ਸਉਣ

ਅਮਰਜੀਤ ਕੌਰ ਮੋਰਿੰਡਾ
(ਸਮਾਜ ਵੀਕਲੀ) ਜੇਠ ਹਾੜ੍ਹ ਦੀ ਗਰਮੀ ਤੇ ਲੂਅ ਮਨੁੱਖਾਂ, ਪਸ਼ੂ, ਪੰਛੀਆਂ ਨੂੰ ਲੂਹ ਦਿੰਦੀ ਹੀ।ਧਰਤੀ ਤਪਦਾ ਸੀਨਾ ਠਾਰਨ ਲਈ ਸਉਣ ਦਸਤਕ ਦਿੰਦਾ ਹੈ। ਖੇਤੀ ਪ੍ਰਧਾਨ ਦੇਸ਼ ਹੋਣ ਕਰਕੇ, ਜਿੱਥੇ ਖੇਤੀ ਮੀਂਹ ਦੇ ਪਾਣੀ ਤੇ ਹੀ ਨਿਰਭਰ ਹੈ,ਸਉਣ ਦਾ ਮਹੀਨਾ ਖ਼ਾਸ ਮਹੱਤਵ ਪੂਰਨ ਹੈ।
     ਆਕਾਸ਼ ਵਿੱਚ ਕਾਲੀਆਂ ਘਟਾਵਾਂ ਛਾ ਜਾਂਦੀਆਂ ਹਨ।ਮੀਂਹ ਵੱਸਦਾ ਹੈ। ਸਾਰੀ ਕਾਇਨਾਤ ਨਿਹਾਲ ਹੋ ਜਾਂਦੀ ਹੈ। ਸਹੁਰੇ ਘਰ ਗਈਆਂ ਧੀਆਂ ਨੂੰ ਸੰਧਾਰੇ ਦੇ ਰੂਪ ਵਿੱਚ ਲੱਡੂ , ਬਿਸਕੁਟ ਤੇ ਫਲ ਆਦਿ ਭੇਜੇ ਜਾਂਦੇ ਹਨ। ਚਾਨਣੀ ਤੀਜ ਨੂੰ ਤੀਆਂ ਲੱਗਦੀਆਂ ਹਨ। ਵੀਰ ਭੈਣਾਂ ਨੂੰ ਸਹੁਰਿਆਂ ਤੋਂ ਲੈ ਕੇ ਆਉਂਦੇ ਹਨ। ਕੁੜੀਆਂ ਚੂੜੀਆਂ ਚੜ੍ਹਾਉਂਦੀਆਂ, ਮਹਿੰਦੀ ਲਾਉਂਦੀਆਂ ਤੇ ਨਵੇਂ ਕੱਪੜੇ ਪਾ ਕੇ ਸ਼ਿੰਗਾਰ ਕਰਦੀਆਂ ਹਨ।
        ਸਜ ਧਜ ਕੇ ਕੁੜੀਆਂ ਖੁੱਲ੍ਹੀ ਜਿਹੀ ਥਾਂ ਤੇ ਇਕੱਠੀਆਂ ਹੋ ਕੇ ਗਿੱਧਾ ਪਾਉਂਦੀਆਂ ਹਨ।ਪਿੱਪਲ ਜਾਂ ਬੋਹੜ ਤੇ ਪੀਂਘ ਪਾਈ ਜਾਂਦੀ ਹੈ । ਕੁੜੀਆਂ ਵਾਰੀ ਵਾਰੀ ਪੀਂਘ ਝੂਟਦੀਆਂ ਹਨ।
ਜਦੋਂ ਨੱਚ ਨੱਚ ਕੇ ਥੱਕ ਜਾਂਦੀਆਂ ਹਨ ਤਾਂ ਤਮਾਸ਼ੇ ਕਰਦੀਆਂ ਤੇ ਲੰਮੇ ਗੀਤ ਗਾਉਂਦੀਆਂ ਹਨ।ਗਿੱਧੇ ਵਿੱਚ ਸੱਸ, ਨਨਾਣ, ਦਿਉਰ ਜੇਠ ਆਦਿ ਬਾਰੇ ਬੋਲੀਆਂ ਪਾ ਕੇ ਦਿਲ ਦੀ ਭੜਾਸ ਕੱਢਦੀਆਂ ਹਨ।ਬੈਠ ਕੇ ਦੁੱਖ ਸੁੱਖ ਸਾਂਝੇ ਕਰਦੀਆਂ ਹਨ।
    ਬੱਦਲਾਂ ਨੂੰ ਵੇਖ ਕੇ ਮੋਰ ਪੈਲਾਂ ਪਾਉਂਦੇ ਹਨ,
ਕੋਇਲਾਂ ਕੂਕਦੀਆਂ ਹਨ, ਬੱਚੇ ਖੁਸ਼ੀ ਵਿੱਚ
ਗਾਉਂਦੇ ਹਨ—
        ਰੱਬਾ ਰੱਬਾ ਮੀਂਹ ਵਸਾ
      ਸਾਡੀ ਕੋਠੀ ਦਾਣੇ ਪਾ।
        ਜੇ ਮੀਂਹ ਨਾ ਪਵੇ ਤਾਂ ਲੋਕ ਜੱਗ ਕਰਦੇ ਹਨ, ਕੁੜੀਆਂ ਗੁੱਡੀ ਫੂਕ ਕੇ ਸਿਆਪਾ ਕਰਦੀਆਂਹਨ।
ਫਿਰ ਗੁਲਗਲੇ ਪਕਾਏ ਜਾਂਦੇ ਹਨ।ਮੀਂਹ  ਪੈਣ ਲਈ ਅਰਦਾਸ ਕਰ ਕੇ ਸਭ ਨੂੰ ਖਵਾਏ ਜਾਂਦੇ ਹਨ।
         ਮੀਂਹ ਪੈਣ ਨਾਲ ਜਲ ਥਲ ਇੱਕ ਹੋ ਜਾਂਦਾ ਹੈ।ਬੱਚੇ ਕਾਗਜ਼ ਦੀਆਂ ਕਿਸ਼ਤੀਆਂ ਚਲਾਉਂਦੇ ਹਨ।ਖੀਰਾਂ ਰਿੱਝਦੀਆਂਹਨ ਤੇ ਪੂੜੇ ਪੱਕਦੇ ਹਨ। ਲੋਕ ਖੁਸ਼ ਹੁੰਦੇ ਹਨ। ਬਨਸਪਤੀ ਮੌਲਦੀ ਹੈ। ਇਹ ਉਤਪਤੀ ਦਾ ਮਹੀਨਾ ਹੈ। ਸਾਉਣੀ ਦੀਆਂ ਫਸਲਾਂ ਦੀ ਬਿਜਾਈ ਕੀਤੀ ਜਾਂਦੀ ਹੈ।
     ਇਸ ਮਹੀਨੇ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਹਨ।ਚਾਰੇ ਪਾਸੇ ਹਰਿਆਲੀ ਛਾ ਜਾਂਦੀ ਹੈ,ਮਾਨੋ ਕੁਦਰਤ ਨੇ ਸਾਵੀ ਸਾੜ੍ਹੀ ਪਾਈ ਹੋਵੇ।
        ਜਿਸ ਦਾ ਪਤੀ ਪ੍ਰਦੇਸ਼ ਹੈ, ਉਸ ਨੂੰ ਹਿਜਰ ਸਤਾਉਂਦਾ ਹੈ।ਉਸ ਨੂੰ ਸਉਣ ਦੇ ਛਰਾਟੇ ਵੱਢ ਵੱਢ ਖਾਂਦੇ ਹਨ।
       ਇੰਝ ਸਉਣ ਦਾ ਮਹੀਨਾ ਤਪਸ਼ ਨੂੰ ਘਟਾਉਂਦਾ ਹੈ, ਖੁਸ਼ੀਆਂ ਖੇੜੇ ਵੰਡਦਾ ਹੈਤੇ ਨਵੇਂ ਜੀਵਨ ਦਾ ਸੰਚਾਰ ਕਰਦਾ ਭਾਦੋਂ ਸਿਰ ਦਾਈ ਕਰ ਕੇ ਲੰਘ ਜਾਂਦਾ ਹੈ।
   ਅਮਰਜੀਤ ਕੌਰ ਮੋਰਿੰਡਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਓ ਯਾਰਾ
Next articleਤੰਦਰੁਸਤੀ