ਰੋਪੜ, (ਸਮਾਜ ਵੀਕਲੀ) (ਪੱਤਰ ਪ੍ਰੇਰਕ): ਪੰਜਾਬ ਸਰਕਾਰ ਵੱਲੋਂ ਖੇਡ ਸਭਿਆਚਾਰ ਨੂੰ ਪ੍ਰਫੁੱਲਿਤ ਕਰਨ ਹਿੱਤ ਸ਼ੁਰੂ ਕੀਤੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਵਿੱਚ ਮਾਨਸਿਕ ਅਤੇ ਸਰੀਰਕ ਤੌਰ ‘ਤੇ ਅਪਾਹਜ ਖਿਡਾਰੀਆਂ ਲਈ ਕੋਈ ਵੀ ਪ੍ਰੋਗਰਾਮ ਨਹੀਂ ਹੈ। ਜਿਸਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਅੰਤਰ-ਰਾਸ਼ਟਰੀ ਗੋਲਡ ਮੈਡਲਿਸਟ ਮਾਸਟਰ ਅਥਲੀਟ ਗੁਰਬਿੰਦਰ ਸਿੰਘ (ਰੋਮੀ ਘੜਾਮਾਂ) ਨੇ ਕਿਹਾ ਕਿ ਇਹ ਸਿੱਧੀ ਸਿੱਧੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ। ਉਨ੍ਹਾਂ ਮੁੱਖ ਮੰਤਰੀ ਪੰਜਾਬ ਅਤੇ ਡਿਪਟੀ ਡਾਇਰੈਕਟਰ ਆਫ਼ ਸਪੋਰਟਸ ਨੂੰ ਲਿਖਤੀ ਅਰਜੀ ਰਾਹੀਂ ਮੰਗ ਕੀਤੀ ਕਿ ਪੈਰਾ ਅਤੇ ਸ਼ਪੈਸ਼ਲ ਸ਼੍ਰੇਣੀਆਂ ਦੇ ਖਿਡਾਰੀਆਂ ਨੂੰ ਵੀ ‘ਖੇਡਾਂ ਵਤਨ ਪੰਜਾਬ ਦੀਆਂ’ ਵਿੱਚ ਆਪਣੇ ਜੌਹਰ ਵਿਖਾਉਣ ਦਾ ਮੌਕਾ ਦਿੱਤਾ ਜਾਵੇ। ਉਨ੍ਹਾਂ ਮਸ਼ਵਰਾ ਵੀ ਦਿੱਤਾ ਕਿ ਇਹਨਾਂ ਖਿਡਾਰੀਆਂ ਦੇ ਬਜਾਏ ਬਲਾਕ ਜਾਂ ਜਿਲ੍ਹਾ ਮੁਕਾਬਲੇ ਕਰਵਾਉਣ ਦੇ ਸਿੱਧੇ ਸੂਬਾ ਪੱਧਰੀ ਮੁਕਾਬਲੇ ਹੀ ਕਰਵਾ ਲਏ ਜਾਣ। ਜੇਕਰ ਇਹਨਾਂ ਬਾਸ਼ਿੰਦਿਆਂ ਨੂੰ ਬਰਾਬਰ ਦਾ ਹੱਕ ਨਾ ਮਿਲਿਆ ਤਾਂ ਕਾਨੂੰਨੀ ਮਾਹਿਰ ਸਾਥੀਆਂ ਨਾਲ਼ ਸਲਾਹ ਕਰਕੇ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ ਪਰ ਪਹਿਲਾਂ ਤੋਂ ਹੀ ਕੁਦਰਤ ਦੀ ਮਾਰ ਹੇਠ ਆਏ ਇਹਨਾਂ ਖਿਡਾਰੀਆਂ ਨੂੰ ਬੇਗਾਨਗੀ ਦਾ ਅਹਿਸਾਸ ਨਹੀਂ ਹੋਣ ਦਿੱਤਾ ਜਾਵੇਗਾ। ਜਿਕਰਯੋਗ ਹੈ ਕਿ ਰੋਮੀ ਘੜਾਮਾਂ ਲੰਮੇ ਸਮੇਂ ਤੋਂ ਸ਼ਪੈਸ਼ਲ ਸ਼੍ਰੇਣੀ ਦੇ ਬੱਚਿਆਂ (ਮਾਨਸਿਕ ‘ਤੇ ਸਰੀਰਕ ਤੌਰ ਤੇ ਅਪਾਹਜ) ਨੂੰ ਅਥਲੈਟਿਕਸ ਦੀ ਕੋਚਿੰਗ ਦੇ ਰਹੇ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly