨਕਾ ਪਰਿਵਾਰ ਕੋਲ ਰਹਿ ਕੇ ਕੀਤੀ। ਬੀ ਏ ਕਰਨ ਉਪਰੰਤ ਆਪ ਨੇ ਜੀ ਐੱਚ ਜੀ ਖਾਲਸ ਕਾਲਜ ਆਫ ਐਜੂਕੇਸ਼ਨ ਸੁਧਾਰ ਤੋਂ ਬੀ ਐੱਡ ਅਤੇ ਸਰਕਾਰੀ ਕਾਲਜ ਲੁਧਿਆਣਾ ਤੋਂ ਅੰਗਰੇਜੀ ਦੀ ਐੱਮ ਏ ਕਰ ਸਤੰਬਰ 1991 ਤੋਂ ਆਪ ਨੇ ਸਰਕਾਰੀ ਪ੍ਰਾਇਮਰੀ ਸਕੂਲ ਭਗਵਾਨਪੁਰਾ ਬਲਾਕ ਸਮਰਾਲਾ (ਲੁਧਿ:) ਤੋਂ ਆਪਣਾ ਸਰਕਾਰੀ ਸੇਵਾ ਦਾ ਸਫਰ ਸ਼ੁਰੂ ਕੀਤਾ। ਸਤੰਬਰ 1991 ਤੋਂ ਜੁਲਾਈ 1992 ਤੱਕ ਦੇ ਥੋੜੇ ਸਮੇਂ ਵਿੱਚ ਹੀ ਆਪ ਦੇ ਕੰਮਕਾਜ ਦੀ ਚਰਚਾ ਪੂਰੇ ਬਲਾਕ ਪੱਧਰ ਤੇ ਹੋਣ ਲੱਗੀ। ਵਿਭਾਗੀ ਤਰੱਕੀ ਤਹਿਤ 25 ਜੁਲਾਈ 1992 ਤੋਂ 15 ਫਰਵਰੀ 2010 ਤੱਕ ਆਪ ਨੇ ਸਸਸਸ ਹਠੂਰ, ਬੜੂੰਦੀ ਤੇ ਸਰਾਭਾ ਦੇ ਸਕੂਲਾਂ ਵਿੱਚ ਬਤੌਰ ਲੈਕਚਰਾਰ ਅੰਗਰੇਜੀ ਦੀ ਸੇਵਾ ਕੀਤੀ। ਇਸ ਸਮੇਂ ਤੱਕ ਸਰਕਾਰੀ ਸਕੂਲ ਤੋਂ ਪੜ੍ਹ ਕੇ ਅੰਗਰੇਜੀ ਦੇ ਲੈਕਚਰਾਰ ਦੀ ਪਦਵੀ ਤੱਕ ਪਹੁੰਚਣਾ ਹੀ ਆਪ ਦੀ ਇਕ ਵੱਡੀ ਪ੍ਰਾਪਤੀ ਸੀ। ਪਰ ਆਪ ਦਾ ਇਹ ਸਫਰ ਅਜੇ ਮੁੱਕਿਆ ਨਹੀਂ ਸੀ। ਵਿਭਾਗੀ ਤਰੱਕੀ ਤਹਿਤ ਆਪ ਆਪ 16 ਫਰਵਰੀ 2010 ਨੂੰ ਮਹਾਨ ਗਦਰੀ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਜਨਮ ਭੂਮੀ ਸਰਾਭਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਬਣੇ। ਲੱਗਭਗ 12 ਸਾਲ ਆਪ ਨੇ ਇਸ ਸਕੂਲ ਵਿੱਚ ਆਪਣੀਆਂ ਸ਼ਾਨਦਾਰ ਸੇਵਾਵਾਂ ਦਿੱਤੀਆਂ। ਬਤੌਰ ਪ੍ਰਿੰਸੀਪਲ ਸੇਵਾਵਾਂ ਨਿਭਾਉਂਦਿਆਂ ਆਪ ਨੇ ਸਕੂਲ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਪਾਇਆ। ਆਪ ਦੀ ਰਹਿਨੁਮਾਈ ਹੇਠ ਜਿੱਥੇ ਆਪ ਨੇ ਸਕੂਲ ਵਿੱਚ ਸਾਇੰਸ ਤੇ ਕਾਮਰਸ ਦੇ ਗਰੁੱਪ ਸ਼ੁਰੂ ਕਰਵਾਏ, ਉੱਥੇ ਹੀ ਆਪ ਨੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸਕੂਲ ਵਿੱਚ ਸਾਇੰਸ ਲੈਬਜ ਬਣਵਾਈਆਂ। ਆਪ ਦੀ ਅਗਵਾਈ ਵਿੱਚ ਸਕੂਲ ਦੇ ਬੋਰਡ ਪੱਧਰ ਦੇ ਨਤੀਜੇ ਵਧੀਆ ਆਉਂਦੇ ਰਹੇ। ਪੜ੍ਹਾਈ ਦੇ ਨਾਲ-ਨਾਲ ਆਪ ਨੇ ਸਹਿ ਵਿੱਦਿਅਕ ਗਤੀਵਿਧੀਆਂ ਐੱਨ ਐੱਸ ਐੱਸ/ ਸਕਾਊਟ ਤੇ ਗਾਈਡ ਦੇ ਬਹੁਤ ਸਾਰੇ ਯੂਨਿਟ ਤਿਆਰ ਕਰ ਵਿਦਿਆਰਥੀਆਂ ਵਿਚ ਸਮਾਜ ਤੇ ਦੇਸ਼ ਸੇਵਾ ਵਰਗੇ ਗੁਣ ਵਿਕਸਤ ਕਰਦਿਆਂ ਬੱਚਿਆਂ ਚ ਦੇਸ਼ ਭਗਤੀ ਦੀ ਭਾਵਨਾਂ ਭਰਨ ਦੀ ਕੋਸ਼ਿਸ਼ ਕੀਤੀ। ਆਪ ਦੇ ਸਕੂਲ ਦੇ ਵਿਦਿਆਰਥੀਆਂ ਨੇ ਖੇਡਾਂ ਦੇ ਖੇਤਰ ਵਿੱਚ ਵੀ ਨੈਸ਼ਨਲ ਪੱਧਰ ਤੱਕ ਮੱਲਾਂ ਮਾਰੀਆਂ। ਇਹ ਸਾਰਾ ਕੁਝ ਆਪ ਦੇ ਮਿਹਨਤੀ ਤੇ ਸਾਥੀਆਂ ਤੋਂ ਪਿਆਰ ਨਾਲ ਸਹਿਯੋਗ ਲੈਣ ਦੀ ਭਾਵਨਾ ਦੇ ਸੁਭਾਅ ਸਦਕਾ ਹੀ ਸੰਭਵ ਹੋ ਸਕਿਆ। ਆਪਣੇ ਇਸ ਸਫਰ ਨੂੰ ਅੱਗੇ ਤੋਰਦਿਆਂ ਤੇ ਵਿਭਾਗੀ ਤਰੱਕੀ ਉਪਰੰਤ ਆਪ 22 ਨਵੰਬਰ 2022 ਨੂੰ ਬਤੌਰ ਜਿਲ੍ਹਾ ਸਿੱਖਿਆ ਅਫਸਰ (ਐਐ) ਲੁਧਿਆਣਾ ਨਿਯੁਕਤ ਹੋਏ। ਜਿੱਥੇ ਆਪ ਨੇ ਲੱਗਭਗ ਇੱਕ ਹਜਾਰ ਸਕੂਲਾਂ, ਲੱਖਾਂ ਬੱਚਿਆਂ ਤੇ ਹਜਾਰਾਂ ਦੀ ਗਿਣਤੀ ਵਿੱਚ ਅਧਿਆਪਕਾਂ ਦੀ ਅਗਵਾਈ ਕੀਤੀ। ਪੰਜਾਬ ਦੇ ਸਭ ਤੋਂ ਵੱਡੇ ਜਿਲ੍ਹੇ ਵਿੱਚ ਇਸ ਉੱਚ ਅਹੁਦੇ ਤੇ ਕੰਮ ਕਰਨਾਂ ਕੋਈ ਖਾਲਾ ਜੀ ਦਾ ਵਾੜਾ ਨਹੀਂ ਸੀ ਪਰ ਆਪ ਦੇ ਮਿਹਨਤੀ ਤੇ ਪਿਆਰ ਨਾਲ ਸਹਿਯੋਗ ਲੈਣ ਵਾਲੇ ਸਾਊ ਸੁਭਾਅ ਸਦਕਾ ਆਪ ਦੀ ਅਗਵਾਈ ਵਿੱਚ ਜਿਲ੍ਹਾ ਲੁਧਿਆਣਾ ਨੇ ਜਿੱਥੇ ਖੇਡਾਂ ਵਿੱਚ ਸਟੇਟ ਪੱਧਰ ਤੇ ਵੱਡੀਆਂ ਪ੍ਰਾਪਤੀਆਂ ਕੀਤੀਆਂ, ਉੱਥੇ ਸਾਲ 2022-23 ਦੌਰਾਨ ਦਾਖਲਿਆਂ ਵਿੱਚ ਲੁਧਿਆਣਾ ਜਿਲ੍ਹਾ ਪਹਿਲੇ ਨੰਬਰ ਤੇ ਰਿਹਾ। ਆਪ ਨੂੰ ਆਪਣੇ ਭਰਾਵਾਂ ਵਰਗੇ ਸਹਿਯੋਗੀ ਉਪ-ਜਿਲ੍ਹਾ ਸਿੱਖਿਆ ਅਫਸਰ ਜਸਵਿੰਦਰ ਸਿੰਘ ਬਿਰਕ, ਸਮੂਹ ਸਟਾਫ ਜਿਲ੍ਹਾ ਸਿੱਖਿਆ ਦਫਤਰ, ਸਮੂਹ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ,ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਤੇ ਸਮੂਹ ਅਧਿਆਪਕਾਂ ਤੋਂ ਪੂਰਨ ਸਹਿਯੋਗ ਪ੍ਰਾਪਤ ਹੋਇਆ। ਸਤਿੰਦਰ ਸਰਤਾਜ ਦੇ ਗੀਤ ” ਚਾਰ ਹੀ ਤਰੀਕਿਆਂ ਨਾਲ ਕੰਮਕਾਜ ਕਰੇ ਬੰਦਾ,
ਸ਼ੌਕ ਨਾਲ,ਪਿਆਰ ਨਾਲ,ਲਾਲਚ ਜਾਂ ਡੰਡੇ ਨਾਲ ” ਵਾਂਗ ਆਪ ਨੇ ਦੋ ਨੰਬਰ ਵਾਲੇ ਅਪਣਾਏ ਤਰੀਕੇ ਕਾਰਨ
ਸਭਨਾ ਦਾ ਦਿਲ ਜਿੱਤਿਆ।
ਭਾਈ ਵੀਰ ਸਿੰਘ ਦੇ ਸ਼ਬਦਾਂ
” ਸੀਨੇ ਖਿੱਚ ਜਿੰਨਾਂ ਨੇ ਖਾਧੀ
ਉਹ ਕਰ ਅਰਾਮ ਨਹੀਂ ਬਹਿੰਦੇ।
ਨਿੰਹੁ ਵਾਲੇ ਨੈਣਾਂ ਦੀ ਨੀਂਦਰ
ਉਹ ਦਿਨੇ ਰਾਤ ਪਏ ਵਹਿੰਦੇ। ”
ਅਨੁਸਾਰ ਆਪ ਦੇ ਕਦਮ ਅਜੇ ਵੀ ਨਹੀਂ ਰੁਕੇ ਸਨ। ਆਪ ਦੀ ਮਿਹਨਤ ਤੇ ਸੀਨੀਆਰਤਾ ਨੂੰ ਪਹਿਲੇ ਨੰਬਰਾਂ ਤੇ ਵਿਚਾਰਦੇ ਹੋਏ 27 ਜਨਵਰੀ 2024 ਨੂੰ ਵਿਭਾਗ ਨੇ ਆਪ ਨੂੰ ਬਤੌਰ ਜਿਲ੍ਹਾ ਸਿੱਖਿਆ ਅਫਸਰ (ਸੈਕੰ:) ਮੋਗਾ ਵਿਖੇ ਨਿਯੁਕਤ ਕਰ ਦਿੱਤਾ। ਇੱਥੇ ਵੀ ਆਪ ਥੋੜੇ ਸਮੇਂ ਵਿੱਚ ਹੀ ਆਪਣੇ ਸਹਿਯੋਗੀ ਸਟਾਫ ਅਤੇ ਜਿਲ੍ਹੇ ਦੇ ਸਮੂਹ ਅਧਿਆਪਕਾਂ ਦੇ ਦਿਲ ਜਿੱਤਣ ਵਿੱਚ ਕਾਮਯਾਬ ਹੋਏ। ਇੱਥੋਂ ਹੀ ਆਪ ਨੇ 31 ਮਈ 2024 ਨੂੰ ਅਗਾਂਉ ਸੇਵਾ ਮੁਕਤੀ ਲਈ ।
ਆਪ ਦੀ ਜੀਵਨ ਸਾਥਣ ਸ਼੍ਰੀਮਤੀ ਬਲਵਿੰਦਰ ਕੌਰ ਵੀ ਇੱਕ ਸੁਹਿਰਦ ਅਧਿਆਪਕ ਵਜੋਂ ਸਪਸ ਜੋਧਾਂ ਵਿਖੇ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ। ਆਪ ਦੇ ਭਰਾ ਬਲਵਿੰਦਰ ਸਿੰਘ ਸਟੇਟ ਐਵਾਰਡੀ ਅਧਿਆਪਕ ਹਨ। ਘਰ ਤੋਂ ਮਿਲੀ ਚੰਗੀ ਸਿੱਖਿਆ ਦੀ ਗੁੜਤੀ ਕਾਰਨ ਹੀ ਆਪ ਦਾ ਬੇਟਾ ਗਗਨਦੀਪ ਸਿੰਘ ਤੇ ਬੇਟੀ ਕਿਰਨਦੀਪ ਕੌਰ ਕੈਨੇਡਾ ਚ ਪੜ੍ਹਾਈ ਪੂਰੀ ਕਰ ਉੱਥੋਂ ਦੇ ਪੱਕੇ ਵਸਨੀਕ ਹਨ। ਇਸ ਤਰ੍ਹਾਂ ਇੱਕ ਪ੍ਰਾਇਮਰੀ ਅਧਿਆਪਕ ਤੋਂ ਜਿਲ੍ਹਾ ਸਿੱਖਿਆ ਅਫਸਰ ਤੱਕ ਦਾ ਸਫਰ ਤੈਅ ਕਰਨ ਵਾਲੇ ਬਲਦੇਵ ਸਿੰਘ ਜੋਧਾਂ ਅੱਜ ਵੀ ਅਧਿਆਪਕ ਵਰਗ ਲਈ ਮਾਣਮੱਤੀ ਸਖਸ਼ੀਅਤ ਹਨ। ਉਹਨਾਂ ਦੀ ਲੰਮੀ ਤੰਦਰੁਸਤ ਉਮਰ ਤੇ ਪਰਿਵਾਰਕ ਤਰੱਕੀ ਦੀ ਕਾਮਨਾ ਕਰਦੇ ਹਾਂ।
ਆਮੀਨ

ਬਲਵੀਰ ਸਿੰਘ ਬਾਸੀਆਂ
ਪਿੰਡ ਤੇ ਡਾਕ ਬਾਸੀਆਂ ਬੇਟ (ਲੁਧਿ:)
8437600371

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleSAMAJ WEEKLY = 04/09/2024
Next articleਸਰੀ ’ਚ ‘ਸਹੇਲੀਆਂ ਦਾ ਮੇਲਾ’ 8 ਸਤੰਬਰ ਨੂੰ :ਤਿਆਰੀਆਂ ਮੁਕੰਮਲ