ਕਾਹਲ

ਮਨਪ੍ਰੀਤ ਕੌਰ ਭਾਟੀਆ 
(ਸਮਾਜ ਵੀਕਲੀ) ਮੈਂ ਥੋੜ੍ਹਾ ਜਲਦੀ ਨਾਲ ਐਕਟਿਵਾ ਚਲਾ ਰਹੀ ਸੀ ਤਾਂ ਕਿ  ਫਾਟਕ ਲੱਗਣ ਤੋਂ ਪਹਿਲਾਂ ਮੈਂ ਲੰਘ ਜਾਵਾਂ ਤੇ ਵਕਤ  ਨਾਲ ਦਫ਼ਤਰ ਪਹੁੰਚ ਜਾਵਾਂ। ਪਰ ਮੇਰੇ ਪਹੁੰਚਦਿਆਂ -ਪਹੁੰਚਦਿਆਂ ਹੀ ਫਾਟਕ ਲੱਗ ਗਿਆ ਤੇ ਮੈਨੂੰ ਹੋਰ ਲੋਕਾਂ ਵਾਂਗ ਉਥੇ ਰੁਕਣਾ ਪਿਆ।
  ਮੇਰੇ ਅੱਗੇ- ਪਿੱਛੇ ਕਾਫ਼ੀ ਲੋਕ ਖੜ੍ਹੇ ਸਨ ।
ਮੈਂ ਦੇਖਿਆ ਕਿ ਮੇਰੇ ਬਿਲਕੁਲ ਕੋਲ ਖੜ੍ਹੇ ਇੱਕ ਆਟੋ ਵਿਚੋਂ ਇਕ ਮਰਦ ਸਵਾਰ ਕਦੀ ਹੇਠਾਂ  ਉਤਰ ਜਾਂਦਾ ਤੇ ਹਾਲਾਤ ਦਾ ਜਾਇਜ਼ਾ ਲੈ ਫਿਰ ਆਟੋ ਵਿੱਚ ਬਹਿ ਜਾਂਦਾ ।  ਉਸਦੇ ਹਾਵ -ਭਾਵ ਤੋਂ ਉਹ ਬਹੁਤ ਕਾਹਲਾ ਲੱਗ ਰਿਹਾ ਸੀ।
     “ਉਹ ਭਾਜੀ !  ਬਸ ਥੋੜ੍ਹੀ ਦੇਰ ਵਿੱਚ ਹੀ ਖੁੱਲ੍ਹ ਜਾਣਾ ਫਾਟਕ । ਫ਼ਿਕਰ ਨਾ ਕਰੋ ।” ” ਕਿੱਥੇ ਖੁੱਲ੍ਹ ਜਾਣਾ ? ਪੰਦਰਾਂ ਮਿੰਟ ਤਾਂ ਹੋ ਗਏ ਆਪਾਂ ਨੂੰ ਖੜ੍ਹਿਆਂ । ਮੈਨੂੰ …..ਮੈਨੂੰ …ਜਾਣ ਦੀ ਕਾਹਲੀ ਹੈ । ਬਿਲਕੁਲ ਟਾਈਮ ਹੈਨੀ ਮੇਰੇ ਕੋਲ  ….  ਤੂੰ ਦੱਸ ਤੇਰੀ ਕਿੰਨੇ ਪੈਸੇ ਹੋਏ?” ਕਾਹਲੀ ਨਾਲ ਉਹ ਆਦਮੀ ਆਟੋ ਵਾਲੇ ਨੂੰ ਪੈਸੇ ਪਕੜਾਉਂਦਿਆਂ ਜਲਦੀ ਨਾਲ ਫਾਟਕ ਦੇ ਹੇਠਾਂ ਝੁਕ ਕੇ ਅੱਗੇ ਲੰਘ ਗਿਆ ।
ਪਰ ਇਹ ਕੀ ……..!!
ਅਚਾਨਕ ਹੀ ਇੱਕ ਦੂਸਰੇ ਪਾਸੇ ਤੋਂ ਆਉਂਦੀ ਹੋਈ ਮਾਲ ਗੱਡੀ ਉਸ ਵਿੱਚ ਇੰਨੀ ਜ਼ੋਰ ਦੀ ਵੱਜੀ ਕਿ ਉਹ ਕਈ ਫੁੱਟ ਉੱਚਾ  ਉਛਲ ਗਿਆ। ਇਸ ਤੋਂ ਪਹਿਲਾਂ ਕਿ ਉਹ ਨੀਚੇ ਡਿੱਗਦਾ  ਦੂਸਰੇ ਪਾਸੇ ਤੋਂ ਆਉਂਦੀ ਹੋਈ ਇੱਕ ਹੋਰ ਤੇਜ਼ ਰਫ਼ਤਾਰ ਗੱਡੀ ਨੇ ਉਸ ਨੂੰ ਬਹੁਤ ਬੁਰੀ ਤਰ੍ਹਾਂ ਕੁਚਲ ਦਿੱਤਾ । ਉਸ ਦੇ ਅੰਗ ਕੱਟ ਕੇ ਇਧਰ -ਉਧਰ ਬਿਖਰ ਗਏ ।
ਇਹ ਸਭ ਦੇਖ ਰਹੇ ਲੋਕਾਂ ਵਿਚ ਹਾਹਾਕਾਰ ਜਿਹੀ ਮੱਚ
ਗਈ । ਕੁਝ ਔਰਤਾਂ ਤਾਂ ਇਹ ਸਭ ਦੇਖ ਚੀਕਾਂ ਮਾਰਨ ਲੱਗੀਆਂ ।
     ‘ਹਾਏ ਰੱਬਾ!!’  ਮੈਂ ਇਕਦਮ ਉੱਪਰ ਤੋਂ ਹੇਠਾਂ ਤਕ ਹਿੱਲ ਗਈ। ਮੇਰਾ  ਤਾਂ ਜਿਵੇਂ ਸਾਹ ਹੀ ਅਟਕ ਗਿਆ।
   ਅਜੇ ਕੁਝ ਕੁ ਮਿੰਟ ਪਹਿਲਾਂ ਹੀ  ਗੱਲਾਂ ਕਰਦਾ ਇੱਕ ਆਦਮੀ  ਹੁਣ ਬੁਰੀ ਤਰ੍ਹਾਂ ਲਾਸ਼ ਬਣਿਆ ਪਿਆ ਸੀ। ਫਾਟਕ ਖੁੱਲ੍ਹਦੇ ਹੀ ਲੋਕ ਪਟੜੀ ਵੱਲ ਦੌੜੇ । ਉੱਥੇ ਇਕਦਮ ਭੀੜ ਜਮ੍ਹਾਂ ਹੋ ਗਈ ।
  ‘ ਮੇਰੇ ਕੋਲ ਟਾਈਮ ਹੈਨੀ …’ ਉਸ ਆਦਮੀ ਦੇ ਸ਼ਬਦ ਵਾਰ -ਵਾਰ ਮੇਰੇ ਕੰਨਾਂ ਚ ਗੂੰਜ ਰਹੇ ਸੀ । ਭਾਵੇਂ ਉਹ  ਮੇਰੇ ਲਈ ਬਿਲਕੁਲ ਅਣਜਾਣ ਸੀ । ਪਰ ਅੱਖਾਂ ਚੋਂ ਬੇਮੁਹਾਰੇ ਵਗਦੇ ਹੰਝੂਆਂ ਨੂੰ ਪੂੰਝਣ ਦੀ ਮੇਰੇ ‘ਚ ਹਿੰਮਤ ਨਹੀਂ ਸੀ ਰਹੀ।
ਮਨਪ੍ਰੀਤ ਕੌਰ ਭਾਟੀਆ 
ਐਮ.ਏ ,ਬੀ.ਐਡ। ਫਿਰੋਜ਼ਪੁਰ ਸ਼ਹਿਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਸਰਕਾਰੀ ਸਕੂਲ ਬਾਲੀਆਂ ਵਿਖੇ ਚੇਤਨਾ ਪਰਖ ਪ੍ਰੀਖਿਆ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ –ਤਰਕਸ਼ੀਲ
Next articleਸ਼ਹੀਦ ਭਾਈ ਭਾਗ ਸਿੰਘ ਭਿੱਖੀਵਿੰਡ